Patiala Police solves another murder mystery

November 9, 2018 - PatialaPolitics

ਪਟਿਆਲਾ ਪੁਲਿਸ ਵੱਲੋਂ 30 ਅਤੇ 31 ਅਕਤੂਬਰ 2018 ਦੀ ਦਰਮਿਆਨੀ ਰਾਤ ਨੂੰ ਥਾਣਾ ਸਦਰ ਨਾਭਾ ਵਿੱਚ ਪੈਂਦੇ ਪਿੰਡ ਸੋਜਾ ਵਿਖੇ ਹੋਏ ਅੰਨ੍ਹੇ ਕਤਲ ਦੇ ਮਾਮਲੇ ਨੂੰ ਸੁਲਝਾਉਣ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਐਸ.ਐਸ.ਪੀ ਨੇ ਦੱਸਿਆ ਕਿ ਮਹਿਜ਼ 04 ਮਹੀਨਿਆਂ ਵਿੱਚ ਪਟਿਆਲਾ ਪੁਲਿਸ ਵੱਲੋਂ ਪਹਿਲਾਂ ਹੀ 06 ਅੰਨ੍ਹੇ ਕਤਲਾਂ ਦੀ ਗੁੱਥੀ ਸੁਲਝਾਈ ਜਾ ਚੁੱਕੀ ਹੈ। ਜੋ ਇਸੇ ਲੜੀ ਤਹਿਤ 7 ਵੇਂ ਅੰਨ੍ਹੇ ਕਤਲ ਦੀ ਗੁੱਥੀ ਹੋਰ ਸੁਲਝਾਈ ਗਈ।

