Fake liquor factory seized by Patiala Police

October 30, 2018 - PatialaPolitics

ਪਟਿਆਲਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਜਾਅਲੀ ਸ਼ਰਾਬ ਬਣਾਉਣ ਵਾਲੀ ਫੈਕਟਰੀ ਫੜੀ

-ਜਾਅਲੀ ਸ਼ਰਾਬ ਦੀ ਵੱਡੀ ਖੇਪ, ਕੈਮੀਕਲ, ਖਾਲੀ ਬੋਤਲਾਂ, ਢੱਕਣ ਤੇ ਸ਼ਰਾਬ ਬਣਾਉਣ ਵਾਲਾ ਸਾਜ਼ੋ ਸਮਾਨ ਬਰਾਮਦ-ਐਸ.ਐਸ.ਪੀ. ਸਿੱਧੂ
-ਐਸ.ਐਸ.ਪੀ. ਵੱਲੋਂ ਦੋ ਨੰਬਰ ਦਾ ਕਾਰੋਬਾਰ ਕਰਨ ਵਾਲਿਆਂ ਅਤੇ ਮਿਲਾਵਟ ਖੋਰਾਂ ਨੂੰ ਕਾਲੇ ਕੰਮ ਬੰਦ ਕਰਨ ਦੀ ਚਿਤਾਵਨੀ

ਘੱਗਾ/ਪਾਤੜਾਂ/ਸਮਾਣਾ/ਪਟਿਆਲਾ 30 ਅਕਤੂਬਰ :

ਪਟਿਆਲਾ ਪੁਲਿਸ ਨੂੰ ਅੱਜ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਜ਼ਿਲ੍ਹਾ ਪੁਲਿਸ ਮੁਖੀ ਸ. ਮਨਦੀਪ ਸਿੰਘ ਸਿੱਧੂ ਦੀ ਨਿਜੀ ਨਿਗਰਾਨੀ ਹੇਠ ਸੀ.ਆਈ.ਏ. ਸਟਾਫ਼ ਸਮਾਣਾ ਨੇ ਥਾਣਾ ਘੱਗਾ ਦੇ ਪਿੰਡ ਦੇਧਨਾ ਦੇ ਖੇਤਾਂ ‘ਚ ਵਿਰਾਨ ਪਏ ਇੱਕ ਡੇਰੇ ‘ਚ ਨਾਜਾਇਜ਼ ਢੰਗ ਨਾਲ ਜਾਅਲੀ ਸ਼ਰਾਬ ਬਣਾਉਣ ਵਾਲੇ ਇੱਕ ਵੱਡੇ ਗਿਰੋਹ ਦਾ ਪਰਦਾ ਫ਼ਾਸ਼ ਕੀਤਾ। ਇੱਥੋਂ ਪੁਲਿਸ ਨੇ ਵੱਡੀ ਮਾਤਰਾ ‘ਚ ਜਾਅਲੀ ਸ਼ਰਾਬ ਦੀ ਖੇਪ ਸਮੇਤ ਸ਼ਰਾਬ ਤਿਆਰ ਕਰਨ ਵਾਲੇ ਕੈਮੀਕਲ, ਬੋਤਲਾਂ ਦੇ ਢੱਕਣ, ਕੈਮੀਕਲ ਦੇ ਖਾਲੀ ਦੋ ਡਰੰਮ, ਕੱਚ ਦੀ ਪੈਮਾਨਾ ਸੁਰਾਹੀ, ਖਾਲੀ ਬੋਤਲਾਂ, ਅਸਲੀ ਮੋਟਾ ਸੰਤਰਾ ਗੋਲਡ ਦਾ ਜਾਅਲੀ ਮਾਰਕਾ ਤੇ ਹੋਰ ਸਾਜ਼ੋ ਸਮਾਨ ਬਰਾਮਦ ਕੀਤਾ।
ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਨੇ ਪਿੰਡ ਦੇਧਨਾ ਦੀ ਜਮੀਨ ‘ਚ ਜਾਅਲੀ ਸ਼ਰਾਬ ਬਣਾਉਣ ਲਈ ਵਰਤੇ ਜਾ ਰਹੇ ਇੱਕ ਵਿਰਾਨ ਪਏ ਇਸ ਡੇਰੇ ‘ਤੇ ਖ਼ੁਦ ਛਾਪਾਮਾਰੀ ਕੀਤੀ ਅਤੇ ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਵਿੱਚ ਦੋ ਨੰਬਰ ਦਾ ਧੰਦਾ ਕਰਨ ਵਾਲੇ ਅਤੇ ਮਿਲਾਵਟਖੋਰਾਂ ਨੂੰ ਕਾਲੇ ਕੰਮ ਬੰਦ ਕਰਨ ਦੀ ਸਿੱਧੀ ਚਿਤਾਵਨੀ ਦਿੱਤੀ ਤੇ ਕਿਹਾ ਕਿ ਅਜਿਹੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਉਨ੍ਹਾਂ ਦੇ ਨਾਲ ਆਬਕਾਰੀ ਵਿਭਾਗ ਦੇ ਏ.ਆਈ.ਜੀ. ਸ. ਗੁਰਚੈਨ ਸਿੰਘ ਧਨੋਆ, ਐਸ.ਪੀ. ਜਾਂਚ ਸ. ਮਨਜੀਤ ਸਿੰਘ ਬਰਾੜ ਵੀ ਮੌਜੂਦ ਸਨ।
ਐਸ.ਐਸ.ਪੀ. ਸ. ਸਿੱਧੂ ਨੇ ਦੱਸਿਆ ਕਿ ਸੀ.ਆਈ.ਏ. ਸਟਾਫ਼ ਸਮਾਣਾ ਨੇ ਇੱਕ ਮੁਖਬਰੀ ਦੇ ਆਧਾਰ ‘ਤੇ ਅਮਰੀਕ ਸਿੰਘ ਦੇ ਖੇਤਾਂ ‘ਚ ਛਾਪਾ ਮਾਰਿਆ ਤਾਂ ਇਥੋਂ 91 ਪੇਟੀਆਂ 1092 ਬੋਤਲਾਂ ਮਾਰਕਾ ਸ਼ਰਾਬ ਠੇਕਾ ਦੇਸੀ ਅਸਲੀ ਮੋਟਾ ਸੰਤਰਾ ਗੋਲਡ ਪੰਜਾਬ, 9800 ਖਾਲੀ ਬੋਤਲਾਂ ਬਿਨਾਂ ਮਾਰਕਾ ਦੇ ਭਰੇ 98 ਬੈਗ, ਜਾਅਲੀ ਮਾਰਕਾ ਚੱਢਾ ਸ਼ੂਗਰ ਇੰਸਟਰੀ ਪ੍ਰਾਈਵੇਟ ਲਿਮਟਡ ਯੂਨਿਟ ਦੋ ਕੀੜੀ ਅਫ਼ਗਾਨਾ ਜ਼ਿਲ੍ਹਾ ਗੁਰਦਾਸਪੁਰ ਦੇ 91 ਹਜ਼ਾਰ ਸੀਲ ਢੱਕਣਾਂ ਦੇ 9 ਡੱਬੇ, ਪਲਾਸਟਿਕ ਦੇ ਦੋ ਕੈਮੀਕਲ ਵਾਲੇ ਖਾਲੀ ਡਰੰਮ ਬਰਾਮਦ ਹੋਏ।

ਐਸ.ਐਸ.ਪੀ. ਨੇ ਦਸਿਆ ਕਿ ਪੁਲਿਸ ਨੇ ਇਸ ਸਬੰਧੀਂ ਥਾਣਾ ਘੱਗਾ ਵਿਖੇ ਇਸ ਸਬੰਧੀਂ ਅਮਰੀਕ ਸਿੰਘ ਪੁੱਤਰ ਰਘਬੀਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਡੇਰਾ ਪਿੰਡ ਦੇਧਨਾ ਥਾਣਾ ਘੱਗਾ ਵਿਰੁਧ ਮੁਕਦਮਾ ਨੰਬਰ 138 ਮਿਤੀ 30/10/18 ਧਾਰਾ 420, 272, 465 ਤੇ ਆਬਕਾਰੀ ਐਕਟ ਦੀਆਂ ਧਾਰਾਵਾਂ 61/1/14 ਤਹਿਤ ਦਰਜ ਕਰ ਲਿਆ ਲਿਆ ਹੈ। ਸ. ਸਿੱਧੂ ਨੇ ਦੱਸਿਆ ਕਿ ਇਸ ਛਾਪਾਮਾਰੀ ਦੌਰਾਨ ਰਘਬੀਰ ਸਿੰਘ ਪੁਲਿਸ ਦੇ ਹੱਥ ਆਇਆ ਹੈ ਜਦੋਂਕਿ ਇਸਦੇ ਲੜਕੇ ਅਮਰੀਕ ਸਿੰਘ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਰਘਬੀਰ ਸਿੰਘ ਦਾ ਦੂਸਰਾ ਪੁੱਤਰ ਅਵਤਾਰ ਸਿੰਘ ਨਸ਼ਿਆਂ ਦੇ ਮਾਮਲੇ ‘ਚ ਜਗਦੀਸ਼ ਭੋਲਾ ਕੇਸ ਵਿੱਚ ਫਰਾਰ ਹੈ।
ਐਸ.ਐਸ.ਪੀ. ਸ. ਸਿੱਧੂ ਨੇ ਕਿਹਾ ਕਿ ਦੀਵਾਲੀ ਦੇ ਨੇੜੇ ਸ਼ਰਾਬ ਦੀ ਖਪਤ ਵੱਧ ਜਾਂਦੀ ਹੈ, ਜਿਸ ਲਈ ਅਜਿਹੇ ਅਨਸਰ ਲੋਕਾਂ ਨੂੰ ਸਸਤੀ ਸ਼ਰਾਬ ਬਣਾਕੇ ਵੇਚਣ ਦਾ ਧੰਦਾ ਕਰਨ ਲੱਗਦੇ ਹਨ, ਜੋ ਕਿ ਸਿੱਧੇ ਤੌਰ ‘ਤੇ ਜਿੱਥੇ ਸ਼ਰਾਬ ਦੀ ਵਰਤੋਂ ਕਰਨ ਵਾਲਿਆਂ ਦੀ ਸਿਹਤ ਨਾਲ ਖਿਲਵਾੜ ਹੈ, ਉਥੇ ਹੀ ਰਾਜ ਸਰਕਾਰ ਦੇ ਮਾਲੀਆ ਨੂੰ ਵੀ ਸਿੱਧਾ ਚੂਨਾ ਲਾਉਣ ਦੀ ਕਾਰਵਾਈ ਹੈ, ਇਸ ਲਈ ਅਜਿਹੇ ਅਨਸਰਾਂ ਨਾਲ ਪੁਲਿਸ ਵੱਲੋਂ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਫੈਕਟਰੀ ਵਿੱਚੋਂ ਬਰਾਮਦ ਹੋਏ ਕੈਮੀਕਲ ਦੀ ਵੀ ਜਾਂਚ ਕਰਵਾਈ ਜਾਵੇਗੀ ਅਤੇ ਇਨ੍ਹਾਂ ਵਿਰੁੱਧ ਜਿਸ ਪ੍ਰਕਾਰ ਜਾਅਲੀ ਪਨੀਰ ਤੇ ਹੋਰ ਖਾਣ ਪੀਣ ਦੀਆਂ ਵਸਤਾਂ ਬਣਾਉਣ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਗਈ, ਉਸੇ ਤਰਜ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਸ. ਸਿੱਧੂ ਨੇ ਕਿਹਾ ਕਿ ਅਜਿਹੇ ਅਨਸਰਾਂ ਨੱਥ ਪਾਊਣ ਨੂੰ ਪਟਿਆਲਾ ਪੁਲਿਸ ਵੱਲੋਂ ਇੱਕ ਚੁਣੌਤੀ ਵਜੋਂ ਲਿਆ ਜਾ ਰਿਹਾ ਹੈ ਅਤੇ ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਸ. ਸਿੱਧੂ ਨੇ ਹੋਰ ਦੱਸਿਆ ਕਿ ਇਸ ਜਾਅਲੀ ਸ਼ਰਾਬ ਦਾ ਧੰਦਾ ਕਰਨ ਵਾਲੇ ਇਸ ਅਮਰੀਕ ਸਿੰਘ ਵਿਰੁੱਧ ਥਾਣਾ ਘੱਗਾ, ਪਾਤੜਾ, ਕੋਤਵਾਲੀ ਪਟਿਆਲਾ ਤੇ ਥਾਣਾ ਤ੍ਰਿਪੜੀ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਅੱਧੀ ਦਰਜਨ ਤੋਂ ਵਧੇਰੇ ਮਾਮਲੇ ਦਰਜ ਹਨ।
ਇਸੇ ਦੌਰਾਨ ਆਬਕਾਰੀ ਵਿਭਾਗ ਦੇ ਏ.ਆਈ.ਜੀ. ਸ. ਗੁਰਚੈਨ ਸਿੰਘ ਧਨੋਆ ਨੇ ਆਮ ਲੋਕਾਂ ਤੇ ਖਾਸ ਕਰਕੇ ਸ਼ਰਾਬ ਦਾ ਸੇਵਨ ਕਰਨ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਸ਼ਰਾਬ ਦੀ ਖਰੀਦ ਕੇਵਲ ਪੰਜਾਬ ਸਰਕਾਰ ਦੇ ਮਨਜੂਰ ਸੁਦਾ ਠੇਕਿਆਂ ਤੋਂ ਹੀ ਕਰਨ। ਏ.ਆਈ.ਜੀ. ਸ. ਧਨੋਆ ਨੇ ਦੱਸਿਆ ਕਿ ਪਿਛਲੇ 15 ਦਿਨਾਂ ‘ਚ ਹਰਿਆਣਾ ਦੇ ਸਾਹਾ, ਪਾਣੀਪਤ ਅਤੇ ਇਸਮਾਇਲਾਬਾਦ ਤੋਂ ਵੀ ਅਜਿਹੀਆਂ ਜਾਅਲੀ ਤੇ ਨਾਜਾਇਜ਼ ਸ਼ਰਾਬ ਬਨਾਉਣ ਵਾਲੀਆਂ ਫੈਕਟਰੀਆਂ ਫੜੀਆਂ ਗਈਆਂ ਸਨ, ਜਿਨ੍ਹਾਂ ‘ਚੋਂ ਸ਼ਰਾਬ ਦੇ ਤਸਕਰ ਸ਼ਰਾਬ ਲਿਆ ਕੇ ਅੱਗੇ 300 ਰੁਪਏ ਦੀ ਪੇਟੀ ਵੇਚਦੇ ਸਨ।
ਇਸ ਮੌਕੇ ਡੀ.ਐਸ.ਪੀ. ਪਾਤੜਾਂ ਪ੍ਰੀਤਪਾਲ ਸਿੰਘ ਘੁੰਮਣ, ਸੀ.ਆਈ.ਏ. ਸਟਾਫ਼ ਸਮਾਣਾ ਦੇ ਇੰਚਾਰਜ ਇੰਸਪੈਕਟਰ ਵਿਜੇ ਕੁਮਾਰ, ਥਾਣਾ ਘੱਗਾ ਦੇ ਐਸ.ਐਚ.ਓ. ਇੰਸਪੈਕਟਰ ਗੁਰਚਰਨ ਸਿੰਘ ਤੇ ਹੋਰ ਪੁਲਿਸ ਅਧਿਕਾਰੀ ਮੌਜੂਦ ਸਨ।