Patiala gets New projects worth 3.75cr

January 22, 2019 - PatialaPolitics

ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਨੇ ਅੱਜ ਪਟਿਆਲਾ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਹੋਰ ਅੱਗੇ ਵਧਾਉਂਦਿਆਂ ਕਰੀਬ ਪੌਣੇ 4 ਕਰੋੜ ਰੁਪਏ ਦੇ ਨਵੇਂ ਵਿਕਾਸ ਕਾਰਜਾਂ ਦੀ ਟੱਕ ਲਗਾ ਕੇ ਸ਼ੁਰੂਆਤ ਕਰਵਾਈ। ਰੇਹੜੀ ਮਾਰਕੀਟਾਂ ਦੇ ਪਹਿਲੇ ਫ਼ੇਜ ਦੇ ਕੰਮ ਅਤੇ ਛੋਟੀ ਨਦੀ ‘ਤੇ ਨਵੇਂ ਅਤੇ ਚੌੜੇ ਪੁਲ ਦੀ ਉਸਾਰੀ ਦੇ ਕੰਮ ਦੀ ਸ਼ੁਰਆਤ ਮੌਕੇ ਉਨ੍ਹਾਂ ਦੇ ਨਾਲ ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ ਅਤੇ ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ ਵੀ ਮੌਜੂਦ ਸਨ।

ਇਸ ਮੌਕੇ ਸ੍ਰੀਮਤੀ ਪਰਨੀਤ ਕੌਰ ਨੇ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਸ਼ਹਿਰ ਨਾਲ 10 ਸਾਲਾਂ ਦੌਰਾਨ ਹੋਏ ਸਿਆਸੀ ਵਿਤਕਰੇ ਨੂੰ ਦੂਰ ਕਰ ਦਿੱਤਾ ਹੈ ਅਤੇ ਸ਼ਹਿਰ ਦੇ ਚਹੁੰਪੱਖੀ ਵਿਕਾਸ ਲਈ ਬਹੁਤ ਸਾਰੇ ਵਿਕਾਸ ਪ੍ਰਾਜੈਕਟ ਅਰੰਭ ਹੋ ਚੁੱਕੇ ਹਨ।
ਇਸ ਮੌਕੇ ਸ੍ਰੀਮਤੀ ਪਰਨੀਤ ਕੌਰ ਨੇ ਲੋਕਾਂ ਨੂੰ ਪਟਿਆਲਾ ਸ਼ਹਿਰ ਦੀ ਸਾਫ਼ ਸੁਫ਼ਾਈ ਤੇ ਇਸਨੂੰ ਹੋਰ ਸੁੰਦਰ ਬਨਾਉਣ ਲਈ ਨਗਰ ਨਿਗਮ ਦਾ ਸਹਿਯੋਗ ਕਰਨ ਦੀ ਅਪੀਲ ਕਰਦਿਆਂ ਇੱਕ ਜਿੰਮੇਵਾਰ ਨਾਗਰਿਕ ਬਣਕੇ ਆਪਣਾ ਯੋਗਦਾਨ ਪਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸਾਨੂੰ ਸਰਕਾਰ ਦੇ ‘ਮਿਸ਼ਨ ਤੰਦਰੁਸਤ ਪੰਜਾਬ’ ਦੀ ਕਾਮਯਾਬੀ ਸਮੇਤ ਸਿਹਤਮੰਦ ਤੇ ਸੋਹਣਾ ਪੰਜਾਬ ਸਿਰਜਣ ਤੇ ਆਪਣੇ ਬੱਚਿਆਂ ਦੇ ਸੁਰੱਖਿਅਤ ਭਵਿੱਖ ਲਈ ਕੂੜੇ ਕਰਕਟ ਨੂੰ ਸੰਭਾਲਣ ਲਈ ਸਰਕਾਰ ਦੇ ਆਰੰਭੇ ਪ੍ਰਾਜੈਕਟਾਂ ‘ਚ ਸਾਥ ਦੇਣਾ ਚਾਹੀਦਾ ਹੈ।
