Patiala Police solves Patran killing within 20 hours

November 24, 2018 - PatialaPolitics

ਪਟਿਆਲਾ ਪੁਲਿਸ ਨੇ ਨਾਭਾ ਬੈਂਕ ਡਕੈਤੀ ਨੂੰ ਕੁਝ ਘੰਟਿਆਂ ‘ਚ ਹੀ ਸਫ਼ਲਤਾ ਪੂਰਵਕ ਹੱਲ ਕਰਨ ਦੇ ਮਾਮਲੇ ਮਗਰੋਂ ਪਾਤੜਾਂ ਦੀ ਅਨਾਜ ਮੰਡੀ ਵਿਖੇ ਬੀਤੇ ਦਿਨ ਇੱਕ ਆੜਤੀ ਦੇ ਮੁਨੀਮ ਨੂੰ ਤੇਜਧਾਰ ਹਥਿਆਰਾਂ ਨਾਲ ਕਤਲ ਕਰਕੇ ਢਾਈ ਲੱਖ ਰੁਪਏ ਤੋਂ ਵੱਧ ਦੀ ਰਕਮ ਲੁੱਟਣ ਦੇ ਇੱਕ ਹੋਰ ਮਾਮਲੇ ਨੂੰ ਕੇਵਲ 20 ਘੰਟਿਆਂ ਦੇ ਅੰਦਰ ਹੀ ਹੱਲ ਕਰਨ ‘ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਇਹ ਜਾਣਕਾਰੀ ਪਟਿਆਲਾ ਦੇ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਅੱਜ ਸ਼ਾਮ ਇਥੇ ਪੁਲਿਸ ਲਾਇਨ ਵਿਖੇ ਪ੍ਰੈਸ ਕਾਨਫਰੰਸ ਕਰਦਿਆਂ ਦਿੱਤੀ। ਉਨ੍ਹਾਂ ਨੇ ਇਸ ਮੌਕੇ ਆਮ ਲੋਕਾਂ ਤੇ ਦੁਕਾਨਦਾਰਾਂ ਨੂੰ ਆਪਣੇ ਘਰਾਂ ਤੇ ਕਾਰੋਬਾਰੀ ਸਥਾਨਾਂ ਵਿਖੇ ਸੀ.ਸੀ.ਟੀ.ਵੀ. ਕੈਮਰੇ ਲਾਉਣ ਦੀ ਵੀ ਅਪੀਲ ਕੀਤੀ।

ਐਸ.ਐਸ.ਪੀ. ਨੇ ਦੱਸਿਆ ਕਿ ਇਸ ਡਕੈਤੀ ਦੇ ਮੁੱਖ ਦੋਸ਼ੀ ਨੂੰ ਵਾਰਦਾਤ ‘ਚ ਵਰਤਿਆ ਇੱਕ ਚਾਕੂ, ਜੁਪੀਟਰ ਸਕੂਟਰ ਸਮੇਤ ਲੁੱਟੀ 2.51 ਲੱਖ ਰੁਪਏ ਦੀ ਨਗ਼ਦੀ ਸਮੇਤ ਵਾਰਦਾਤ ਮਗਰੋਂ ਕੁਝ ਘੰਟਿਆਂ ‘ਚ ਹੀ ਗ੍ਰਿਫ਼ਤਾਰ ਕਰਕੇ ਇਸ ਲੁੱਟ ਅਤੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਸ. ਸਿੱਧੂ ਨੇ ਦੱਸਿਆ ਕਿ ਮਿਤੀ 23 ਨਵੰਬਰ 2018 ਨੂੰ ਅਨਾਜ ਮੰਡੀ ਪਾਤੜਾਂ ਵਿਖੇ ਮਲਕੀਤ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਪਾਤੜਾਂ ਦੀ ਆੜ੍ਹਤ ਦੀ ਦੁਕਾਨ ‘ਤੇ ਮੁਨੀਮ ਵਜੋਂ ਕੰਮ ਕਰਦੇ 40 ਸਾਲਾ ਹਿਸ਼ਮਾ ਰਾਮ ਪੁੱਤਰ ਮੁਖਤਿਆਰ ਸਿੰਘ ਵਾਸੀ ਬੰਗਾ ਥਾਣਾ ਮੂਣਕ ਜ਼ਿਲ੍ਹਾ ਸੰਗਰੂਰ ਦਾ ਕਤਲ ਕਰ ਦਿੱਤਾ ਗਿਆ ਸੀ, ਜਿਸ ਸਬੰਧੀ ਮੁਕੱਦਮਾ ਨੰਬਰ 319 ਮਿਤੀ 23.11.2018 ਅ/ਧ 454,302,382 ਹਿੰ:ਦੰ: ਥਾਣਾ ਪਾਤੜਾਂ ਦਰਜ ਕੀਤਾ ਗਿਆ ਸੀ।
ਐਸ.ਐਸ.ਪੀ. ਨੇ ਦੱਸਿਆ ਕਿ ਇਸ ਵਾਰਦਾਤ ਨੂੰ ਹੱਲ ਕਰਨ ਲਈ ਉਨ੍ਹਾਂ ਨੇ ਐਸ.ਪੀ. ਜਾਂਚ ਸ. ਮਨਜੀਤ ਸਿੰਘ ਬਰਾੜ ਦੀ ਨਿਗਰਾਨੀ ਹੇਠ ਡੀ.ਐਸ.ਪੀ. ਪਾਤੜਾਂ ਪ੍ਰਿਤਪਾਲ ਸਿੰਘ ਘੁੰਮਣ ਦੀ ਅਗਵਾਈ ਹੇਠ ਇਕ ਵਿਸ਼ੇਸ਼ ਟੀਮ ਦਾ ਗਠਨ ਕੀਤਾ। ਉਨ੍ਹਾਂ ਦੱਸਿਆ ਇਸ ਟੀਮ ਵੱਲੋਂ ਪੇਸ਼ੇਵਰਾਨਾ ਕਾਬਲੀਅਤ ਦਿਖਾਉਂਦਿਆਂ ਮੁਸ਼ਤੈਦੀ ਨਾਲ ਇਸ ਕੇਸ ਦੀ ਤਫ਼ਤੀਸ਼ ਕਰਦਿਆਂ ਇਸ ਮੁਕਦਮੇ ਨੂੰ ਹੱਲ ਕਰਨ ‘ਚ ਸਫ਼ਲਤਾ ਹਾਸਲ ਕੀਤੀ ਅਤੇ ਇਸ ਮਾਮਲੇ ‘ਚ 38 ਸਾਲਾ ਹਰਵਿੰਦਰ ਸਿੰਘ ਉਰਫ ਸ਼ਿੰਦੀ ਪੁੱਤਰ ਜਰਨੈਲ ਸਿੰਘ ਵਾਸੀ ਡੇਰਾ ਗੋਬਿੰਦਰਪੁਰਾ, ਸ਼ੁਤਰਾਣਾ ਥਾਣਾ ਪਾਤੜਾਂ ਨੂੰ ਕਾਬੂ ਕਰਕੇ ਉਸ ਪਾਸੋ ਖੋਹ ਕੀਤੀ 2,51,000 ਰੁਪਏ ਦੀ ਨਗਦੀ, ਇੱਕ ਜੂਪੀਟਰ ਸਕੂਟਰ ਅਤੇ ਵਾਰਦਾਤ ਵਿੱਚ ਵਰਤਿਆ ਚਾਕੂ ਬ੍ਰਾਮਦ ਕਰ ਲਿਆ ਹੈ।
ਸ. ਸਿੱਧੂ ਨੇ ਦੱਸਿਆ ਕਿ ਇਹ ਵਾਰਦਾਤ ਉਸ ਸਮੇਂ ਵਾਪਰੀ ਜਦੋਂ ਦੁਕਾਨ ਦਾ ਮਾਲਕ ਦੁਪਹਿਰ ਸਮੇਂ ਰੋਟੀ ਖਾਣ ਲਈ ਘਰ ਗਿਆ ਪਰ ਵਾਪਸੀ ‘ਤੇ ਉਸਨੇ ਦੇਖਿਆ ਕਿ ਉਸ ਦਾ ਮੁਨੀਮ ਹਿਸ਼ਮਾ ਰਾਮ ਖ਼ੂਨ ਨਾਲ ਲੱਥ ਪੱਥ ਸੀ ਤੇ ਦੁਕਾਨ ‘ਚੋ ਰੁਪਏ ਲੁੱਟੇ ਜਾ ਚੁੱਕੇ ਸਨ, ਜਖ਼ਮੀ ਮੁਨੀਮ ਨੂੰ ਇਲਾਜ ਲਈ ਹਸਪਤਾਲ ਲਿਜਾਂਦੇ ਸਮੇਂ ਹੀ ਉਸਦੀ ਮੌਤ ਹੋ ਗਈ ਸੀ।
