Mother kills teenager son in a village near Nabha

August 23, 2018 - PatialaPolitics

ਪਟਿਆਲਾ ਪੁਲਿਸ ਨੇ ਅੱਜ ਇੱਕ ਅਜਿਹੇ ਮਾਮਲੇ ਨੂੰ ਬੇਪਰਦ ਕੀਤਾ ਹੈ ਜਿਸ ਵਿੱਚ ਇਸ਼ਕ ਵਿੱਚ ਅੰਨ੍ਹੀ ਹੋਈ ਮਾਂ ਨੇ ਹੀ ਆਪਣੇ ਪ੍ਰੇਮੀ ਨਾਲ ਮਿਲਕੇ ਆਪਣੇ 17-18 ਵਰਿਆਂ ਦੇ ਨੌਜਵਾਨ ਪੁੱਤਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਗੱਲ ਇਥੇ ਹੀ ਨਹੀ ਮੁੱਕਦੀ ਨਾਭਾ ਨੇੜਲੇ ਪਿੰਡ ਛੀਟਾਵਾਲਾ ਦੇ ਸ਼ੱਕੀ ਹਾਲਤ ਵਿੱਚ ਮ੍ਰਿਤਕ ਪਾਏ ਗਏ ਇਸ ਨੌਜਵਾਨ ਕਬੱਡੀ ਖਿਡਾਰੀ ਸੁਖਵੀਰ ਸਿੰਘ ਉਰਫ਼ ਸੁੱਖੀ ਦੀ ਮੌਤ ਸਬੰਧੀ ਸ਼ੱਕ ਪੈਣ ‘ਤੇ ਜਦੋਂ ਪੁਲਿਸ ਨੇ ਤਕਨੀਕੀ ਸਾਧਨਾਂ ਨਾਲ ਇਸ ਮਾਮਲੇ ਦੀ ਬਰੀਕੀ ਨਾਲ ਪੁਣਛਾਣ ਕੀਤੀ ਤਾਂ ਇਸ ਨੌਜਵਾਨ ਦਾ ਉਸਦੀ ਮਾਂ ਨਰਿੰਦਰ ਕੌਰ ਵੱਲੋਂ ਹੀ ਆਪਣੇ ਪ੍ਰੇਮੀ ਸਿਮਰਦੀਪ ਸਿੰਘ ਉਰਫ਼ ਡੋਗਰ ਨਾਲ ਮਿਲਕੇ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਤਾਂ ਸਾਹਮਣੇ ਆਇਆ ਹੀ ਪੁੱਤਰ ਦੀ ਕਾਤਲ ਨਰਿੰਦਰ ਕੌਰ ਨੇ ਇਹ ਵੀ ਮੰਨਿਆ ਕਿ ਉਸਨੇ ਸਾਲ 2015 ਵਿੱਚ ਆਪਣੇ ਇਸ ਪ੍ਰੇਮੀ ਨਾਲ ਮਿਲਕੇ ਆਪਣੇ ਸਹੁਰੇ ਜਗਦੇਵ ਸਿੰਘ ਦੇ ਵੀ ਮੂੰਹ ‘ਤੇ ਸਰਾਹਣਾ ਰੱਖਕੇ ਉਸਨੂੰ ਵੀ ਕਤਲ ਕੀਤਾ ਸੀ।

ਇਸ ਸਨਸਨੀਖੇਜ਼ ਮਾਮਲੇ ਦਾ ਖੁਲਾਸਾ ਕਰਦਿਆ ਅੱਜ ਪੁਲਿਸ ਲਾਇਨ ਵਿਖੇ ਸੱਦੇ ਪੱਤਰਕਾਰ ਸੰਮੇਲਨ ਦੌਰਾਨ ਪਟਿਆਲਾ ਦੇ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ 20 ਅਗਸਤ ਨੂੰ ਪਿੰਡ ਛੀਟਾਂਵਾਲਾ ਥਾਣਾ ਸਦਰ ਨਾਭਾ ਵਿਖੇ ਸੁਖਵੀਰ ਸਿੰਘ ਉਰਫ਼ ਸੁੱਖੀ ਪੁੱਤਰ ਸ਼੍ਰੀ ਬਲਜਿੰਦਰ ਸਿੰਘ ਦੀ ਮੌਤ ਦਾ ਪਤਾ ਲੱਗਾ ਸੀ। ਜਿਸ ਤਹਿਤ ਉਪ ਕਪਤਾਨ ਪੁਲਿਸ ਸਰਕਲ ਨਾਭਾ ਦੀ ਨਿਗਰਾਨੀ ਹੇਠ ਐਸ.ਐਚ.ਓ. ਥਾਣਾ ਸਦਰ ਇੰਸਪੈਕਟਰ ਬਿੱਕਰ ਸਿੰਘ ਵੱਲੋਂ ਕਰਵਾਈ ਕਰਦਿਆ ਧਾਰਾ 174 ਸੀ.ਆਰ.ਪੀ.ਸੀ. ਅਧੀਨ ਕਰਵਾਈ ਅਮਲ ਵਿੱਚ ਲਿਆਂਦੀ ਗਈ ਪਰ ਮਾਮਲਾ ਸ਼ੱਕੀ ਜਾਪਦਾ ਦੇਖਕੇ ਇਸ ਮਾਮਲੇ ਦੀ ਗੁਪਤ ਜਾਂਚ ਸ਼ੁਰੂ ਕੀਤੀ ਗਈ ਅਤੇ ਇਸ ਸਬੰਧੀ ਸਾਹਮਣੇ ਆਇਆ ਕਿ ਮ੍ਰਿਤਕ ਦੀ ਮਾਤਾ ਨਰਿੰਦਰ ਕੌਰ ਜਿਸ ਦੇ ਪਤੀ ਦੀ ਸਾਲ 2010 ਵਿੱਚ ਇੱਕ ਦੁਰਘਟਨਾ ਹੋਣ ਨਾਲ ਮੌਤ ਹੀ ਗਈ ਸੀ, ਦੇ ਸਾਲ 2014 ਵਿੱਚ ਆਪਣੇ ਪਿੰਡ ਦੇ ਹੀ ਮੋਬਾਈਲਾਂ ਦੀ ਦੁਕਾਨ ਕਰਦੇ ਸਿਮਰਦੀਪ ਸਿੰਘ ਉਰਫ਼ ਸਿਮਰਜੀਤ ਸਿੰਘ ਉਰਫ਼ ਡੋਗਰ ਨਾਲ ਨਜਾਇਜ਼ ਸਬੰਧ ਬਣ ਗਏ। ਐਸ.ਐਸ.ਪੀ. ਨੇ ਦੱਸਿਆ ਕਿ ਮਾਂ ਨੂੰ ਇਸ ਗਲਤ ਕੰਮ ਤੋਂ ਉਸ ਦਾ ਪੁੱਤਰ ਰੋਕਣ ਲੱਗਾ ਤਾਂ ਨਰਿੰਦਰ ਕੌਰ ਨੇ ਆਪਣੇ ਪ੍ਰੇਮੀ ਸਿਮਰਦੀਪ ਸਿੰਘ ਉਰਫ਼ ਸਿਮਰਜੀਤ ਸਿੰਘ ਉਰਫ਼ ਡੋਗਰ ਨਾਲ ਮਿਲਕੇ 19 ਅਤੇ 20 ਅਗਸਤ ਦੀ ਦਰਮਿਆਨੀ ਰਾਤ ਨੂੰ ਸੁਖਵੀਰ ਸਿੰਘ ਨੂੰ ਢਾਹ ਕੇ ਸਾਹ ਘੁੱਟ ਕੇ ਧੱਕੇ ਨਾਲ ਉਸ ਦੇ ਮੂੰਹ ਵਿੱਚ ਕੀਟਨਾਸ਼ਕ ਦਵਾਈ ਰਾਊਂਡ ਅੱਪ ਦਵਾਈ ਪਾ ਦਿੱਤੀ ਤਾਂ ਕਿ ਇਸ ਨੂੰ ਆਤਮ ਹੱਤਿਆ ਦਿਖਾਇਆ ਜਾ ਸਕੇ ਅਤੇ ਫੇਰ ਉਸਦੀ ਲਾਸ਼ ਨੂੰ ਆਪਣੇ ਘਰ ਦੇ ਬਾਹਰ ਗੇਟ ਦੀ ਕੰਧ ਨਾਲ ਲਗਾਕੇ ਰੱਖ ਦਿੱਤਾ।
