3 arrested in case of murder of father-in-law of IAS officer
December 18, 2018 - PatialaPolitics
ਪਟਿਆਲਾ ਪੁਲਿਸ ਨੇ ਰਾਜਪੁਰਾ ਨੇੜੇ ਬੀਤੀ 18 ਨਵੰਬਰ ਨੂੰ ਸਨਸਨੀਖੇਜ਼ ਢੰਗ ਨਾਲ ਕਤਲ ਕੀਤੇ ਸੇਵਾ ਮੁਕਤ ਐਸ.ਈ. ਸਵਰਨ ਸਿੰਘ ਦੇ ਅੰਨ੍ਹੇ ਕਤਲ ਦੇ ਮਾਮਲੇ ਦੀ ਗੁੱਥੀ ਨੂੰ ਸੁਲਝਾ ਕੇ ਮੁੱਖ ਸਾਜਿਸ਼ਕਾਰ ਸਮੇਤ 2 ਭਾੜੇ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਨ ‘ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਇਸ ਤਰ੍ਹਾਂ ਪਟਿਆਲਾ ਪੁਲਿਸ ਨੇ ਕਰੀਬ 5 ਮਹੀਨਿਆਂ ‘ਚ ਇਹ 15ਵੇਂ ਅੰਨ੍ਹੇ ਕਤਲ ਮਾਮਲੇ ਨੂੰ ਹੱਲ ਕਰਕੇ ਪੰਜਾਬ ‘ਚ ਇੱਕ ਨਵਾਂ ਕੀਰਤੀਮਾਨ ਸਥਾਪਤ ਕੀਤਾ ਹੈ।
ਇਹ ਜਾਣਕਾਰੀ ਪਟਿਆਲਾ ਦੇ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਅੱਜ ਇਥੇ ਪੁਲਿਸ ਲਾਇਨ ਵਿਖੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਕਤਲ ਦਾ ਮੁੱਖ ਸਾਜਿਸ਼ਕਾਰ 41 ਸਾਲਾ ਜਗਤਾਰ ਸਿੰਘ 10ਵੀਂ ਪਾਸ ਤੇ 2008 ‘ਚ ਕੇਵਲ ਡੇਢ ਕਿੱਲੇ ਦਾ ਮਾਲਕ ਸੀ ਪਰੰਤੂ ਹੁਣ ਬਹੁਤ ਧੰਨ ਦੌਲਤ ਦਾ ਮਾਲਕ ਤੇ ਐਸ਼ੋ-ਇਸ਼ਰਤ ਨਾਲ ਰਹਿਣ ਦਾ ਆਦੀ ਸੀ, ਜਿਸ ਕੋਲੋਂ ਵੱਡੀ ਗਿਣਤੀ ‘ਚ ਲਗਜ਼ਰੀ ਗੱਡੀਆਂ ਤੇ ਵੱਡੇ ਟ੍ਰੈਕਟਰ ਤੇ ਹੋਰ ਵਹੀਕਲ ਬਰਾਮਦ ਕੀਤੇ ਗਏ ਹਨ।
