Patiala Police seized Adulterated chemical before Rakhi Festival
August 16, 2018 - PatialaPolitics
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਿਲਾਵਟਖੋਰਾਂ ਖ਼ਿਲਾਫ਼ ਵਿੱਢੀ ਮੁਹਿੰਮ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਅੱਜ ਪਟਿਆਲਾ ਪੁਲਿਸ ਵੱਲੋਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੀ ਇੱਕ ਵੱਡੀ ਫ਼ੈਕਟਰੀ ਉਪਰ ਛਾਪਾ ਮਾਰਕੇ ਨਕਲੀ ਦੁੱਧ, ਨਕਲੀ ਪਨੀਰ ਤੇ ਦੇਸੀ ਘਿਉ ਦਾ ਵੱਡਾ ਜ਼ਖੀਰਾ ਕਬਜ਼ੇ ਵਿੱਚ ਲਿਆ ਗਿਆ। ਦੇਵੀਗੜ੍ਹ ਕਸਬੇ ‘ਚ ਮਿਹੌਣ ਸੜਕ ਤੇ ਖੁਦ ਪੁੱਜੇ ਐਸ.ਐਸ.ਪੀ. ਪਟਿਆਲਾ ਸ. ਮਨਦੀਪ ਸਿੰਘ ਸਿੱਧੂ ਨੇ ਮੀਡੀਆ ਨੂੰ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਦੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਮਿਲਾਵਟਖੋਰਾਂ ਦਾ ਸਫਾਇਆ ਕਰਨ ਦੇ ਦਿੱਤੇ ਨਿਰਦੇਸ਼ਾਂ ਤਹਿਤ ਕਾਰਵਾਈ ਕਰਦੇ ਹੋਏ ਨਕਲੀ ਦੁੱਧ ਅਤੇ ਉਸ ਨਾਲ ਬਣੇ ਪਦਾਰਥ ਬਨਾਉਣ ਵਾਲੇ ਕਾਰਖਾਨੇ ਮੈਸ: ਸਿੰਗਲਾ ਮਿਲਕ ਚਿਲਿੰਗ ਸੈਂਟਰ ਦੇਵੀਗੜ੍ਹ ਮਿਹੌਣ ਰੋਡ ‘ਤੇ ਸੀ.ਆਈ.ਏ. ਸਟਾਫ਼ ਪਟਿਆਲਾ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਛਾਪਾ ਮਾਰਕੇ ਭਾਰੀ ਮਾਤਰਾ ਵਿੱਚ ਮਿਲਾਵਟੀ ਦੁੱਧ, ਨਕਲੀ ਦੁੱਧ ਤੋਂ ਬਣੇ ਪਦਾਰਥ ਅਤੇ ਮਿਲਾਵਟ ਕਰਨ ਲਈ ਉਪਯੋਗ ਵਿੱਚ ਆਉਣ ਵਾਲੀ ਵੱਡੀ ਮਾਤਰਾ ਵਿੱਚ ਸਮੱਗਰੀ ਕਬਜ਼ੇ ਵਿੱਚ ਲਈ ਗਈ ਹੈ ਅਤੇ ਥਾਣਾ ਜੁਲਕਾ ਵਿਖੇ ਆਈ.ਪੀ.ਸੀ. ਦੀ ਧਾਰਾ ਅ/ਧ 420, 472, 473, 474 ਤਹਿਤ ਐਫ.ਆਈ.