Development works begins in Patiala

August 19, 2018 - PatialaPolitics

”ਪੰਜਾਬ ਸਰਕਾਰ ਵੱਲੋਂ ਪਟਿਆਲਾ ਸ਼ਹਿਰ ਦੀਆਂ ਉਨ੍ਹਾਂ ਕਲੋਨੀਆਂ, ਜਿਹੜੀਆਂ ਨਗਰ ਨਿਗਮ ਦੀ ਹਦੂਦ ਤੋਂ ਬਾਹਰ ਹਨ ਅਤੇ ਇਥੇ ਪਿਛਲੇ ਲੰਮੇ ਅਰਸੇ ਤੋਂ ਵਿਕਾਸ ਕਾਰਜ ਨਹੀਂ ਹੋ ਸਕੇ, ਦਾ ਵਿਕਾਸ ਕਰਨ ਲਈ ਕਰੀਬ 14 ਕਰੋੜ ਰੁਪਏ ਦੇ ਫੰਡ ਮਨਜੂਰ ਕੀਤੇ ਗਏ ਹਨ।” ਇਹ ਪ੍ਰਗਟਾਵਾ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਨੇ ਕੀਤਾ। ਉਨ੍ਹਾਂ ਦੱਸਿਆ ਕਿ ਪਟਿਆਲਾ ਸ਼ਹਿਰ ‘ਚ ਸ਼ੁਰੂ ਹੋਏ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਮੁਕੰਮਲ ਹੋਣ ਬਾਅਦ ਪਟਿਆਲਾ ਦੀ ਨੁਹਾਰ ਬਦਲ ਜਾਵੇਗੀ, ਕਿਉਂਕਿ ਪਿਛਲੀ ਸਰਕਾਰ ਵੱਲੋਂ ਇਸ ਨਾਲ ਕੀਤੇ ਮਤਰੇਈ ਮਾਂ ਵਾਲੇ ਸਲੂਕ ਤੋਂ ਪਟਿਆਲਾ ਨੂੰ ਰਾਹਤ ਪਹਿਲਾਂ ਹੀ ਮਿਲ ਚੁੱਕੀ ਹੈ।

ਸ੍ਰੀਮਤੀ ਪਰਨੀਤ ਕੌਰ ਅੱਜ ਇਨ੍ਹਾਂ ਕਲੋਨੀਆਂ ‘ਚ ਸ਼ਾਮਲ ਨਿਊ ਖੇੜੀ (ਨੇੜੇ ਖੇੜੀ ਗੁੱਜਰਾਂ) ਅਤੇ ਰਿਸ਼ੀ ਕਲੋਨੀ (ਨੇੜੇ ਹੀਰਾ ਬਾਗ) ਦੀਆਂ ਨਵੀਆਂ ਬਣੀਆਂ ਗ੍ਰਾਮ ਪੰਚਾਇਤਾਂ ਲਈ ਪੰਜਾਬ ਦੇ ਪੰਚਾਇਤੀ ਰਾਜ ਵਿਭਾਗ ਵੱਲੋਂ ਪ੍ਰਵਾਨ ਕੀਤੇ ਗਏ 5.27 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਨੂੰ ਸ਼ੁਰੂ ਕਰਵਾਉਣ ਪੁੱਜੇ ਹੋਏ ਸਨ। ਇਸ ਮੌਕੇ ਉਨ੍ਹਾਂ ਦੇ ਨਾਲ ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ ਅਤੇ ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ ਵੀ ਮੌਜੂਦ ਸਨ।
