Tripat Rajinder Bajwa unfurl national flag at Patiala
August 15, 2018 - PatialaPolitics
ਦੇਸ਼ ਦੇ 72ਵੇਂ ਆਜ਼ਾਦੀ ਦਿਹਾੜੇ ਮੌਕੇ ਪਟਿਆਲਾ ਦੇ ਯਾਦਵਿੰਦਰਾ ਪਬਲਿਕ ਸਕੂਲ ਦੇ ਸਟੇਡੀਅਮ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਮੌਕੇ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤਾਂ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਸ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਦੇਸ਼ ਦਾ ਕੌਮੀ ਝੰਡਾ ਤਿਰੰਗਾ ਲਹਿਰਾਇਆ। ਇਸ ਮੌਕੇ ਸ. ਬਾਜਵਾ ਨੇ ਪਰੇਡ ਦਾ ਨਿਰੀਖਣ ਕੀਤਾ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ, ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਅਤੇ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਵੀ ਮੌਜੂਦ ਸਨ।
ਇਸ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਆਪਣਾ ਸੰਦੇਸ਼ ਦਿੰਦਿਆਂ ਸ. ਤ੍ਰਿਪਤ ਰਾਜਿੰਦਰ ਸਿੰਘ ਨੇ ਦੇਸ਼ ਲਈ ਦੀ ਆਜ਼ਾਦੀ ਲਈ ਲੜਾਈ ਲੜਨ ਵਾਲੇ ਮਹਾਨ ਸ਼ਹੀਦਾਂ ਅਤੇ ਸੁਤੰਤਰਤਾ ਸੈਨਾਨੀਆਂ ਦੀ ਕੁਰਬਾਨੀ ਨੂੰ ਯਾਦ ਕੀਤਾ ਅਤੇ ਆਜ਼ਾਦੀ ਦਿਹਾੜੇ ਦੀ ਵਧਾਈ ਦਿੰਦਿਆਂ ਸਮੂਹ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਜਿਸ ਤਰ੍ਹਾਂ ਦੇਸ਼ ਦੀ ਆਜ਼ਾਦੀ ਲਈ ਉਨ੍ਹਾਂ ਨੇ ਇੱਕਜੁਟ ਹੋ ਕੇ ਲੜਾਈ ਲੜੀ ਇਸੇ ਤਰ੍ਹਾਂ ਹੁਣ ਫੇਰ ਤੋਂ ਇੱਕਜੁਟਤਾ ਵਿਖਾਉਂਦਿਆਂ ਨਸ਼ਿਆਂ ਖ਼ਿਲਾਫ਼ ਪੰਜਾਬ ਸਰਕਾਰ ਵੱਲੋਂ ਲੜੀ ਜਾ ਰਹੀ ਲੜਾਈ ‘ਚ ਵੀ ਆਪਣਾ ਭਰਪੂਰ ਸਾਥ ਦੇਣ।
ਸ. ਬਾਜਵਾ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਦਾ ਲੱਕ ਤੋੜਦਿਆਂ ਸਪਲਾਈ ਲਾਇਨ ਕੱਟ ਦਿੱਤੀ ਹੈ ਪਰੰਤੂ ਇਸ ਬੁਰਾਈ ਨੂੰ ਜੜ੍ਹੋਂ ਖ਼ਤਮ ਕਰਨ ਲਈ ਸਮੁੱਚੀਆਂ ਸਿਆਸੀ ਧਿਰਾਂ, ਸਮਾਜ ਸੇਵੀ ਜੱਥੇਬੰਦੀਆਂ ਅਤੇ ਸਾਰੇ ਵਰਗਾਂ ਦੇ ਲੋਕਾਂ ਨੂੰ ਵੀ ਸਾਥ ਦੇਣਾ ਪਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਵਾਸੀਆਂ ਵੱਲੋਂ ਪ੍ਰਗਟਾਏ ਭਰੋਸੇ ਦੀ ਬਦੌਲਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦੋ ਤਿਹਾਈ ਬਹੁਮਤ ਮਿਲਿਆ ਹੈ ਇਸ ਲਈ ਪੰਜਾਬ ਸਰਕਾਰ ਲੋਕਾਂ ਦੀਆਂ ਆਸਾਂ ਉਮੀਦਾਂ ‘ਤੇ ਖਰ੍ਹਾ ਉਤਰੇਗੀ ਅਤੇ ਆਪਣੇ ਉਦੇਸ਼ ਕਿ ‘ਸੂਬੇ ਦਾ ਨੌਜਵਾਨ ਰਿਸ਼ਟ-ਪੁਸ਼ਟ ਹੋਕੇ ਚੰਗੇ ਪਾਸੇ ਲੱਗੇ ਅਤੇ ਪੰਜਾਬ ਮੁੜ ਤੋਂ ਦੇਸ਼ ਦਾ ਪਹਿਲੇ ਨੰਬਰ ਦਾ ਸੂਬਾ ਬਣੇ’ ਨੂੰ ਹਰ ਹਾਲ ਪੂਰਾ ਕਰੇਗੀ।
ਸ. ਬਾਜਵਾ ਨੇ ਇਸ ਮੌਕੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੂਰੀ ਇਨਸਾਨੀਅਤ ਦੇ ਪੈਗੰਬਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਦਿਹਾੜਾ ਵੱਡੀ ਪੱਧਰ ‘ਤੇ ਮਨਾਇਆ ਜਾਵੇਗਾ, ਇਸ ਸਬੰਧੀਂ ਸਮਾਗਮ ਪੂਰਾ ਸਾਲ ਚੱਲਣਗੇ। ਉਨ੍ਹਾਂ ਦੱਸਿਆ ਕਿ ਗੁਰੂ ਸਾਹਿਬ ਨਾਲ ਸਬੰਧਤ ਸ਼ਹਿਰਾਂ, ਸੁਲਤਾਨਪੁਰ ਲੋਧੀ, ਡੇਰਾ ਬਾਬਾ ਨਾਨਕ ਅਤੇ ਬਾਬਾ ਬਕਾਲਾ ਦੀ ਰੂਪ ਰੇਖਾ ਬਦਲ ਦਿੱਤੀ ਜਾਵੇਗੀ ਤੇ ਉਨ੍ਹਾਂ ਨੂੰ ਆਸ ਹੈ ਕਿ ਇਸ ‘ਚ ਕੇਂਦਰ ਸਰਕਾਰ ਵੀ ਪੰਜਾਬ ਸਰਕਾਰ ਨਾਲ ਖੜ੍ਹੇਗੀ।
ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਬਾਜਵਾ ਨੇ ਇਸ ਮੌਕੇ ਇਹ ਐਲਾਨ ਵੀ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਹਰ ਪਿੰਡ ‘ਚ ਗੰਦੇ ਪਾਣੀ ਦੀ ਨਿਕਾਸੀ ਲਈ ਸੀਵਰੇਜ ਸਿਸਟਮ ਪਾਇਆ ਜਾਵੇਗਾ ਅਤੇ 5-5 ਪਿੰਡਾਂ ਦੇ ਬਲਾਕ ਬਣਾ ਕੇ 2022 ਤੋਂ ਪਹਿਲਾਂ-ਪਹਿਲਾਂ 70 ਫ਼ੀਸਦੀ ਪਿੰਡਾਂ ‘ਚ ਸੀਵਰੇਜ ਸਿਸਟਮ ਪਾ ਕੇ ਜਿਥੇ ਮੀਂਹ ਦੇ ਪਾਣੀ ਦੀ ਸੰਭਾਲ ਕੀਤੀ ਜਾਵੇਗੀ, ਉਥੇ ਹੀ ਹਰ ਪਿੰਡ ਨੂੰ ਨਮੂਨੇ ਦਾ ਪਿੰਡ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਭਾਵੇਂ ਪਿਛਲੇ ਸਮੇਂ ‘ਚ ਖ਼ਜ਼ਾਨੇ ਦੀ ਹਾਲਤ ਮਾੜੀ ਸੀ ਪਰੰਤੂ ਮੁੱਖ ਮੰਤਰੀ ਦੀ ਗਤੀਸ਼ੀਲ ਅਗਵਾਈ ਹੇਠ ਸੂਬਾ ਮੁੜ ਤੋਂ ਤਰੱਕੀ ਕਰ ਰਿਹਾ ਹੈ, ਇਸ ਲਈ ਹਰ ਪਿੰਡ ਤੇ ਸ਼ਹਿਰ ਨੂੰ ਵਿਕਾਸ ਲਈ ਫੰਡ ਮਿਲਣਗੇ।
