Shri Kali Devi Mandir Patiala to get new look

October 1, 2018 - PatialaPolitics

ਪਟਿਆਲਾ ਦੇ ਪੁਰਾਤਨ ਸ੍ਰੀ ਕਾਲੀ ਦੇਵੀ ਮੰਦਿਰ ਵਿਖੇ ਸ਼ਰਧਾਲੂਆਂ ਲਈ ਪ੍ਰਸ਼ਾਦ ਵੰਡਣ ਲਈ ਨਵੇਂ ਬਣਾਏ ਗਏ ਪ੍ਰਸ਼ਾਦ ਘਰ ਦਾ ਸ਼ੁੱਭ ਅਰੰਭ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਨੇ ਕਰਵਾਇਆ। ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬ ਦੇ ਸੂਚਨਾ ਕਮਿਸ਼ਨਰ ਸ੍ਰੀ ਸੰਜੀਵ ਗਰਗ, ਪੀ.ਆਰ.ਟੀ.ਸੀ ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ, ਨਗਰ ਨਿਗਮ ਪਟਿਆਲਾ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ ਅਤੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਵੀ ਮੌਜੂਦ ਸਨ।

ਇਸ ਦੌਰਾਨ ਸ੍ਰੀਮਤੀ ਪਰਨੀਤ ਕੌਰ ਨੇ ਦੱਸਿਆ ਕਿ ਇਸ ਪੁਰਾਤਨ ਤੇ ਇਤਿਹਾਸਕ ਮੰਦਿਰ ਦੀ ਪੂਰੀ ਦੁਨੀਆ ‘ਚ ਮਹਾਨਤਾ ਅਤੇ ਮਾਨਤਾ ਹੈ, ਇਸ ਲਈ ਇਸ ਮੰਦਰ ਦੀ ਇਮਾਰਤ ਅਤੇ ਇਸਦੇ ਆਲੇ ਦੁਆਲੇ ਨੂੰ ਹੋਰ ਖੂਬਸੂਰਤ ਬਨਾਉਣ ਲਈ ਇੱਕ ਨਵੀਂ ਰੂਪ ਰੇਖਾ ਉਲੀਕੀ ਗਈ ਹੈ। ਉਨ੍ਹਾਂ ਕਿਹਾ ਕਿ ਮੰਦਿਰ ਸ੍ਰੀ ਕਾਲੀ ਦੇਵੀ ਦੀ ਸਲਾਹਕਾਰ ਮੈਨੇਜਿੰਗ ਕਮੇਟੀ ਪੂਰੇ ਜੋਰਾਂ-ਸ਼ੋਰਾਂ ਨਾਲ ਕੰਮ ਕਰ ਰਹੀ ਹੈ, ਜੋ ਸ਼ਲਾਘਾਯੋਗ ਹੈ।
ਸ੍ਰੀਮਤੀ ਪਰਨੀਤ ਕੌਰ ਨੇ ਦੱਸਿਆ ਕਿ ਮੰਦਿਰ ਦੀ ਨੁਹਾਰ ਬਦਲਣ ਲਈ ਕਮੇਟੀ ਨੇ ਅਹਿਮਦਾਬਾਦ ਦੇ ਪ੍ਰਸਿੱਧ ਆਰਕੀਟੈਕਟ ਦਲੀਪ ਬਾਈ ਦੀਆਂ ਸੇਵਾਵਾਂ ਹਾਸਲ ਕੀਤੀਆਂ ਹਨ ਅਤੇ ਧਰਮ ਅਰਥ ਬੋਰਡ ਤੋਂ 2 ਕਰੋੜ 32 ਲੱਖ ਰੁਪਏ ਇਸ ਲਈ ਪ੍ਰਵਾਨ ਕੀਤੇ ਗਏ ਹਨ। ਜਦੋਂਕਿ ਮੰਦਿਰ ਦੇ ਪਿਛਲੇ ਪਾਸੇ ਖੰਡਰ ਬਣੀ ਹੋਈ ਜਗ੍ਹਾ ਨੂੰ ਵਿਕਸਤ ਕਰਨ ਲਈ ਲੋਕ ਨਿਰਮਾਣ ਵਿਭਾਗ ਤੋਂ 11 ਲੱਖ ਰੁਪਏ ਦੀ ਤਜਵੀਜ ਤਿਆਰ ਕਰਵਾਈ ਗਈ ਹੈ।