ਆਰ. ਨੰਬਰ 83 ਮਿਤੀ 16/8/18 ਤਹਿਤ ਕੇਸ ਤਰਜ਼ ਕਰਕੇ ਫ਼ੈਕਟਰੀ ਦੇ ਮਾਲਕ ਸ਼੍ਰੀ ਅਨਿਲ ਕੁਮਾਰ ਸਿੰਗਲਾ ਪੁੱਤਰ ਸ਼੍ਰੀ ਰਾਮ ਵਾਸੀ ਜਗਜੀਤ ਕਲੋਨੀ ਦੇਵੀਗੜ੍ਹ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਕਾਲੇ ਕਾਰੋਬਾਰ ਵਿੱਚ ਸ਼ਾਮਲ ਹਰੇਕ ਵਿਅਕਤੀ ਵਿਰੁੱਧ ਪੁਲਿਸ ਕੇਸ ਦਰਜ਼ ਕੀਤਾ ਜਾਵੇਗਾ।
ਐਸ.ਐਸ.ਪੀ. ਨੇ ਦੱਸਿਆ ਕਿ ਇਸ ਫ਼ੈਕਟਰੀ ਵਿੱਚ ਮਿਲਾਵਟ ਦੇ ਧੰਦੇ ਦੀ ਗੁਪਤ ਸੂਚਨਾ ਪੁਲਿਸ ਨੂੰ ਪ੍ਰਾਪਤ ਹੋਈ ਸੀ ਜਿਸ ‘ਤੇ ਕਾਰਵਾਈ ਕਰਦਿਆ ਅੱਜ ਸਵੇਰੇ 5 ਵਜੇ ਤੋਂ ਫ਼ੈਕਟਰੀ ਉਪਰ ਸੀ.ਆਈ.ਏ. ਪਟਿਆਲਾ ਦੀ ਪੁਲਿਸ ਪਾਰਟੀ ਵੱਲੋਂ ਨਿਗਾਹ ਰੱਖੀ ਜਾ ਰਹੀ ਸੀ ਜਿਥੇ ਦੇਖਣ ਵਿੱਚ ਆਇਆ ਕਿ ਇਸ ਫੈਕਟਰੀ ਵਿੱਚ ਕੋਈ ਵੀ ਬਾਹਰੋਂ ਦੁੱਧ ਦੀ ਸਪਲਾਈ ਨਹੀਂ ਕੀਤੀ ਗਈ ਪਰ ਫੈਕਟਰੀ ਵਿੱਚੋਂ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ ਬਾਹਰ ਸਪਲਾਈ ਕੀਤੇ ਜਾ ਰਹੇ ਸਨ ਜਿਸ ਕਾਰਨ ਵੱਡੀ ਕਾਰਵਾਈ ਕਰਦਿਆ ਫੈਕਟਰੀ ਉਪਰ ਛਾਪਾ ਮਾਰਿਆ ਗਿਆ। ਉਨ੍ਹਾਂ ਦੱਸਿਆ ਕਿ ਛਾਪੇ ਦੌਰਾਨ ਸਿਹਤ ਵਿਭਾਗ ਦੀ ਟੀਮ ਨੂੰ ਵੀ ਨਾਲ ਰੱਖਿਆ ਗਿਆ ਤਾਂ ਜੋ ਨਕਲੀ ਦੁੱਧ ਅਤੇ ਹੋਰ ਪਦਾਰਥਾਂ ਦੀ ਗੁਣਵੱਤਾ ਦਾ ਪਤਾ ਲੱਗ ਸਕੇ। ਉਨ੍ਹਾਂ ਦੱਸਿਆ ਕਿ ਛਾਪੇ ਦੌਰਾਨ ਫੈਕਟਰੀ ਵਿੱਚੋਂ 53 ਥੈਲੇ ਸੁੱਕਾ ਦੁੱਧ, 5 ਕੈਨ ਤੇਜਾਬ (ਕਰੀਬ 250 ਲੀਟਰ), 51 ਕੈਨ ਕੈਮੀਕਲ (ਕਰੀਬ 1503 ਲੀਟਰ), 15 ਕੈਨ ਸਿਰਕਾ (ਕਰੀਬ 750 ਲੀਟਰ), 1020 ਕਿਲੋ ਚਿੱਟਾ ਪਾਊਡਰ, 9 ਕਿਲੋ ਫੈਨਾਂ ਸਰਫ (120 ਪਾਊਚ), 7 ਹਜ਼ਾਰ ਲੀਟਰ ਨਕਲੀ ਦੁੱਧ (ਤਿੰਨ ਟੈਂਕਰ), 15 ਤੋਂ 20 ਕਵਿੰਟਲ ਪਨੀਰ, 45 ਕਿਲੋਂ ਮੱਖਣ, ਢਾਈ ਕਵਿੰਟਲ ਦੇਸੀ ਘਿਓ (ਧਾਨਵੀ), 