ਇਸ ਮੌਕੇ ਸ੍ਰੀਮਤੀ ਪਰਨੀਤ ਕੌਰ ਨੇ ਦੱਸਿਆ ਕਿ ਨਿਊ ਖੇੜੀ ਵਿਖੇ ਪੈਂਦੀਆਂ 11 ਕਲੋਨੀਆਂ ਦੇ ਵਸਨੀਕਾਂ ਦੇ ਘਰਾਂ ਨੂੰ ਜੋੜਦੀਆਂ ਗਲੀਆਂ ਪੱਕੀਆਂ ਕਰਨ ਲਈ 2.52 ਕਰੋੜ ਰੁਪਏ ਖਰਚੇ ਜਾ ਰਹੇ ਹਨ। ਜਦੋਂਕਿ ਹੀਰਾ ਬਾਗ ਨੇੜਲੀਆਂ 5 ਕਲੋਨੀਆਂ ‘ਚ ਗਲੀਆਂ ਪੱਕੀਆਂ ਕਰਨ ਲਈ 2.75 ਕਰੋੜ ਰੁਪਏ ਖਰਚੇ ਜਾ ਰਹੇ ਹਨ। ਇਸ ਤਰ੍ਹਾਂ ਲੋਕਾਂ ਦੇ ਘਰਾਂ ਨੂੰ ਜੋੜਦੀਆਂ 120 ਦੇ ਲਗਪਗ ਗਲੀਆਂ ਪੱਕੀਆਂ ਹੋ ਜਾਣਗੀਆ ਤੇ 16 ਕਲੋਨੀਆਂ ਦੇ ਲੋਕਾਂ ਨੂੰ ਲਾਭ ਮਿਲੇਗਾ।
ਸ੍ਰੀਮਤੀ ਪਰਨੀਤ ਕੌਰ ਨੇ ਦੱਸਿਆ ਕਿ ਪਟਿਆਲਾ ਸ਼ਹਿਰ ਦੇ ਚਾਰ ਹਿੱਸੇ ਅਜਿਹੇ ਸਨ, ਜਿਥੇ ਵੱਸੋਂ ਬਹੁਤ ਜਿਆਦਾ ਸੀ ਪਰੰਤੂ ਇਹ ਨਗਰ ਨਿਗਮ ਦੀ ਹਦੂਦ ਤੋਂ ਬਾਹਰ ਪੈਣ ਕਰਕੇ ਇਨ੍ਹਾਂ ਦੇ ਵਿਕਾਸ ‘ਚ ਖੜੋਤ ਆ ਰਹੀ ਸੀ, ਇਸ ਨੂੰ ਦੂਰ ਕਰਨ ਲਈ ਪੰਚਾਇਤੀ ਰਾਜ ਵਿਭਾਗ ਵੱਲੋਂ 14 ਕਰੋੜ ਰੁਪਏ ਮਨਜੂਰ ਕੀਤੇ ਗਏ ਹਨ, ਜਿਸ ਵਿੱਚੋ ਭਾਦਸੋਂ ਰੋਡ ਵਾਲੇ ਪਾਸੇ ਦੀਆਂ ਕਲੋਨੀਆਂ ਦੇ ਵਿਕਾਸ ਲਈ 6. 11 ਕਰੋੜ ਰੁਪਏ ਅਤੇ ਸੰਗਰੂਰ ਬਾਈਪਾਸ ਰੋਡ ‘ਤੇ ਧਾਮੋਮਾਜਰਾ ਵਾਲੇ ਪਾਸੇ ਦੀਆਂ ਕਲੋਨੀਆਂ ਲਈ 1.95 ਕਰੋੜ ਰੁਪਏ ਖਰਚੇ ਜਾਣਗੇ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਸੂਬੇ ਦੀ ਮਾੜੀ ਕੀਤੀ ਗਈ ਮਾਲੀ ਹਾਲਤ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਯਤਨਾਂ ਸਦਕਾ ਹੁਣ ਕੁਝ ਰਾਹਤ ਮਿਲਣ ਲੱਗੀ ਹੈ ਜਿਸ ਕਰਕੇ ਸਰਕਾਰ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕਰ ਰਹੀ ਹੈ।
ਇਸ ਮੌਕੇ ਮੇਅਰ ਸ੍ਰੀ ਸੰਜੀਵ ਸ਼ਰਮਾ ਨੇ ਸ਼ਹਿਰ ਦੇ ਵਿਕਾਸ ਲਈ ਲਾਏ ਜਾ ਰਹੇ ਕਰੀਬ 23 ਕਰੋੜ ਰੁਪਏ ਦੇ ਟੈਂਡਰਾਂ ਸਮੇਤ ਪਿਛਲੇ ਲੰਮੇ ਅਰਸੇ ਤੋਂ ਲਟਕੇ ਡੇਅਰੀਆਂ ਨੂੰ ਬਾਹਰ ਕੱਢਣ ਦੇ ਪ੍ਰਾਜੈਕਟ ਨੂੰ ਪੂਰਾ ਕਰਨ ਅਤੇ ਸ਼ਹਿਰ ਦੇ ਸੀਵਰੇਜ ਨੂੰ ਸਾਫ਼ ਕਰਨ ਦੇ ਕੰਮਾਂ ਤੋਂ ਜਾਣੂ ਕਰਵਾਇਆ। ਇਸ ਤੋਂ ਪਹਿਲਾਂ ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ ਨੇ ਲੋਕਾਂ ਨੂੰ ਆਪਣੇ ਇਲਾਕੇ ‘ਚ ਸਾਫ਼ ਸਫ਼ਾਈ ਅਤੇ ਪਾਣੀ ਬਚਾਉਣ ਦੀ ਅਪੀਲ ਕੀਤੀ ਅਤੇ ਵਿਕਾਸ ਕਾਰਜ ਸ਼ੁਰੂ ਹੋਣ ਦੀ ਵਧਾਈ ਵੀ ਦਿੱਤੀ।