ਐਸ.ਐਸ.ਪੀ. ਨੇ ਦੱਸਿਆ ਕਿ ਸਵੇਰ ਸਮੇਂ ਉਕਤ ਔਰਤ ਵੱਲੋਂ ਬਿਨਾਂ ਕਿਸੇ ਕਾਰਵਾਈ ਦੇ ਸੰਸਕਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਪੁਲਿਸ ਨੂੰ ਇਹ ਮਾਮਲਾ ਸ਼ੱਕੀ ਜਾਪਿਆਂ ਤਾਂ ਉਨ੍ਹਾਂ ਕਾਰਵਾਈ ਕਰਦਿਆ ਮ੍ਰਿਤਕ ਨੌਜਵਾਨ ਦੀ ਮਾਂ ਅਤੇ ਪ੍ਰੇਮੀ ਸਿਮਰਦੀਪ ਸਿੰਘ ਉਰਫ਼ ਸਿਮਰਜੀਤ ਸਿੰਘ ਉਰਫ਼ ਡੋਗਰ ਤੋਂ ਪੁੱਛ-ਗਿੱਛ ਕੀਤੀ ਗਈ ਤਾਂ ਉਨ੍ਹਾਂ ਆਪਣਾ ਜ਼ੁਲਮ ਕਬੂਲਦਿਆਂ ਦੱਸਿਆ ਕਿ ਰਾਤ ਨੂੰ ਕਤਲ ਕਰਨ ਤੋਂ ਬਾਅਦ ਕਾਤਲ ਨਰਿੰਦਰ ਕੌਰ ਦੇ ਰਾਹੀ ਕਰੀਬ ਸਵਾ ਦੋ ਵਜੇ ਡੋਗਰ ਨੂੰ ਮ੍ਰਿਤਕ ਸੁਖਵੀਰ ਸਿੰਘ ਦੇ ਮੋਬਾਈਲ ਤੋਂ ਫ਼ੋਨ ਕੀਤਾ ਅਤੇ ਬਾਅਦ ਵਿੱਚ ਫ਼ੋਨ ਨੂੰ ਖੁਰਦ-ਬੁਰਦ ਕਰਨ ਦੀ ਨੀਯਤ ਨਾਲ ਪਲਾਸਟਿਕ ਦੇ ਲਿਫ਼ਾਫ਼ੇ ਵਿੱਚ ਲਪੇਟ ਕੇ ਕਮਰੇ ਵਿੱਚ ਬਣੀ ਪਰਛੱਤੀ ‘ਤੇ ਰੱਖ ਦਿੱਤਾ ਪਰ ਪੁਲਿਸ ਵੱਲੋਂ ਕਾਲ ਡਿਟੇਲ ਹਾਸਲ ਕਰਕੇ ਜਾਂਚ ਕੀਤੀ ਗਈ ਤਾਂ ਇਸ ਅੰਨ੍ਹੇ ਕਤਲ ਨੂੰ ਟਰੇਸ ਕਰਦੇ ਹੋਏ ਸਿਮਰਦੀਪ ਸਿੰਘ ਉਰਫ਼ ਸਿਮਰਜੀਤ ਸਿੰਘ ਉਰਫ਼ ਡੋਗਰ ਅਤੇ ਨਰਿੰਦਰ ਕੌਰ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਅਤੇ ਇਸ ਸਬੰਧੀ ਮੁਕੱਦਮਾ ਨੰਬਰ 127 ਮਿਤੀ 22 ਅਗਸਤ 2018 ਅ/ਧ 302, 34 ਥਾਣਾ ਸਦਰ ਨਾਭਾ ਦਰਜ਼ ਕੀਤਾ ਗਿਆ ਹੈ।