42 ਕਿਲੋ ਦੇਸੀ ਘਿਓ (ਗੁਰੂਧਾਮ) ਅਤੇ 12 ਕਵਿੰਲਟ ਸਮੇਤ ਟੈਂਕਰ ਖੁੱਲਾ ਦੇਸੀ ਘਿਓ ਦਾ ਵੱਡਾ ਜਖੀਰਾ ਬਰਾਮਦ ਕੀਤਾ ਗਿਆ ਹੈ ਅਤੇ ਸਾਰੇ ਪਦਾਰਥਾਂ ਦੇ ਸਿਹਤ ਵਿਭਾਗ ਤੋਂ ਸੈਪਲ ਭਰਾਉਣ ਉਪਰੰਤ ਫ਼ੈਕਟਰੀ ਨੂੰ ਸੀਲ ਕਰਨ ਲਈ ਕਾਰਵਾਈ ਪ੍ਰਕ੍ਰਿਆ ਜਾਰੀ ਹੈ।
ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਹ ਫ਼ੈਕਟਰੀ ਦੇ ਮਾਲਕ ਅਨਿਲ ਕੁਮਾਰ ਪੁੱਤਰ ਸ਼੍ਰੀ ਰਾਮ ਵਾਸੀ ਜਗਜੀਤ ਕਲੋਨੀ ਦੇਵੀਗੜ੍ਹ ਦੇ ਘਰ ‘ਤੇ ਵੀ ਛਾਪਾ ਮਾਰਕੇ ਘਰ ਵਿਚੋਂ ਸੁੱਕੇ ਦੁੱਧ ਦੇ 270 ਥੈਲੇ ਅਤੇ ਦੇਸੀ ਘਿਓ ਦੇ 1 ਕਿਲੋ ਪੈਕ ਦੇ 500 ਡੱਬੇ ਵੀ ਬਰਾਂਮਦ ਹੋਏ ਹਨ। ਉਨ੍ਹਾਂ ਦੱਸਿਆ ਕਿ ਇਹ ਫੈਕਟਰੀ ਪਹਿਲਾਂ 2012 ਵਿੱਚ ਦੇਵੀਗੜ੍ਹ ਵਿਖੇ ਕੰਮ ਕਰ ਰਹੀ ਸੀ ਅਤੇ 2014 ਤੋਂ ਮਿਹੌਣ ਰੋਡ ਦੇਵੀਗੜ੍ਹ ਵਿਖੇ ਤਬਦੀਲ ਹੋਈ ਅਤੇ ਇਸ ਵਿੱਚ ਲੰਮੇ ਸਮੇਂ ਤੋਂ ਨਕਲੀ ਦੁੱਧ ਪਦਾਰਥ ਬਣਾਉਣ ਦਾ ਕੰਮ ਚੱਲ ਰਿਹਾ ਸੀ।
ਐਸ.ਐਸ.ਪੀ. ਨੇ ਮਿਲਾਵਟਖੋਰਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਉਨ੍ਹਾਂ ਨੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਅਜਿਹੇ ਕਾਲੇ ਕਾਰੋਬਾਰ ਤੁਰੰਤ ਬੰਦ ਨਾ ਕੀਤੇ ਤਾਂ ਉਹ ਨਤੀਜੇ ਭੁਗਤਣ ਲਈ ਤਿਆਰ ਰਹਿਣ।
ਇਸ ਮੌਕੇ ਐਸ.ਪੀ. ਸਕਿਉਰਟੀ ਤੇ ਟ੍ਰੈਫਿਕ ਸ. ਹਰਪ੍ਰੀਤ ਸਿੰਘ ਹੁੰਦਲ, ਡੀ.ਐਸ.ਪੀ. ਦਿਹਾਤੀ ਸ. ਗੁਰਦੇਵ ਸਿੰਘ ਧਾਲੀਵਾਲ, ਸੀ.ਆਈ.ਏ. ਪਟਿਆਲਾ ਦੇ ਇੰਚਾਰਜ ਇੰਸਪੈਕਟਰ ਸ. ਦਲਬੀਰ ਸਿੰਘ ਗਰੇਵਾਲ, ਐਸ.ਐਚ.ਓ. ਜੁਲਕਾਂ ਇੰਸਪੈਕਟਰ ਗੁਰਪ੍ਰੀਤ ਸਿੰਘ ਭਿੰਡਰ, ਡੀ.ਐਚ.ਓ ਕ੍ਰਿਸ਼ਨ ਸਿੰਘ ਅਤੇ ਜ਼ਿਲ੍ਹਾ ਫੂਡ ਅਫ਼ਸਰ ਪੁਨੀਤ ਸ਼ਰਮਾ ਅਤੇ ਵੱਡੀ ਗਿਣਤੀ ਮੀਡੀਆ ਦੇ ਨੁਮਾਇੰਦੇ ਵੀ ਹਾਜ਼ਰ ਸਨ।
ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪਟਿਆਲਾ ਪੁਲਿਸ ਦੇਵੀਗੜ੍ਹ ਨੇੜੇ ਸਥਿਤ ਫ਼ੈਕਟਰੀ ‘ਤੇ ਮਾਰੇ ਛਾਪੇ ਦੌਰਾਨ ਵੱਡੀ ਮਾਤਰਾ ਵਿੱਚ ਨਕਲੀ ਦੁੱਧ, ਪਨੀਰ ਤੇ ਘਿਓ ਸਮੇਤ ਵੱਡੀ ਮਾਤਰਾ ਵਿੱਚ ਹੋਰ ਸਾਜੋ-ਸਮਾਨ ਬਰਾਮਦ ਕੀਤਾ ਹੈ ਜਿਸ ਵਿੱਚ 4 ਲੱਖ ਰੁਪਏ ਦੇ ਕਰੰਸੀ ਨੋਟ, 7 ਹਜ਼ਾਰ ਲੀਟਰ ਨਕਲੀ ਦੁੱਧ, 15 ਤੋਂ 20 ਕਵਿੰਟਲ ਨਕਲੀ ਪਨੀਰ, 24 ਕਵਿੰਟਲ ਨਕਲੀ ਦੇਸੀ ਘਿਓ, 74 ਲੀਟਰ ਨਕਲੀ ਦੇਸੀ ਘਿਓ ਮਾਰਕਾ ਸ਼੍ਰੀ ਧਾਮ ਗਊਸ਼ਾਲਾ, 40 ਕਿਲੋ ਨਕਲੀ ਮੱਖਣ, 272 ਥੈਲੇ ਸੁੱਕੇ ਦੁੱਧ ਵਾਲੇ ਲੋਟਸ ਬ੍ਰਾਂਡ, 50 ਥੈਲੇ ਸੁੱਕੇ ਦੁੱਧ ਵਾਲੇ ਕੋਟਾ ਬ੍ਰਾਂਡ, 6700 ਲੋਗੋ ਫਰਜੀ ਸ਼੍ਰੀ ਗੁਰੂ ਧਾਮ ਗਊਸਾਲ ਘਿਓ, ਕੈਮੀਕਲ ਵਾਲੇ 51 ਪੀਸ 30 ਲੀਟਰ ਵਾਲੇ ਕੈਨ : 1530 ਲੀਟਰ, ਕੈਮੀਕਲ ਵਾਲੇ 15 ਪੀਸ 50 ਲੀਟਰ ਵਾਲੇ ਕੈਨ : 750 ਲੀਟਰ, ਫੇਨਾ ਸਰਫ 300 ਪੈਕਟ, 15 ਥੈਲੇ ਕਾਸਟਿਕ ਸੋਡਾ, ਫੱਟਕੜੀ 3 ਥੈਲੇ-120 ਕਿਲੋ, ਘਿਓ ਵਾਲੇ 500 ਖਾਲੀ ਪਲਾਸਟਿਕ ਦੇ ਡੱਬੇ ਕੀਤੇ ਗਏ ਹਨ ਅਤੇ ਇੱਕ ਨੋਟ ਗਿਣਤੀ ਕਰਨ ਵਾਲੀ ਮਸ਼ੀਨ ਸ਼ਾਮਲ ਹੈ।
ਸ. ਸਿੱਧੂ ਨੇ ਦੱਸਿਆ ਕਿ ਛਾਪੇ ਦੌਰਾਨ ਸੱਤ ਵਾਹਨ ਵੀ ਬਰਾਂਮਦ ਕੀਤੇ ਹਨ ਜਿਨ੍ਹਾਂ ਵਿੱਚ ਇੱਕ ਟਰੱਕ ਟੈਂਕਰ ਨੰਬਰ HR 64 3780, ਇੱਕ ਟਰੱਕ ਟੈਂਕਰ ਨੰਬਰ HR 58 B 1737, ਮਹਿੰਦਰਾ ਪਿਕਅੱਪ ਟੈਂਕਰ ਨੰਬਰ CH 03 X 2718, ਇੱਕ ਟਾਟਾ 407 ਟੈਂਕਰ ਨੰਬਰ PB 11 AG 8750 ਅਤੇ ਤਿੰਨ ਬਲੈਰੋ ਕੈਂਪਰ ਗੱਡੀਆਂ ਨੰਬਰ PB 11 CJ 3384, PB 11 CN 9666, PB11 CB 4640 ਵੀ ਸ਼ਾਮਲ ਹਨ।