Patiala Police arrests man with 1.5kg heroine
September 27, 2018 - PatialaPolitics
ਪਟਿਆਲਾ ਪੁਲਿਸ ਨੇ ਅੱਜ ਇੱਕ ਗੁਪਤ ਸੂਚਨਾ ਦੇ ਆਧਾਰ ‘ਤੇ ਕੀਤੀ ਨਾਕਾਬੰਦੀ ਦੌਰਾਨ ਪਟਿਆਲਾ ਅਤੇ ਹਰਿਆਣਾ ਦੀ ਹੱਦ ‘ਤੇ ਪੈਂਦੇ ਪਿੰਡ ਸ਼ੰਭੂ ਕੋਲ ਇੱਕ ਵਿਅਕਤੀ ਨੂੰ 1 ਕਿੱਲੋ 500 ਗਰਾਮ ਹੈਰੋਇੰਨ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆ ਐਸ.ਪੀ. ਇੰਨਵੈਸਟੀਗੇਸ਼ਨ ਸ. ਮਨਜੀਤ ਸਿੰਘ ਬਰਾੜ ਨੇ ਪੁਲਿਸ ਲਾਈਨ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੇ ਐਸ.ਐਸ. ਪੀ. ਸ. ਮਨਦੀਪ ਸਿੰਘ ਸਿੱਧੂ ਵੱਲੋਂ ਜ਼ਿਲ੍ਹੇ ਵਿੱਚ ਨਸ਼ਿਆਂ ਖਿਲਾਫ਼ ਅਰੰਭੀ ਵੱਡੀ ਮੁਹਿੰਮ ਤਹਿਤ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ।
ਸ. ਬਰਾੜ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਗਠਿਤ ਕੀਤੀ ਐਸ.ਟੀ.ਐਫ ਦੀ ਪਟਿਆਲਾ ਟੀਮ ਨੂੰ ਮਿਲੀ ਇੱਕ ਗੁਪਤ ਸੂਚਨਾ ਦੇ ਆਧਾਰ ‘ਤੇ ਐਸ.ਟੀ.ਐਫ ਅਤੇ ਸਬ-ਇੰਸਪੈਕਟਰ ਗੀਤਾ ਰਾਣੀ ਨੇ ਆਪਣੀ ਪੁਲਿਸ ਪਾਰਟੀ ਸਮੇਤ ਸ਼ੰਭੂ ਪਿੰਡ ਦੇ ਘਨੌਰ ਮੋੜ ‘ਤੇ ਨਾਕਾਬੰਦੀ ਕੀਤੀ ਹੋਈ ਸੀ ਤੇ ਨਾਕਾਬੰਦੀ ਦੌਰਾਨ ਇੱਕ ਚਿੱਟੇ ਰੰਗ ਦੀ ਆਰਟੀਕਾ ਕਾਰ ਨੰਬਰ ਡੀ.ਐਲ. 8 ਸੀ.ਏ.ਯੂ- 8916 ਨੂੰ ਰੋਕ ਕੇ ਜਦੋ ਉਸਦੀ ਤਲਾਸ਼ੀ ਲਈ ਗਈ ਤਾਂ ਗੱਡੀ ਦੇ ਚਾਲਕ ਜਿਸ ਦੀ ਪਹਿਚਾਣ ਕੁਲਦੀਪ ਸਿੰਘ ਪੁੱਤਰ ਸ਼੍ਰੀ ਦੇਸ ਰਾਜ ਵਾਸੀ ਆਰ.ਜੀ.ਬੀ. 198 ਟੈਗੋਰ ਗਾਰਡਨ ਨਵੀਂ ਦਿੱਲੀ ਵਜੋਂ ਹੋਈ ਦੇ ਕਬਜ਼ੇ ਵਿਚੋਂ 1 ਕਿੱਲੋ 500 ਗਰਾਮ ਹੈਰੋਇੰਨ ਬਰਾਮਦ ਕੀਤੀ ਗਈ ਜਿਸ ਕਾਰਨ ਥਾਣਾ ਸ਼ੰਭੂ ਵਿਖੇ ਮਿਤੀ 26-9-18 ਨੂੰ ਐਨ.ਡੀ.ਪੀ.ਐਸ. ਐਕਟ ਦੀ ਧਾਰਾ 21-61-85 ਤਹਿਤ ਮੁਕੱਦਮਾ ਨੰਬਰ 113 ਦਰਜ਼ ਕਰਕੇ ਕਥਿਤ ਦੋਸ਼ੀ ਕੁਲਦੀਪ ਸਿੰਘ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਉਸਦਾ ਚਾਰ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਸ. ਬਰਾੜ ਨੇ ਦੱਸਿਆ ਕਿ ਪੁੱਛ-ਗਿੱਛ ਦੌਰਾਨ ਇਸ ਵਿਅਕਤੀ ਤੋਂ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਤੋਂ ਇਹ ਵੀ ਪਤਾ ਲਗਾਇਆ ਜਾਵੇਗਾ ਕਿ ਉਹ ਇਹ ਨਸ਼ੀਲੇ ਪਦਾਰਥ ਕਿਥੋ ਲੈਕੇ ਆਉਂਦਾ ਸੀ ਅਤੇ ਪੰਜਾਬ ਵਿੱਚ ਕਿਹੜੀਆਂ ਥਾਵਾਂ ‘ਤੇ ਸਪਲਾਈ ਕਰਦਾ ਸੀ।
ਅੱਜ ਦੇ ਪੱਤਰਕਾਰ ਸੰਮੇਲਨ ਮੌਕੇ ਡੀ.ਐਸ.ਪੀ. ਘਨੌਰ ਸ਼੍ਰੀ ਅਸ਼ੋਕ ਕੁਮਾਰ, ਐਸ.ਐਚ.ਓ ਸ਼ੰਭੂ ਇੰਸਪੈਕਟਰ ਕੁਲਵਿੰਦਰ ਸਿੰਘ ਅਤੇ ਸਬ-ਇੰਸਪੈਕਟਰ ਗੀਤਾ ਰਾਣੀ ਵੀ ਹਾਜ਼ਰ ਸਨ।