ਐਸ.ਐਸ.ਪੀ. ਨੇ ਦੱਸਿਆ ਕਿ ਪੁਲਿਸ ਨੂੰ ਪੁੱਛਗਿੱਛ ਦੌਰਾਨ ਨਰਿੰਦਰ ਕੌਰ ਅਤੇ ਡੋਗਰ ਨੇ ਮੰਨਿਆ ਕਿ ਇਸੇ ਤਰਾਂ ਉਨ੍ਹਾਂ ਨੇ ਆਪਸ ਵਿੱਚ ਮਿਲਕੇ ਜੂਨ 2015 ਵਿੱਚ ਨਰਿੰਦਰ ਕੌਰ ਦੇ ਸਹੁਰੇ ਜਗਦੇਵ ਸਿੰਘ ਦਾ ਵੀ ਰਾਤ ਨੂੰ ਸੁੱਤੇ ਪਏ ਦੇ ਮੂੰਹ ‘ਤੇ ਸਿਰਹਾਣਾ ਰੱਖਕੇ ਉਸ ਦਾ ਵੀ ਕਤਲ ਕਰ ਦਿੱਤਾ ਸੀ ਅਤੇ ਉਸ ਨੂੰ ਕੁਦਰਤੀ ਹਾਰਟ ਅਟੈਕ ਦੱਸਕੇ ਉਸਦਾ ਸੰਸਕਾਰ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਜਗਦੇਵ ਸਿੰਘ ਦੇ ਕਤਲ ਦਾ ਕਾਰਨ ਇਹ ਸੀ ਕਿ ਉਹ ਨਰਿੰਦਰ ਕੌਰ ਨੂੰ ਸ਼ਰਾਬ ਪੀ ਕੇ ਉਸ ਦੀ ਕੁੱਟਮਾਰ ਕਰਦਾ ਸੀ, ਨਜਾਇਜ਼ ਖਰਚਾ ਕਰਨ ਤੋਂ ਰੁਕਦਾ ਸੀ ਅਤੇ ਸਿਮਰਦੀਪ ਸਿੰਘ ਉਰਫ਼ ਸਿਮਰਜੀਤ ਸਿੰਘ ਉਰਫ਼ ਡੋਗਰ ਨੂੰ ਆਪਣੀ ਨੂੰਹ ਨੂੰ ਮਿਲਣ ਤੋਂ ਵੀ ਰੋਕਦਾ ਸੀ।
ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪਿਛਲੇ ਡੇਢ ਮਹੀਨੇ ਵਿੱਚ ਪਟਿਆਲਾ ਪੁਲਿਸ ਵੱਲੋਂ ਚਾਰ ਅੰਨ੍ਹੇ ਕਤਲਾਂ ਦੀਆਂ ਗੁੱਥੀਆਂ ਨੂੰ ਸੁਲਝਾਉਣ ਵਿੱਚ ਕਾਮਯਾਬੀ ਹਾਸਲ ਕੀਤੀ ਗਈ ਹੈ ਜਿਸ ਵਿੱਚ 25 ਸਤੰਬਰ 2016 ਨੂੰ ਪਿੰਡ ਦੌਣ ਕਲਾਂ ਵਿਖੇ ਇਕ ਬਜ਼ੁਰਗ ਔਰਤ ਨਾਲ ਜਬਰ ਜ਼ਿਨਾਹ ਅਤੇ ਕਤਲ ਹੋਣ ਕਾਰਨ ਮੁਕੱਦਮਾ ਨੰਬਰ 131 ਮਿਤੀ 26 ਸਤੰਬਰ 2015 ਅ/ਧ 302 