Patiala Police arrests gang member with weapons
September 28, 2018 - PatialaPolitics
ਪਟਿਆਲਾ ਪੁਲਿਸ ਨੇ ਇੱਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜਿਸਨੇ ਪਟਿਆਲਾ ਜ਼ਿਲ੍ਹੇ ਵਿੱਚ ਲੁੱਟ ਖੋਹ ਦੀ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ। ਐਸ.ਐਸ.ਪੀ. ਪਟਿਆਲਾ ਸ. ਮਨਦੀਪ ਸਿੰਘ ਸਿੱਧੂ ਨੇ ਪੁਲਿਸ ਲਾਈਨ ਵਿਖੇ ਕੀਤੇ ਪੱਤਰਕਾਰ ਸੰਮੇਲਨ ਦੌਰਾਨ ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਨੂੰ ਜੁਰਮ ਮੁਕਤ ਕਰਨ ਲਈ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਥਾਣਾ ਅਨਾਜ ਮੰਡੀ, ਪਟਿਆਲਾ ਦੀ ਪੁਲਿਸ ਨੇ ਸਾਜਿਦ ਖਾਨ ਪੁੱਤਰ ਮੁਹੰਮਦ ਰਫੀਕ ਉਰਫ ਗੁਦੈਨ ਵਾਸੀ ਪਿੰਡ ਗੰਗੇਰੂ ਤਹਿਸੀਲ ਕਿਰਾਣਾ ਜ਼ਿਲ੍ਹਾ ਸ਼ਾਮਲੀ (ਯੂ.ਪੀ.) ਅਤੇ ਅਬਦੁਲ ਰਹਿਮਾਨ ਸੈਫੀ ਪੁੱਤਰ ਅਬਦੁਲ ਸਤਾਰ ਵਾਸੀ ਪਿੰਡ ਕਾਧਲਾ ਤਹਿਸੀਲ ਕਿਰਾਣਾ ਜ਼ਿਲ੍ਹਾ ਸ਼ਾਮਲੀ (ਯੂ.ਪੀ.) ਨੂੰ 3 ਦੇਸੀ ਪਿਸਤੌਲ (.315 ਬੋਰ) ਅਤੇ 10 ਜਿੰਦਾ ਕਾਰਤੂਸ (.315 ਬੋਰ) ਸਮੇਤ ਕਾਬੂ ਕੀਤਾ।
ਸ਼੍ਰੀ ਸਿੱਧੂ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 27.9.2018 ਨੂੰ ਐਸ.ਆਈ ਹੈਰੀ ਬੋਪਾਰਾਏ, ਮੁੱਖ ਅਫ਼ਸਰ ਥਾਣਾ ਅਨਾਜ ਮੰਡੀ ਦੀ ਅਗਵਾਈ ਹੇਠ ਏ.ਐਸ.ਆਈ. ਲਖਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਨੇੜੇ ਨਿਊ ਕਰਤਾਰ ਪਾਰਕ ਕਲੋਨੀ ਫ਼ੈਕਟਰੀ ਏਰੀਆ ਬੰਨਾ ਰੋਡ ਪਟਿਆਲਾ ਮੌਜੂਦ ਸੀ ਤਾਂ ਰੇਲਵੇ ਸਟੇਸ਼ਨ ਪਟਿਆਲਾ ਵਾਲੇ ਪਾਸੇ ਤੋਂ ਪੈਦਲ ਤੁਰੇ ਆਉਂਦੇ 2 ਸ਼ਖ਼ਸ ਦਿਖਾਈ ਦਿੱਤੇ, ਜਿਨ੍ਹਾਂ ਨੂੰ ਸ਼ੱਕ ਦੀ ਬਿਨਾ ਪਰ ਰੋਕ ਕੇ ਨਾਮ ਪਤਾ ਪੁੱਛਿਆ ਗਿਆ, ਜਿਨ੍ਹਾਂ ਨੇ ਆਪਣਾ ਨਾਮ ਸਾਜਿਦ ਖਾਨ ਪੁੱਤਰ ਮੁਹੰਮਦ ਰਫੀਕ ਉਰਫ ਗੁਦੈਨ ਵਾਸੀ ਪਿੰਡ ਗੰਗੇਰੂ ਤਹਿਸੀਲ ਕਿਰਾਣਾ ਜ਼ਿਲ੍ਹਾ ਸ਼ਾਮਲੀ (ਯੂ.