4 arrested in Nabha Doctor Dr Rajesh Goyal robbery case

September 8, 2018 - PatialaPolitics

ਨਾਭਾ ‘ਚ ਇੱਕ ਡਾਕਟਰ ਦੇ ਘਰ ਡਕੈਤੀ ਦਾ ਮਾਮਲਾ ਪੁਲਿਸ ਨੇ ਇੱਕ ਹਫ਼ਤੇ ਦੇ ਅੰਦਰ ਹੀ ਸੁਲਝਾ ਲਿਆ ਹੈ। ਤਿੰਨ ਸਤੰਬਰ ਦੀ ਰਾਤ ਨੂੰ ਹੋਈ ਇਸ ਘਟਨਾ ‘ਚ ਸ਼ਾਮਿਲ ਪੁਲਿਸ ਦੇ ਇੱਕ ਹੌਲਦਾਰ ਸਮੇਤ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਐਸ.ਐਸ.ਪੀ. ਸ੍ਰੀ ਮਨਦੀਪ ਸਿੰਘ ਸਿੱਧੂ ਨੇ ਅੱਜ ਪੁਲਿਸ ਲਾਈਨ ਵਿਖੇ ਆਯੋਜਿਤ ਕੀਤੀ ਗਈ ਪ੍ਰੈਸ ਕਾਨਫੰਰਸ ‘ਚ ਦੱਸਿਆ ਕਿ ਪੰਜਾਬ ਦੇ ਡੀ.ਜੀ.ਪੀ. ਨੇ ਡਕੈਤੀ ਦਾ ਇਹ ਮਾਮਲਾ ਸੁਲਝਾਉਣ ਵਾਲੀ ਪੁਲਿਸ ਪਾਰਟੀ ਨੂੰ 50 ਹਜ਼ਾਰ ਰੁਪਏ ਦਾ ਨਗਦ ਇਨਾਮ ਦੇਣ ਦਾ ਐਲਾਨ ਕਰਨ ਦੇ ਨਾਲ ਹੀ ਲੀਡ ਰੋਲ ਨਿਭਾਉਣ ਵਾਲੇ 4 ਪੁਲਿਸ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਡੀ.ਜੀ.ਪੀ. ਕਮੋਡੇਸ਼ਨ ਡਿਸਕ ਦੇਣ ਦੀ ਸਿਫ਼ਾਰਸ਼ ਵੀ ਕੀਤੀ ਹੈ। ਜਦਕਿ ਦੋਸ਼ੀ ਹੌਲਦਾਰ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ।
ਐਸ.ਐਸ.ਪੀ ਨੇ ਦੱਸਿਆ ਕਿ ਇਹ ਕਾਰਵਾਈ ਪੁਲਿਸ ਦੀਆਂ ਵੱਖ-ਵੱਖ ਟੀਮਾਂ ਦੀ ਇਕ ਸਾਂਝੀ ਮੁਹਿੰਮ ਸੀ, ਜਿਸ ਵਿੱਚ ਸਦਰ, ਕੋਤਵਾਲੀ ਪੁਲਿਸ ਦੇ ਨਾਲ-ਨਾਲ ਸੀ.ਆਈ.ਏ. ਸਟਾਫ ਦੀ ਅਹਿਮ ਭੂਮਿਕਾ ਸੀ। ਐਸ.ਐਸ.ਪੀ. ਸ੍ਰੀ ਮਨਦੀਪ ਸਿੰਘ ਸਿੱਧੂ ਉਹਨਾਂ ਦੱਸਿਆ ਕਿ ਮੁੱਖ ਦੋਸ਼ੀ ਪੁਲਿਸ ਦਾ ਹੀ ਇੱਕ ਹੌਲਦਾਰ ਹੈ ਜੋ ਕਿ 2010 ਵਿੱਚ ਜ਼ਿਲ੍ਹਾ ਪੁਲਿਸ ਸੰਗਰੂਰ ਵਿੱਚ ਭਰਤੀ ਹੋਇਆ ਸੀ ਅਤੇ ਮੌਜੂਦਾ ਸਮੇਂ ਵਿੱਚ ਬਤੌਰ ਹੌਲਦਾਰ ਚੰਡੀਗੜ੍ਹ ‘ਚ ਤੈਨਾਤ ਸੀ। ਇਸ ਤੋਂ ਇਲਾਵਾ ਇੱਕ ਹੋਰ ਦੋਸ਼ੀ ਤੇ 2016 ‘ਚ ਐਨ.ਡੀ.ਪੀ.ਐਸ.ਐਕਟ ਦਾ ਪਰਚਾ ਦਰਜ ਹੈ।
