Police case if Dengue Larva found at your place in Patiala

October 4, 2018 - PatialaPolitics

ਪਟਿਆਲਾ, 4 ਅਕਤੂਬਰ,

ਪਟਿਆਲਾ ਜ਼ਿਲ੍ਹੇ ਵਿੱਚ ਕਿਸੇ ਵੀ ਘਰ, ਅਦਾਰੇ ਜਾ ਸੰਸਥਾ ਵਿੱਚ ਹੁਣ ਡੇਂਗੂ ਦਾ ਲਾਰਵਾ ਮਿਲਣ ‘ਤੇ ਪੁਲਿਸ ਕੇਸ ਦਰਜ ਕੀਤਾ ਜਾਵੇਗਾ। ਕਈ ਖੇਤਰਾਂ ਵਿੱਚ ਡੇਂਗੂ ਦੇ ਮਾਮਲੇ ਸਾਹਮਣੇ ਆਉਣ ਦਾ ਗੰਭੀਰ ਨੋਟਿਸ ਲੈਂਦਿਆਂ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨੇ ਕਿਹਾ ਹੈ ਕਿ ਕੁੱਝ ਵਿਅਕਤੀਆਂ ਦੀਆਂ ਅਣਗਹਿਲੀਆਂ ਕਾਰਨ ਮਾਸੂਮ ਬੱਚਿਆਂ ਸਮੇਤ ਕਈ ਕੀਮਤੀ ਮਨੁੱਖੀ ਜਾਨਾਂ ਡੇਂਗੂ ਵਰਗੀਆਂ ਭਿਆਨਕ ਬਿਮਾਰੀਆਂ ਕਾਰਨ ਅਜਾਈਂ ਚਲੀਆਂ ਜਾਂਦੀਆਂ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿਸੇ ਵੀ ਸਥਾਨ ਤੋਂ ਹੁਣ ਡੇਂਗੂ ਦਾ ਲਾਰਵਾ ਮਿਲਣ ‘ਤੇ ਪਹਿਲੀ ਵਾਰ ਚਲਾਨ ਹੋਵੇਗਾ ਅਤੇ ਦੂਸਰੀ ਵਾਰ ਉਸ ਸਥਾਨ ਤੋਂ ਲਾਰਵਾ ਮਿਲਣ ‘ਤੇ ਮਨੁੱਖੀ ਜਾਨਾਂ ਲਈ ਘਾਤਕ ਬਿਮਾਰੀਆਂ ਨੂੰ ਫੈਲਾਉਣ ਕਾਰਨ ਆਈ.ਪੀ.ਸੀ. ਦੀ ਧਾਰਾ 269, 270 ਤਹਿਤ ਪੁਲਿਸ ਕੇਸ ਦਰਜ਼ ਕੀਤੇ ਜਾਣਗੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਨੁੱਖੀ ਜਾਨ ਸਭ ਤੋਂ ਕੀਮਤੀ ਹੈ ਅਤੇ ਇਸ ਲਈ ਅਜਿਹੀ ਕਿਸੇ ਵੀ ਗਲਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਜਿਸ ਕਾਰਨ ਕਿਸੇ ਵੀ ਦੀ ਜਾਨ ਨੂੰ ਖ਼ਤਰਾ ਪੈਦਾ ਹੁੰਦਾ ਹੋਵੇ। ਉਨ੍ਹਾਂ ਦੱਸਿਆ ਡੇਂਗੂ ਦੇ ਲਾਰਵੇ ਦਾ ਪਤਾ ਲਗਾਉਣ ਲਈ ਵਿਸ਼ੇਸ਼ ਟੀਮਾਂ ਤੈਨਾਤ ਕੀਤੀਆਂ ਗਈਆਂ ਹਨ। ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਹੈ ਕਿ ਡੇਂਗੂ ਦੇ ਮਰੀਜ਼ਾਂ ਨੂੰ ਤੁਰੰਤ ਇਲਾਜ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਉਨ੍ਹਾਂ ਕਿਹਾ ਕਿ ਉਹ ਹਰ ਰੋਜ਼ ਸਵੇਰੇ 10 ਵਜੇ ਡੇਂਗੂ ਦੇ ਕੇਸਾਂ ਸਬੰਧੀ ਸਮੀਖਿਆ ਮੀਟਿੰਗ ਕਰਨ ਉਪਰੰਤ ਦੁਪਹਿਰ 12 ਤੋਂ 2 ਵਜੇ ਤੱਕ ਖੁਦ ਡੇਂਗੂ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਕੇ ਡੇਂਗੂ ਦਾ ਲਾਰਵਾ ਮਿਲਣ ਵਾਲੇ ਸਥਾਨਾਂ ਦੇ ਮਾਲਕਾਂ ਖ਼ਿਲਾਫ਼ ਸਖਤ ਕਦਮ ਉਠਾਉਣਗੇ। ਅੱਜ ਉਨ੍ਹਾਂ ਭਾਦਸੋਂ ਰੋਡ ‘ਤੇ ਸਥਿਤ ਸਿੱਧੂ ਕਲੋਨੀ ਅਤੇ ਆਦਰਸ਼ ਕਲੋਨੀ ਦਾ ਦੌਰਾ ਕਰਕੇ ਡੇਂਗੂ ਦਾ ਲਾਰਵਾ ਮਿਲਣ ਵਾਲੇ ਸਥਾਨਾਂ ਦੇ ਖੁਦ ਚਲਾਨ ਕਟਵਾਏ। ਡਿਪਟੀ ਕਮਿਸਨਰ ਨੇ ਦੱਸਿਆ ਕਿ ਪਟਿਆਲਾ ਸ਼ਹਿਰ ਦੀਆਂ ਚਾਰ ਹਾਈ ਰਿਸਕ ਵਾਲੀਆਂ ਕਲੋਨੀਆਂ ਆਨੰਦ ਨਗਰ, ਆਦਰਸ਼ ਨਗਰ, ਸਿੱਧੂ ਕਲੋਨੀ ਅਤੇ ਖਾਲਸਾ ਕਲੋਨੀ ਵਿੱਚ ਡੇਂਗੂ ਦਾ ਲਾਰਵਾ ਮਿਲਣ ਕਾਰਨ ਅੱਜ 44 ਚਲਾਨ ਕੱਟੇ ਗਏ ਹਨ ਜਦਕਿ ਪੂਰੇ ਜ਼ਿਲ੍ਹੇ ਵਿੱਚ ਹੁਣ ਤੱਕ 370 ਦੇ ਕਰੀਬ ਚਲਾਨ ਕੱਟੇ ਜਾ ਚੁੱਕੇ ਹਨ।