ਸ. ਸਿੱਧੂ ਨੇ ਦੱਸਿਆ ਕਿ ਪੁਲਿਸ ਨੇ ਜਦੋਂ ਇਸ ਵਾਰਦਾਤ ਨੂੰ ਹੱਲ ਕਰਨ ਲਈ ਤਫ਼ਤੀਸ਼ ਕੀਤੀ ਤਾਂ ਸਾਹਮਣੇ ਆਇਆ ਕਿ ਜਦੋਂ ਦੋਸ਼ੀ ਨੇ ਇਸ ਮੁਨੀਮ ਦੇ ਗਲ ‘ਤੇ ਇੱਕ ਚਾਕੂ, ਜੋਕਿ ਇਹ ਇੱਕ ਮੇਲੇ ਤੋਂ ਖਰੀਦ ਕੇ ਲਿਆਇਆ ਸੀ, ਨਾਲ ਵਾਰ ਕੀਤਾ ਤਾਂ ਉਸਦਾ ਖ਼ੂਨ ਇਸਦੇ ਕੱਪੜਿਆਂ ਅਤੇ ਲੁੱਟੇ ਰੁਪਿਆ ‘ਤੇ ਵੀ ਲੱਗ ਗਿਆ ਅਤੇ ਇਸ ਦੀ ਘਬਰਾਹਟ ਦੌਰਾਨ ਇਹ 2 ਲੱਖ 5 ਹਜ਼ਾਰ ਰੁਪਏ ਤਾਂ ਵਾਰਦਾਤ ਵਾਲੀ ਥਾਂ ‘ਤੇ ਹੀ ਸੁੱਟ ਗਿਆ। ਉਨ੍ਹਾਂ ਦੱਸਿਆ ਕਿ ਪਰੰਤੂ ਪੁਲਿਸ ਨੇ ਇਸਨੂੰ ਕਾਬੂ ਕਰਨ ‘ਚ ਸਫ਼ਲਤਾ ਹਾਸਲ ਕਰ ਲਈ। ਉਨ੍ਹਾਂ ਦੱਸਿਆ ਕਿ ਦੋਸ਼ੀ ਇਸ ਆੜਤ ਦੀ ਦੁਕਾਨ ‘ਤੇ ਪਹਿਲਾਂ ਵੀ ਆਉਂਦਾ ਜਾਂਦਾ ਰਹਿੰਦਾ ਸੀ ਅਤੇ ਉਹ ਦੋ ਬੱਚਿਆਂ ਦਾ ਪਿਤਾ ਹੈ।
ਐਸ.ਐਸ.ਪੀ. ਨੇ ਕਿਹਾ ਕਿ ਉਹ ਹਰ ਵਾਰ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਆਪਣੇ ਘਰਾਂ, ਦੁਕਾਨਾਂ ਅਤੇ ਮੰਡੀਆਂ ਵਿਖੇ ਸੀ.ਸੀ.ਟੀ.ਵੀ. ਕੈਮਰੇ ਜਰੂਰ ਲਾਉਣ ਕਿਉਂਕਿ ਇਸ ਵਾਰਦਾਤ ਦੌਰਾਨ ਵੀ ਨਾਭਾ ਦੀ ਤਰ੍ਹਾਂ ਪਾਤੜਾਂ ਦੀ ਅਨਾਜ ਮੰਡੀ ‘ਚ ਕੈਮਰੇ ਨਾ ਲੱਗੇ ਹੋਣ ਕਾਰਨ ਦੋਸ਼ੀ ਦਾ ਇਸ ਨੂੰ ਅੰਜਾਮ ਦੇਣ ਦਾ ਹੌਂਸਲਾ ਪਿਆ। ਉਨ੍ਹਾਂ ਕਿਹਾ ਇਸ ਅਨਾਜ ਮੰਡੀ ‘ਚ 150 ਤੋਂ ਵਧ ਦੁਕਾਨਾਂ ਹਨ, ਜਿਥੇ ਕਰੋੜਾਂ ਰੁਪਏ ਦਾ ਲੈਣ ਦੇਣ ਹੁੰਦਾ ਹੈ ਪਰ ਇੱਕ ਵੀ ਕੈਮਰੇ ਇੱਥ ਨਹੀਂ ਲੱਗਿਆ ਹੋਇਆ। ਇਸ ਲਈ ਸਮੂਹ ਕਾਰੋਬਾਰੀ ਤੇ ਮਾਰਕੀਟਾਂ ‘ਚ ਸੀ.ਸੀ.ਟੀ.ਵੀ. ਕੈਮਰੇ ਜਰੂਰ ਲਗਵਾਏ ਜਾਣ।
ਇਸ ਮੌਕੇ ਐਸ.ਪੀ. ਜਾਂਚ ਸ. ਮਨਜੀਤ ਸਿੰਘ ਬਰਾੜ, ਡੀ.ਐਸ.ਪੀ ਪਾਤੜਾਂ ਸ੍ਰੀ ਪ੍ਰੀਤਪਾਲ ਸਿੰਘ ਘੁੰਮਣ, ਇੰਚਾਰਜ ਸੀ.ਆਈ.ਏ ਸਮਾਣਾ ਇੰਸਪੈਕਟਰ ਵਿਜੇ ਕੁਮਾਰ, ਐਸ.ਐਚ.ਓ. ਥਾਣਾ ਸਦਰ ਪਾਤੜਾਂ ਇੰਸਪੈਕਟਰ ਰਣਬੀਰ ਸਿੰਘ ਤੇ ਹੋਰ ਅਧਿਕਾਰੀ ਮੌਜੂਦ ਸਨ।