ਥਾਣਾ ਸਦਰ ਪਟਿਆਲਾ ਦਰਜ਼ ਹੋਇਆ ਸੀ ਜੋ ਇਸ ਕਤਲ ਦੇ ਦੋਸ਼ੀ ਦੇ ਮੌਕੇ ‘ਤੇ ਉਠਾਏ ਗਏ ਪੈਰਾਂ ਦੇ ਨਿਸ਼ਾਨ ਜੋ ਆਮ ਵਿਅਕਤੀ ਦੇ ਸਾਇਜ਼ ਤੋਂ ਵੱਡੇ ਸਨ ਰਾਹੀ ਟਰੇਸ ਕਰਕੇ ਦੋਸ਼ੀ ਅਵਤਾਰ ਸਿੰਘ ਉਰਫ਼ ਗੁੰਗਾ ਵਾਸੀ ਦੋਣ ਕਲਾਂ ਨੂੰ ਮਿਤੀ 10 ਅਗਸਤ 2018 ਨੂੰ ਗ੍ਰਿਫ਼ਤਾਰ ਕਰਕੇ ਅੰਨੇ ਕਤਲ ਕੇਸ ਦੀ ਗੁੱਥੀ ਸੁਲਝਾਈ ਹੈ ਅਤੇ ਇਸ ਤਰਾਂ 30 ਦਸੰਬਰ 2016 ਨੂੰ ਇੱਕ ਨਾਮਾਲੂਮ ਵਿਅਕਤੀ ਦੀ ਲਾਸ ਘੱਗਰ ਦਰਿਆ ਵਿੱਚੋਂ ਮਿਲੀ ਸੀ, ਜਿਸ ਦੀ ਬਾਅਦ ਵਿੱਚ ਸਨਾਖਤ ਕੇਵਲ ਸਿੰਘ ਵਾਸੀ ਭਾਦਸੋ ਰੋਡ ਪਟਿਆਲ ਵਜੋਂ ਹੋਈ ਸੀ ਜਿਸ ਤੇ ਮੁਕੱਦਮਾ ਨੰਬਰ 105 ਮਿਤੀ 31 ਦਸੰਬਰ 2016 ਅ/ਧ 302, 201, 120-ਬੀ ਥਾਣਾ ਘਨੌਰ ਦਰਜ ਕੀਤਾ ਗਿਆ ਸੀ। ਜਿਸ ਦੀ ਲਾਸ਼ ਪਾਸੋਂ ਮੌਕੇ ‘ਤੇ ਪੀਲੇ ਰੰਗ ਦੀ ਚੁੰਨੀ ਬਰਾਂਮਦ ਹੋਈ ਸੀ ਜਿਸ ਦੇ ਆਧਾਰ ‘ਤੇ ਮਿਤੀ 16 ਅਗਸਤ 2018 ਨੂੰ ਅਤੇ ਮਿਤੀ 19 ਅਗਸਤ 2018 ਨੁੰ ਦੋਸ਼ੀ ਰੀਟਾ ਮਹੰਤ ਅਤੇ ਕਾਜਲ ਮਹੰਤ ਨੂੰ ਗ੍ਰਿਫ਼ਤਾਰ ਕਰਕੇ ਦੂਜੇ ਅੰਨੇ ਕਤਲ ਕੇਸ ਦੀ ਗੁੱਥੀ ਨੂੰ ਸੁਲਝਾਇਆ ਹੈ। ਐਸ.ਐਸ.ਪੀ ਨੇ ਦੱਸਿਆ ਕਿ ਛੀਟਾਵਾਲਾ ਦੂਹਰੇ ਕਤਲ ਦੇ ਦੋਸ਼ੀਆਂ ਨੂੰ ਸ਼ਖਤ ਸਜ਼ਾ ਦਿਵਾਉਣ ਦੀ ਕਾਰਵਾਈ ਕੀਤੀ ਜਾਵੇਗੀ। ਅੱਜ ਦੇ ਪੱਤਕਾਰ ਸੰਮੇਲਨ ਮੌਕੇ ਡੀ.ਐਸ.ਪੀ. ਨਾਭਾ ਸ਼੍ਰੀ ਦਵਿੰਦਰ ਅੱਤਰੀ ਤੇ ਐਸ.ਐਚ.ਓ. ਸਦਰ ਸ. ਬਿੱਕਰ ਸਿੰਘ ਵੀ ਹਾਜ਼ਰ ਸਨ।