ਸ. ਸਿੱਧੂ ਨੇ ਦੱਸਿਆ ਕਿ ਸਵਰਨ ਸਿੰਘ ਪੰਜਾਬ ਦੇ ਇੱਕ ਸੀਨੀਅਰ ਆਈ.ਏ.ਐਸ. ਅਧਿਕਾਰੀ ਸ੍ਰੀ ਵਰੁਣ ਰੂਜਮ ਦੇ ਸਹੁਰਾ ਲੱਗਦੇ ਸਨ ਅਤੇ ਉਨ੍ਹਾਂ ਦੇ ਕਤਲ ਮਾਮਲੇ ਨੂੰ ਹੱਲ ਕਰਨਾ ਪਟਿਆਲਾ ਪੁਲਿਸ ਲਈ ਇੱਕ ਵੱਡੀ ਚੁਣੌਤੀ ਸੀ ਪਰੰਤੂ ਉਨ੍ਹਾਂ ਦੀ ਟੀਮ ਨੇ ਪੇਸ਼ੇਵਰ ਪਹੁੰਚ ਅਪਣਾਉਂਦਿਆਂ ਸੁਚੱਜੇ ਢੰਗ ਨਾਲ ਕੀਤੀ ਤਫ਼ਤੀਸ਼ ਦੌਰਾਨ ਇਸ ਅਹਿਮ ਮਾਮਲੇ ਨੂੰ ਹੱਲ ਕਰਨ ‘ਚ ਸਫ਼ਲਤਾ ਹਾਸਲ ਕੀਤੀ ਹੈ।
ਉਨ੍ਹਾਂ ਕਿਹਾ ਕਿ ਇਸ ਕਤਲ ਦਾ ਸਾਜਿਸ਼ਕਾਰ ਸਵਰਨ ਸਿੰਘ ਦਾ ਜਾਣਕਾਰ ਹੀ ਸੀ ਤੇ ਉਸਨੇ ਜਮੀਨ ਖਰੀਦਣ ਲਈ ਸਵਰਨ ਸਿੰਘ ਵੱਲੋਂ ਦਿੱਤੇ ਕਰੀਬ 4 ਕਰੋੜ ਰੁਪਏ ਤੇ ਉਸਦੇ ਇੱਕ ਹੋਰ ਕਰੀਬੀ ਰਿਸ਼ਤੇਦਾਰ ਦੇ ਡੇਢ ਕਰੋੜ ਰੁਪਏ ਵਾਪਸ ਕਰਨ ਤੋਂ ਟਲਦਿਆਂ ਇਸ ਕਤਲ ਦੀ ਸਾਜਿਸ਼ ਰਚੀ। ਉਨ੍ਹਾਂ ਦੱਸਿਆ ਕਿ ਜਗਤਾਰ ਸਿੰਘ ਮਨ ਦਾ ਬੇਈਮਾਨ ਹੋਣ ਕਰਕੇ ਪੁਲਿਸ ਨੂੰ ਗੁੰਮਰਾਹ ਕਰਕੇ ਕੀਤੀ ਜਾ ਰਹੀ ਤਫ਼ਤੀਸ਼ ਨੂੰ ਵੀ ਗ਼ਲਤ ਪਾਸੇ ਮੋੜਨ ਦੇ ਯਤਨ ਕਰਦਾ ਰਿਹਾ ਸੀ।
ਸ. ਸਿੱਧੂ ਨੇ ਦੱਸਿਆ ਕਿ ਇਸ ਕੇਸ ਨੂੰ ਹੱਲ ਕਰਨ ਵਾਲੀ ਟੀਮ ਦੀ ਅਗਵਾਈ ਉਨ੍ਹਾਂ ਨੇ ਖ਼ੁਦ ਕੀਤੀ ਤੇ ਇਸ ਦੀ ਨਿਗਰਾਨੀ ਐਸ.ਪੀ. ਜਾਂਚ ਸ. ਮਨਜੀਤ ਸਿੰਘ ਬਰਾੜ ਕਰ ਰਹੇ ਸਨ। ਇਸ ਟੀਮ ਟੀਮ ‘ਚ ਡੀ.ਐਸ.ਪੀ. ਰਾਜਪੁਰਾ ਸ੍ਰੀ ਕ੍ਰਿਸ਼ਨ ਕੁਮਾਰ ਪਾਂਥੇ, ਇੰਸਪੈਕਟਰ ਦਲਬੀਰ ਸਿੰਘ ਮੁੱਖ ਅਫਸਰ ਥਾਣਾ ਸਦਰ ਰਾਜਪੁਰਾ ਅਤੇ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਪਟਿਆਲਾ ਸ਼ਾਮਲ ਸਨ।