ਕੈਬਨਿਟ ਮੰਤਰੀ ਸ. ਬਾਜਵਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਜਿਥੇ ਪਹਿਲਾਂ ਸੂਬੇ ‘ਚ ਅਮਨ ਕਾਨੂੰਨ ਦੀ ਸਥਿਤੀ ਬਹਾਲ ਕੀਤੀ ਅਤੇ ਆਪਣੀ ਲੜਾਈ ਗਲੀ-ਗਲੀ ਤੱਕ ਲਿਆਉਣ ਵਾਲੇ ਗੈਂਗਸਟਰ ਖ਼ਤਮ ਕੀਤੇ। ਉਥੇ ਹੀ ਔਰਤਾਂ ਨੂੰ ਜਿਥੇ ਨਗਰ ਨਿਗਮ ਚੋਣਾਂ ‘ਚ 50 ਫ਼ੀਸਦੀ ਸੀਟਾਂ ਦਿੱਤੀਆਂ ਉਥੇ ਹੀ ਹੁਣ ਪੰਚਾਇਤ ਚੋਣਾਂ ‘ਚ 50 ਫ਼ੀਸਦੀ ਸੀਟਾਂ ਔਰਤਾਂ ਲਈ ਰਾਖਵੀਆਂ ਰੱਖੀਆਂ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੋਚ ਮੁਤਾਬਕ ਸਰਕਾਰ ਕਿਸੇ ਨਾਲ ਵੀ ਸਿਆਸੀ ਵਿਤਕਰਾ ਅਤੇ ਸਿਆਸੀ ਬਦਲਾਖੋਰੀ ਨਹੀਂ ਕਰ ਰਹੀ ਅਤੇ ਨਾ ਹੀ ਇਨ੍ਹਾਂ ਪੰਚਾਇਤੀ ਚੋਣਾਂ ‘ਚ ਕਿਸੇ ਨਾਲ ਧੱਕਾ ਕੀਤਾ ਜਾਵੇਗਾ।
ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਸ. ਬਾਜਵਾ ਨੇ ਆਪਣੇ ਭਾਸ਼ਣ ‘ਚ ਭਾਰਤੀ ਸੰਵਿਧਾਨ ਰਾਹੀਂ ਸਾਨੂੰ ਮਿਲੇ ਅਧਿਕਾਰਾਂ ਦੀ ਗੱਲ ਕਰਦਿਆਂ ਕਿਹਾ ਕਿ ਇਨ੍ਹਾਂ ਅਧਿਕਾਰਾਂ ਦੇ ਨਾਲ-ਨਾਲ ਸਾਡੇ ਕੁਝ ਫ਼ਰਜ਼ ਵੀ ਨਿਰਧਾਰਤ ਹਨ, ਜਿਨ੍ਹਾਂ ਬਾਰੇ ਜਾਗਰੂਕ ਹੋਣ ਦੀ ਲੋੜ ਹੈ ਅਤੇ ਜੇਕਰ ਅਸੀਂ ਇਨ੍ਹਾਂ ਫ਼ਰਜਾਂ ਤੋਂ ਸੁਚੇਤ ਹੋ ਗਏ ਤਾਂ ਸਾਡੇ ਮੁਲਕ ਨੂੰ ਤਰੱਕੀ ਕਰਨ ਤੋਂ ਕੋਈ ਨਹੀਂ ਰੋਕ ਸਕਦਾ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਿਹਾ ਕਿ ਸਾਡੇ ਇਨ੍ਹਾਂ ਫਰਜ਼ਾਂ ਬਾਰੇ ਜਾਗਰੂਕਤਾ ਫੈਲਾਈ ਜਾਵੇ।
ਸ. ਬਾਜਵਾ ਨੇ ਕਿਹਾ ਕਿ ਪਟਿਆਲਾ ਵਾਸੀ ਖੁਸ਼ਕਿਸਮਤ ਹਨ ਕਿ ਪੰਜਾਬ ਨੂੰ ਉਨ੍ਹਾਂ ਦੇ ਸ਼ਹਿਰ ਦਾ ਵਸਨੀਕ ਮੁੱਖ ਮੰਤਰੀ ਮਿਲਿਆ ਹੈ, ਇਸ ਲਈ ਜਿੱਥੇ ਪਹਿਲਾਂ ਹੀ 1000 ਕਰੋੜ ਰੁਪਏ ਪਟਿਆਲਾ ਦੇ ਵਿਕਾਸ ਲਈ ਲੱਗ ਰਹੇ ਹਨ, ਉਥੇ ਇਸ ਦੇ ਵਿਕਾਸ ਲਈ ਫੰਡਾਂ ਦੀ ਕੋਈ ਤੋਟ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਇਸਦੀ ਨੁਹਾਰ ਬਦਲ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਪੰਜਾਬ ਦੇ ਹਰ ਸ਼ਹਿਰ ਤੇ ਪਿੰਡ ਨੂੰ ਸਵੱਛ ਅਤੇ ਹਰ ਨਾਗਰਕਿ ਨੂੰ ਤੰਦਰੁਸਤ ਦੇਖਣਾਂ ਚਾਹੁੰਦੀ ਹੈ, ਇਸ ਲਈ ਹਰ ਨਾਗਰਿਕ ਆਪਣੀ ਜਿੰਮੇਵਾਰੀ ਸਮਝਦਿਆਂ ਸਫ਼ਾਈ ਰੱਖੇ ਅਤੇ ਵਾਤਾਵਰਣ ਪ੍ਰਤੀ ਸੁਚੇਤ ਹੋਵੇ।
