Punjab to adopt Clinical Establishments Act soon
January 24, 2019 - PatialaPolitics
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਸੂਬੇ ਦੇ ਮਰੀਜਾਂ ਦੀ ਸਿਹਤ ਸੇਵਾਵਾਂ ਦੇ ਨਾਮ ‘ਤੇ ਹੋਣ ਵਾਲੀ ਲੁਟ ਖਸੁਟ ਨੂੰ ਰੋਕਣ ਅਤੇ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਕਲੀਨਿਕਲ ਅਸਟੈਬਲਿਸ਼ਮੈਂਟ ਬਿਲ ਲੈ ਕੇ ਆਵੇਗੀ। ਇਸਦੇ ਨਾਲ ਹੀ ਸਿਹਤ ਮੰਤਰੀ ਨੇ ਅੱਜ ਮੁੜ ਦੁਹਰਾਇਆ ਕਿ ਪੰਜਾਬ ਸਰਕਾਰ, ਸੂਬੇ ਦੇ ਕਿਸੇ ਵੀ ਸਰਕਾਰੀ ਹਸਪਤਾਲ ਤੇ ਡਿਸਪੈਂਸਰੀ ਦਾ ਨਿਜੀਕਰਨ ਕੀਤੇ ਜਾਣ ਦਾ ਕੋਈ ਇਰਾਦਾ ਨਹੀਂ ਰੱਖਦੀ।
ਅੱਜ ਇਥੇ ਕਿਸਾਨ ਕਰਜ਼ਾ ਰਾਹਤ ਸਕੀਮ ਦੇ ਤੀਜੇ ਪੜਾਅ ਦੇ ਸਰਟੀਫਿਕੇਟ ਵੰਡਣ ਮੌਕੇ ਕਰਵਾਏ ਵਿਸ਼ਾਲ ਸਮਾਗਮ ਨੂੰ ਸੰਬੋਧਨ ਕਰਦਿਆਂ ਸਿਹਤ ਮੰਤਰੀ ਨੇ ਦੱਸਿਆ ਕਿ ਕਲੀਨਿਕਲ ਅਸਟੈਬਲਿਸ਼ਮੈਂਟ ਬਿਲ ਦਾ ਖਰੜਾ ਪੰਜਾਬ ਮੈਡੀਕਲ ਕੌਂਸਲ ਵੱਲੋਂ ਬਣਾਇਆ ਜਾ ਰਿਹਾ ਹੈ ਅਤੇ ਸਰਕਾਰ ਵੱਲੋਂ ਇਸ ਨੂੰ ਆਈ.ਐਮ.ਏ., ਨਿਜੀ ਹਸਪਤਾਲਾਂ ਤੇ ਡਾਕਟਰਾਂ ਸਮੇਤ ਸਾਰੀਆਂ ਧਿਰਾਂ ਦੀ ਸਹਿਮਤੀ ਨਾਲ ਵਿਧਾਨ ਸਭਾ ‘ਚ ਪਾਸ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਬਿਹਤਰ ਸਿਹਤ ਸੇਵਾਵਾਂ ਲਈ ਪੰਜਾਬ ਸਰਕਾਰ ਨੇ ਲੋਕਾਂ ਨੂੰ ਰਾਹਤ ਦਿੰਦੇ ਵੱਡੇ ਫੈਸਲੇ ਲਏ ਹਨ।
ਸ੍ਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਉਨ੍ਹਾਂ ਨੂੰ ਬਹੁਤ ਸਾਰੀਆਂ ਸ਼ਿਕਾਇਤਾਂ ਮਿਲਦੀਆਂ ਰਹਿੰਦੀਆਂ ਹਨ ਕਿ ਕਈ ਨਿਜੀ ਹਸਪਤਾਲਾਂ ਵੱਲੋਂ ਕਈ ਵਾਰ ਵੈਂਟੀਲੇਟਰ ਅਤੇ ਹੋਰ ਸਿਹਤ ਸੇਵਾਵਾਂ ਦੇ ਨਾਮ ‘ਤੇ ਮਰੀਜਾਂ ਦੀ ਲੁਟ ਖਸੁਟ ਕੀਤੀ ਜਾਂਦੀ ਹੈ, ਇਸ ਲਈ ਅਜਿਹੀ ਲੁਟ ਨੂੰ ਬੰਦ ਕਰਵਾਉਣ ਲਈ ਪੰਜਾਬ ਸਰਕਾਰ ਨੇ ਕਲੀਨਿਕਲ ਅਸਟੈਬਲਿਸ਼ਮੈਂਟ ਬਿਲ ਲਿਆਉਣ ਦਾ ਫੈਸਲਾ ਕੀਤਾ ਹੈ।
