Teachers protest in Patiala
October 7, 2018 - PatialaPolitics
ਕੈਪਟਨ ਅਮਰਿੰਦਰ ਸਿੰਘ ਦੇ ਗੜ੍ਹ ਪਟਿਆਲਾ ਵਿਚ ਸਿਰਫ ਅਕਾਲੀਆਂ ਨੇ ਹੀ ਕਾਂਗਰਸ ਸਰਕਾਰ ਖ਼ਿਲਾਫ਼ ਹਮਲੇ ਨਹੀਂ ਬੋਲੇ, ਸਗੋਂ ਅਧਿਆਪਕਾਂ ਨੇ ਵੀ ਆਪਣੀ ਭੜਾਸ ਕੱਢੀ। ਅਧਿਆਪਕਾਂ ਨੇ ਨਾਅਰਾ ਦਿੱਤਾ- ਕੈਪਟਨ- ਸੋਨੀ ਤੇਰਾ ਤੋੜਾਂਗੇ ਗਰੂਰ…ਤਨਖਾਹ ਵਿਚ ਕਟੌਤੀ ਨਹੀਂ ਮਨਜ਼ੂਰ। ਸਰਕਾਰ ਦੇ ਨੁਮਾਇੰਦਿਆਂ ਨੂੰ ਮਿੱਟੀ ਦੇ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਉਣ ਦਾ ਵੀ ਹੋਕਾ ਦਿੱਤਾ ਗਿਆ। ਐਤਵਾਰ ਨੂੰ ਕੈਪਟਨ ਆਪਣਾ ਸ਼ਹਿਰ ਛੱਡ ਲੰਬੀ ਵਿਚ ਅਕਾਲੀਆਂ ਦੀ ਭੰਡੀ ਕਰ ਰਹੇ ਸਨ ਤੇ ਇਧਰ ਉਨ੍ਹਾਂ ਦੇ ਆਪਣੇ ਸ਼ਹਿਰ ਵਿਚ ਇਨ੍ਹਾਂ ਅਧਿਆਪਕਾਂ ਨੇ ਕੈਪਟਨ ਅਤੇ ਸਿੱਖਿਆ ਮੰਤਰੀ ਓ.ਪੀ. ਸੋਨੀ ਖ਼ਿਲਾਫ਼ ਹੀ ਮੋਰਚਾ ਖੋਲ੍ਹ ਦਿੱਤਾ।
ਇਨ੍ਹਾਂ ਅਧਿਆਪਕਾਂ ਦਾ ਇਕੱਠ ਵੀ ਕਿਸੇ ਰੈਲੀ ਤੋਂ ਘੱਟ ਨਾ ਨਜ਼ਰ ਆਇਆ। ਬੱਸ ਫਰਕ ਇੰਨਾ ਸੀ ਕਿ ਰੈਲੀ ਵਿਚ ਮੁੱਦੇ ਸਿਆਸੀ ਸਨ ਅਤੇ ਟੀਚਰਾਂ ਦੇ ਇਸ ਇਕੱਠ ਵਿਚ ਆਪਣੀ ਹੱਕੀ ਮੰਗਾਂ ਲਈ ਝੰਡਾ ਬੁਲੰਦ ਕੀਤਾ ਗਿਆ। ਬੀਤੇ ਦਿਨੀਂ 8886 ਅਧਿਆਪਕਾਂ ਨੂੰ ਰੈਗੂਲਰ ਕਰਨ ਲਈ ਕੈਪਟਨ ਸਰਕਾਰ ਨੇ 3 ਸਾਲਾਂ ਲਈ 15000 ਦੀ ਤਨਖਾਹ ਦੇਣ ਦੀ ਪਾਲਿਸੀ ਨੂੰ ਹਰੀ ਝੰਡੀ ਦਿੱਤੀ ਸੀ। ਟੀਚਰਾਂ ਨੇ ਉਸੇ ਦਿਨ ਪਟਿਆਲਾ ਕੂਚ ਦਾ ਐਲਾਨ ਕਰ ਦਿੱਤਾ ਸੀ। ਨਾਰਾਜ਼ਗੀ ਇਹੀ ਹੈ ਕਿ 42-45000 ਦੀ ਸੈਲਰੀ ਤੋਂ ਇਨ੍ਹਾਂ ਅਧਿਆਪਕਾਂ ਨੂੰ 15000 ਦੀ ਸੈਲਰੀ ਉਤੇ ਲਿਆਉਂਦਾ ਗਿਆ ਹੈ।