ਪੇਂਡੂ ਵਿਕਾਸ ਮੰਤਰੀ ਨੇ ਪੰਜਾਬ ਦੇ 15-20 ਅਤਿ ਵਿਕਸਤ ਪਿੰਡਾਂ ‘ਚੋਂ ਜਲੰਧਰ ਦੇ ਨਕੋਦਰ ਬਲਾਕ ਦੇ ਪਿੰਡ ਹਰੀਗੜ੍ਹ ਅਤੇ ਬਾਬਾ ਸੀਚੇਵਾਲ ਦਾ ਪਿੰਡ ਪੰਚਾਇਤੀ ਚੋਣਾਂ ਲੜਨ ਵਾਲਿਆਂ ਸਮੇਤ ਹਰ ਵਿਅਕਤੀ ਨੂੰ ਜਰੂਰ ਦੇਖਣ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਜੇਕਰ ਲੋਕ ਆਪਣਾ ਯੋਗਦਾਨ ਪਾਉਣ ਤਾਂ ਹਰ ਪਿੰਡ ਅਜਿਹਾ ਬਣ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਬੁਰਾਈ ਦੀ ਖ਼ਿਲਾਫ਼ਤ ਕਰਨ ਲਈ ਵੀ ਪ੍ਰੇਰਿਆ ਤਾਂ ਕਿ ਸਮਾਜ ‘ਚ ਗੰਦਗੀ ਫੈਲਾਉਣ ਵਾਲਿਆਂ ਨੂੰ ਸੀਸ਼ਾ ਵਿਖਾਇਆ ਜਾ ਸਕੇ। ਕੈਬਨਿਟ ਮੰਤਰੀ ਨੇ ਆਜ਼ਾਦੀ ਦਿਹਾੜੇ ਦੇ ਸਮਾਗਮ ‘ਚ ਹਿੱਸਾ ਲੈਣ ਵਾਲੇ ਸਕੂਲਾਂ ‘ਚ 16 ਅਗੱਸਤ ਨੂੰ ਛੁੱਟੀ ਕਰਨ ਦਾ ਐਲਾਨ ਕੀਤਾ।
ਇਸ ਤੋਂ ਪਹਿਲਾਂ ਸ. ਬਾਜਵਾ ਨੇ ਪਰੇਡ ਕਮਾਂਡਰ ਡੀ.ਐਸ.ਪੀ. ਪ੍ਰੋਬੇਸ਼ਨਰ ਸ੍ਰੀ ਮੋਹਿਤ ਅਗਰਵਾਲ ਦੀ ਅਗਵਾਈ ‘ਚ ਸ਼ਾਨਦਾਰ ਪਰੇਡ ਦਾ ਨਿਰੀਖਣ ਕੀਤਾ ਅਤੇ ਬਾਅਦ ‘ਚ ਆਈ.ਟੀ.ਬੀ.ਪੀ., ਪੰਜਾਬ ਪੁਲਿਸ, ਹੋਮ ਗਾਰਡਜ, ਐਨ.ਸੀ.ਸੀ., ਰੈਡ ਕਰਾਸ, ਸਕਾਊਟ ਤੇ ਗਾਇਡਜ ਦੇ ਸ਼ਾਨਦਾਰ ਮਾਰਚ ਪਾਸਟ ਤੋਂ ਸਲਾਮੀ ਲਈ। ਇਸ ਮੌਕੇ ਸ. ਬਾਜਵਾ ਨੇ ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਅੱਜ ਲਾਂਚ ਕੀਤੀ ਗਏ ਬੱਡੀਜ਼ ਪ੍ਰੋਗਰਾਮ ਤਹਿਤ ਪਟਿਆਲਾ ਜ਼ਿਲ੍ਹੇ ‘ਚ ਬਣਾਏ ਗਏ ਬੱਡੀਜ਼ ਗਰੁੱਪਾਂ ਵੱਲੋਂ ਮੰਚ ਅੱਗਿਉਂ ਗੁਜ਼ਰਨ ਮੌਕੇ ਹੱਥ ਹਿਲਾ ਕੇ ਉਨ੍ਹਾਂ ਦਾ ਸਵਾਗਤ ਵੀ ਕੀਤਾ। ਉਨ੍ਹਾਂ ਨੇ ਬੱਡੀਜ਼ ਗਰੁੱਪਾਂ ਦੇ ਮੈਂਬਰਾਂ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਉਨ੍ਹਾਂ ਨਾਲ ਸੰਵਾਦ ਰਚਾਇਆ ਤੇ ਬੱਡੀਜ਼ ਗਰੁੱਪ ਦੇ ਮੈਂਬਰਾਂ ਨੇ ਉਨ੍ਹਾਂ ਦੇ ਬੈਜ਼ ਲਗਾਇਆ।
ਇਸ ਮੌਕੇ ਸ. ਬਾਜਵਾ ਵੱਲੋਂ ਆਜ਼ਾਦੀ ਘੁਲਾਟੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ‘ਚ ਸਾਥ ਦੇਣ ਵਾਲੇ ਡੈਪੋਜ, ਓਟ ਸੈਂਟਰ ਤੇ ਬੱਡੀਜ਼ ਗਰੁੱਪਾਂ ਦੇ ਮੈਂਬਰਾਂ ਨੂੰ ਵੀ ਸਨਮਾਨਿਤ ਕੀਤਾ। ਜਦੋਂਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਦੇ ਦੂਜੇ ਗੇੜ੍ਹ ਤਹਿਤ ਵਪਾਰਕ ਬੈਂਕਾਂ ਦੇ ਕਰਜਦਾਰਾਂ ਨੂੰ ਕਰਜ਼ਾ ਮੁਆਫ਼ੀ ਸਮੇਤ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ, ਘਰ-ਘਰ ਰੋਜ਼ਗਾਰ ਸਮੇਤ ਹੋਰ ਵੱਖ-ਵੱਖ ਭਲਾਈ ਸਕੀਮਾਂ ਦੇ ਲਾਭਪਾਤਰੀਆਂ ਨੂੰ ਭਲਾਈ ਸਕੀਮਾਂ ਦੇ ਪ੍ਰਮਾਣ ਪੱਤਰ ਵੀ ਵੰਡੇ।
