58.98 % voting in Patiala Zila Parishad & Panchayat Smiti poll
September 19, 2018 - PatialaPolitics
ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਲਈ 58.98 ਫੀਸਦੀ ਵੋਟਾਂ ਦਾ ਭੁਗਤਾਨ
-ਅਮਨ-ਅਮਾਨ ਨਾਲ ਸਫ਼ਲਤਾ ਪੂਰਵਕ ਨੇਪਰੇ ਚੜ੍ਹਿਆ ਚੋਣ ਅਮਲ
-ਜ਼ਿਲ੍ਹਾ ਪ੍ਰੀਸ਼ਦ ਲਈ 60 ਤੇ ਪੰਚਾਇਤ ਸੰਮਤੀਆਂ ਲਈ 412 ਉਮੀਦਵਾਰਾਂ ਨੂੰ ਪਈਆਂ ਵੋਟਾਂ ਬਕਸਿਆਂ ‘ਚ ਬੰਦ
-ਡਿਪਟੀ ਕਮਿਸ਼ਨਰ, ਐਸ.ਐਸ.ਪੀ. ਤੇ ਏ.ਡੀ.ਸੀ. ਵੱਲੋਂ ਪੋਲਿੰਗ ਸਟੇਸ਼ਨਾਂ ਦਾ ਦੌਰਾ
-ਵੋਟਾਂ ਦੀ ਗਿਣਤੀ 22 ਸਤੰਬਰ ਨੂੰ-ਕੁਮਾਰ ਅਮਿਤ
-ਡੀ.ਸੀ. ਵੱਲੋਂ ਚੋਣ ਅਮਲ ਸ਼ਾਂਤਮਈ ਢੰਗ ਨਾਲ ਪੂਰਾ ਹੋਣ ‘ਤੇ ਵੋਟਰਾਂ ਅਤੇ ਚੋਣ ਅਮਲੇ ਦਾ ਧੰਨਵਾਦ
ਪਟਿਆਲਾ, 19 ਸਤੰਬਰ:
ਜ਼ਿਲ੍ਹਾ ਪ੍ਰੀਸ਼ਦ ਪਟਿਆਲਾ ਅਤੇ 9 ਪੰਚਾਇਤ ਸੰਮਤੀਆਂ ਦੀਆਂ ਆਮ ਚੋਣਾਂ ਲਈ ਅੱਜ ਪਈਆਂ ਵੋਟਾਂ ਦੀ ਪੂਰੀ ਪ੍ਰਕ੍ਰਿਆ ਸਫ਼ਲਤਾ ਪੂਰਵਕ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਈ। ਇਨ੍ਹਾਂ ਚੋਣਾਂ ਲਈ 58.98 ਫੀਸਦੀ ਵੋਟਰਾਂ ਨੇ ਸਵੇਰੇ 8 ਵਜੇ ਤੋਂ ਲੈਕੇ ਸ਼ਾਮ 4 ਵਜੇ ਤੱਕ ਪੋਲਿੰਗ ਸਟੇਸ਼ਨਾਂ ਵਿਖੇ 1385 ਪੋਲਿੰਗ ਬੂਥਾਂ ਵਿੱਚ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ।
ਇਸ ਦੌਰਾਨ ਡਿਪਟੀ ਕਮਿਸ਼ਨਰ -ਕਮ-ਜ਼ਿਲ੍ਹਾ ਚੋਣ ਸ੍ਰੀ ਕੁਮਾਰ ਅਮਿਤ, ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਅਤੇ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਪੂਨਮਦੀਪ ਕੌਰ ਨੇ ਪੋਲਿੰਗ ਸਟੇਸ਼ਨਾਂ ਦਾ ਦੌਰਾ ਕਰਕੇ ਚੋਣ ਅਮਲ ਦਾ ਜਾਇਜ਼ਾ ਲਿਆ।
ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਦੇ ਦੋ ਅਤੇ ਬਲਾਕ ਸੰਮਤੀਆਂ ਦੇ 9 ਚੋਣ ਹਲਕਿਆਂ ਤੋਂ ਉਮੀਦਵਾਰਾਂ ਦੀ ਚੋਣ ਨਿਰ-ਵਿਰੋਧ ਹੋ ਗਈ ਜਦੋਂਕਿ ਬਾਕੀ ਰਹਿੰਦੇ ਚੋਣ ਹਲਕਿਆਂ ਲਈ ਅੱਜ ਪਈਆਂ ਵੋਟਾਂ ‘ਚ ਜ਼ਿਲ੍ਹੇ ਦੇ ਵੋਟਰਾਂ ਨੇ ਉਤਸ਼ਾਹਪੂਰਵਕ ਸ਼ਾਂਤਮਈ ਢੰਗ ਨਾਲ ਆਪਣੀਆਂ ਵੋਟਾਂ ਪਾਈਆਂ। ਉਨ੍ਹਾਂ ਨੇ ਹੋਰ ਦੱਸਿਆ ਕਿ ਬਖ਼ਸ਼ੀਵਾਲਾ ਪੋਲਿੰਗ ਸਟੇਸ਼ਨ ‘ਤੇ ਵੋਟਾਂ ਮੁੜ ਪੁਆਉਣ ਲਈ ਰਾਜ ਚੋਣ ਕਮਿਸ਼ਨ ਨੂੰ ਲਿਖਿਆ ਗਿਆ ਹੈ।
ਸ੍ਰੀ ਕੁਮਾਰ ਅਮਿਤ ਨੇ ਜ਼ਿਲ੍ਹੇ ਦੇ ਵੋਟਰਾਂ ਸਮੇਤ ਚੋਣ ਲੜ੍ਹ ਰਹੇ ਉਮੀਦਵਾਰਾਂ ਅਤੇ ਇਸ ਚੋਣ ਅਮਲ ਨੂੰ ਨੇਪਰੇ ਚਾੜ੍ਹਨ ‘ਚ ਲੱਗੇ ਸਮੂਹ ਰਿਟਰਨਿੰਗ ਅਧਿਕਾਰੀਆਂ ਸਮੇਤ ਹੋਰ ਅਮਲੇ ਫੈਲੇ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਕਰਨ ਲਈ ਧੰਨਵਾਦ ਵੀ ਕੀਤਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਲਾਕ ਸੰਮਤੀਆਂ ਲਈ 412 ਅਤੇ ਜ਼ਿਲ੍ਹਾ ਪ੍ਰੀਸ਼ਦ ਲਈ 60 ਉਮੀਦਵਾਰ ਮੈਦਾਨ ‘ਚ ਸਨ, ਜਿਨ੍ਹਾਂ ਨੂੰ ਬੈਲਟ ਪੇਪਰਾਂ ਰਾਹੀਂ ਪਈਆਂ ਵੋਟਾਂ ਬਕਸਿਆਂ ‘ਚ ਸੀਲਬੰਦ ਕਰਕੇ ਹਰ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਨਿਰਧਾਰਤ ਸਟਰਾਂਗ ਰੂਮ ‘ਚ ਰਖਵਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵੋਟਾਂ ਦੀ ਗਿਣਤੀ 22 ਸਤੰਬਰ ਨੂੰ ਕਰਵਾਈ ਜਾਵੇਗੀ ਅਤੇ ਉਸੇ ਦਿਨ ਨਤੀਜਾ ਐਲਾਨਿਆ ਜਾਵੇਗਾ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਲਈ ਹੋਈਆਂ ਇਨ੍ਹਾਂ ਚੋਣਾਂ ਲਈ ਕੁਲ 878933 ਵੋਟਰ ਸਨ, ਜਿਨ੍ਹਾਂ ‘ਚ 465084 ਮਰਦ ਅਤੇ 413839 ਔਰਤ ਵੋਟਰ ਸ਼ਾਮਲ ਹਨ, ਇਨ੍ਹਾਂ ਵਿੱਚੋਂ 58.98 ਫੀਸਦੀ ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਪਟਿਆਲਾ ਬਲਾਕ ਵਿਖੇ 53 ਫੀਸਦੀ, ਬਲਾਕ ਰਾਜਪੁਰਾ ਵਿਖੇ 70.8 ਫੀਸਦੀ, ਸ਼ੰਭੂ ਕਲਾਂ ਬਲਾਕ ਵਿਖੇ 58, ਘਨੌਰ ਬਲਾਕ ‘ਚ 60 ਫੀਸਦੀ, ਨਾਭਾ ਬਲਾਕ ਵਿਖੇ 62 ਫੀਸਦੀ, ਸਮਾਣਾ ਬਲਾਕ ਵਿਖੇ 58 ਫੀਸਦੀ, ਪਾਤੜਾਂ ਬਲਾਕ ਵਿਖੇ 56 ਫੀਸਦੀ, ਸਨੌਰ ਬਲਾਕ ਵਿਖੇ 51 ਅਤੇ ਭੁੱਨਰਹੇੜੀ ਬਲਾਕ ਵਿਖੇ 62 ਫੀਸਦੀ ਮੱਤਦਾਨ ਹੋਇਆ ਹੈ।