ਦੂਜੇ ਪਾਸੇ ਮੌਕੇ ‘ਤੇ ਪਹੁੰਚੇ ਪੀੜ੍ਹਤ ਡਾਕਟਰ ਰਾਜ਼ੇਸ ਗੋਇਲ ਦੇ ਪਰਿਵਾਰ ਨੇ ਪੁਲਿਸ ਦੇ ਕੰਮ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੂੰ ਇੱਕ ਲੱਖ ਰੁਪਏ ਦਾ ਇਨਾਮ ਦੇਣਾ ਚਾਹਿਆ ਪਰ ਪੁਲਿਸ ਵੱਲੋਂ ਨਿਮਰਤਾ ਨਾਲ ਇਨਕਾਰ ਕਰਦਿਆਂ ਐਸ.ਐਸ.ਪੀ. ਸ੍ਰੀ ਸਿੱਧੂ ਨੇ ਕਿਹਾ ਕਿ ਇਹ ਪੁਲਿਸ ਦੀ ਡਿਊਟੀ ਹੈ ਕਿ ਉਹ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰੇ ਅਤੇ ਕਾਨੂੰਨ ਤੋੜ੍ਹਨ ਵਾਲਿਆਂ ਤੇ ਨੱਥ ਪਾਵੇ ਨਾਲ ਹੀ ਉਹਨਾਂ ਦੱਸਿਆਂ ਕਿ ਪੁਲਿਸ ਨੇ ਡਕੈਤੀ ਦੇ ਛੇ ਲੱਖ ਰੁਪਏ ਨਕਦ, ਗਹਿਣੇ ਸਕੂਟਰ ਅਤੇ ਮੋਟਰਸਾਈਕਲ ਬਰਾਮਦ ਕਰ ਲਏ ਹਨ।
ਵਧੇਰੇ ਜਾਣਕਾਰੀ ਦਿੰਦਿਆਂ ਸ੍ਰੀ ਮਨਦੀਪ ਸਿੰਘ ਸਿੱਧੂ, ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਪਟਿਆਲਾ ਨੇ ਦੱਸਿਆ ਕਿ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਨੂੰ ਉਸ ਵਕਤ ਕਾਮਯਾਬੀ ਮਿਲੀ ਜਦੋ ਮਿਤੀ 03.09.2018 ਦੀ ਰਾਤ ਸਮੇ ਨਾਮਲੂਮ ਵਿਅਕਤੀਆਂ ਵੱਲੋ ਡਾਕਟਰ ਰਾਜੇਸ ਗੋਇਲ ਵਾਸੀ ਨਵਦੀਪ ਮਾਰਗ ਹੀਰਾ ਮਹਿਲ ਨਾਭਾ ਜਿਲ੍ਹਾ ਪਟਿਆਲਾ ਦੇ ਘਰ ਅੰਦਰ ਦਾਖਲ ਹੋ ਕੇ, ਉਸ ਦੀ ਕੁੱਟਮਾਰ ਕਰਕੇ ਅਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਕਰੀਬ 06 ਲੱਖ 30 ਹਜਾਰ ਰੁਪਏ ਦੀ ਨਗਦੀ, ਸੋਨਾ ਜੇਵਰਾਤ ਆਦਿ ਲੁੱਟੇ ਗਏ ਸਨ। ਇਸ ਵਾਰਦਾਤ ਵਿੱਚ ਲੁੱਟ ਖੋਹ ਕਰਨ ਵਾਲੇ 04 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਇਨ੍ਹਾਂ ਦੇ ਕਬਜਾ ਵਿੱਚੋੱ 06 ਲੱਖ ਰੁਪਏ ਦੇ ਕਰੰਸੀ ਨੋਟ, ਇਕ ਜੋੜਾ ਝੁਮਕੇ ਸੋਨਾ, ਇਕ ਜੋੜਾ ਵਾਲੀਆਂ ਸੋਨਾ, ਇਕ ਘੜੀ, ਇਕ ਸਕੂਟਰ, ਇਕ ਮੋਟਰਸਾਇਕਲ ਅਤੇ ਇਕ ਖੂਨ ਨਾਲ ਲਿਬੜੀ ਕਮੀਜ ਬ੍ਰਾਮਦ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਡਾਕਟਰ ਰਾਜ਼ੇਸ ਗੋਇਲ (ਰਿਟਾਇਡ ਐਸ.