ਪੀ.) ਅਤੇ ਦੂਜੇ ਵਿਅਕਤੀ ਨੇ ਆਪਣਾ ਨਾਮ ਅਬਦੁਲ ਰਹਿਮਾਨ ਸੈਫੀ ਪੁੱਤਰ ਅਬਦੁਲ ਸਤਾਰ ਵਾਸੀ ਪਿੰਡ ਕਾਧਲਾ ਤਹਿਸੀਲ ਕਿਰਾਣਾ ਜ਼ਿਲ੍ਹਾ ਸ਼ਾਮਲੀ (ਯੂ.ਪੀ.) ਦੱਸਿਆ। ਜਿਨ੍ਹਾਂ ਦੀ ਤਲਾਸ਼ੀ ਕਰਨ ‘ਤੇ ਸਾਜਿਦ ਖਾਨ ਪਾਸੋਂ ਇੱਕ ਦੇਸੀ ਪਿਸਤੌਲ (.315 ਬੋਰ) ਅਤੇ 4 ਜਿੰਦਾ ਰੌਂਦ (.315 ਬੋਰ) ਬ੍ਰਾਮਦ ਹੋਏ ਅਤੇ ਦੂਜੇ ਸ਼ਖ਼ਸ ਅਬਦੁਲ ਰਹਿਮਾਨ ਦੇ ਮੋਡੇ ਵਿੱਚ ਪਾਏ ਨੀਲੇ ਰੰਗ ਦੇ ਬੈਗ ਵਿੱਚੋਂ 2 ਦੇਸੀ ਪਿਸਤੌਲ (.315 ਬੋਰ) ਸਮੇਤ 6 ਜਿੰਦਾ ਰੌਂਦ (.315 ਬੋਰ) ਬ੍ਰਾਮਦ ਹੋਏ। ਜਿਸ ਪਰ ਮੁਕੱਦਮਾਂ ਨੰਬਰ 92 ਮਿਤੀ 27.9.2018 ਅ/ਧ 25/54/59 ਅਸਲਾ ਐਕਟ ਥਾਣਾ ਅਨਾਜ ਮੰਡੀ ਪਟਿਆਲਾ ਦਰਜ ਰਜਿਸਟਰ ਕੀਤਾ ਗਿਆ।
ਐਸ.ਐਸ.ਪੀ. ਨੇ ਅੱਗੇ ਹੋਰ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪੁੱਛਗਿੱਛ ਤੋ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਵਿਅਕਤੀ ਜ਼ਿਲ੍ਹਾ ਸ਼ਾਮਲੀ (ਯੂ.ਪੀ.) ਦੇ ਰਹਿਣ ਵਾਲੇ ਹਨ ਅਤੇ ਇਹ ਇੱਥੇ 02 ਹੋਰ ਵਿਅਕਤੀਆ ਨਾਲ ਮਿਲਕੇ ਕਿਸੇ ਲੁੱਟ ਖੋਹ ਦੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਸਨ। ਪਟਿਆਲਾ ਪੁਲਿਸ ਵੱਲੋ ਸਮੇਂ ਸਿਰ ਕੀਤੀ ਕਾਰਵਾਈ ਕਾਰਨ ਦੋਸੀ ਕਾਬੂ ਆ ਗਏ ਅਤੇ ਕੋਈ ਵੱਡੀ ਵਾਰਦਾਤ ਹੋਣ ਤੋਂ ਟਲ ਗਈ। ਉਨ੍ਹਾਂ ਦੱਸਿਆ ਕਿ ਦੋਸੀਆਨ ਨੂੰ ਅਦਾਲਤ ‘ਚ ਪੇਸ਼ ਕਰਨ ਉਪਰੰਤ ਪੁਲਿਸ ਰਿਮਾਂਡ ਹਾਸਲ ਕਰਕੇ ਉਨ੍ਹਾਂ ਪਾਸੋ ਅੱਗੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ, ਜਿੰਨ੍ਹਾਂ ਪਾਸੋ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਾਨਾ ਹੈ।
ਪੱਤਰਕਾਰ ਸੰਮੇਲਨ ਦੌਰਾਨ ਐਸ.ਪੀ. ਇਨਵੈਸਟੀਗੇਸ਼ਨ ਸ. ਮਨਜੀਤ ਸਿੰਘ ਬਰਾੜ, ਐਸ.ਪੀ. ਸਿਟੀ ਕੇਸਰ ਸਿੰਘ, ਡੀ.ਐਸ.ਪੀ. ਸਿਟੀ-2 ਸ. ਸੁਖਅੰਮ੍ਰਿਤ ਸਿੰਘ ਰੰਧਾਵਾ, ਡੀ.ਐਸ.ਪੀ. ਰਾਜਪੁਰਾ ਸ਼੍ਰੀ ਕ੍ਰਿਸ਼ਨ ਕੁਮਾਰ ਪੈਥੇ ਤੇ ਐਸ.ਐਚ.ਓ. ਅਨਾਜ ਮੰਡੀ ਸ. ਹੈਰੀ ਬੋਪਾਰਾਏ ਵੀ ਹਾਜ਼ਰ ਸਨ।