Teachers protest over in Patiala after Minister assurance
December 1, 2018 - PatialaPolitics
ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਓ.ਪੀ. ਸੋਨੀ ਵੱਲੋਂ ਅੱਜ ਪਟਿਆਲਾ ਵਿਖੇ ਸਾਂਝਾ ਅਧਿਆਪਕ ਮੋਰਚਾ ਦੇ ਪਿਛਲੇ 56 ਦਿਨਾਂ ਤੋਂ ਲਗਾਏ ਧਰਨੇ ਵਿੱਚ ਪਹੁੰਚਕੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਪ੍ਰਵਾਨ ਕਰਨ ਦੇ ਦਿੱਤੇ ਭਰੋਸੇ ਤੋਂ ਬਾਅਦ ਸਾਂਝਾ ਅਧਿਆਪਕ ਮੋਰਚਾ ਵੱਲੋਂ ਧਰਨਾ ਸਮਾਪਤ ਕਰ ਦਿੱਤਾ ਗਿਆ ਹੈ। ਇਸ ਮੌਕੇ ਸਿੱਖਿਆ ਮੰਤਰੀ ਨੇ ਭੁੱਖ ਹੜਤਾਲ ‘ਤੇ ਬੈਠੇ ਅਧਿਆਪਕਾਂ ਨੂੰ ਜੂਸ ਪਲਾਕੇ ਧਰਨਾ ਸਮਾਪਤ ਕਰਵਾਇਆ।
ਅੱਜ ਦੇਰ ਸ਼ਾਮ ਸਿੱਖਿਆ ਮੰਤਰੀ ਸ੍ਰੀ ਓ.ਪੀ. ਸੋਨੀ ਨੇ ਧਰਨਾ ਸਥਾਨ ‘ਤੇ ਪਹੁੰਚਕੇ ਐਲਾਨ ਕੀਤਾ ਕਿ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ 5178 ਵਾਲੇ ਅਧਿਆਪਕਾਂ ਨੂੰ ਜਨਵਰੀ 2019 ਤੋਂ ਪੂਰੀ ਤਨਖਾਹ ਦਿੱਤੀ ਜਾਵੇਗੀ ਅਤੇ ਉਨ੍ਹਾਂ ਵਲੰਟੀਅਰਾਂ ਜੋ 5 ਹਜ਼ਾਰ ਤਨਖਾਹ ਲੈ ਰਹੇ ਹਨ ਉਨ੍ਹਾਂ ਦੀ ਤਨਖਾਹ ਵਿੱਚ ਵੀ 1500 ਰੁਪਏ ਵਾਧਾ ਕਰਨ ਦਾ ਐਲਾਨ ਕੀਤਾ। ਸਿੱਖਿਆ ਮੰਤਰੀ ਨੇ ਕਿਹਾ ਕਿ ਸਾਂਝਾ ਅਧਿਆਪਕ ਮੋਰਚਾ ਦੀਆਂ ਬਾਕੀ ਮੰਗਾਂ ਸਬੰਧੀ ਮੁੱਖ ਮੰਤਰੀ ਨਾਲ ਅਗਲੇ ਹਫ਼ਤੇ ਮੀਟਿੰਗ ਕਰਵਾਈ ਜਾਵੇਗੀ। ਉਨ੍ਹਾਂ ਧਰਨੇ ਮੌਕੇ ਇਹ ਵੀ ਐਲਾਨ ਕੀਤਾ ਕਿ ਜਿਨ੍ਹਾਂ ਅਧਿਆਪਕਾਂ ਦੀਆਂ ਇਸ ਹੜਤਾਲ ਸਮੇਂ ਬਦਲੀਆਂ ਜਾਂ ਮੁਅੱਤਲੀਆਂ ਹੋਈਆਂ ਹਨ ਉਹ ਵੀ ਰੱਦ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਅਧਿਆਪਕ ਸੂਬੇ ਦਾ ਸਰਮਾਇਆ ਹਨ ਤੇ ਸਾਡੇ ਬੱਚਿਆ ਦਾ ਭਵਿੱਖ ਬਣਾਉਣ ਵਿੱਚ ਉਨ੍ਹਾਂ ਦਾ ਵੱਡਾ ਯੋਗਦਾਨ ਹੈ ਇਸ ਲਈ ਅਧਿਆਪਕ ਵਰਗ ਦੀਆਂ ਯੋਗ ਮੰਗਾਂ ਨੂੰ ਹਮਦਰਦੀ ਨਾਲ ਵਿਚਾਰਿਆ ਜਾਵੇਗਾ।
ਇਸ ਮੌਕੇ ਪਟਿਆਲਾ ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ, ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ, ਐਸ.ਪੀ. ਸਿਟੀ ਸ. ਕੇਸਰ ਸਿੰਘ ਅਤੇ ਵੱਖ-ਵੱਖ ਅਧਿਆਪਕ ਅਤੇ ਮੁਲਾਜ਼ਮ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਅਧਿਆਪਕ ਵੀ ਮੌਜੂਦ ਸਨ।