ਸਿਹਤ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਮਿਸ਼ਨ ਤੰਦਰੁਸਤ ਪੰਜਾਬ ਅਰੰਭਿਆ ਹੈ, ਜਿਸ ਨੂੰ ਕਾਮਯਾਬ ਕਰਨ ਲਈ ਸੂਬੇ ਦੇ 43 ਲੱਖ ਲੋਕਾਂ ਨੂੰ 5 ਲੱਖ ਰੁਪਏ ਦੀ ਨਗ਼ਦੀ ਰਹਿਤ ਬੀਮਾ ਸਕੀਮ ਦੇ ਘੇਰੇ ‘ਚ ਲਿਆ ਕੇ ਸਿਹਤ ਸੇਵਾਵਾਂ ਦਾ ਲਾਭ ਦਿੱਤਾ ਜਾਵੇਗਾ ਜੋ ਕਿ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ‘ਚ ਇੱਕ ਅਹਿਮ ਮੀਲ ਪੱਥਰ ਸਾਬਤ ਹੋਵੇਗਾ। ਉਨ੍ਹਾਂ ਦੱਸਿਆ ਕਿ ‘ਮਿਸ਼ਨ ਤੰਦਰੁਸਤ’ ਤਹਿਤ ਹੀ ਪੰਜਾਬ ਸਦਕਾ ਸਰਕਾਰੀ ਹਸਪਤਾਲਾਂ ‘ਚ ਸਿਹਤ ਸੇਵਾਵਾਂ ਬਿਹਤਰ ਹੋਈਆਂ ਹਨ ਤੇ ਓ.ਪੀ.ਡੀ. ਵਧ ਗਈ ਹੈ ਅਤੇ 447 ਮਾਹਰ ਡਾਕਟਰਾਂ ਦੀ ਭਰਤੀ ਕੀਤੀ ਗਈ ਹੈ।
ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਗਤੀਸ਼ੀਲ ਅਗਵਾਈ ਹੇਠ ਸੂਬਾ ਸਰਕਾਰ ਨੇ ਜੋ ਕੰਮ ਕੇਵਲ ਪੌਣੇ ਦੋ ਸਾਲਾਂ ‘ਚ ਹੀ ਕਰ ਵਿਖਾਏ ਹਨ, ਉਹ ਸਮਾਂ ਪਿਛਲੀ ਸਰਕਾਰ ਦੇ 10 ਸਾਲਾਂ ਦੇ ਕਾਰਜਕਾਲ ਦੇ ਮੁਕਾਬਲੇ ਇੱਕ ਸੁਨਿਹਰੀ ਸਮਾਂ ਸਾਬਤ ਹੋਇਆ ਹੈ। ਉਨ੍ਹਾਂ ਨੇ ਸਿਹਤ ਵਿਭਾਗ ਦੀਆਂ ਉਪਲਬਧੀਆਂ ਦਸਦਿਆਂ ਕਿਹਾ ਕਿ ਟੀ.ਬੀ. ਦੇ ਖ਼ਾਤਮੇ ਲਈ ਸਾਰੇ ਟੈਸਟ ਮੁਫ਼ਤ ਕੀਤੇ, ਮਲੇਰੀਆ ਤੇ ਕਾਲਾ ਪੀਲੀਆ ਦਾ ਇਲਾਜ ਮੁਫ਼ਤ, ਡਾਇਲੇਸਿਸ ਮੁਫ਼ਤ ਕੀਤੇ, ਬਲੱਡ ਬੈਂਕਾਂ ਤੋਂ ਮਿਲਦਾ ਖ਼ੂਨ ਪਰਚੀ ਰਹਿਤ ਕਰਕੇ ਮੁਫ਼ਤ ਕੀਤਾ। ਇਸ ਤੋਂ ਬਿਨ੍ਹਾਂ ਸਵਾਇਨ ਫ਼ਲੂ ਨੂੰ ਉਹ ਖ਼ੁਦ ਮੋਨੀਟਰ ਕਰ ਰਹੇ ਹਨ ਅਤੇ ਇਸਦਾ ਇਲਾਜ ਮੁਫ਼ਤ ਹੋ ਰਿਹਾ ਹੈ।
ਸਿਹਤ ਮੰਤਰੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਉਨ੍ਹਾਂ ਨੇ ਦਿੱਲੀ ਦੇ ਸਾਰੇ ਮੁਹੱਲਾ ਕਲੀਨਿਕ ਨਿਜੀ ਹੱਥਾਂ ‘ਚ ਦਿੱਤੇ ਹੋਏ ਹਨ। ਉਨ੍ਹਾਂ ਸਪਸ਼ਟ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦਾ ਸਰਕਾਰੀ ਡਿਸਪੈਂਸਰੀਆਂ ਅਤੇ ਹਸਪਤਾਲਾਂ ਦਾ ਨਿਜੀ ਕਰਨ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਉਹ ਤਾਂ ਸਗੋਂ ਕੈਪਟਨ ਸਰਕਾਰ ਤਾਂ ਸਰਕਾਰੀ ਜਮੀਨਾਂ ਦੀ ਰਾਖੀ ਬਣੀ ਹੋਈ ਹੈ ਤੇ ਇੱਕ ਇੰਚ ਵੀ ਸਰਕਾਰੀ ਜਮੀਨ ਨਹੀਂ ਵੇਚੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾਂ ‘ਚ ਆਪਣਾ ਯੋਗਦਾਨ ਕਰਨ ਵਾਲੇ ਲੋਕਾਂ ਅਤੇ ਸਮਾਜਿਕ ਸੰਸਥਾਵਾਂ ਦਾ ਪਤਾ ਲਾਉਣ ਲਈ ਇੱਕ ਇਸ਼ਤਿਹਾਰ ਦਿੱਤਾ ਸੀ ਪਰੰਤੂ ਇਸ ਲੈਕੇ ਵਿਰੋਧੀ ਧਿਰਾਂ ਨੇ ਬਵਾਲ ਖੜ੍ਹਾ ਕਰ ਦਿੱਤਾ ਪਰੰਤੂ ਸਰਕਾਰੀ ਹਸਪਤਾਲਾਂ ਦੇ ਨਿਜੀਕਰਨ ਜਿਹਾ ਕੁਝ ਨਹੀਂ ਹੈ।
ਇਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸ਼ਹਿਰੀ ਪ੍ਰਧਾਨ ਸ੍ਰੀ ਕੇ.ਕੇ. ਮਲਹੋਤਰਾ, ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਸ੍ਰੀ ਸੰਤ ਬਾਂਗਾ, ਬਲਾਕ ਪ੍ਰਧਾਨ ਸ੍ਰੀ ਨੰਦ ਲਾਲ ਗੁਰਾਬਾ, ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਮੈਂਬਰ ਸ੍ਰੀ ਬਹਾਦਰ ਖ੍ਰਾਨ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਣਧੀਰ ਸਿੰਘ ਖਲੀਫ਼ੇਵਾਲ, ਬਲਾਕ ਪ੍ਰਧਾਨ ਆਲੋਵਾਲ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸ. ਹੁਸ਼ਿਆਰ ਸਿੰਘ ਕੈਦੂਪੁਰ, ਬਲਾਕ ਸੰਮਤੀ ਮੈਂਬਰ ਰਘਬੀਰ ਸਿੰਘ ਰੋਹਟੀ, ਹਰਬੀਰ ਸਿੰਘ ਢੀਂਡਸਾ, ਲਖਵਿੰਦਰ ਸਿੰਘ ਲੱਖਾ, ਗੁਰਧਿਆਨ ਸਿੰਘ ਬਾਰਨ, ਕੇਵਲ ਸਿੰਘ, ਰਾਜਬੀਰ ਸਿੰਘ ਨੰਦਪੁਰ ਕੇਸ਼ੋ, ਕੌਂਸਲਰ ਐਡਵੋਕੇਟ ਹਰਵਿੰਦਰ ਸ਼ੁਕਲਾ, ਨਾਹਰ ਸਿੰਘ ਮਾਨ, ਹਰਚੰਦ ਸਿੰਘ ਬਾਰਨ, ਸੁਖਪਾਲ ਸਿੰਘ ਸਿੱਧੂਵਾਲ, ਗੁਰਕ੍ਰਿਪਾਲ ਸਿੰਘ ਕਸਿਆਣਾ, ਸਿਤਾਰ ਮੁਹੰਮਦ ਰੋਗਲਾ, ਦੀ ਪਟਿਆਲਾ ਕੇਂਦਰੀ ਸਹਿਕਾਰੀ ਬੈਂਕ ਦੇ ਐਮ.ਡੀ. ਸ. ਗੁਰਬਾਜ ਸਿੰਘ, ਡਿਪਟੀ ਰਜਿਸਟਰਾਰ ਸਹਿਕਾਰਤਾ ਵਿਭਾਗ ਸ. ਬਲਜਿੰਦਰ ਸਿੰਘ ਸੂਚ, ਸਹਿਕਾਰੀ ਬੈਂਕ ਦੇ ਡੀ.ਐਮ. ਸ੍ਰੀ ਭਾਸਕਰ ਕਟਾਰੀਆ, ਸਾਬਕਾ ਸੀਨੀਅਰ ਮੈਨੇਜਰ ਜੀਤ ਸਿੰਘ ਨਿਰਮਾਣ, ਡੀ.ਐਸ.ਪੀ. ਸੁਖਅੰਮ੍ਰਿਤ ਸਿੰਘ ਰੰਧਾਵਾ, ਐਸ.ਐਚ.ਓ. ਥਾਣਾ ਸਬਜ਼ੀ ਮੰਡੀ ਹੈਰੀ ਬੋਪਾਰਾਏ ਸਮੇਤ ਹੋਰ ਪਤਵੰਤੇ ਮੌਜੂਦ ਸਨ।