AkaliDal to hold rally in Patiala on 7 October

September 23, 2018 - PatialaPolitics

ਲੋਕਾਂ ਦੀ ਜਬਰ ਵਿਰੁੱਧ ਪਟਿਆਲਾ ‘ਚ ਰੈਲੀ 7 ਅਕਤੂਬਰ ਨੂੰ ਹੋਵੇਗੀ: ਅਕਾਲੀ ਦਲ
ਅਕਾਲੀ ਦਲ ਨੇ ਲੰਬੀ ‘ਚ ਕੈਪਟਨ ਦੀ ਬਹੁਤ ਉਡੀਕ ਕੀਤੀ, ਪਰ ਉਹ ਭੱਜ ਗਿਆ ਹੈ, ਸੋ ਅਸੀਂ ਪਟਿਆਲਾ ਆ ਰਹੇ ਹਾਂ: ਸੁਖਬੀਰ
ਲੋਕਾਂ ਨਾਲ ਵਿਸਵਾਸ਼ਘਾਤ ਅਤੇ ਜਬਰ ਵਿਰੁੱਧ ਆਵਾਜ਼ ਉਠਾਵਾਂਗੇ: ਕੋਰ ਕਮੇਟੀ
ਜ਼ਿਲ੍ਹਾ ਪਰਿਸ਼ਦ ਚੋਣਾਂ ‘ਚ ਗੁੰਡਾਗਰਦੀ ਅਤੇ ਕਾਂਗਰਸ ਦੀ ਵਾਅਦਾਖ਼ਿਲਾਫੀ ਉੱਤੇ ਕੇਂਦਰਿਤ ਕਰਾਂਗੇ:ਸੁਖਬੀਰ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪਰਕਾਸ਼ ਪੁਰਬ ਜਸ਼ਨਾਂ ਦੀ ਸ਼ੁਰੂਆਤ ਵਜੋਂ ਪਾਰਟੀ ਸੁਲਤਾਨਪੁਰ ਲੋਧੀ ਵਿਖੇ ਕੀਰਤਨ ਅਤੇ ਧਾਰਮਿਕ ਸਮਾਗਮ ਕਰਵਾਏਗੀ
ਕਰਤਾਰਪੁਰ ਸਾਹਿਬ ਨੂੰ ਪੰਜਾਬ ਵਿਚ ਰਲਾਉਣ ਲਈ ਅਕਾਲੀ ਦਲ ਕੇਂਦਰ ਸਰਕਾਰ ਨੂੰ ਪਾਕਿਸਤਾਨ ਨਾਲ ਜ਼ਮੀਨ ਦਾ ਤਬਾਦਲਾ ਕਰਨ ਲਈ ਕਹੇਗਾ
ਚੰਡੀਗੜ੍ਹ /ਬਾਦਲ/23 ਸਤੰਬਰ:ਸ਼੍ਰੋਮਣੀ ਅਕਾਲੀ ਦਲ ਸੂਬੇ ਅੰਦਰ ਹਾਲ ਹੀ ਵਿਚ ਹੋਈਆਂ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਕਾਂਗਰਸ ਪਾਰਟੀ, ਸਰਕਾਰੀ ਮਸ਼ੀਨਰੀ ਅਤੇ ਪੰਜਾਬ ਚੋਣ ਕਮਿਸ਼ਨ ਤਿੰਨਾਂ ਵੱਲੋਂ ਬਦਮਾਸ਼ਾਂ ਦੇ ਟੋਲੇ ਵਾਂਗ ਰਲ ਕੇ ਬੇਰਹਿਮੀ ਨਾਲ ਕੀਤੇ ‘ਜਮਹੂਰੀਅਤ ਦੇ ਕਤਲ’ ਦਾ ਪਰਦਾਫਾਸ਼ ਕਰਨ ਲਈ 7 ਅਕਤੂਬਰ ਵਿਚ ਪਟਿਆਲਾ ਵਿਖੇ ‘ਜਬਰ-ਵਿਰੋਧੀ ਰੈਲੀ’ ਕਰੇਗਾ। ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਵੱਲੋਂ ਅੱਜ ਪਾਸ ਕੀਤੇ ਇੱਕ ਮਤੇ ਵਿਚ ਕਿਹਾ ਕਿ ਲੋਕਤੰਤਰ ਦਾ ਮਜ਼ਾਕ ਬਣਾਉਣ ਲਈ ਐਸਪੀਜ਼, ਡੀਸੀਜ਼, ਐਸਡੀਐਮਜ਼ ਅਤੇ ਤਹਿਸੀਲਦਾਰਾਂ ਨੇ ਇਹਨਾਂ ਚੋਣਾਂ ਵਿਚ ਕਾਂਗਰਸ ਦੇ ਚੋਣ ਵਰਕਰਾਂ ਵਾਂਗ ਕੰਮ ਕੀਤਾ।
ਇਸ ਮੀਟਿੰਗ ਦੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕੀਤੀ, ਜਿਸ ਵਿਚ ਹੋਰਨਾਂ ਆਗੂਆਂ ਤੋਂ ਇਲਾਵਾ ਪਾਰਟੀ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਵੀ ਵਿਸੇਸ਼ ਤੌਰ ਤੇ ਸ਼ਿਰਕਤ ਕੀਤੀ।
ਮੀਟਿੰਗ ਤੋਂ ਬਾਅਦ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਸੀਂ ਕੈਪਟਨ ਅਮਰਿੰਦਰ ਸਿੰਘ ਦੀ ਬਹੁਤ ਉਡੀਕ ਕੀਤੀ ਕਿ ਉਹ ਲੰਬੀ ਵਿਖੇ ਰੈਲੀ ਵਾਲੀ ਫੜ੍ਹ ਵਾਸਤੇ ਤਾਰੀਕ ਦਾ ਐਲਾਨ ਕਰੇਗਾ। ਪਰ ਲੱਗਦਾ ਹੈ ਕਿ ਉਸ ਦੀ ਫੂਕ ਨਿਕਲ ਗਈ ਹੈ। ਇਸ ਲਈ ਲੋਕ ਹੁਣ ਪਟਿਆਲਾ ਆ ਰਹੇ ਹਨ।
ਮੀਟਿੰਗ ਵਿਚ ਲਏ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਪਾਰਟੀ ਦੇ ਪ੍ਰਮੁੱਖ ਬੁਲਾਰੇ ਸ੍ਰੀ ਹਰਚਰਨ ਬੈਂਸ ਨੇ ਕਿਹਾ ਕਿ ਚੋਣਾਂ ਦੌਰਾਨ ਹੋਈਆਂ ਧੱਕੇਸ਼ਾਹੀਆਂ ਨੂੰ ਉਜਾਗਰ ਕਰਨ ਤੋਂ ਇਲਾਵਾ ਇਹ ਰੈਲੀ ਲੋਕਾਂ ਨੂੰ ਦਰਪੇਸ਼ ਮੁਥਸ਼ਕਿਲਾਂ ਹੱਲ ਕਰਵਾਉਣ ਲਈ ਸਰਕਾਰ ਉੱਤੇ ਦਬਾਅ ਪਾਵੇਗੀ।