ਐਸ.ਐਸ.ਪੀ ਨੇ ਦੱਸਿਆ ਕਿ ਮਿਤੀ 30/31.10.2018 ਦੀ ਦਰਮਿਆਨੀ ਰਾਤ ਨੂੰ ਬਲਦੇਵ ਸਿੰਘ ਪੁੱਤਰ ਨਰੰਜਣ ਸਿੰਘ ਵਾਸੀ ਪਿੰਡ ਸੋਜਾ ਥਾਣਾ ਸਦਰ ਨਾਭਾ ਉਮਰ ਕਰੀਬ 67 ਸਾਲ ਨੂੰ ਨਾਮਾਲੂਮ ਵਿਅਕਤੀਆਂ ਵੱਲੋਂ ਹੱਥ ਪੈਰ ਬੰਨ੍ਹ ਕੇ ਕਤਲ ਕਰ ਦਿੱਤਾ ਗਿਆ ਸੀ ਜੋ ਮ੍ਰਿਤਕ ਬਲਦੇਵ ਸਿੰਘ ਪਿੰਡ ਸੋਜਾ ਦੇ ਸ਼ਾਹੂਕਾਰ ਵਿਜੇ ਭੰਡਾਰੀ ਜੋ ਕਿ ਪਟਿਆਲਾ ਵਿਖੇ ਰਹਿੰਦਾ ਹੈ, ਦੇ ਫਾਰਮ ਹਾਊਸ ਪਿੰਡ ਸੋਜਾ ਵਿਖੇ ਰਾਤ ਸਮੇਂ ਰਾਖੀ ਕਰਦਾ ਸੀ। ਜਿਸ ਦੇ ਕਤਲ ਸਬੰਧੀ ਮੁਕੱਦਮਾ ਨੰਬਰ 168 ਮਿਤੀ 31.10.2018 ਅ/ਧ 302, 120-ਬੀ ਹਿੰ:ਦੰ: ਥਾਣਾ ਸਦਰ ਨਾਭਾ ਨਾਮਾਲੂਮ ਦੋਸ਼ੀਆਂ ਖਿਲਾਫ਼ ਦਰਜ ਕੀਤਾ ਗਿਆ। ਸ. ਸਿੱਧੂ ਨੇ ਦੱਸਿਆ ਕਿ ਇਸ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਂਦੇ ਹੋਏ ਕਤਲ ਵਿੱਚ ਸ਼ਾਮਿਲ 03 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ।
ਐਸ.ਐਸ.ਪੀ ਨੇ ਅੱਗੇ ਹੋਰ ਜਾਣਕਾਰੀ ਦਿੰਦਿਆ ਦੱਸਿਆ ਕਿ ਪਿੰਡ ਸੋਜਾ ਦੇ ਬਲਦੇਵ ਸਿੰਘ ਦੇ ਹੋਏ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਣ ਲਈ ਸ੍ਰੀ ਦਵਿੰਦਰ ਕੁਮਾਰ, ਉਪ ਕਪਤਾਨ ਪੁਲਿਸ ਨਾਭਾ ਦੀ ਨਿਗਰਾਨੀ ਹੇਠ ਇੰਸਪੈਕਟਰ ਜੈਇੰਦਰ ਸਿੰਘ ਰੰਧਾਵਾ, ਮੁੱਖ ਅਫ਼ਸਰ ਥਾਣਾ ਸਦਰ ਨਾਭਾ ਅਤੇ ਐਸ.ਆਈ ਗੁਰਮੀਤ ਸਿੰਘ, ਇੰਚਾਰਜ ਸੀ.ਆਈ.ਏ ਸਟਾਫ਼ ਨਾਭਾ ਦੀ ਗਠਿਤ ਕੀਤੀ ਟੀਮ ਵੱਲੋਂ ਸੁਚੱਜੇ ਢੰਗ ਨਾਲ ਤਫ਼ਤੀਸ਼ ਕਰਦੇ ਹੋਏ ਕਤਲ ਦੇ ਤਿੰਨ ਦੋਸ਼ੀਆਂ ਜਿਨ੍ਹਾਂ ਵਿੱਚ ਰਾਜਵੀਰ ਸਿੰਘ ਉਰਫ਼ ਰਾਜੂ ਪੁੱਤਰ ਸੇਵਾ ਸਿੰਘ, ਗੋਰਖ ਸਿੰਘ ਉਰਫ਼ ਗੋਰਖਾ ਪੁੱਤਰ ਜੋਰਾ ਸਿੰਘ ਵਾਸੀ ਪਿੰਡ ਸੋਜਾ ਅਤੇ ਰਾਮ ਠਾਕੁਰ ਪੁੱਤਰ ਸਰਜੂ ਠਾਕੁਰ ਵਾਸੀ ਦਾਹ ਥਾਣਾ ਗੰਵਰੀਆ, ਜ਼ਿਲ੍ਹਾ ਮਧੇਪੁਰ (ਬਿਹਾਰ) ਹਾਲ ਵਾਸੀ ਮੋਟਰ ਨੰਬਰਦਾਰ ਯਾਦਵਿੰਦਰ ਸਿੰਘ ਪਿੰਡ ਸੋਜਾ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਮਿਤੀ 30/31.10.2018 ਦੀ ਦਰਮਿਆਨੀ ਰਾਤ ਤਿੰਨੇ ਦੋਸ਼ੀਆਂ ਨੇ ਆਪਸ ਵਿੱਚ ਮਿਲਕੇ ਪਹਿਲਾਂ ਸ਼ਰਾਬ ਪੀਤੀ ਅਤੇ ਫਿਰ ਪਹਿਲਾਂ ਤੋ ਬਣਾਈ ਸਲਾਹ ਮੁਤਾਬਿਕ ਸ਼ਾਹੂਕਾਰ ਵਿਜੇ ਭੰਡਾਰੀ ਦੇ ਫਾਰਮ ਹਾਊਸ ਵਿੱਚ ਜੀਰੀ ਦੀ ਭਰੀ ਹੋਈ ਟਰਾਲੀ ਅਤੇ ਟਰੈਕਟਰ ਚੋਰੀ ਕਰਨ ਲਈ ਤਿੰਨੇ ਦੋਸ਼ੀ ਮੋਟਰਸਾਈਕਲ ਤੇ ਸਵਾਰ ਹੋ ਕੇ ਵਿਜੇ ਭੰਡਾਰੀ ਦੇ ਫਾਰਮ ਹਾਊਸ ‘ਤੇ ਪਹੁੰਚੇ ਅਤੇ ਕੰਧ ਟੱਪ ਕੇ ਫਾਰਮ ਹਾਊਸ ਦੇ ਅੰਦਰ ਦਾਖਲ ਹੋ ਗਏ। ਜਿੱਥੇ ਰਾਖੀ ਲਈ ਪਏ ਬਲਦੇਵ ਸਿੰਘ ਨੇ ਖੜਕੇ ਦੀ ਆਵਾਜ਼ ਸੁਣ ਕੇ ਇਨ੍ਹਾਂ ਦੋਸ਼ੀਆਂ ਵੱਲ ਟਾਰਚ ਮਾਰੀ ਅਤੇ ਇਨ੍ਹਾਂ ਨੂੰ ਪਹਿਚਾਣ ਲਿਆ ਤਾਂ ਉਕਤ ਤਿੰਨੇ ਦੋਸ਼ੀਆਂ ਨੇ ਬਲਦੇਵ ਸਿੰਘ ਨੂੰ ਫੜਕੇ ਮੰਜੇ ਤੇ ਸੁੱਟ ਲਿਆ ਅਤੇ ਉਸ ਦੇ ਹੱਥ ਪੈਰ ਅਤੇ ਮੂੰਹ ਬੰਨ੍ਹ ਕੇ ਡੰਡੇ ਵਗੈਰਾ ਨਾਲ ਕੁੱਟਮਾਰ ਕਰਕੇ ਉਸ ਦਾ ਕਤਲ ਕਰ ਦਿੱਤਾ ਅਤੇ ਜਾਂਦੇ ਸਮੇਂ ਫਾਰਮ ਹਾਊਸ ਦੇ ਗੇਟ ਦੀ ਚਾਬੀ ਅਤੇ ਮ੍ਰਿਤਕ ਦਾ ਪਰਸ ਆਪਣੇ ਨਾਲ ਲੈ ਗਏ। ਜਿਨ੍ਹਾਂ ਪਾਸੋਂ ਵਾਰਦਾਤ ਵਿੱਚ ਵਰਤਿਆ ਮੋਟਰਸਾਈਕਲ, ਡੰਡਾ, ਚੋਰੀ ਕੀਤਾ ਪਰਸ ਅਤੇ ਗੇਟ ਦੀ ਚਾਬੀ ਬਰਾਮਦ ਕੀਤੀ ਗਈ ਹੈ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।