Betting case:6 Patiala Police officers suspended

October 31, 2018 - PatialaPolitics

ਪਟਿਆਲਾ ਪੁਲਿਸ ਦੇ ਕੁਝ ਮੁਲਾਜਮਾਂ ਵੱਲੋਂ ਦੜ੍ਹੇ ਸੱਟੇ ਦੇ ਕਾਰੋਬਾਰੀਆਂ ਨਾਲ ਮਿਲੀਭੁਗਤ ਕਰਨ ਦੀਆਂ ਕੁਝ ਪੁਰਾਣੀਆਂ ਵੀਡੀਓਜ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਦਾ ਗੰਭੀਰ ਨੋਟਿਸ ਲੈਂਦਿਆਂ ਐਸ.ਐਸ.ਪੀ. ਪਟਿਆਲਾ ਸ. ਮਨਦੀਪ ਸਿੰਘ ਸਿੱਧੂ ਨੇ 6 ਮੁਲਾਜਮਾਂ ਨੂੰ ਮੁਅੱਤਲ ਕਰਕੇ ਇਨ੍ਹਾਂ ਵਿਰੁੱਧ ਵਿਭਾਗੀ ਪੜਤਾਲ ਦੇ ਹੁਕਮ ਜਾਰੀ ਕੀਤੇ ਹਨ।
ਐਸ.ਐਸ.ਪੀ. ਸ. ਸਿੱਧੂ ਨੇ ਜਿਹੜੇ ਮੁਲਾਜਮਾਂ ਨੂੰ ਮੁਅੱਤਲ ਕੀਤਾ ਹੈ, ਇਨ੍ਹਾਂ ਵਿੱਚ
1. ਐਸ.ਆਈ. ਸੁਖਦੇਵ ਸਿੰਘ ਨੰਬਰ 1159/ਪਟਿਆਲਾ,
2. ਏ.ਐਸ.ਆਈ. ਰਾਮ ਸਿੰਘ ਨੰਬਰ 882/ਪਟਿਆਲਾ,
3. ਏ.ਐਸ.ਆਈ. ਹਰਮਿੰਦਰ ਸਿੰਘ ਨੰਬਰ 2915/ਪਟਿਆਲਾ,
4. ਏ.ਐਸ.ਆਈ. ਸੁਨੀਲ ਕੁਮਾਰ ਨੰਬਰ 427/ਪਟਿਆਲਾ,
5. ਏ.ਐਸ.ਆਈ. ਦਲਜੀਤ ਸਿੰਘ ਨੰਬਰ 484/ਪਟਿਆਲਾ
6. ਹੌਲਦਾਰ ਗੁਰਮੁੱਖ ਸਿੰਘ ਨੰਬਰ 1869/ਪਟਿਆਲਾ ਸ਼ਾਮਲ ਹਨ।
7. ਹੋਮਗਾਰਡ ਰਾਮ ਗੋਪਾਲ ਨੰਬਰ 181211 ਨੂੰ ਮੁਅੱਤਲ ਕਰਕੇ, ਵਿਭਾਗੀ ਪੜਤਾਲ ਕਰਨ ਤੇ ਕਿਸੇ ਬਾਹਰੀ ਜ਼ਿਲ੍ਹੇ ‘ਚ ਤਬਦੀਲ ਕਰਨ ਲਈ ਹੋਮਗਾਰਡ ਦੇ ਜ਼ਿਲ੍ਹਾ ਕਮਾਂਡੈਂਟ ਨੂੰ ਲਿਖਿਆ ਗਿਆ ਹੈ।
ਐਸ.ਐਸ.ਪੀ. ਨੇ ਮਹਿਕਮਾ ਪੁਲਿਸ ਦੇ ਅਕਸ ਨੂੰ ਖਰਾਬ ਕਰਨ ਦੀਆਂ ਅਜਿਹੀਆਂ ਕਾਰਵਾਈਆਂ ਦਾ ਗੰਭੀਰ ਨੋਟਿਸ ਲਿਆ ਹੈ, ਜਿਸ ਲਈ ਸ. ਸਿੱਧੂ ਨੇ ਸਮੂਹ ਐਸ.ਪੀਜ, ਡੀ.ਐਸ.ਪੀਜ ਤੇ ਐਸ.ਐਚ.ਓਜ ਨੂੰ ਹਦਾਇਤ ਵੀ ਜਾਰੀ ਕੀਤੀ ਹੈ ਕਿ ਪੁਲਿਸ ਦੇ ਅਕਸ ਨੂੰ ਢਾਹ ‘ਤੇ ਲਾਉਣ ਵਾਲਿਆਂ ‘ਤੇ ਸਖ਼ਤ ਨਜ਼ਰ ਰੱਖੀ ਜਾਵੇ ਅਤੇ ਜ਼ਿਲ੍ਹੇ ਅੰਦਰ ਦੜ੍ਹੇ ਸੱਟੇ ਸਮੇਤ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਅਮਲ ‘ਚ ਲਿਆਂਦੀ ਜਾਣੀ ਯਕੀਨੀ ਬਣਾਈ ਜਾਵੇ। ਇਸ ਹਦਾਇਤ ਮੁਤਾਬਕ ਜੇਕਰ ਕਿਸੇ ਵੀ ਪੱਧਰ ‘ਤੇ ਮੁਲਾਜਮਾਂ ਦੀ ਮਿਲੀਭੁਗਤ ਸਾਹਮਣੇ ਆਈ ਤਾਂ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।
ਇਸ ਦੇ ਨਾਲ ਹੀ ਐਸ.ਐਸ.ਪੀ. ਨੇ ਦੜ੍ਹੇ ਸੱਟੇ ਦੇ ਕਾਰੋਬਾਰੀਆਂ ਸਮੇਤ ਸਮਾਜ ਵਿਰੋਧੀ ਅਨਸਰਾਂ ਨੂੰ ਵੀ ਅਜਿਹੇ ਕਾਲੇ ਕਾਰੋਬਾਰ ਬੰਦ ਕਰਨ ਦੀ ਤਾੜਨਾ ਕੀਤੀ ਹੈ, ਕਿਉਂਕਿ ਸੱਟੇ ਦੇ ਇਸ ਕਾਰੋਬਾਰ ‘ਚ ਜ਼ਿਆਦਾਤਰ ਗਰੀਬ ਤਬਕਾ ਹੀ ਪੈਸੇ ਲਾਉਂਦਾ ਹੈ ਤੇ ਉਨ੍ਹਾਂ ਦੀ ਲੁੱਟ ਖਸੁੱਟ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ, ਜਿਸ ਲਈ ਅਜਿਹੇ ਕੰਮ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਜਿਕਰਯੋਗ ਹੈ ਕਿ ਪੁਲਿਸ ਮੁਲਾਜਮਾਂ ਦੀਆਂ ਵੀਡੀਓਜ ਸੋਸ਼ਲ ਮੀਡੀਆ ‘ਤੇ ਵਾਇਰਲ ਕਰਨ ਵਾਲੇ ਵਿਰੁੱਧ ਵੱਖ-ਵੱਖ ਸਮੇਂ ‘ਤੇ ਮਾਰ ਦੇਣ ਦੀ ਨੀਅਤ, ਸੀਨਾ ਜੋਰੀ ਨਾਲ ਘਰੇ ਵੜਨਾ ਅਤੇ ਦੜ੍ਹੇ ਸੱਟੇ ਦੇ 11 ਮੁਕੱਦਮੇ ਦਰਜ ਹੋਏ ਹਨ ਤੇ ਹੁਣ ਇਹ ਵਿਅਕਤੀ ਪੁਲਿਸ ਦੀਆਂ ਪੁਰਾਣੀਆਂ ਵੀਡੀਓਜ ਦੀ ਆੜ ਹੇਠ ਆਪਣਾ ਕੰਮ ਦੁਬਾਰਾ ਸ਼ੁਰੂ ਕਰਨਾ ਚਾਹੁੰਦਾ ਹੈ, ਜਿਸ ਨੂੰ ਪਟਿਆਲਾ ਪੁਲਿਸ ਵੱਲੋਂ ਕਿਸੇ ਵੀ ਹਾਲਤ ‘ਚ ਅਜਿਹਾ ਨਹੀਂ ਕਰਨ ਦਿੱਤਾ ਜਾਵੇਗਾ।