ਕੋਰ ਕਮੇਟੀ ਨੇ ਪਾਸ ਕੀਤੇ ਇੱਕ ਮਤੇ ਵਿਚ ਕਿਹਾ ਕਿ ਪੰਜਾਬ ਇੱਕ ਭ੍ਰਿਸ਼ਟ, ਨਿਕੰਮੀ ਅਤੇ ਲਾਪਰਵਾਹ ਸਰਕਾਰ ਦਾ ਸੰਤਾਪ ਝੱਲ ਰਿਹਾ ਹੈ, ਜਿਹੜੀ ਫਰਵਰੀ 2017 ਚੋਣਾਂ ਦੀ ਪ੍ਰਚਾਰ ਮੁਹਿੰਮ ਦੌਰਾਨ ਲੋਕਾਂ ਨਾਲ ਕੀਤੇ ਸਾਰੇ ਵਾਅਦਿਆਂ ਤੋਂ ਮੁਕਰ ਗਈ ਹੈ। ਇਸ ਸਰਕਾਰ ਨੇ ਸੂਬੇ ਅੰਦਰ ਪ੍ਰਸਾਸ਼ਨ, ਵਿਕਾਸ ਅਤੇ ਸਮਾਜ ਭਲਾਈ ਦੀਆਂ ਗਤੀਵਿਧੀਆਂ ਨੂੰ ਪੂਰੀ ਤਰ੍ਹਾਂ ਠੱਪ ਕਰ ਦਿੱਤਾ ਹੈ। ਅਕਾਲੀ ਦਲ ਵੱਲੋਂ ਸੱਤਾਧਾਰੀ ਪਾਰਟੀ ਦੀ ਚੋਣ ਮਨੋਰਥ ਪੱਤਰ ਵਿਚ ਕੀਤੇ ਵਾਅਦਿਆਂ ਵਾਸਤੇ ਜੁਆਬਦੇਹੀ ਤੈਅ ਕਰਨ ਲਈ ਆਰੰਭੇ ਉਪਰਾਲਿਆਂ ਤਹਿਤ ਇਹ ਪਹਿਲੀ ਰੈਲੀ ਹੋਵੇਗੀ। ਇਹਨਾਂ ਵਾਅਦਿਆਂ ਵਿਚ ਕਿਸਾਨਾਂ ਅਤੇ ਕਿਸਾਨ ਮਜ਼ਦੂਰਾਂ ਦਾ ਸਾਰਾ ਕਰਜ਼ਾ ਮੁਆਫ ਕਰਨਾ, ਸ਼ਗਨ ਸਕੀਮ ਦੀ ਰਾਸ਼ੀ ਵਧਾ ਕੇ 51 ਹਜ਼ਾਰ ਰੁਪਏ ਕਰਨਾ, ਬੁਢਾਪਾ ਪੈਨਸ਼ਨ ਦੀ ਰਾਸ਼ੀ ਵਧਾ ਕੇ 2500 ਰੁਪਏ ਪ੍ਰਤੀ ਮਹੀਨਾ ਕਰਨਾ, ਆਟਾ ਦਾਲ ਸਕੀਮ ਤਹਿਤ ਆਏ ਪਰਿਵਾਰਾਂ ਨੂੰ ਮੁਫਤ ਚਾਹ ਅਤੇ ਖੰਡ ਦੇਣਾ, ਸੂਬੇ ਅੰਦਰ ਹਰ ਘਰ ਨੂੰ ਇੱਕ ਨੌਕਰੀ ਦੇਣਾ, ਗਰੀਬ ਪਰਿਵਾਰਾਂ ਨੂੰ 5 ਮਰਲਾ ਪਲਾਟ ਅਤੇ ਮੁਫਤ ਘਰ ਦੇਣਾ, ਗਰੀਬਾਂ ਨੂੰ ਮੁਫਤ ਫੋਨ ਦੇਣਾ, ਦਲਿਤ ਪਰਿਵਾਰਾਂ ਦਾ 50ਹਜ਼ਾਰ ਰੁਪਏ ਤਕ ਦਾ ਕਰਜ਼ਾ ਮੁਆਫ ਕਰਨਾ ਅਤੇ ਹੋਰ ਬਹੁਤ ਵਚਨਬੱਧਤਾਵਾਂ ਸ਼ਾਮਿਲ ਹਨ।
ਕੋਰ ਕਮੇਟੀ ਨੇ ਕਿਹਾ ਕਿ ਕਾਂਗਰਸ ਵੱਲੋਂ ਜ਼ਿਲ੍ਹਾ ਪਰਿਸ਼ਦ ਚੋਣਾਂ ਜਿੱਤਣ ਵਾਸਤੇ ਅਪਣਾਏ ਗੈਰਕਾਨੂੰਨੀ ਅਤੇ ਅਨੈਤਿਕ ਤਰੀਕਿਆਂ ਤੋਂ ਸਾਬਿਤ ਹੋ ਗਿਆ ਹੈ ਕਿ ਉਹ ਆਪਣੇ ਵਿਰੁੱਧ ਲੋਕਾਂ ਅੰਦਰ ਪਨਪੇ ਗੁੱਸੇ ਬਾਰੇ ਜਾਣਦੇ ਸਨ , ਇਸ ਲਈ ਇੱਕ ਪੰਜ-ਪੜਾਵੀ ਹਮਲਾ ਕਰਕੇ ਉਹਨਾਂ ਨੇ ਲੋਕਾਂ ਦੇ ਫਤਵੇਂ ਦਾ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ ਹੈ। ਪਹਿਲਾਂ ਉਹਨਾਂ ਨੇ ਵੱਡੇ ਪੱਧਰ ਉੱਤੇ ਨਾਮਜ਼ਦਗੀਆਂ ਰੱਦ ਕੀਤੀਆਂ, ਫਿਰ ਜਾਅਲੀ ਵੋਟਾਂ ਪਾਈਆਂ, ਉਸ ਤੋਂ ਬਾਅਦ ਬੂਥਾਂ ਉੱਤੇ ਕਬਜ਼ੇ ਕੀਤੇ ਅਤੇ ਵੋਟਾਂ ਦੀ ਗਿਣਤੀ ਵਾਲੇ ਦਿਨ ਉਹਨਾਂ ਨੇ ਸਾਡੇ ਪਾਰਟੀ ਏਜੰਟਾਂ ਨੂੰ ਬਾਹਰ ਕੱਢ ਦਿੱਤਾ। ਪਰ ਇਸ ਦੇ ਬਾਵਜੂਦ ਵੀ ਜਦ ਫੈਸਲਾ ਉਹਨਾਂ ਦੇ ਹੱਕ ਵਿਚ ਨਹੀਂ ਹੋਇਆ ਤਾਂ ਉਹਨਾਂ ਨੇ ਨਤੀਜੇ ਐਲਾਨੇ ਜਾਣ ਤੋਂ ਬਾਅਦ ਵੀ ਬਹੁਤ ਸਾਰੀਆਂ ਥਾਂਵਾਂ ਉੱਤੇ ਹਾਰੇ ਹੋਏ ਕਾਂਗਰਸੀ ਉਮੀਦਵਾਰਾਂ ਨੂੰ ਜੇਤੂ ਐਲਾਨ ਦਿੱਤਾ।
ਸ੍ਰੀ ਬੈਂਸ ਨੇ ਦੱਸਿਆ ਕਿ ਇੱਕ ਹੋਰ ਵੱਡੇ ਫੈਸਲੇ ਵਿਚ ਅਕਾਲੀ ਦਲ ਨੇ ਬਤੌਰ ਪਾਰਟੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪਰਕਾਸ਼ ਪੁਰਬ ਦੇ ਜਸ਼ਨਾਂ ਦੀ ਸ਼ੁਰੂਆਤ ਕਰਨ ਲਈ ਇਸ ਸਾਲ 17 ਨਵੰਬਰ ਦੀ ਸ਼ਾਮ ਨੂੰ ਸੁਲਤਾਨਪੁਰ ਲੋਧੀ ਵਿਖੇ ਇੱਕ ਕੀਰਤਨ ਦਰਬਾਰ ਅਤੇ ਧਾਰਮਿਕ ਸਮਾਗਮ ਕਰਵਾਉਣ ਦਾ ਫੈਸਲਾ ਕੀਤਾ ਹੈ। ਗੁਰਬਾਣੀ ਦੇ ਪ੍ਰਸਿੱਧ ਕਥਾ ਵਾਚਕ ਅਤੇ ਪ੍ਰਸਿੱਧ ਰਾਗੀ ਸ਼ਾਮ ਨੂੰ ਗੁਰਬਾਣੀ ਦੇ ਰਸ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ।
ਉਹਨਾਂ ਕਿਹਾ ਕਿ ਕੋਰ ਕਮੇਟੀ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਅਕਾਲੀ ਦਲ ਵੱਲੋਂ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ ਜਾਵੇਗੀ ਕਿ ਉਹ ਦੋਪਾਸੀ ਸਹਿਮਤੀ ਨਾਲ ਸਰਹੱਦ ਉੱਤੇ ਜ਼ਮੀਨਾਂ ਦਾ ਤਬਾਦਲਾ ਕਰਕੇ ਕਰਤਾਰਪੁਰ ਸਾਹਿਬ ਗੁਰਦੁਆਰੇ ਨੂੰ ਭਾਰਤ ਵਿਚ ਸ਼ਾਮਿਲ ਕਰਵਾਉਣ ਲਈ ਪਾਕਿਸਤਾਨ ਸਰਕਾਰ ਨਾਲ ਗੱਲਬਾਤ ਕਰੇ।
ਇਸ ਮੀਟਿੰਗ ਵਿਚ ਅਕਾਲੀ ਦਲ ਦੇ ਬਾਜ਼ੀਗਰ ਵਿੰਗ ਦੇ ਪ੍ਰਧਾਨ ਅਤੇ ਐਸਜੀਪੀਸੀ ਮੈੰਬਰ ਜਥੇਦਾਰ ਲਾਭ ਸਿੰਘ ਦੇਵੀ ਨਗਰ ਦੇ 17 ਸਤੰਬਰ ਨੂੰ ਹੋਏ ਅਕਾਲ ਚਲਾਣੇ ਅਤੇ ਅਕਾਲੀ ਦਲ ਦੇ ਪਛੜੀਆਂ ਸ਼੍ਰੇਣੀਆਂ ਵਿੰਗ ਦੇ ਪ੍ਰਧਾਨ ਜਥੇਦਾਰ ਹੀਰਾ ਸਿੰਘ ਗਾਬੜੀਆ ਦੇ ਛੋਟੇ ਭਰਾ ਸਰਦਾਰ ਜਸਵੰਤ ਸਿੰਘ ਗਾਬੜੀਆ ਦੀ ਬੇਵਕਤੀ ਮੌਤ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
ਕੋਰ ਕਮੇਟੀ ਦੀ ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਸਰਦਾਰ ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ, ਬਲਵਿੰਦਰ ਸਿੰਘ ਭੂੰਦੜ, ਜਥੇਦਾਰ ਗੋਬਿੰਦ ਸਿੰਘ ਲੌਂਗੋਵਾਲ, ਚਰਨਜੀਤ ਸਿੰਘ ਅਟਵਾਲ, ਜਥੇਦਾਰ ਤੋਤਾ ਸਿੰਘ, ਬੀਬੀ ਜੰਗੀਰ ਕੌਰ, ਬੀਬੀ ਉਪਿੰਦਰਜੀਤ ਕੌਰ, ਜਨਮੇਜਾ ਸਿੰਘ ਸੇਖੋਂ, ਸਿਕੰਦਰ ਸਿੰਘ ਮਲੂਕਾ, ਡਾਕਟਰ ਦਲਜੀਤ ਸਿੰਘ ਚੀਮਾ, ਸੁਰਜੀਤ ਸਿੰਘ ਰੱਖੜਾ, ਸ਼ਰਨਜੀਤ ਸਿੰਘ ਢਿੱਲੋਂ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਗੁਲਜ਼ਾਰ ਸਿੰਘ ਰਣੀਕੇ ਅਤੇ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਭਾਗ ਲਿਆ।