ਉਨ੍ਹਾਂ ਨੇ ਰੈਡ ਕਰਾਸ ਵੱਲੋਂ ਲੋੜਵੰਦਾਂ ਨੂੰ ਸਿਲਾਈ ਮਸ਼ੀਨਾਂ ਅਤੇ ਟ੍ਰਾਈਸਾਇਕਲਾਂ ਦੀ ਵੰਡ ਕੀਤੀ। ਇਸ ਮੌਕੇ ਸ. ਬਾਜਵਾ ਨੇ ਵੱਖ-ਵੱਖ ਖੇਤਰਾਂ ਵਿੱਚ ਸ਼ਲਾਘਾਯੋਗ ਕੰਮ ਕਰਨ ਵਾਲੀਆਂ ਸ਼ਖ਼ਸੀਅਤਾਂ ਦਾ ਵੀ ਸਨਮਾਨ ਕੀਤਾ ਤੇ ਪਰੇਡ ਕਮਾਂਡਰ, ਸਕੂਲੀ ਬੱਚਿਆਂ, ਗਿੱਧਾ ਟੀਮ, ਭੰਗੜਾ ਟੀਮ, ਬੈਂਡ ਮਾਸਟਰ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਵੀਜਨਲ ਕਮਿਸ਼ਨ ਸ. ਦੀਪਿੰਦਰ ਸਿੰਘ, ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਅਤੇ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਕੈਬਨਿਟ ਮੰਤਰੀ ਸ. ਬਾਜਵਾ ਦਾ ਵਿਸ਼ੇਸ਼ ਸਨਮਾਨ ਕੀਤਾ।
ਪਟਿਆਲਾ ਵਿਖੇ ਹੋਏ ਆਜ਼ਾਦੀ ਦਿਹਾੜੇ ਦੇ ਇਸ ਸ਼ਾਨਦਾਰ ਸਮਾਗਮ ਵਿੱਚ ਪਰੇਡ ਦੀਆਂ 11 ਟੁਕੜੀਆਂ ਨੇ ਭਾਗ ਲਿਆ ਜਿਸ ਵਿੱਚ ਆਈ.ਟੀ.ਬੀ.ਪੀ., ਜ਼ਿਲ੍ਹਾ ਪੁਲਿਸ ਪਟਿਆਲਾ ਦੀਆਂ ਦੋ ਟੁਕੜੀਆਂ, ਪੰਜਾਬ ਪੁਲਿਸ ਮਹਿਲਾ ਵਿੰਗ ਅਤੇ ਹੋਮ ਗਾਰਡਜ਼ ਦੀ ਇੱਕ-ਇੱਕ ਟੁਕੜੀ ਸਮੇਤ ਐਨ.ਸੀ.ਸੀ. ਆਰਮੀ ਵਿੰਗ ਲੜਕੇ ਤੇ ਲੜਕੀਆਂ, ਐਨ.ਸੀ.ਸੀ. ਏਅਰ ਵਿੰਗ, ਰੈਡ ਕਰਾਸ ਸੇਂਟ ਜੌਨ੍ਹ ਐਂਬੂਲੈਂਸ, ਸਕਾਊਟਸ ਤੇ ਗਰਲਜ਼ ਗਾਈਡ ਤੇ ਆਈ.ਆਰ.ਬੀ. ਦਾ ਬੈਂਡ ਸ਼ਾਮਲ ਸੀ ਅਤੇ ਪਰੇਡ ਦੀ ਅਗਵਾਈ ਪਰੇਡ ਕਮਾਂਡਰ ਡੀ.ਐਸ.ਪੀ. (ਪ੍ਰੋਬੇਸ਼ਨਰ) ਸ਼੍ਰੀ ਮੋਹਿਤ ਅਗਰਵਾਲ ਨੇ ਕੀਤੀ।
ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਸ਼ਿਆਂ ਨੂੰ ਜੜ ਤੋਂ ਖਤਮ ਕਰਨ ਲਈ ਆਜ਼ਾਦੀ ਦਿਹਾੜੇ ‘ਤੇ ਸ਼ੁਰੂ ਕੀਤੇ ਗਏ ਬੱਡੀਜ਼ ਪ੍ਰੋਗਰਾਮ ਤਹਿਤ ਬੱਡੀਜ਼ ਦੇ ਗਰੁੱਪਾਂ ਜਿਨ੍ਹਾਂ ‘ਚ ਵੱਖ-ਵੱਖ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਸ਼ਾਮਲ ਸਨ। ਇਸ ਮੌਕੇ ਪਰੇਡ ਵਿੱਚ ਸੀਨੀਅਰ ਡਵੀਜ਼ਨ ਅੰਦਰ ਪਹਿਲੇ ਸਥਾਨਾਂ ‘ਤੇ ਆਈ.ਟੀ.ਬੀ.ਪੀ. ਅਤੇ ਦੂਸਰੇ ਸਥਾਨ ‘ਤੇ ਦੋ ਟੁੱਕੜੀਆਂ ਰਹੀਆਂ ਜਿਨ੍ਹਾਂ ਵਿੱਚ ਜ਼ਿਲ੍ਹਾ ਪੁਲਿਸ ਪਟਿਆਲਾ ਦੀ ਪਹਿਲੀ ਟੁਕੜੀ ਅਤੇ ਮਹਿਲ ਪੁਲਿਸ ਪਟਿਆਲਾ ਨੇ ਸਥਾਨ ਹਾਸਲ ਕੀਤਾ।
