Patiala to get clean drinking water with 18 CR project

November 19, 2018 - PatialaPolitics

ਪਟਿਆਲਵੀਆਂ ਨੂੰ ਦਰਪੇਸ਼ ਪੀਣ ਵਾਲੇ ਪਾਣੀ ਦੀ ਘਾਟ ਦੀ ਸਮੱਸਿਆ ਤੇ ਸੀਵਰੇਜ ਜਾਮ ਕਰਨ ਪੈਦਾ ਹੁੰਦੀਆਂ ਮੁਸ਼ਕਿਲਾਂ ਤੋਂ ਨਿਜਾਤ ਦਿਵਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਿਸ਼ੇਸ਼ ਪਹਿਲਕਦਮੀ ‘ਤੇ ਉਲੀਕੇ ਗਏ ਕਰੀਬ 18 ਕਰੋੜ ਰੁਪਏ ਦੇ ਪ੍ਰਾਜੈਕਟ ਦੀ ਰਸਮੀ ਸ਼ੁਰੂਆਤ ਅੱਜ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਨੇ ਇੱਥੇ ਲੱਕੜ ਮੰਡੀ ਵਿਖੇ ਟੱਕ ਲਗਾ ਕੇ ਕੀਤੀ।

ਇਸ ਮੌਕੇ ਆਪਣੇ ਸੰਬੋਧਨ ‘ਚ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਸਵਾ ਸਾਲਾਂ ‘ਚ ਪਟਿਆਲਾ ਸਮੇਤ ਪੰਜਾਬ ਭਰ ‘ਚ ਇਤਿਹਾਸਕ ਵਿਕਾਸ ਕਾਰਜ ਕੀਤੇ ਗਏ ਹਨ ਪਰੰਤੂ ਇਸ ਦਾ ਸਿਹਰਾ ਪਟਿਆਲਵੀਆਂ ਨੂੰ ਜਾਂਦਾ ਹੈ, ਜਿਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਤਾਕਤ ਬਖ਼ਸ਼ੀ, ਜਿਸ ਲਈ ਇਹ ਵਿਸ਼ੇਸ਼ ਧੰਨਵਾਦ ਦੇ ਹੱਕਦਾਰ ਹਨ। ਉਨ੍ਹਾਂ ਦੱਸਿਆ ਕਿ ਅੱਜ ਜਿਸ ਪ੍ਰਾਜੈਕਟ ਦੀ ਸ਼ੁਰੂਆਤ ਹੋਈ ਹੈ ਇਸ ਨਾਲ 36 ਕਿਲੋਮੀਟਰ ਸੀਵਰ ਲਾਇਨਾਂ ਅਤੇ 37 ਕਿਲੋਮੀਟਰ ਪਾਣੀ ਦੀਆਂ ਪਾਇਪ ਲਾਇਨਾਂ ਦਾ ਨਵੀਨੀਕਰਨ ਹੋਵੇਗਾ।
ਸ੍ਰੀਮਤੀ ਪਰਨੀਤ ਕੌਰ ਨੇ ਦੱਸਿਆ ਕਿ ਸ਼ਹਿਰ ਵਿੱਚ ਸੀਵਰੇਜ ਤੇ ਪਾਣੀ ਸਪਲਾਈ ਦੀਆਂ ਲਾਇਨਾਂ ਆਪਣੀ ਮਿਆਦ ਪੁਗਾ ਚੁੱਕੀਆਂ ਸਨ ਪ੍ਰੰਤੂ ਪਿਛਲੇ 10 ਸਾਲਾਂ ‘ਚ ਇਸ ਵੱਲ ਕਿਸੇ ਦਾ ਧਿਆਨ ਨਹੀਂ ਗਿਆ, ਜਿਸ ਕਰਕੇ ਪਟਿਆਲਾ ਵਾਸੀਆਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰੰਤੂ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਨੇ ਸ਼ਹਿਰ ਦੀ ਨੁਹਾਰ ਬਦਲਣ ਦਾ ਫੈਸਲਾ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਨਾਲ 18 ਕਲੋਨੀਆਂ ਨੂੰ ਸੀਵਰੇਜ ਜਾਮ ਦੀ ਸਮੱਸਿਆ ਅਤੇ 14 ਕਲੋਨੀਆਂ ਨੂੰ ਪਾਣੀ ਸਪਲਾਈ ਦੀ ਸਮੱਸਿਆ ਤੋਂ ਨਿਜਾਤ ਮਿਲ ਜਾਵੇਗੀ। ਉਨ੍ਹਾਂ ਨੇ ਇਸ ਮੌਕੇ ਭਾਰਤ ਦੇ ਮਰਹੂਮ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਦੇ ਜਨਮ ਦਿਨ ਦੀ ਵੀ ਵਧਾਈ ਦਿੱਤੀ।

ਇਸ ਮੌਕੇ ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਟਿਆਲਾ ਸ਼ਹਿਰ ਦੇ ਸਾਰੇ ਵਿਕਾਸ ਕਾਰਜਾਂ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ ਅਤੇ ਇਸ ਸ਼ਹਿਰ ‘ਚ ਪਿਛਲੇ ਸਾਲਾਂ ਨਾਲ ਹੋਏ ਮਤਰੇਈ ਮਾਂ ਵਾਲੇ ਸਲੂਕ ਤੋਂ ਛੁਟਕਾਰਾ ਦਿਵਾ ਦਿੱਤਾ ਗਿਆ ਹੈ। ਸ੍ਰੀ ਸ਼ਰਮਾ ਨੇ ਅਫ਼ਸੋਸ ਜਤਾਇਆ ਕਿ ਪਿਛਲੀ ਸਰਕਾਰ ਸਮੇਂ ਕਿਸੇ ਸੱਤਾਧਾਰੀ ਸਥਾਨਕ ਆਗੂ ਨੇ ਸ਼ਹਿਰ ਦੇ ਵਿਕਾਸ ਲਈ ਹਾਅ ਦਾ ਨਾਅਰਾ ਨਹੀਂ ਮਾਰਿਆ ਜਿਸ ਸਦਕਾ ਤਤਕਾਲੀ ਮੁੱਖ ਮੰਤਰੀ ਵੱਲੋਂ 2007 ‘ਚ ਕੁਝ ਦਿਨਾਂ ਲਈ ਗੋਦ ‘ਚ ਲਏ ਪਟਿਆਲਾ ਸ਼ਹਿਰ ਦੀਆਂ ਕੀਮਤੀ ਜਮੀਨਾਂ ਵੇਚ ਕੇ 200 ਕਰੋੜ ਰੁਪਏ ਤੋਂ ਜਿਆਦਾ ਫੰਡ ਹੋਰਨਾਂ ਸ਼ਹਿਰਾਂ ‘ਚ ਭੇਜ ਕੇ ਖੁਰਦ ਬੁਰਦ ਕਰ ਦਿੱਤੇ ਗਏ।

ਸ੍ਰੀ ਸ਼ਰਮਾ ਨੇ ਪਟਿਆਲਾ ਸ਼ਹਿਰ ‘ਚ ਚੱਲ ਰਹੇ ਵਿਕਾਸ ਕਾਰਜਾਂ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਹੁਣ ਪੰਜਾਬ ਸਰਕਾਰ ਨੇ ਸ਼ਹਿਰ ਦੇ ਵਿਕਾਸ ਲਈ ਕਰਜੇ ਦੀ ਥਾਂ ਗ੍ਰਾਂਟ ਦਿੱਤੀ ਹੈ ਅਤੇ 100 ਕਰੋੜ ਰੁਪਏ ਪਹਿਲਾਂ ਮਿਲੇ, 32 ਕਰੋੜ ਰੁਪਏ ਦੀ ਹੋਰ ਗ੍ਰਾਂਟ ਮਿਲੀ, 2004 ‘ਚ ਮਨਜੂਰ ਹੋਏ ਬਿਜਲੀ ਗਰਿਡ ਲਈ 18 ਕਰੋੜ ਰੁਪਏ ਤੇ 900 ਕਰੋੜ ਰੁਪਏ ਦੇ ਪੀਣ ਵਾਲਾ ਨਹਿਰੀ ਪਾਣੀ ਦਾ ਪ੍ਰਾਜੈਕਟ ਮਨਜੂਰ ਹੋ ਚੁੱਕਾ ਹੈ। 2 ਕਰੋੜ ਰੁਪਏ ਨਾਲ ਸੀਵਰੇਜ ਲਾਇਨਾਂ ਨਾਲ ਸਫ਼ਾਈ ਕਰਵਾਈ ਤੇ ਹੁਣ ਮੋਹਾਲੀ ਨਾਲ ਰਲਕੇ ਕੂੜਾ ਪ੍ਰਬੰਧਨ ਦਾ ਕੰਮ ਵੀ ਅਗਲੇ ਮਹੀਨੇ ਸ਼ੁਰੂ ਹੋਣ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇੱਕ ਸਾਲ ਦਾ ਸਮਾਂ ਤਾਂ ਪਿਛਲੇ ਸਮੇਂ ਦੀਆਂ ਹੋਈਆਂ ਗ਼ਲਤੀਆਂ ਨੂੰ ਠੀਕ ਕਰਨ ‘ਤੇ ਲੱਗ ਗਿਆ ਪਰ ਹੁਣ ਸ਼ਹਿਰ ‘ਚ ਵਿਕਾਸ ਕਾਰਜ ਪੂਰੀ ਗਤੀ ‘ਤੇ ਸ਼ੁਰੂ ਹੋ ਚੁੱਕੇ ਹਨ।

