Complaint number about stubble burning in Patiala
October 5, 2018 - PatialaPolitics
ਵਾਤਾਵਰਣ ਨੂੰ ਵਿਗਾੜਨ ਤੋਂ ਬਚਾਉਣ ਲਈ ਝੋਨੇ ਦੀ ਪਰਾਲੀ ਤੇ ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਾਉਣ ਤੋਂ ਰੋਕਣ ਲਈ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਵਿਸ਼ੇਸ਼ ਕੰਟਰੋਲ ਰੂਮ ਸਥਾਪਤ ਕਰਦਿਆਂ ਫੋਨ ਨੰਬਰ ਅਤੇ ਵਟਸਐਪ ਨੰਬਰ ਵੀ ਜਾਰੀ ਕਰ ਦਿੱਤਾ ਗਿਆ ਹੈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਸਾੜਨ ਵਿਰੁੱਧ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਅਜਿਹਾ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਲਈ ਵੀ ਹੁਕਮ ਜਾਰੀ ਕੀਤੇ ਜਾ ਚੁੱਕੇ ਹਨ ਪ੍ਰੰਤੂ ਇਸ ਨੂੰ ਹੋਰ ਨੇੜਿਓਂ ਮੋਨੀਟਰ ਕਰਨ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪਟਿਆਲਾ ਦੇ ਏ ਬਲਾਕ ਵਿਖੇ ਕਮਰਾ ਨੰਬਰ 122 ਵਿੱਚ ਪਰਾਲੀ ਨੂੰ ਅੱਗ ਲਾਉਣ ਨਾਲ ‘ਤੇ ਨਜ਼ਰ ਰੱਖਣ ਲਈ ਅਤੇ ਇਸਨੂੰ ਰੋਕਣ ਇੱਕ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਇਸ ‘ਸਟੱਬਲ ਬਰਨਿੰਗ’ ਕੰਟਰੋਲ ਰੂਮ ਦਾ ਫੋਨ ਨੰਬਰ 0175-2352247 ਅਤੇ ਵਟਸਐਪ ਨੰਬਰ 62843-57500 ਜਾਰੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਵਟਸਐਪ ‘ਤੇ ਕੋਈ ਵੀ ਵਿਅਕਤੀ 30 ਸਕਿੰਟ ਦੀ ਵੀਡੀਓ ਬਣਾ ਕੇ ਪਾ ਸਕਦਾ ਹੈ ਜਦੋਂਕਿ ਸਟਬਲ ਬਰਨਿੰਗ ‘ਤੇ ਸੈਟੇਲਾਇਟ ਰਾਹੀਂ ਵੀ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਕੰਟਰੋਲ ਰੂਮ ਕੰਮ ਵਾਲੇ ਦਿਨਾਂ ਦੌਰਾਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਕੰਮ ਕਰੇਗਾ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਉਨ੍ਹਾਂ ਨੇ ਪਟਿਆਲਾ, ਦੂੱਧਨ ਸਾਧਾਂ, ਨਾਭਾ, ਰਾਜਪੁਰਾ, ਸਮਾਣਾ ਅਤੇ ਪਾਤੜਾਂ ਸਬ ਡਵੀਜਨ ਦੇ ਐਸ.ਡੀ.ਐਮਜ ਨੂੰ ਆਦੇਸ਼ ਜਾਰੀ ਕਰ ਦਿੱਤੇ ਹਨ ਅਤੇ ਉਨ੍ਹਾਂ ਵੱਲੋਂ ਸਾਉਣੀ ਦੀ ਫ਼ਸਲ ਦੀ ਰਹਿੰਦ ਖੂੰਹਦ ਨੂੰ ਅੱਗ ਲੱਗਣ ਸਬੰਧੀਂ ਸੂਚਨਾ ਹਰ ਰੋਜ਼ ਭੇਜੀ ਜਾਇਆ ਕਰੇਗੀ।