ਸ. ਸਿੱਧੂ ਨੇ ਦੱਸਿਆ ਕਿ ਇਸ ਟੀਮ ਨੇ ਚੰਡੀਗੜ੍ਹ ਵਾਸੀ ਸਵਰਨ ਸਿੰਘ ਪੁੱਤਰ ਬਚਨ ਸਿੰਘ ਦੇ ਰਾਜਪੁਰਾ ਦੇ ਪਿੰਡ ਉਕਸੀ ਸੈਣੀਆਂ ਨੇੜੇ ਹੋਏ ਅੰਨ੍ਹੇ ਕਤਲ ਮਾਮਲੇ ਨੂੰ ਹੱਲ ਕਰਦਿਆਂ ਇਸ ਕੇਸ ‘ਚ ਮੁੱਖ ਸਾਜਿਸ਼ਕਾਰ ਜਗਤਾਰ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਪਿੰਡ ਨਰੈਣਾ ਥਾਣਾ ਬਡਾਲੀ ਆਲਾ ਸਿੰਘ ਜ਼ਿਲ੍ਹਾ ਫਤਹਿਗੜ ਸਾਹਿਬ ਨੂੰ ਬਨੂੜ ਟੈਕਸ ਬੈਰੀਅਰ ਤੋਂ ਗ੍ਰਿਫਤਾਰ ਕੀਤਾ। ਜਦੋਂਕਿ ਇਸ ਵੱਲੋਂ ਇਸ ਵਾਰਦਾਤ ਨੂੰ ਪੈਸੇ ਲੈ ਕੇ ਅੰਜਾਮ ਦੇਣ ਵਾਲੇ ਭਾੜੇ ਦੇ ਕਾਤਲਾਂ 32 ਸਾਲਾ ਤੇ 10ਵੀਂ ਪਾਸ ਸਤਵਿੰਦਰ ਸਿੰਘ ਉਰਫ ਸੱਤਾ ਪੁੱਤਰ ਨਰਿੰਦਰ ਸਿੰਘ ਵਾਸੀ ਪਿੰਡ ਪਿਲਖਣੀ ਥਾਣਾ ਸਾਹਾ ਜਿਲਾ ਅੰਬਾਲਾ ਅਤੇ ਡਿਪਲੋਮਾ ਮੈਕੇਨੀਕਲ ਇੰਜੀਨੀਅਰਿੰਗ 27 ਸਾਲਾ ਕਾਰਤਿਕ ਚੌਹਾਨ ਉੇਰਫ ਸਚਿਨ ਪੁੱਤਰ ਸੁਖਵੀਰ ਸਿੰਘ ਵਾਸੀ ਪਿੰਡ ਬੀਟਾ ਥਾਣਾ ਸਾਹਾ ਜਿਲਾ ਅੰਬਾਲਾ ਨੂੰ ਵਾਰਦਾਤ ਸਮੇਂ ਵਰਤੀ ਸਵਿਫਟ ਡਿਜਾਇਰ ਗੱਡੀ ਜਾਅਲੀ ਨੰਬਰ ਐਚ.ਆਰ. 2 ਏ.ਪੀ. 0021 ਸਮੇਤ ਦਾਣਾ ਮੰਡੀ ਸਾਹਾ ਤੋਂ ਕਾਬੂ ਕੀਤਾ। ਜਦੋਂਕਿ ਇਨ੍ਹਾਂ ਦਾ ਤੀਜਾ ਸਾਥੀ 12ਵੀਂ ਪਾਸ 32 ਸਾਲਾ ਚਰਨ ਸਿੰਘ ਉਰਫ ਚੀਨੂੰ ਵਾਸੀ ਦੁਖੇੜੀ ਜਿਲਾ ਅੰਬਾਲਾ ਅਜੇ ਫ਼ਰਾਰ ਹੈ, ਇਸ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ।