ਇੱਥੇ ਵਾਰਡ ਨੰਬਰ 40-41 ਦੇ ਇਲਾਕੇ ‘ਚ ਕਰੀਬ 2 ਕਰੋੜ ਰੁਪਏ ਦੀ ਲਾਗਤ ਨਾਲ ਨਵੀਂ ਰੇਹੜੀ ਮਾਰਕੀਟ, ਪਾਰਕਿੰਗ ਅਤੇ ਪਾਰਕ ਵਿਕਸਤ ਕਰਨ ਦੇ ਕੰਮਾਂ ਦੀ ਸ਼ੁਰੂਆਤ ਕਰਵਾਉਂਦਿਆਂ ਸ੍ਰੀਮਤੀ ਪਰਨੀਤ ਕੌਰ ਨੇ ਦੱਸਿਆ ਕਿ ਇਸ ਨਾਲ ਲਗਪਗ 1000 ਲੋਕਾਂ ਨੂੰ ਸਿੱਧਾ ਰੋਜ਼ਗਾਰ ਮਿਲੇਗਾ ਅਤੇ ਆਪਣੀਆਂ ਰੇਹੜੀਆਂ ਲਗਾਉਣ ਦੀ ਥਾਂ ਮਿਲ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਜਗ੍ਹਾ ‘ਤੇ ਪਹਿਲਾਂ ਸੀਵਰੇਜ ਅਤੇ ਮੀਂਹ ਦਾ ਪਾਣੀ ਖੜ੍ਹਾ ਹੋਣ ਨਾਲ ਬਿਮਾਰੀਆਂ ਪੈਦਾ ਕਰਦਾ ਸੀ ਉਥੇ 750 ਫੁੱਟ ਲੰਬਾ ਅਤੇ 130 ਫੁੱਟ ਚੌੜਾ ਪੱਕਾ ਪਲੈਟਫ਼ਾਰਮ ਬਣੇਗਾ। ਉਨ੍ਹਾਂ ਦੱਸਿਆ ਕਿ ਦੋ ਮਹੀਨਿਆਂ ਦੇ ਅੰਦਰ-ਅੰਦਰ ਇਸ ਥਾਂ ਨੂੰ ਵਿਕਸਤ ਕਰਕੇ ਵਰਤੋਂ ‘ਚ ਲਿਆਂਦਾ ਜਾ ਰਿਹਾ ਹੈ ਅਤੇ ਸ਼ਹਿਰ ‘ਚ ਹੋਰ ਥਾਂਵਾਂ ‘ਤੇ ਵੀ ਪਾਰਕਿੰਗ ਸਥਾਨ ਅਤੇ ਅਜਿਹੀਆਂ ਮਾਰਕੀਟਾਂ ਬਣਨਗੀਆਂ।
ਇਸੇ ਦੌਰਾਨ ਵਾਰਡ ਨੰਬਰ 32 ਨੇੜੇ ਸਥਿਤ ਸਨੌਰੀ ਅੱਡਾ ਵਿਖੇ ਛੋਟੀ ਨਦੀ ਦੇ ਪੁਰਾਣੇ ਪੁਲ ਨੂੰ ਚੌੜਾ ਕਰਕੇ 4 ਮਾਰਗੀ ਬਨਾਉਣ ਦੇ ਕਰੀਬ ਪੌਣੇ 2 ਕਰੋੜ ਰੁਪਏ ਦੇ ਕੰਮ ਦੀ ਸ਼ੁਰੂਆਤ ਕਰਵਾਉਣ ਸਮੇਂ ਸ੍ਰੀਮਤੀ ਪਰਨੀਤ ਕੌਰ ਨੇ ਦੱਸਿਆ ਕਿ ਇਸ ਪੁਲ ਨੂੰ ਨਵਾਂ ਬਣਾਏ ਜਾਣ ਨਾਲ ਪਟਿਆਲਾ ਸ਼ਹਿਰ, ਸਨੌਰ ਤੇ ਹੋਰ ਇਲਾਕਿਆਂ ਦੇ ਲੋਕਾਂ ਨੂੰ ਵੱਡਾ ਲਾਭ ਮਿਲੇਗਾ। ਉਨ੍ਹਾਂ ਦੱਸਿਆ ਕਿ 6 ਮਹੀਨਿਆਂ ‘ਚ ਇਸ ਕੰਮ ਦੇ ਮੁਕੰਮਲ ਹੋਣ ਨਾਲ ਸਨੌਰ, ਭੁਨਰਹੇੜੀ, ਦੇਵੀਗੜ੍ਹ, ਪਿਹੋਵਾ, ਗੂਹਲਾ ਤੇ ਚੀਕਾ ਵੱਲ ਨੂੰ ਜਾਂਦੇ ਰਾਹਗੀਰਾਂ ਨੂੰ ਜਾਮ ਤੋਂ ਨਿਜਾਤ ਤਾਂ ਮਿਲੇਗੀ ਸਗੋਂ ਵਪਾਰਕ ‘ਤੌਰ ‘ਤੇ ਵੀ ਇਸਦਾ ਵੱਡਾ ਲਾਭ ਪੁੱਜੇਗਾ।

ਇਸ ਮੌਕੇ ਪਟਿਆਲਾ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ ਨੇ ਦੱਸਿਆ ਕਿ ਸ਼ਹਿਰ ਦੇ ਵਿਕਾਸ ਲਈ ਪਟਿਆਲਾ ਵਾਸੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਨਗਰ ਨਿਗਮ ਨੂੰ 10 ਸਾਲਾਂ ਦੇ ਮੁਕਾਬਲੇ ਸ਼ਹਿਰ ਦੀ ਨੁਹਾਰ ਬਦਲਣ ਲਈ ਕੇਵਲ 10 ਮਹੀਨੇ ਹੋਰ ਦੇਣ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਸਾਰੇ ਕੰਮ ਪੰਜਾਬ ਸਰਕਾਰ ਵੱਲੋਂ ਭੇਜੇ ਫੰਡਾਂ ਨਾਲ ਕਰਵਾਏ ਜਾ ਰਹੇ ਹਨ ਅਤੇ ਇਸ ਲਈ ਕੋਈ ਕਰਜ਼ਾ ਨਹੀਂ ਲਿਆ ਜਾ ਰਿਹਾ ਅਤੇ ਨਾ ਹੀ ਸ਼ਹਿਰ ਦੀ ਜਮੀਨ ਨਹੀਂ ਵੇਚੀ ਜਾ ਰਹੀ ਹੈ।
ਮੇਅਰ ਸ੍ਰੀ ਬਿੱਟੂ ਨੇ ਦੱਸਿਆ ਕਿ ਪਹਿਲਾਂ 18 ਕਰੋੜ ਰੁਪਏ ਦੀ ਲਾਗਤ ਨਾਲ ਇਸ ਇਲਾਕੇ ‘ਚ ਬਿਜਲੀ ਗਰਿਡ ਦਾ ਨਿਰਮਾਣ ਕਰਵਾਇਆ ਗਿਆ ਅਤੇ ਹੁਣ 9 ਕਰੋੜ ਰੁਪਏ ਦੀ ਲਾਗਤ ਨਾਲ ਕਾਲੇ ਮੂੰਹ ਵਾਲੀ ਬਗੀਚੀ ਤੋਂ ਕੁਮਾਰ ਸਭਾ ਸਕੂਲ ਤੱਕ ਗੰਦੇ ਨਾਲੇ ਨੂੰ ਢੱਕ ਕੇ ਪਾਇਪਾਂ ਪਾ ਕੇ ਗੰਦਗੀ ਦਾ ਕੋਹੜ ਵੱਢਿਆ ਜਾ ਰਿਹਾ ਹੈ।
ਇਸ ਮੌਕੇ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਸ੍ਰੀ ਕੇ.ਕੇ. ਮਲਹੋਤਰਾ, ਮੁੱਖ ਮੰਤਰੀ ਦੇ ਓ.ਐਸ.ਡੀ. ਸ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਸ. ਯੋਗਿੰਦਰ ਸਿੰਘ ਯੋਗੀ, ਨਗਰ ਨਿਗਮ ਦੇ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ, ਬਲਾਕ ਕਾਂਗਰਸ ਪ੍ਰਧਾਨ ਸ੍ਰੀ ਅਨਿਲ ਮੰਗਲਾ, ਸ. ਹਰਵਿੰਦਰ ਸਿੰਘ ਨਿੱਪੀ, ਸ੍ਰੀ ਹਰੀਸ਼ ਕਪੂਰ, ਸ੍ਰੀਮਤੀ ਸੋਨੀਆ ਕਪੂਰ, ਸ੍ਰੀ ਹਰੀਸ਼ ਨਿੱਗੀ ਨਾਗਪਾਲ, ਸ੍ਰੀ ਸੰਦੀਪ ਮਲਹੋਤਰਾ, ਸ੍ਰੀ ਅਸ਼ਵਨੀ ਕਪੂਰ ਮਿੱਕੀ, ਸ੍ਰੀ ਅਤੁਲ ਜੋਸ਼ੀ, ਸ੍ਰੀਮਤੀ ਰਜਨੀ ਸ਼ਰਮਾ, ਸ੍ਰੀ ਨਿਖਿਲ ਬਾਤਿਸ਼ ਸ਼ੇਰੂ, ਸ੍ਰੀ ਰੂਪ ਕੁਮਾਰ, ਸ੍ਰੀ ਨਰਿੰਦਰ ਲਾਲੀ, ਸ੍ਰੀ ਵਿਸ਼ਾਲ ਕਥੂਰੀਆ, ਸ੍ਰੀ ਸਚਿਨ ਢੰਡ, ਸ੍ਰੀ ਅਰੁਣ ਸੂਦ ਰਿੰਕੂ, ਸ੍ਰੀ ਹਰਮੇਸ਼ ਗੋਇਲ ਡਕਾਲਾ, ਸ੍ਰੀ ਮੰਗਤ ਰਾਮ, ਸ੍ਰੀ ਰਣਬੀਰ ਕਾਟੀ, ਸ੍ਰੀ ਮਨਜੀਤ ਸਿੰਘ ਢਿੱਲੋਂ, ਲੋਕ ਨਿਰਮਾਣ ਵਿਭਾਗ ਦੇ ਐਸ.ਈ. ਇੰਜ. ਐਨ.ਪੀ. ਸਿੰਘ, ਐਕਸੀਐਨ ਇੰਜ. ਨਵੀਨ ਮਿੱਤਲ, ਐਕਸੀਐਨ ਇੰਜ. ਦੀਪਕ ਗੋਇਲ, ਐਸ.ਡੀ.ਓ. ਰੀਤ ਜਸ਼ਨ, ਐਸ.ਡੀ.ਓ. ਰਕੇਸ਼ ਰੰਚਨ ਅਤੇ ਹੋਰ ਪਤਵੰਤਿਆਂ ਸਮੇਤ ਸਥਾਨਕ ਵਾਸੀ ਵੱਡੀ ਗਿਣਤੀ ‘ਚ ਮੌਜੂਦ ਸਨ।