ਪਟਿਆਲਾ ਦੇ ਡਿਪਟੀ ਕਮਿਸ਼ਨਰ, ਸ੍ਰੀ ਕੁਮਾਰ ਅਮਿਤ, ਜੋ ਕਿ ਮੰਦਿਰ ਸ੍ਰੀ ਕਾਲੀ ਦੇਵੀ ਦੀ ਸਲਾਹਕਾਰ ਮੈਨੇਜਿੰਗ ਕਮੇਟੀ ਦੇ ਚੇਅਰਮੈਨ ਵੀ ਹਨ, ਨੇ ਦੱਸਿਆ ਕਿ ਪਹਿਲਾਂ ਸ਼ਰਧਾਲੂਆਂ ਲਈ ਪ੍ਰਸ਼ਾਦ ਵੰਡਣ ਸਮੇਂ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਆਉਂਦੀਆਂ ਸਨ, ਇਨ੍ਹਾਂ ਨੂੰ ਧਿਆਨ ‘ਚ ਰੱਖਦਿਆਂ ਇਸ ਮੰਦਿਰ ‘ਚ ਨਵਾਂ ਪ੍ਰਸ਼ਾਦ ਘਰ ਬਣਾਇਆ ਗਿਆ ਹੈ ਅਤੇ ਸ਼ਰਧਾਲੂਆਂ ਨੂੰ ਪ੍ਰਸ਼ਾਦ ਹੁਣ ਮੰਦਿਰ ਦੇ ਅੰਦਰੋਂ ਨਹੀਂ ਬਲਕਿ ਇਸ ਪ੍ਰਸ਼ਾਦ ਘਰ ‘ਚੋਂ ਮਿਲੇਗਾ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਮੰਦਿਰ ਦੀ ਨੁਹਾਰ ਬਦਲਣ ਲਈ ਬਣਾਈ ਗਈ ਤਜਵੀਜ ‘ਚ ਜੋੜਾ ਘਰ, ਗਠੜੀ ਘਰ ਦੀ ਨਵੀਂ ਇਮਾਰਤ ਸਮੇਤ ਪਲਾਜ਼ਾ ਵਿਖੇ ਦੁਕਾਨਾਂ ਅਤੇ ਪਖਾਨੇ ਤਬਦੀਲ ਕੀਤੇ ਜਾਣਗੇ, ਮਾਲ ਰੋਡ ਤੋਂ ਮੰਦਿਰ ਦੇ ਸਾਹਮਣੇ ਵਾਲਾ ਰਸਤਾ ਕੇਵਲ ਪੈਦਲ ਚੱਲਣ ਵਾਲਿਆਂ ਲਈ ਰੱਖਣ ਸਮੇਤ ਹੋਰ ਕਈ ਤਜਵੀਜਾਂ ਸ਼ਾਮਲ ਹਨ।
ਇਸ ਮੌਕੇ ਸੀਨੀਅਰ ਡਿਪਟੀ ਮੇਅਰ ਸ੍ਰੀ ਯੋਗਿੰਦਰ ਸਿੰਘ ਯੋਗੀ, ਸਨਾਤਨ ਧਰਮ ਕੁਮਾਰ ਸਭਾ ਦੇ ਪ੍ਰਧਾਨ ਸ੍ਰੀ ਬਾਲ ਕ੍ਰਿਸ਼ਨ ਸਿੰਗਲਾ, ਮੁੱਖ ਮੰਤਰੀ ਦੇ ਓ.ਐਸ.ਡੀ. ਸ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਮੰਦਿਰ ਸ੍ਰੀ ਕਾਲੀ ਦੇਵੀ ਦੀ ਸਲਾਹਕਾਰ ਮੈਨੇਜਿੰਗ ਕਮੇਟੀ ਦੇ ਮੈਂਬਰ ਆਰਕੀਟੈਕਟ ਐਲ.ਆਰ. ਗੁਪਤਾ, ਵਿਪਨ ਸ਼ਰਮਾ, ਨੀਰਜ ਸਿੰਗਲਾ, ਅਸ਼ਵਨੀ ਕੁਮਾਰ ਗਰਗ, ਹਰਬੰਸ ਲਾਲ ਬਾਂਸਲ, ਆਰ.ਐਨ. ਕੌਸ਼ਲ, ਦੇਵੀ ਦਿਆਲ ਸਮੇਤ ਪੰਜਾਬ ਦੇ ਸੂਚਨਾ ਕਮਿਸ਼ਨਰ ਸ੍ਰੀ ਪਵਨ ਸਿੰਗਲਾ, ਸ਼ਹਿਰੀ ਕਾਂਗਰਸ ਪ੍ਰਧਾਨ ਸ੍ਰੀ ਪੀ.ਕੇ. ਪੁਰੀ, ਸੋਨੂ ਸੰਗਰ, ਸਚਿਨ ਸ਼ਰਮਾ, ਐਸ.ਡੀ.ਐਮ. ਸ. ਅਨਮੋਲ ਸਿੰਘ ਧਾਲੀਵਾਲ ਸਮੇਤ ਵੱਡੀ ਗਿਣਤੀ ‘ਚ ਹੋਰ ਪਤਵੰਤੇ ਮੌਜੂਦ ਸਨ।