Police rule our terror angle in biker’s case
November 28, 2018 - PatialaPolitics
ਪਟਿਆਲਾ ਪੁਲਿਸ ਨੇ ਸਥਾਨਕ ਸ੍ਰੀ ਕਾਲੀ ਮਾਤਾ ਮੰਦਿਰ ਨੇੜੇ ਮੂੰਹ ‘ਤੇ ਕਪੜਾ ਬੰਨ੍ਹ ਕੇ ਮੋਟਰਸਾਈਕਲ ‘ਤੇ ਘੁਮਦੇ ਦੋ ਵਿਅਕਤੀਆਂ ਦੀ ਤਸਦੀਕ ਕੀਤੀ ਹੈ। ਪੁਲਿਸ ਵੱਲੋਂ ਕੀਤੀ ਗਈ ਜਾਂਚ-ਪੜਤਾਲ ਤੋਂ ਇਹ ਸਾਹਮਣੇ ਆਇਆ ਹੈ ਕਿ ਇਨ੍ਹਾਂ ਦੋਵਾਂ ਵਿਅਕਤੀਆਂ ਦਾ ਗੈਰ-ਸਮਾਜਿਕ ਗਤੀਵਿਧੀਆਂ ਨਾਲ ਕੋਈ ਸਬੰਧ ਨਹੀ ਹੈ। ਇਸ ਤੋਂ ਬਿਨ੍ਹਾਂ ਡਿਪਟੀ ਕਮਿਸਨਰ ਸ੍ਰੀ ਕੁਮਾਰ ਅਮਿਤ ਅਤੇ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਖ਼ੁਦ ਹੋਰਨਾਂ ਅਧਿਕਾਰੀਆਂ ਨਾਲ ਜਾ ਕੇ ਸ੍ਰੀ ਕਾਲੀ ਮਾਤਾ ਮੰਦਿਰ ਦੀ ਸੁਰੱਖਿਆ ਦਾ ਜਾਇਜਾ ਲਿਆ ਤੇ ਸੁਰੱਖਿਆ ਦੀ ਸਮੀਖਿਆ ਕੀਤੀ। ਇਹ ਜਾਣਕਾਰੀ ਪਟਿਆਲਾ ਦੇ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਦਿੱਤੀ।
ਸ. ਸਿੱਧੂ ਨੇ ਦੱਸਿਆ ਕਿ ਬੀਤੇ ਦਿਨ ਦੀ ਇਸ ਘਟਨਾ ਬਾਬਤ ਪੁਲਿਸ ਵੱਲੋਂ ਕੀਤੀ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਇਹ ਵਿਅਕਤੀ ਕਿਸੇ ਸਮਾਗਮ ਉਪਰੰਤ ਘਰ ਲਈ ਲੰਗਰ ਲੈ ਕੇ ਆ ਰਹੇ ਸਨ ਤਾਂ ਇਸੇ ਦੌਰਾਨ ਰਸਤੇ ‘ਚ ਇੰਨ੍ਹਾ ਦਾ ਆਪਣੇ ਘਰ ਵਾਲਿਆਂ ਨਾਲ ਫੋਨ ‘ਤੇ ਸੰਪਰਕ ਹੋਇਆ ਤੇ ਇੰਨ੍ਹਾਂ ਦੇ ਘਰਦਿਆਂ ਨੇ ਦੱਸਿਆ ਕਿ ਉਹ ਕਿਤੇ ਬਾਹਰ ਸਮਾਗਮ ‘ਤੇ ਜਾ ਰਹੇ ਹਨ। ਇਸ ਲਈ ਇਹ ਉਹ ਲੰਗਰ ਸ੍ਰੀ ਕਾਲੀ ਮਾਤਾ ਮੰਦਿਰ ਦੇ ਬਾਹਰ ਬੈਠੇ ਗਰੀਬ ਵਿਅਕਤੀਆਂ ਨੂੰ ਦੇ ਦੇਣ ਅਤੇ ਇਹ ਵਿਅਕਤੀ ਨਾਲ ਲਿਆਂਦਾ ਲੰਗਰ ਇੱਥੇ ਵਰਤਾਉਣ ਉਪਰੰਤ ਉੱਥੋ ਚਲੇ ਗਏ, ਪਰੰਤੂ ਇਨ੍ਹਾਂ ਦੇ ਮੁੰਹ ‘ਤੇ ਰੁਮਾਲ ਬੰਨ੍ਹੇ ਹੋਣ ਕਾਰਨ ਉਨ੍ਹਾਂ ਦੀ ਗਤੀਵਿਧੀ ਸ਼ੱਕ ਦੇ ਘੇਰੇ ਵਿੱਚ ਆ ਗਈ ਸੀ ਪਰ ਪੜਤਾਲ ਕਰਨ ‘ਤੇ ਇਹ ਪਾਇਆ ਗਿਆ ਕਿ ਇਨ੍ਹਾਂ ਦਾ ਗ਼ੈਰ ਸਮਾਜੀ ਗਤੀਵਿਧੀਆਂ ਨਾਲ ਕੋਈ ਸਬੰਧ ਨਹੀਂ ਹੈ।
ਇਸ ਤੋਂ ਇਲਾਵਾ ਅੱਜ ਡਿਪਟੀ ਕਮਿਸਨਰ ਸ੍ਰੀ ਕੁਮਾਰ ਅਮਿਤ ਅਤੇ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਖ਼ੁਦ ਹੋਰਨਾਂ ਅਧਿਕਾਰੀਆਂ ਨਾਲ ਜਾ ਕੇ ਸ੍ਰੀ ਕਾਲੀ ਮਾਤਾ ਮੰਦਿਰ ਦੀ ਸੁਰੱਖਿਆ ਦਾ ਜਾਇਜਾ ਲਿਆ ਅਤੇ ਸੁਰੱਖਿਆ ਦੀ ਸਮੀਖਿਆ ਕੀਤੀ। ਐਸ.ਐਸ.ਪੀ. ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕੀਤੇ ਗਏ ਦੌਰੇ ਮੌਕੇ ਇਹ ਪਾਇਆ ਗਿਆ ਕਿ ਮੰਦਿਰ ਵਿਖੇ ਪਹਿਲਾਂ ਵੀ ਕਾਫੀ ਸੀ.ਸੀ.ਟੀ.ਵੀ ਕੈਮਰੇ ਲੱਗੇ ਹੋਏ ਹਨ ਪਰ ਸੁਰੱਖਿਆ ਨੂੰ ਹੋਰ ਪੁਖਤਾ ਕਰਨ ਲਈ ਮੰਦਿਰ ਦੀ ਕਮੇਟੀ ਨਾਲ ਮੀਟਿੰਗ ਕਰਕੇ ਇਹ ਵਿਚਾਰ ਵਟਾਂਦਰਾ ਕੀਤਾ ਗਿਆ ਕਿ ਪਹਿਲਾਂ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਤੋ ਇਲਾਵਾ ਮੰਦਿਰ ਨੂੰ ਆਉਣ-ਜਾਣ ਵਾਲੇ ਰਸਤਿਆਂ ਸਮੇਤ ਹੋਰ ਅਹਿਮ ਸਥਾਨਾਂ ‘ਤੇ ਹੋਰ ਨਵੇਂ ਸੀ.ਸੀ.ਟੀ.ਵੀ ਕੈਮਰੇ ਲਗਾਏ ਜਾਣਗੇ।
ਇਸ ਮੌਕੇ ਉਨ੍ਹਾਂ ਦੇ ਨਾਲ ਐਸ.ਪੀ. ਸਥਾਨਕ ਸ. ਹਰਵਿੰਦਰ ਸਿੰਘ ਵਿਰਕ, ਐਸ.ਪੀ. ਜਾਂਚ ਸ. ਮਨਜੀਤ ਸਿੰਘ ਬਰਾੜ, ਐਸ.ਪੀ. ਸੁਰੱਖਿਆ ਅਤੇ ਟ੍ਰੈਫਿਕ ਸ. ਹਰਮੀਤ ਸਿੰਘ ਹੁੰਦਲ, ਐਸ.ਪੀ. ਸਿਟੀ ਸ. ਕੇਸਰ ਸਿੰਘ, ਡੀ.ਐਸ.ਪੀ. ਸਿਟੀ-1 ਸ੍ਰੀ ਯੋਗੇਸ ਸਰਮਾ, ਡੀ.ਐਸ.ਪੀ. ਟ੍ਰੈਫਿਕ ਸ੍ਰੀ ਸੌਰਵ ਜਿੰਦਲ, ਐਸ.ਐਚ.ਓ. ਕੋਤਵਾਲੀ ਇੰਸਪੈਕਟਰ ਰਾਹੁਲ ਕੌਸਲ ਵੀ ਮੌਜੂਦ ਸਨ।