ਇਸ ਤਰਾਂ ਜੂਨੀਅਰ ਡਵੀਜ਼ਨ ਪਰੇਡ ਵਿੱਚ ਪਹਿਲਾਂ ਸਥਾਨ ਪੰਜਵੀਂ ਪੰਜਾਬ ਐਨ.ਸੀ.ਸੀ. ਬਟਾਲੀਅਨ ਆਰਮੀ ਵਿੰਗ ਅਤੇ ਦੂਸਰੇ ਸਥਾਨ ‘ਤੇ ਸਾਂਝੇ ਤੌਰ ਉਪਰ ਤੀਜੀ ਪੰਜਾਬ ਏਅਰ ਸਕੁਐਰਡਨ ਐਨ.ਸੀ.ਸੀ. ਏਅਰ ਵਿੰਗ ਅਤੇ ਗਰਲਜ਼ ਗਾਈਡ, ਨਿਊ ਪਾਵਰ ਹਾਊਸ ਕਲੋਨੀ ਰਹੇ। ਮਾਰਚ ਪਾਸਟ ਤੋਂ ਬਾਅਦ ਵੱਖ-ਵੱਖ ਵਿਭਾਗਾਂ ਵੱਲੋਂ ਵਿਕਾਸ ਕਾਰਜਾਂ ਨੂੰ ਦਰਸਾਉਂਦੀਆਂ 14 ਝਾਕੀਆਂ ਕੱਢੀਆਂ ਗਈਆਂ ਜਿਸ ਵਿੱਚ ਸਿਹਤ ਵਿਭਾਗ, ਬਾਗਬਾਨੀ ਵਿਭਾਗ, ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ, ਰੋਜ਼ਗਾਰ ਉਤਪਤੀ ਤੇ ਸਿਖਲਾਈ ਵਿਭਾਗ, ਖੇਡ ਵਿਭਾਗ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਪਸ਼ੂ ਪਾਲਣ ਵਿਭਾਗ, ਮੱਛੀ ਪਾਲਣ ਵਿਭਾਗ, ਮਾਰਕਫੈੱਡ ਪੰਜਾਬ, ਪਟਿਆਲਾ ਐਸੋਸੀਏਸ਼ਨ ਆਫ਼ ਡੈਫ, ਵੇਰਕਾ ਮਿਲਕਫੈਡ ਪੰਜਾਬ ਅਤੇ ਟ੍ਰੈਫਿਕ ਪੁਲਿਸ ਅਤੇ ਜ਼ਿਲ੍ਹਾ ਸਾਂਝ ਕੇਂਦਰ ਪਟਿਆਲਾ ਵੱਲੋਂ ਝਾਂਕੀਆ ਪੇਸ਼ ਕੀਤੀਆ ਗਈਆਂ ਜਿਸ ਵਿੱਚ ਪਹਿਲੇ ਸਥਾਨ ਉਪਰ ਸਿਹਤ ਵਿਭਾਗ ਦੀ ਝਾਂਕੀ ਅਤੇ ਦੂਸਰੇ ਸਥਾਨ ਉਪਰ ਦੋ ਝਾਕੀਆਂ ਰਹੀਆਂ ਜਿਸ ਵਿੱਚ ਟ੍ਰੈਫਿਕ ਪੁਲਿਸ ਅਤੇ ਜ਼ਿਲ੍ਹਾ ਸਾਂਝ ਕੇਂਦਰ ਦੀ ਝਾਂਕੀ ਅਤੇ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਰਹੀ।
ਇਸ ਉਪਰੰਤ ਸਕੂਲੀ ਬੱਚਿਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਸ ਵਿੱਚ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਪੁਰਾਣੀ ਪੁਲਿਸ ਲਾਈਨ, ਵਿਕਟੋਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਨਿਊ ਪਾਵਰ ਹਾਊਸ ਕਲੋਨੀ, ਸਰਕਾਰੀ ਮਾਡਲ ਸਕੂਲ ਫੀਲਖਾਨਾ, ਸਰਕਾਰੀ ਮਲਟੀਪਰਪਜ਼ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਮਾਡਲ ਟਾਊਨ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸਿਵਲ ਲਾਈਨਜ਼ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤ੍ਰਿਪੜੀ ਦੀਆਂ ਵਿਦਿਆਰਥਣਾਂ ਨੇ ਭਾਗ ਲਿਆ ਅਤੇ ਸਰਕਾਰੀ ਫੀਲਖਾਨਾ ਸਕੂਲ ਦੇ ਬੱਚਿਆਂ ਵੱਲੋਂ ਜਿਮਨਾਸਟਿਕ ਦੇ ਕਰਤੱਵ ਦਿਖਾਏ ਗਏ। ਨਰਾਇਣ ਪਬਲਿਕ ਸਕੂਲ ਦੇ ਬੱਚੇ ਵੱਲੋੀ ਗੁਬਾਰੇ ਛੱਡੇ ਗਏ।