ਐਮ.ਓ) ਜਿਸ ਦਾ ਆਪਣੇ ਘਰ ਦੇ ਸਾਹਮਣੇ ਆਰ.ਜੀ. ਨਰਸਿੰਗ ਹੋਮ ਐੱਡ ਹਾਰਟ ਕੇਅਰ ਸੈਂਟਰ ਹਸਪਤਾਲ ਹੈ। ਮਿਤੀ 03.09.2018 ਨੂੰ ਜਦੋ ਉਹ ਆਪਣੇ ਹਸਪਤਾਲ ਤੋ ਘਰ ਅੰਦਰ ਦਾਖਲ ਹੋਇਆ ਤਾਂ ਨਾਮਾਲੂਮ ਵਿਅਕਤੀਆਂ ਨੇ ਉਸ ਉੱਤੇ ਤਿੱਖੇ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਜਖਮੀ ਕਰ ਦਿੱਤਾ ਸੀ। ਜਿਸ ਸਬੰਧੀ ਨਾਮਾਲੂਮ ਵਿਅਕਤੀਆਂ ਖਿਲਾਫ ਮੁਕੱਦਮਾ ਨੰਬਰ 91 ਮਿਤੀ 04.09.2018 ਅ/ਧ 458,392 ਹਿੰ:ਦਿੰ: ਥਾਣਾ ਕੋਤਵਾਲੀ ਨਾਭਾ ਪਟਿਆਲਾ ਦਰਜ ਕੀਤਾ ਗਿਆ।

ਸ੍ਰੀ ਸਿੱਧੂ ਨੇ ਅੱਗੇ ਦੱਸਿਆ ਕਿ ਉਕਤ ਕੇਸ ਨੂੰ ਟਰੇਸ ਕਰਨ ਲਈ ਸ੍ਰੀ ਮਨਜੀਤ ਸਿੰਘ ਬਰਾੜ, ਕਪਤਾਨ ਪੁਲਿਸ ਇੰਨਵੈਸਟੀਗੇਸਨ, ਪਟਿਆਲਾ ਦੀ ਨਿਗਰਾਨੀ ਹੇਠ ਸਪੈਸਲ ਟੀਮ ਗਠਿਤ ਕੀਤੀ ਗਈ। ਮਿਤੀ 07.09.2018 ਨੂੰ ਇੰਸਪੈਕਟਰ ਸ਼ਮਿੰਦਰ ਸਿੰਘ, ਇੰਚਾਰਜ ਸੀ.ਆਈ.ਏ ਸਟਾਫ ਪਟਿਅਲਾ ਵੱਲੋ ਸਮੇਤ ਪੁਲਿਸ ਪਾਰਟੀ ਪੁਲ ਨਹਿਰ ਪਿੰਡ ਭੋਜੋਮਾਜਰੀ ਵਿਖੇ ਨਾਕਾਬੰਦੀ ਦੋਰਾਨ 04 ਦੋਸ਼ੀਆਨ, ਜਿਨ੍ਹਾਂ ਵਿੱਚ ਗੁਰਇਕਬਾਲ ਸਿੰਘ ਉਰਫ ਗਗਨ ਉਰਫ ਗੁਰੀ (ਹੌਲਦਾਰ ਜਿਲ੍ਹਾ ਪੁਲਿਸ ਸੰਗਰੂਰ) ਪੁੱਤਰ ਜਗਜੀਤ ਸਿੰਘ ਵਾਸੀ ਹੀਰਾ ਮਹਿਲ ਨਾਭਾ ਹਾਲ ਕਿਰਾਏਦਾਰ ਗਰਿਡ ਕਲੋਨੀ ਨਾਭਾ, ਸਤਗੁਰ ਦਾਸ ਪੁੱਤਰ ਗੁਰਮੇਲ ਦਾਸ ਵਾਸੀ ਲੁਬਾਣਾ ਕਰਮੁ ਥਾਣਾ ਸਦਰ ਨਾਭਾ ਨੂੰ ਇਕ ਸਕੂਟਰ ਨੰਬਰੀ ਪੀ.ਬੀ_13 ਏ. ਕੇ-4729 ਪਰ ਅਤੇ ਲਾਡੀ ਦਾਸ ਉਰਫ ਲਾਡੀ ਪੁੱਤਰ ਕੁਲਵੰਤ ਸਿੰਘ ਵਾਸੀ ਲੁਬਾਣਾ ਕਰਮੁ ਥਾਣਾ ਸਦਰ ਨਾਭਾ ਅਤੇ ਰਣਜੀਤ ਸਿੰਘ ਉਰਫ ਜੀਤ ਪੁੱਤਰ ਸੇਵਾ ਸਿੰਘ ਵਾਸੀ ਬਿਰੜਵਾਲ ਥਾਣਾ ਸਦਰ ਨਾਭਾ ਨੂੰ ਮੋਟਰਸਾਇਕਲ ਨੰਬਰ ਪੀ.ਬੀ_11ਜੇਡ.