ਇਸ ਮੌਕੇ ਵੱਡੀ ਗਿਣਤੀ ‘ਚ ਹਾਜ਼ਰ ਹੋਏ ਇਲਾਕਾ ਨਿਵਾਸੀਆਂ ਨੇ ਸਰਕਾਰ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀ ਨਿਗਰਾਨੀ ਅਤੇ ਅਗਵਾਈ ਕਰਨ ਲਈ ਸ੍ਰੀਮਤੀ ਪਰਨੀਤ ਕੌਰ ਦਾ ਵਿਸ਼ੇਸ ਤੌਰ ‘ਤੇ ਧੰਨਵਾਦ ਕੀਤਾ। ਇਸ ਸਮੇਂ ਸ੍ਰੀਮਤੀ ਪਰਨੀਤ ਕੌਰ ਨੇ ਹੀਰਾ ਬਾਗ ਨੇੜਲੀਆਂ ਕਲੋਨੀਆਂ ਨੂੰ ਮੱਛਰਾਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਲਈ ਨਗਰ ਨਿਗਮ ਵੱਲੋਂ ਦਿੱਤੀ ਫਾਗਿੰਗ ਮਸ਼ੀਨ ਵੀ ਸੌਂਪੀ।
ਇਸ ਮੌਕੇ ਪਟਿਆਲਾ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਸ੍ਰੀ ਪੀ.ਕੇ. ਪੁਰੀ, ਡਾ. ਦਰਸ਼ਨ ਸਿੰਘ ਘੁੰਮਣ, ਸੰਤ ਬਾਂਗਾ, ਮਹਿਲਾ ਕਾਂਗਰਸ ਦੀ ਦਿਹਾਤੀ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ, ਬਲਾਕ ਪ੍ਰਧਾਨ ਕੇ.ਕੇ. ਮਲਹੋਤਰਾ, ਵਿਸ਼ਵਾਸ਼ ਸੈਣੀ ਕਾਲੂ, ਉਘੇ ਉਦਯੋਗਪਤੀ ਭਰਤ ਤੇਜਾ, ਵਿਨੋਦ ਢੂੰਡੀਆ, ਸਤਿੰਦਰ ਸੰਧੂ, ਯੂਥ ਕਾਂਗਰਸ ਪ੍ਰਧਾਨ ਸੰਦੀਪ ਮਲਹੋਤਰਾ, ਕੌਂਸਲਰ ਸਰੋਜ ਸ਼ਰਮਾ, ਅਤੁਲ ਜੋਸ਼ੀ, ਰਮਨ ਕੋਹਲੀ, ਹਰੀਸ਼ ਅਗਰਵਾਲ, ਰੇਖਾ ਅਗਰਵਾਲ, ਅਨਿਲ ਮੋਦਗਿਲ, ਨਿੱਗੀ ਨਾਗਪਾਲ, ਰਣਧੀਰ ਕਾਟੀ, ਰਜੇਸ਼ ਲੱਕੀ, ਜਸਵਿੰਦਰ ਜੁਲਕਾ, ਪ੍ਰਿੰਸੀਪਲ ਕੁਲਵੰਤ ਕੌਰ, ਸਮਾਜ ਸੇਵੀ ਰੁਪਿੰਦਰ ਘੁੰਮਣ, ਬਰਜਿੰਦਰ ਤੇਜਾ, ਐਕਸੀਐਨ ਪੰਚਾਇਤੀ ਰਾਜ ਤੇਜਿੰਦਰ ਸਿੰਘ ਮੁਲਤਾਨੀ, ਐਸ.ਡੀ.ਓ. ਪ੍ਰਭਾਤ ਕੁਮਾਰ, ਜੇ.ਈ. ਨਿਰਮਲ ਸਿੰਘ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ।
ਨੰ: ਲਸਪ (ਪ੍ਰੈ.ਰੀ.)-2018/