ਇਸ ਮੌਕੇ ਸਰਕਾਰੀ ਮਹਿੰਦਰਾ ਕਾਲਜ, ਖਾਲਸਾ ਕਾਲਜ, ਫਿਜੀਕਲ ਕਾਲਜ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਵਲ ਲਾਈਨਜ, ਮਲਟੀਪਰਪਜ ਸਕੂਲ ਅਤੇ ਫੀਲਖਾਨਾ ਸਕੂਲ ਦੇ ਵਿਦਿਆਰਥੀ ਭੰਗੜਾ ਪੇਸ਼ ਕੀਤਾ ਅਤੇ ਸਰਕਾਰੀ ਕਾਲਜ ਲੜਕੀਆਂ ਦੀਆਂ ਮੁਟਿਆਰਾਂ ਲੋਕ ਨਾਚ ਗਿੱਧੇ ਦੀ ਪੇਸ਼ਕਾਰੀ ਕੀਤੀ ਤੇ ਸਮਾਗਮ ਦੇ ਅਖੀਰ ‘ਚ ਰਾਸ਼ਟਰੀ ਗੀਤ ਗਾਇਨ ਕੀਤਾ ਗਿਆ।
ਇਸ ਦੌਰਾਨ ਸੁਤੰਤਰਤਾ ਸੈਨਾਨੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਸਮੇਤ, 2ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ, ਐਮ.ਐਲ.ਏ. ਰਾਜਪੁਰਾ ਸ਼੍ਰੀ ਹਰਦਿਆਲ ਕੰਬੋਜ, ਐਮ.ਐਲ.ਏ. ਘਨੌਰ ਸ਼੍ਰੀ ਮਦਨ ਲਾਲ ਜਲਾਲਪੁਰ, ਐਮ.ਐਲ.ਏ. ਸਮਾਣਾ ਸ਼੍ਰੀ ਰਜਿੰਦਰ ਸਿੰਘ, ਐਮ.ਐਲ.ਏ. ਸਨੌਰ ਸ੍ਰੀ ਹਰਿੰਦਰਪਾਲ ਸਿੰਘ ਚੰਦੂਮਾਜਰਾ, ਪੰਜਾਬੀ ਯੂਨੀਵਰਸਿਟੀ ਦੇ ਸਿੰਡੀਕੇਟ ਮੈਂਬਰ ਸ੍ਰੀ ਹਰਿੰਦਰਪਾਲ ਸਿੰਘ ਹੈਰੀਮਾਨ, ਪੀ.ਆਰ.ਟੀ.ਸੀ. ਦੇ ਚੇਅਰਮੈਨ ਸ਼੍ਰੀ ਕੇ.ਕੇ. ਸ਼ਰਮਾ, ਨਗਰ ਨਿਗਮ ਦੇ ਮੇਅਰ ਸ਼੍ਰੀ ਸੰਜੀਵ ਬਿੱਟੂ, ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ, ਡਿਪਟੀ ਮੇਅਰ ਸ੍ਰੀਮਤੀ ਵਿਨਤੀ ਸੰਗਰ, ਮਹਿਲਾ ਕਾਂਗਰਸ ਦੀ ਦਿਹਾਤੀ ਪ੍ਰਧਾਨ ਸ਼੍ਰੀਮਤੀ ਗੁਰਸ਼ਰਨ ਕੌਰ ਰੰਧਾਵਾ ਮਹਿਲਾ ਕਾਂਗਰਸ ਦੀ ਸ਼ਹਿਰੀ ਪ੍ਰਧਾਨ ਸ਼੍ਰੀਮਤੀ ਕਿਰਨ ਢਿਲੋਂ, ਸ. ਸੰਤੋਖ ਸਿੰਘ, ਡਾ. ਦਰਸ਼ਨ ਸਿੰਘ ਘੁੰਮਣ, ਕਾਂਗਰਸ ਦੇ ਐਸ.ਸੀ. ਡਿਪਾਰਟਮੈਂਟ ਦੇ ਪਟਿਆਲਾ ਚੇਅਰਮੈਨ ਸ੍ਰੀ ਸੋਨੂ ਸੰਗਰ, ਕਾਂਗਰਸ ਦੇ ਬੀ.ਸੀ. ਸੈਲ ਦੇ ਚੇਅਰਮੈਨ ਸ੍ਰੀ ਰਜੇਸ਼ ਮੰਡੋਰਾ, ਜਸਵਿੰਦਰ ਸਿੰਘ ਰੰਧਾਵਾ, ਕਾਂਗਰਸ ਦੇ ਐਂਟੀ ਨਾਰਕੋਟਿਕਸ ਸੈਲ ਦੇ ਚੇਅਰਮੈਨ ਰਣਜੀਤ ਸਿੰਘ ਨਿਕੜਾ, ਸ਼ਹਿਰੀ ਯੂਥ ਕਾਂਗਰਸ ਦੇ ਪ੍ਰਧਾਨ ਸ੍ਰੀ ਸੰਦੀਪ ਮਲਹੋਤਰਾ, ਕੇ.ਕੇ. ਸਹਿਗਲ, ਵੱਡੀ ਗਿਣਤੀ ‘ਚ ਨਗਰ ਨਿਗਮ ਦੇ ਕੌਂਸਲਰ, ਬਲਾਕ ਪ੍ਰਧਾਨ, ਪੰਜਾਬੀ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਬੀ.ਐਸ. ਘੁੰਮਣ, ਸ. ਬਾਜਵਾ ਦੇ ਓ.ਐਸ.ਡੀ. ਗੁਰਦਰਸ਼ਨ ਸਿੰਘ ਬਾਹੀਆ, ਜ਼ਿਲ੍ਹਾ ਸ਼ੈਸਨ ਜੱਜ ਸ਼੍ਰੀ ਸੰਜੀਵ ਬੇਰੀ ਅਤੇ ਹੋਰ ਜੁਡੀਸ਼ੀਅਲ ਅਧਿਕਾਰੀ ਸਾਹਿਬਾਨ, ਡਵੀਜ਼ਨਲ ਕਮਿਸ਼ਨਰ ਸ਼੍ਰੀ ਦੀਪਿੰਦਰ ਸਿੰਘ ਆਈ.ਜੀ. ਪਟਿਆਲਾ ਸ਼੍ਰੀ ਏ.ਐਸ. ਰਾਏ, ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਕੁਮਾਰ ਅਮਿਤ, ਐਸ.ਐਸ.ਪੀ. ਪਟਿਆਲਾ ਸ. ਮਨਦੀਪ ਸਿੰਘ ਸਿੱਧੂ, ਐਨ.ਸੀ.ਸੀ. ਤੋਂ ਕਰਨਲ ਅਸੀਮ ਟੰਡਨ, ਪੀ.ਆਰ.ਟੀ.ਸੀ. ਦੇ ਐਮ.ਡੀ. ਮਨਜੀਤ ਸਿੰਘ ਨਾਰੰਗ, ਮੁੱਖ ਮੰਤਰੀ ਦੇ ਓ.ਐਸ.ਡੀ. ਸ੍ਰੀ ਰਾਜੇਸ਼ ਕੁਮਾਰ ਸ਼ਰਮਾ, ਵਧੀਕ ਡਿਪਟੀ ਕਮਿਸ਼ਨਰ ਜਨਰਲ ਸ਼੍ਰੀ ਸ਼ੌਕਤ ਅਹਿਮਦ ਪਰੇ, ਪੀ.ਡੀ.ਏ. ਦੇ ਮੁੱਖ ਪ੍ਰਸ਼ਾਸਕ ਸ. ਹਰਪ੍ਰੀਤ ਸਿੰਘ ਸੂਦਨ, ਸਹਾਇਕ ਕਮਿਸ਼ਨਰ (ਸਿਖਲਾਈ ਅਧੀਨ ਆਈ.ਏ.ਐਸ.) ਸ੍ਰੀ ਰਾਹੁਲ ਸਿੰਧੂ, ਏ.ਡੀ.ਸੀ. ਵਿਕਾਸ ਸ੍ਰੀਮਤੀ ਪੂਨਮਦੀਪ ਕੌਰ, ਐਸ.ਡੀ.ਐਮ. ਅਨਮੋਲ ਸਿੰਘ ਧਾਲੀਵਾਲ, ਸਹਾਇਕ ਕਮਿਸ਼ਨਰ (ਜ) ਸ੍ਰੀ ਨਮਨ ਮੜਕਨ, ਐਸ.ਪੀ. ਸਿਟੀ ਸ. ਕੇਸਰ ਸਿੰਘ, ਐਸ.ਪੀ. ਹਰਵਿੰਦਰ ਸਿੰਘ ਵਿਰਕ, ਸਿਵਲ ਸਰਜਨ ਡਾ. ਮਨਜੀਤ ਸਿੰਘ, ਜੁਡੀਸ਼ੀਅਲ, ਫ਼ੌਜ, ਸਿਵਲ ਤੇ ਪੁਲਿਸ ਦੇ ਅਧਿਕਾਰੀ, ਸਕੂਲਾਂ, ਕਾਲਜਾਂ ਦੇ ਵਿਦਿਆਰਥੀ, ਲੈਕਚਰਾਰ, ਅਧਿਆਪਕ, ਸਥਾਨਕ ਨਿਵਾਸੀ, ਬਲਾਕ ਪ੍ਰਧਾਨਾਂ ਸਮੇਤ ਵੱਡੀ ਗਿਣਤੀ ‘ਚ ਹੋਰ ਪਤਵੰਤੇ ਮੌਜੂਦ ਸਨ।
ਇਸੇ ਦੌਰਾਨ ਜ਼ਿਲ੍ਹੇ ਦੀਆਂ ਵੱਖ ਵੱਖ ਸਬ ਡਵੀਜ਼ਨਾਂ ਵਿੱਚ ਵੀ ਆਜਾਦੀ ਦਿਹਾੜਾ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਸਬ ਡਵੀਜ਼ਨ ਰਾਜਪੁਰਾ ਵਿਖੇ ਐਸ.ਡੀ.ਐਮ. ਰਾਜਪੁਰਾ ਸ਼੍ਰੀ ਸ਼ਿਵ ਕੁਮਾਰ, ਸਬ ਡਵੀਜ਼ਨ ਨਾਭਾ ਵਿਖੇ ਐਸ.ਡੀ.ਐਮ. ਨਾਭਾ ਸ਼੍ਰੀ ਕਾਲਾ ਰਾਮ ਕਾਂਸਲ, ਸਬ ਡਵੀਜ਼ਨ ਪਾਤੜਾਂ ਵਿਖੇ ਐਸ.ਡੀ.ਐਮ. ਪਾਤੜਾਂ ਸ਼੍ਰੀਮਤੀ ਪਾਲਿਕਾ ਅਰੋੜਾ, ਸਬ ਡਵੀਜ਼ਨ ਸਮਾਣਾ ਵਿਖੇ ਤਹਿਸੀਲਦਾਰ ਸਮਾਣਾ ਸ਼੍ਰੀ ਸੰਦੀਪ ਸਿੰਘ ਅਤੇ ਸਬ ਡਵੀਜ਼ਨ ਦੂਧਨਸਾਧਾਂ ਵਿਖੇ ਤਹਿਸੀਲਦਾਰ ਦੂਧਨਸਾਧਾਂ ਸ਼੍ਰੀ ਹਰਫੂਲ ਸਿੰਘ ਨੇ ਕੌਮੀ ਝੰਡਾ ਲਹਿਰਾਇਆ ਅਤੇ ਪਰੇਡ ਦਾ ਨਿਰੀਖਣ ਕਰਕੇ ਮਾਰਚ ਪਾਸਟ ਤੋਂ ਸਲਾਮੀ ਲਈ।