ਸ. ਸਿੱਧੂ ਨੇ ਦੱਸਿਆ ਕਿ ਇਸ ਕਤਲ ਸਬੰਧੀਂ ਮੁਕੱਦਮਾ ਨੰ: 87 ਮਿਤੀ 18.11.2017 ਅ/ਧ 302 ਹਿੰ:ਡੰ: 25,27/54/59 ਅਸਲਾ ਐਕਟ ਥਾਣਾ ਸਦਰ ਰਾਜਪੁਰਾ ਵਿਖੇ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਇਨ੍ਹਾਂ ਵਿਅਕਤੀਆਂ ਨੇ ਮੁਢਲੀ ਪੁੱਛਗਿੱਛ ਦੌਰਾਨ ਮੰਨਿਆਂ ਕਿ ਜਗਤਾਰ ਸਿੰਘ ਨੂੰ ਸਵਰਨ ਸਿੰਘ ਸਾਲ 2008 ਵਿੱਚ ਜਮੀਨ ਖਰੀਦਣ ਦੇ ਸਬੰਧ ‘ਚ ਮਿਲਿਆ ਸੀ ਤੇ ਉਸ ਨੇ ਸਵਰਨ ਸਿੰਘ ‘ਤੇ ਆਪਣਾ ਭਰੋਸਾ ਬਣਾ ਲਿਆ ਤੇ ਉਸ ਨੂੰ ਨਰੈਣਾ ਪਿੰਡ ਵਿਖੇ ਹੀ ਜਮੀਨ ਖਰੀਦਣ ਲਈ ਰਾਜੀ ਕਰ ਲਿਆ। ਸਵਰਨ ਸਿੰਘ ਨੂੰ 20 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਕਰੀਬ 20 ਏਕੜ ਜਮੀਨ ਦਿਵਾਉਣ ਬਦਲੇ ਮੋਟੀ ਰਕਮ ਹਾਸਲ ਕਰ ਲਈ ਪਰ ਇਸ ‘ਚੋਂ 20 ਏਕੜ ਜਮੀਨ ਦੀ ਜਾਅਲੀ ਫਰਦ ਬਣਾਕੇ ਸਵਰਨ ਸਿੰਘ ਨੂੰ ਦੇ ਦਿੱਤੀ। ਜਦੋਂ ਕਿ ਸਵਰਨ ਸਿੰਘ ਦੇ ਰਿਸ਼ਤੇਦਾਰ ਹਰਬੰਸ ਸਿੰਘ, ਜੋਕਿ ਦਰੋਣਾਚਾਰੀਆ ਐਵਾਰਡੀ ਹੈ, ਨੂੰ ਵੀ ਕਰੀਬ 10/12 ਏਕੜ ਜਮੀਨ ਦਿਵਾਉਣ ਦੇ ਬਦਲੇ ਮੋਟੀ ਰਕਮ ਹਾਸਲ ਕਰਕੇ ਉਸ ਨੂੰ ਵੀ ਇਕ ਜਾਅਲੀ ਫਰਦ ਬਣਾਕੇ ਦੇ ਦਿੱਤੀ।
ਐਸ.ਐਸ.ਪੀ. ਸ. ਸਿੱਧੂ ਨੇ ਦੱਸਿਆ ਕਿ ਜਦਕਿ ਅਸਲ ਵਿੱਚ ਸਿਰਫ 10 ਏਕੜ ਜਮੀਨ ਦੀ ਹੀ ਰਜਿਸਟਰੀ ਕਰਵਾਈ ਸੀ ਪਰੰਤੂ ਸਵਰਨ ਸਿੰਘ ਅਤੇ ਉਸਦੇ ਰਿਸ਼ਤੇਦਾਰਾਂ ‘ਤੇ ਭਰੋਸਾ ਬਨਾਉਣ ਲਈ ਜਗਤਾਰ ਸਿੰਘ ਨੇ ਉਹਨਾਂ ਨੂੰ ਕਰੀਬ 30/32 ਏਕੜ ਜਮੀਨ ਦਾ ਆਪਣੀ ਜਮੀਨ ਦੇ ਨਾਲ ਲੱਗਦਾ ਇੱਕ ਟੱਕ ਦਿਖਾ ਕੇ ਉਹ ਜਮੀਨ ਸਵਰਨ ਸਿੰਘ ਧਿਰ ਦੀ ਦੱਸਦਾ ਰਿਹਾ ਅਤੇ ਉਹਨਾਂ ਤੇ ਭਰੋਸਾ ਬਨਾਉਣ ਲਈ 32 ਏਕੜ ਜਮੀਨ ਦੀ ਵਾਹੀ ਖੁਦ ਕਰਕੇ ਜਮੀਨ ਦਾ ਠੇਕਾ ਉਹਨਾਂ ਨੂੰ ਦਿੰਦਾ ਰਿਹਾ ਤਾਂ ਕਿ ਸਵਰਨ ਸਿੰਘ ਧਿਰ ਨੂੰ ਉਸ ਵੱਲੋਂ ਜਮੀਨ ਦੀ ਮਾਰੀ ਠੱਗੀ ਸਬੰਧੀ ਕੋਈ ਸ਼ੱਕ ਨਾ ਹੋਵੇ।
ਸ. ਸਿੱਧੂ ਨੇ ਅੱਗੇ ਦੱਸਿਆ ਕਿ ਦੋ-ਢਾਈ ਮਹੀਨੇ ਪਹਿਲਾਂ ਸਵਰਨ ਸਿੰਘ ਨੂੰ ਜਗਤਾਰ ਸਿੰਘ ‘ਤੇ ਸ਼ੱਕ ਹੋਣਾ ਸ਼ੁਰੂ ਹੋ ਗਿਆ ਸੀ ਤੇ ਸਵਰਨ ਸਿੰਘ ਨੇ ਨਰੈਣਾ ਪਿੰਡ ਦੇ ਪਟਵਾਰੀ ਪਾਸੋਂ ਜਮੀਨ ਦੀ ਪੁੱਛ ਪੜਤਾਲ ਕਰਨੀ ਸੁਰੂ ਕਰ ਦਿੱਤੀ ਸੀ ਤੇ ਜਦੋਂ ਜਗਤਾਰ ਸਿੰਘ ਨੂੰ ਪਤਾ ਲੱਗਾ ਕਿ ਉਸ ਦਾ ਪਰਦਾ ਫਾਸ਼ ਹੋ ਰਿਹਾ ਹੈ ਤੇ ਉਸ ਵੱਲੋਂ ਲੱਖਾਂ ਕਰੋੜਾਂ ਦੀ ਮਾਰੀ ਠੱਗੀ ਜੱਗ ਜਾਹਰ ਹੋ ਜਾਵੇਗੀ ਤਾਂ ਉਸ ਨੇ ਸਵਰਨ ਸਿੰਘ ਦਾ ਕਤਲ ਕਰਨ ਦਾ ਮਨ ਬਣਾ ਲਿਆ ਤੇ ਆਪਣੇ ਦੂਰ ਦੇ ਰਿਸ਼ਤੇਦਾਰ ਸਤਵਿੰਦਰ ਸਿੰਘ ਉਰਫ ਸੱਤਾ ਵਾਸੀ ਪਿੰਡ ਪਿਲਖਣੀ, ਅੰਬਾਲਾ ਰਾਹੀ ਕਾਰਤਿਕ ਚੌਹਾਨ ਵਾਸੀ ਬੀਟਾ ਤੇ ਚਰਨ ਸਿੰਘ ਉਰਫ ਚੀਨੂੰ ਦਾ ਇੰਤਜਾਮ ਕੀਤਾ।
ਇਸ ਨੇ ਇਹਨਾਂ ਤਿੰਨਾਂ ਨੂੰ 15-15 ਲੱਖ ਰੁਪਏ ਫਿਰੌਤੀ ਦੇਣ ਦਾ ਵਾਅਦਾ ਕੀਤਾ ਤੇ ਨਾਲ ਹੀ ਇਹਨਾਂ ਨੂੰ ਆਪਣੇ ਕਾਰਾਂ ਦੇ ਸੇਲ ਪਰਚੇਜ ਦੇ ਕੰਮ ਵਿੱਚ ਬਿਨ੍ਹਾਂ ਪੈਸੇ ਤੋ ਹਿੱਸੇਦਾਰ ਰੱਖ ਲਿਆ ਤੇ ਹਰੇਕ ਕਾਰ ਦੇ ਸੌਦੇ ਸਮੇ 1-1 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਤੇ ਐਡਵਾਂਸ ਵਜੋਂ ਤਿੰਨਾਂ ਨੂੰ 3 ਲੱਖ ਰੁਪਏ ਅਤੇ ਇੱਕ ਸਵਿਫਟ ਡਿਜਾਇਰ ਗੱਡੀ ਦੇ ਦਿੱਤੀ ਤੇ ਬਾਕੀ ਬੱਚਦੀ ਰਕਮ ਕਰੀਬ 36 ਲੱਖ ਰੁਪਏ ਸਵਰਨ ਸਿੰਘ ਦਾ ਕਤਲ ਕਰਨ ਤੋਂ ਬਾਅਦ ਜਗਤਾਰ ਸਿੰਘ ਨੇ ਦੇਣੇ ਕਰ ਲਏ।
ਉਨ੍ਹਾਂ ਦੱਸਿਆ ਕਿ ਸਵਰਨ ਸਿੰਘ ਦੇ ਕਤਲ ਦੀ ਗੱਲਬਾਤ ਤੈਅ ਹੋਣ ਤੋਂ ਬਾਅਦ ਜਗਤਾਰ ਸਿੰਘ ਨੇ ਇਹਨਾਂ ਤਿੰਨਾਂ ਨੂੰ ਸਿੰਘ ਸ਼ਹੀਦਾਂ ਗੁਰਦੁਆਰਾ ਸਾਹਿਬ ਸੋਹਾਣਾ, ਚੰਡੀਗੜ ਗੋਲਫ ਕਲੱਬ ਵਿਖੇ ਰੈਕੀ ਕਰਾਈ ਤੇ ਸਵਰਨ ਸਿੰਘ ਦੀ ਫੋਟੋਆਂ ਵੀ ਦਿੱਤੀਆਂ ਤੇ ਉਹਨਾਂ ਨੂੰ ਉਸ ਦੀ ਸ਼ਨਾਖਤ ਵੀ ਕਰਾਈ, ਪਰੰਤੂ ਉਥੇ ਕੋਈ ਪੱਕੇ ਸਮੇਂ ਤੇ ਸਵਰਨ ਸਿੰਘ ਦੇ ਨਾ ਆਉਣ ਕਰਕੇ ਉਸਦੇ ਕਤਲ ਵਿੱਚ ਕਾਮਯਾਬੀ ਨਾ ਮਿਲ ਸਕੀ।
ਐਸ.ਐਸ.ਪੀ. ਨੇ ਦੱਸਿਆ ਕਿ ਜਗਤਾਰ ਸਿੰਘ ਪਿਛਲੇ ਕਰੀਬ 10 ਸਾਲਾਂ ਤੋਂ ਸਵਰਨ ਸਿੰਘ ਨਾਲ ਕਾਫੀ ਘੁੱਲ ਮਿਲ ਗਿਆ ਸੀ ਤੇ ਸਵਰਨ ਸਿੰਘ ਨੂੰ ਕਈ ਧਾਰਮਿਕ ਥਾਵਾਂ ਤੇ ਵੀ ਲੈ ਕੇ ਜਾਂਦਾ ਸੀ ਤੇ ਉਸ ਨੂੰ ਇਸ ਗੱਲ ਦਾ ਵੀ ਪਤਾ ਸੀ ਕਿ ਸਵਰਨ ਸਿੰਘ ਹਰ ਮਹੀਨੇ ਦਸਵੀਂ ਨੂੰ ਆਪਣੇ ਜੱਦੀ ਪਿੰਡ ਉਕਸੀ ਸੈਣੀਆਂ ਵਿਖੇ ਬਣੀਆਂ ਸ਼ਹੀਦਾ ਦੀਆਂ ਸਮਾਧਾਂ ‘ਤੇ ਮੱਥਾ ਟੇਕਣ ਲਈ ਜਾਂਦਾ ਹੈ। ਉਥੋਂ ਰੈਕੀ ਕਰਾਉਣ ਤੋ ਬਾਅਦ ਜਗਤਾਰ ਸਿੰਘ ਨੇ ਭਾੜੇ ਦੇ ਕਾਤਲਾਂ ਨੂੰ ਪੱਕੀ ਇਤਲਾਹ ਦਿੱਤੀ ਕਿ ਮਿਤੀ 18.11.2018 ਨੂੰ ਦਸਵੀਂ ਵਾਲੇ ਦਿਨ ਸਵਰਨ ਸਿੰਘ ਨੂੰ ਇਨ੍ਹਾਂ ਨੇ ਸਵਿਫਟ ਡਿਜਾਇਰ ਗੱਡੀ ‘ਤੇ ਜਾਅਲੀ ਨੰਬਰ ਲਗਾਕੇ ਸਵਰਨ ਸਿੰਘ ਨੂੰ ਘੇਰਾ ਪਾ ਕੇ ਕਾਰ ਦਾ ਸ਼ੀਸਾ ਖੁਲਵਾਕੇ ਉਸਦੇ ਡਰਾਇਵਿੰਗ ਸੀਟ ‘ਤੇ ਬੈਠੇ ਦੇ ਹੀ ਸਿਰ ਤੇ ਛਾਤੀ ਵਿੱਚ ਨੇੜਿਓਂ ਦੇਸੀ ਪਿਸਤੌਲ 32 ਬੋਰ ਨਾਲ 4 ਗੋਲੀਆਂ ਮਾਰਕੇ ਉਸ ਦਾ ਕਤਲ ਕਰ ਦਿੱਤਾ ਤੇ ਉਸਦੀ ਸਵਰਨ ਸਿੰਘ ਲਿਖੇ ਕਾਰ ਦੀ ਛੱਲੇ ਵਾਲੀ ਚਾਬੀ ਵੀ ਸਬੂਤ ਵਜੋਂ ਨਾਲ ਲੈ ਗਏ।
ਐਸ.ਐਸ.ਪੀ. ਨੇ ਦੱਸਿਆ ਕਿ ਜਗਤਾਰ ਸਿੰਘ ਨੇ ਸਵਰਨ ਸਿੰਘ ਪਾਸੋਂ ਹਾਸਲ ਕੀਤੀ ਰਕਮ ਨਾਲ 3 ਫਲੈਟ ਚਿਰਾਗ ਇੰਕਲੇਵ ਚੰਡੀਗੜ, 500 ਵਰਗ ਗਜ ਦਾ ਪਲਾਟ ਸੈਕਟਰ-85 ਮੋਹਾਲੀ, 5 ਏਕੜ ਜਮੀਨ ਪਿੰਡ ਨਰੈਣਾ, 41 ਏਕੜ ਪੰਚਾਇਤੀ ਜਮੀਨ ਪਿੰਡ ਨਰੈਣਾ ਤੇ ਆਪਣਾ ਸ਼ੌਂਕ ਪੂਰਾ ਕਰਨ ਲਈ ਮਹਿੰਗੀਆਂ ਲੱਗਜਰੀ ਗੱਡੀਆਂ ਤੇ ਟਰੈਕਟਰ, ਮੋਟਰ ਸਾਇਕਲ ਖਰੀਦੇ ਸਨ। ਇਨ੍ਹਾਂ ‘ਚੋਂ ਮਰਸਡੀਜ ਬੈਂਜ, ਇਕੋ ਸਪੋਰਟ ਕਾਰ, ਮਾਇਕਰਾ ਕਾਰ, ਹਾਰਲੇ ਡੈਵੀਡਸਨ ਮੋਟਰਸਾਇਕਲ, ਬੁਲਟ ਮੋਟਰਸਾਇਕਲ, 120 ਐਚ.ਪੀ. ਦਾ ਜੌਹਨ ਡੀਅਰ ਟੈਰਕਟਰ ਸਮੇਤ ਵੱਡੀ ਟਰਾਲੀ, ਹਾਲੈਂਡ ਟਰੈਕਟਰ, ਮੈਸੀ ਐਂਟੀਕ ਟਰੈਕਟਰ, ਸਵਿਫਟ ਡਿਜਾਇਰ ਕਾਰ, ਇੱਕ ਛੋਟਾ ਹਾਥੀ ਬਰਾਮਦ ਕਰ ਲਏ ਗਏ ਹਨ।
ਇਸ ਮੌਕੇ ਡੀ.ਐਸ.ਪੀ ਰਾਜਪੁਰਾ ਸ੍ਰੀ ਕੇ.ਕੇ. ਪੈਂਥੇ, ਇੰਚਾਰਜ ਸੀ.ਆਈ.ਏ ਪਟਿਆਲਾ ਇੰਸਪੈਕਟਰ ਸ਼ਮਿੰਦਰ ਸਿੰਘ, ਮੁੱਖ ਅਫਸਰ ਥਾਣਾ ਸਦਰ ਰਾਜਪੁਰਾ ਇੰਸਪੈਕਟਰ ਦਲਬੀਰ ਸਿੰਘ ਗਰੇਵਾਲ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।