ਸ਼੍ਰੀ ਕੁਮਾਰ ਅਮਿਤ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਦਿੰਦਿਆ ਕਿਹਾ ਕਿ ਜੇਕਰ ਕੋਈ ਵਿਅਕਤੀ ਆਪਣੇ ਘਰ ਜਾ ਫੇਰ ਵਪਾਰਕ ਸਥਾਨਾਂ ਦੀ ਜਾਂਚ ਨਹੀਂ ਕਰਨ ਦਿੰਦਾ ਤਾਂ ਉਸ ਖਿਲਾਫ਼ ਵੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇੱਕ ਸਥਾਨ ਵਿੱਚ ਪੈਂਦਾ ਹੋਇਆ ਡੇਂਗੂ ਦਾ ਲਾਰਵਾ ਸਾਰੇ ਮੁਹੱਲੇ ਲਈ ਘਾਤਕ ਹੈ। ਉਨ੍ਹਾਂ ਪਟਿਆਲਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਘਰ ਅਤੇ ਆਸ-ਪਾਸ ਦੇ ਸਥਾਨਾਂ ‘ਤੇ ਖੜ੍ਹੇ ਪਾਣੀ ਵਾਲੇ ਸਥਾਨਾਂ ਨੂੰ ਸੁੱਕਾ ਰੱਖਣ ਅਤੇ ਜੇਕਰ ਕਿਸੇ ਦੇ ਘਰ ਵਿੱਚ ਪਾਣੀ ਖੜ੍ਹਾ ਹੈ ਤਾਂ ਇਸ ਦੀ ਸੂਚਨਾ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਦੇਣ।

ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ, ਨਗਰ ਨਿਗਮ ਤੇ ਸਥਾਨਕ ਸਰਕਾਰਾਂ ਵਿਭਾਗ ਅਧਿਕਾਰੀਆਂ ਨੂੰ ਡੇਂਗੂ ਦਾ ਲਾਰਵਾ ਮਿਲਣ ਵਾਲੇ ਘਰਾਂ ‘ਤੇ ਸਖਤ ਕਾਰਵਾਈ ਦੇ ਆਦੇਸ਼ ਦਿੱਤੇ ਅਤੇ ਉਨ੍ਹਾਂ ਕਿਹਾ ਕਿ ਇਸ ਕੰਮ ਵਿੱਚ ਕਿਸੇ ਪ੍ਰਕਾਰ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਸ਼੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਪਟਿਆਲਾ ਜ਼ਿਲ੍ਹੇ ਦੇ 1 ਲੱਖ 81 ਹਜ਼ਾਰ 270 ਸਥਾਨਾਂ ਦੀ ਜਾਂਚ ਕੀਤੀ ਹੈ ਅਤੇ ਇਹ ਕਾਰਵਾਈ ਨਿਰੰਤਰ ਜਾਰੀ ਹੈ।
ਜਾਂਚ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨਾਲ ਸਿਵਲ ਸਰਜਨ ਪਟਿਆਲਾ ਡਾ. ਮਨਜੀਤ ਸਿੰਘ, ਨਗਰ ਨਿਗਮ ਸਿਹਤ ਅਫ਼ਸਰ ਡਾ. ਆਦੇਸ਼ ਪ੍ਰਤਾਪ ਸਿੰਘ, ਡਾ. ਗੁਰਮੀਤ ਸਿੰਘ ਸਮੇਤ ਸਿਹਤ ਵਿਭਾਗ ਦੇ ਅਧਿਕਾਰੀ ਮੌਜੂਦ ਸਨ।