ਜੇ-0404 ਪਰ ਕਾਬੂ ਕਰਕੇ ਉਨ੍ਹਾਂ ਪਾਸੋ ਡਕੈਤੀ ਦੌਰਾਨ ਲੁੱਟੀ ਗਈ ਰਕਮ, ਸੋਨਾ ਜੇਵਰਾਤ ਅਤੇ ਹੋਰ ਸਮਾਨ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਗ੍ਰਿਫਤਾਰ ਕੀਤੇ ਗਏ ਵਿਅਕਤੀਆ ਦੀ ਪੁੱਛਗਿੱਛ ਤੋ ਹੋਏ ਹੈਰਾਨੀਜਨਕ ਖੁਲਾਸੇ ਨੂੰ ਵਿਸਥਾਰ ਵਿੱਚ ਦੱਸਿਆ ਕਿ ਇਸ ਗਿਰੋਹ ਦਾ ਮੁੱਖ ਸਰਗਣਾ ਦੋਸ਼ੀ ਗੁਰਇਕਬਾਲ ਸਿੰਘ ਉਮਰ ਕਰੀਬ 30 ਸਾਲ ਜੋ ਮਹਿਕਮਾ ਪੰਜਾਬ ਪੁਲਿਸ ਜਿਲਾ ਸੰਗਰੂਰ ਵਿੱਚ ਸਾਲ 2010 ਵਿੱਚ ਬਤੋਰ ਸਿਪਾਹੀ ਭਰਤੀ ਹੋਇਆ ਸੀ ਜੋ ਹੁਣ ਬਤੌਰ ਹੌਲਦਾਰ ਚੰਡੀਗੜ੍ਹ ਵਿਖੇ ਡਿਊਟੀ ਨਿਭਾ ਰਿਹਾ ਹੈ। ਸਤਗੁਰ ਦਾਸ ਲੇਬਰ ਦਾ ਕੰਮ ਕਰਦਾ ਹੈ, ਲਾਡੀ ਦਾਸ ਉਰਫ ਲਾਡੀ ਜੋ ਕਿ ਗੱਡੀਆ ਦੀ ਰਿਪੇਅਰ ਦਾ ਕੰਮ ਭਾਦਸੋ ਰੋਡ ਨਾਪਾ ਵਿਖੇ ਬਣੀ ਵਰਕਸ਼ਾਪ ਵਿੱਚ ਕੰਮ ਕਰਦਾ ਹੈ, ਅਤੇ ਰਣਜੀਤ ਸਿੰਘ ਜੀਤ ਪਹਿਲਵਾਨੀ ਤੇ ਕਬੱਡੀ ਖੇਡਦਾ ਹੈ ਇਹਨਾਂ ਦੀ ਆਪਸੀ ਜਾਣ ਪਹਿਚਾਣ ਅਤੇ ਦੋਸਤੀ ਗੋਲੂ ਪਹਿਲਵਾਨ ਦਾ ਅਖਾੜਾ ਪਿੰਡ ਬਿਰੜਵਾਲ ਵਿਖੇ ਹੋਈ ਸੀ, ਜਿੱਥੇ ਇਹ ਆਮ ਤੌਰ ਤੇ ਮਿਲਦੇ ਸਨ। ਦੋਸ਼ੀ ਗੁਰਇਕਬਾਲ ਸਿੰਘ ਉਰਫ ਗਗਨ ਉਰਫ ਗੁਰੀ ਵੀ ਹੀਰਾ ਮਹਿਲ ਨਾਭਾ ਵਿਖੇ ਰਹਿੰਦਾ ਸੀ, ਉਹ ਉਕਤ ਡਾਕਟਰ ਰਾਜੇਸ ਗੋਇਲ ਪਾਸ ਚੰਗੇ ਪੈਸੇ ਹੋਣ ਦੇ ਲਾਲਚ ਵਿੱਚ ਆ ਕੇ ਜਿਸ ਨੇ ਆਪਣੇ ਸਾਥੀਆ ਨਾਲ ਪਹਿਲਾ ਰੈਕੀ ਕੀਤੀ, ਫਿਰ ਸਮਾਂ ਆਉਣ ‘ਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਲਾਡੀ ਦਾਸ ਪਰ ਪਹਿਲਾਂ ਥਾਣਾ ਸਦਰ ਨਾਭਾ ਵਿਖੇ ਸਾਲ 2016 ਵਿੱਚ ਐਨ.ਡੀ.ਪੀ.ਐਸ ਐਕਟ ਦਾ ਮੁਕੱਦਮਾ ਦਰਜ ਹੈ।ਦੋਸ਼ੀਆਂ ਨੂੰ ਅਦਾਲਤ ‘ਚ ਪੇਸ਼ ਕਰਨ ਉਪਰੰਤ ਪੁਲਿਸ ਰਿਮਾਂਡ ਹਾਸਲ ਕਰਕੇ ਉਹਨਾਂ ਪਾਸੋਂ ਅੱਗੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ, ਜਿਹਨਾਂ ਪਾਸੋ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।