ਇਸ ਤੋਂ ਪਹਿਲਾਂ ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ, ਸ਼ਹਿਰੀ ਕਾਂਗਰਸ ਪ੍ਰਧਾਨ ਸ੍ਰੀ ਪੀ.ਕੇ. ਪੁਰੀ ਤੇ ਕਾਂਗਰਸ ਦੇ ਸਕੱਤਰ ਸ੍ਰੀ ਸੰਤ ਬਾਂਗਾ ਨੇ ਸੰਬੋਧਨ ਕਰਦਿਆਂ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਕੈਪਟਨ ਅਮਰਿੰਦਰ ਸਿੰਘ, ਸ੍ਰੀਮਤੀ ਪਰਨੀਤ ਕੌਰ ਅਤੇ ਕੈਬਨਿਟ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੂੰ ਸਿਹਰਾ ਦਿੰਦਿਆਂ ਧੰਨਵਾਦ ਕੀਤਾ। ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਸ੍ਰੀ ਯੋਗਿੰਦਰ ਸਿੰਘ ਯੋਗੀ ਨੇ ਸਵਾਗਤ ਕਰਦਿਆਂ ਅੱਜ ਸ਼ੁਰੂ ਹੋਏ ਪ੍ਰਾਜੈਕਟ ਦੀ ਜਾਣਕਾਰੀ ਦਿੱਤੀ ਤੇ ਕੌਂਸਲਰ ਸ੍ਰੀ ਹਰਵਿੰਦਰ ਸਿੰਘ ਨਿੱਪੀ ਨੇ ਮੰਚ ਸੰਚਾਲਣ ਕੀਤਾ।
ਇਸ ਮੌਕੇ ਮੁੱਖ ਮੰਤਰੀ ਦੇ ਓ.ਐਸ.ਡੀ. ਸ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਡਿਪਟੀ ਮੇਅਰ ਸ੍ਰੀਮਤੀ ਵਿਨਤੀ ਸੰਗਰ, ਸ਼ਹਿਰੀ ਕਾਂਗਰਸ ਪ੍ਰਧਾਨ ਸ੍ਰੀ ਪੀ.ਕੇ. ਪੁਰੀ, ਬਲਾਕ ਪ੍ਰਧਾਨ ਕੇ.ਕੇ. ਮਲਹੋਤਰਾ, ਨਰੇਸ਼ ਦੁੱਗਲ, ਨੰਦ ਲਾਲ ਗੁਰਾਬਾ, ਸੋਨੂ ਸੰਗਰ, ਕੌਂਸਲਰ ਜਸਪਾਲ ਕੌਰ, ਸੋਨੀਆ ਕਪੂਰ, ਮੋਨਿਕਾ ਸ਼ਰਮਾ, ਵਰਸ਼ਾ ਕਪੂਰ, ਰੋਮਿਲਾ ਮਹਿਤਾ, ਹੈਪੀ ਵਰਮਾ, ਸੰਦੀਪ ਮਲਹੋਤਰਾ, ਰੂਪ ਲਾਲ, ਰਜੇਸ਼ ਮੰਡੋਰਾ, ਵਿਜੇ ਕੂਕਾ, ਇੰਦਰਜੀਤ ਸਿੰਘ ਟੋਨੀ ਬਿੰਦਰਾ, ਅਨੁਜ ਖੋਸਲਾ, ਕੇ.ਕੇ. ਸਹਿਗਲ, ਗਿੰਨੀ ਨਾਗਪਾਲ, ਰਿਚੀ ਡਕਾਲਾ, ਹਰਵਿੰਦਰ ਸ਼ੁਕਲਾ, ਵਿਸ਼ਵਾਸ਼ ਸੈਣੀ, ਸੁਰਿੰਦਰਜੀਤ ਸਿੰਘ ਵਾਲੀਆ, ਬਲਵਿੰਦਰ ਬਿੱਲੂ ਬੇਦੀ, ਕੁਲਦੀਪ ਸਿੰਘ ਖ਼ਾਲਸਾ, ਨਿਖਿਲ ਸ਼ੇਰੂ ਪੰਡਿਤ, ਅਸ਼ਵਨੀ ਕਪੂਰ ਮਿੱਕੀ, ਹਰੀਸ਼ ਕਪੂਰ, ਅਸ਼ੋਕ ਖੰਨਾ, ਸ਼ਿਵਾਨੀ ਮਲਹੋਤਰਾ, ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਸ੍ਰੀ ਅੰਕੁਰ ਮਹਿੰਦਰੂ, ਐਸ.ਸੀ. ਇੰਜ. ਐਮ.ਐਮ. ਸਿਆਲ, ਐਕਸੀਐਨ ਸ਼ਾਮ ਲਾਲ ਗੁਪਤਾ ਤੇ ਸੁਰੇਸ਼ ਕੁਮਾਰ ਸਮੇਤ ਵੱਡੀ ਗਿਣਤੀ ‘ਚ ਸਥਾਨਕ ਵਾਸੀ ਤੇ ਹੋਰ ਪਤਵੰਤੇ ਮੌਜੂਦ ਸਨ।