Captain announces 150 CR for Patiala development
January 26, 2019 - PatialaPolitics
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪਟਿਆਲਾ ਸ਼ਹਿਰ ਦੇ ਸਰਵ ਪੱਖੀ ਵਿਕਾਸ ਲਈ ਫੰਡਾਂ ਦੇ ਖੁੱਲ੍ਹੇ ਗੱਫ਼ੇ ਦਿੰਦਿਆਂ 150 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਖੁਲਾਸਾ ਕੀਤਾ ਕਿ ਧਰਤੀ ਹੇਠਲਾ ਪਾਣੀ ਖਰਾਬ ਹੋਣ ਕਾਰਨ ਸੂਬਾ ਸਰਕਾਰ ਵੱਲੋਂ ਛੇਤੀ ਹੀ ਏਸ਼ੀਅਨ ਵਿਕਾਸ ਬੈਂਕ ਦੀ ਸਹਾਇਤਾ ਨਾਲ 699 ਕਰੋੜ ਰੁਪਏ ਦੇ ਪ੍ਰਾਜੈਕਟ ਤਹਿਤ ਪਟਿਆਲਾ ਸ਼ਹਿਰ ਵਾਸੀਆਂ ਨੂੰ ਛੇਤੀ ਹੀ ਨਹਿਰੀ ਪਾਣੀ ‘ਤੇ ਅਧਾਰਤ ਸਾਫ਼ ਅਤੇ ਸ਼ੁੱਧ ਪੀਣ ਵਾਲੇ ਪਾਣੀ ਦੀ ਬੇਰੋਕ ਸਪਲਾਈ ਮੁਹੱਈਆ ਕਰਵਾਈ ਜਾਵੇਗੀ।
ਯਾਦ ਰਹੇ ਕਿ ਪੰਜਾਬ ਸਰਕਾਰ ਨੇ ਪਹਿਲਾਂ ਹੀ ਪਟਿਆਲਾ ਸਮੇਤ ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਦੇ ਵਸਨੀਕਾਂ ਨੂੰ ਨਹਿਰੀ ਪਾਣੀ ‘ਤੇ ਅਧਾਰਤ ਸ਼ੁੱਧ ਜਲ ਸਪਲਾਈ ਮੁਹੱਈਆ ਕਰਵਾਉਣ ਲਈ ਇੱਕ ਵਿਸਥਾਰਤ ਕਾਰਜ ਯੋਜਨਾ ਉਲੀਕੀ ਹੋਈ ਹੈ। ਅੱਜ ਇੱਥੇ ਰਾਜਾ ਭਲਿੰਦਰਾ ਸਿੰਘ ਸਪੋਰਟਸ ਕੰਪਲੈਕਸ ਵਿਖੇ 70ਵੇਂ ਗਣਤੰਤਰ ਦਿਵਸ ਦੇ ਸਮਾਰੋਹ ਮੌਕੇ ਇਹ ਐਲਾਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਗਠਜੋੜ ਸਰਕਾਰ ਨੇ ਵਿਰਾਸਤੀ ਸ਼ਹਿਰ ਪਟਿਆਲਾ ਨੂੰ ਵਿਕਾਸ ਪੱਖੋਂ ਜਾਣ ਬੁੱਝ ਕੇ ਬੁਰੀ ਤਰ੍ਹਾਂ ਅੱਖੋਂ ਪਰੋਖੇ ਕੀਤਾ।
ਉਨ੍ਹਾਂ ਕਿਹਾ ਕਿ ਪਟਿਆਲਾ ਉਨ੍ਹਾਂ ਦੇ ਪੁਰਖਿਆਂ ਦਾ ਸ਼ਹਿਰ ਹੈ ਅਤੇ ਉਨ੍ਹਾਂ ਨੇ ਸਥਾਨਕ ਵਾਸੀਆਂ ਨਾਲ ਵਿਧਾਨ ਸਭਾ ਚੋਣਾਂ ਦੌਰਾਨ ਵਾਅਦਾ ਕੀਤਾ ਸੀ ਕਿ ਪੰਜਾਬ ‘ਚ ਉਨ੍ਹਾਂ ਦੀ ਸਰਕਾਰ ਬਨਣ ‘ਤੇ ਸ਼ਹਿਰ ਦੀ ਨੁਹਾਰ ਬਦਲੀ ਜਾਵੇਗੀ ਅਤੇ ਇਥੇ ਅਤਿ ਆਧੁਨਿਕ ਸ਼ਹਿਰੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ, ਜਿਨ੍ਹਾਂ ‘ਚ ਸੜਕਾਂ, ਨਹਿਰੀ ਪਾਣੀ ਪੂਰਤੀ ਵੀ ਸ਼ਾਮਲ ਸਨ। ਉਨ੍ਹਾਂ ਦੁਹਰਾਇਆ ਕਿ ਪੂਰੇ ਸੂਬੇ ਦੇ ਚਹੁਤਰਫ਼ਾ ਵਿਕਾਸ ਸਮੇਤ ਖਾਸ ਤੌਰ ‘ਤੇ ਪਟਿਆਲਾ ਦੇ ਵਿਕਾਸ ਦੇ ਕੀਤੇ ਵਾਅਦੇ ਨੂੰ ਪੂਰਾ ਕਰਨ ਲਈ ਉਨ੍ਹਾਂ ਦੀ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ।
ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਸ਼ਹਿਰ ਦੀਆਂ ਸਾਰੀਆਂ ਵੱਡੀਆਂ ਸੜਕਾਂ ਸਮੇਤ ਗਲੀਆਂ ਦਾ ਨਵੀਨੀਕਰਨ ਕੀਤਾ ਜਾਵੇਗਾ ਜਦੋਂਕਿ ਸਾਰੇ ਨਗਰ ਨਿਗਮ ਵਾਰਡਾਂ ‘ਚ ਹੋਰ ਸ਼ਹਿਰੀ ਬੁਨਿਆਦੀ ਢਾਂਚੇ ਨਾਲ ਸਬੰਧਤ ਸਹੂਲਤਾਂ ਵੀ ਪ੍ਰਦਾਨ ਕੀਤੀਆਂ ਜਾਣਗੀਆਂ। ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਦੀ ਵੱਡੀ ਅਤੇ ਛੋਟੀ ਨਦੀ ਦਾ ਛੇਤੀ ਹੀ ਸੁੰਦਰੀਕਰਨ ਕਰਕੇ ਇਸਦੀ ਵੀ ਕਾਇਆਂ ਕਲਪ ਕਰਨ ਦਾ ਐਲਾਨ ਕੀਤਾ।
ਮੁੱਖ ਮੰਤਰੀ ਨੇ ਦੱਸਿਆ ਕਿ ਪਟਿਆਲਾ ‘ਚ ਨਵੇਂ ਬੱਸ ਅੱਡੇ ਦੀ ਉਸਾਰੀ ਲਈ ਟੈਂਡਰਾਂ ਅਤੇ ਹੋਰ ਲੋੜੀਂਦੀ ਪ੍ਰਕ੍ਰਿਆ ਖ਼ਤਮ ਹੋਣ ਮਗਰੋਂ ਇਸਦਾ ਨਿਰਮਾਣ ਵੀ ਛੇਤੀ ਹੀ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਸ਼ਹਿਰ ਵਿੱਚੋਂ ਡੇਅਰੀਆਂ ਨੂੰ ਅਬਲੋਵਾਲ ਵਿਖੇ ਛੇਤੀ ਹੀ ਤਬਦੀਲ ਕਰਨ ਦਾ ਐਲਾਨ ਕੀਤਾ।
ਪਿਛਲੀ ਸਰਕਾਰ ਵੱਲੋਂ ਰਾਜ ਦੇ ਕਿਸੇ ਵੇਲੇ ਅਹਿਮ ਸਿਹਤ ਸੇਵਾ ਕੇਂਦਰ ਰਹੇ ਰਜਿੰਦਰਾ ਹਸਪਤਾਲ ਨੂੰ ਬੁਰੀ ਤਰ੍ਹਾਂ ਨਜ਼ਰ ਅੰਦਾਜ ਕਰਨ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਹਸਪਤਾਲ ‘ਚ ਬਿਹਤਰ ਸਿਹਤ ਸੇਵਾਵਾਂ ਕਰਨੀਆਂ ਯਕੀਨੀ ਬਣਾਉਣ ਦੇ ਮੱਦੇਨਜ਼ਰ ਇਸ ਦੀ ਪੁਰਾਣੀ ਸ਼ਾਖ ਮੁੜ ਤੋਂ ਬਹਾਲ ਕੀਤੀ ਜਾ ਰਹੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਉਮੀਦ ਜਤਾਈ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮ ਪੂਰੇ ਹੋਣ ‘ਤੇ ਹੋਏ ਅਹਿਮ ਸੁਧਾਰ ਨਜ਼ਰ ਆਉਣ ਲੱਗ ਜਾਣਗੇ। ਉਨ੍ਹਾਂ ਨੇ ਪਟਿਆਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਨਗਰ ਨਿਗਮ ਪਟਿਆਲਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਪਟਿਆਲਾ ਦੀ ਬਿਹਤਰੀ ਅਤੇ ਇਸਨੂੰ ਸਾਫ਼ ਸੁਥਰਾ ਰੱਖਣ ਤੇ ਇਸਦੀ ਸੁੰਦਰਤਾ ਬਹਾਲੀ ਲਈ ਪੂਰਨ ਸਹਿਯੋਗ ਦੇਣ।
ਇਸ ਮੌਕੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ, ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ, ਮੰਡੀ ਬੋਰਡ ਦੇ ਚੇਅਰਮੈਨ ਸ. ਲਾਲ ਸਿੰਘ, ਮੁੱਖ ਮੰਤਰੀ ਦੇ ਸਲਾਹਕਾਰ ਸ. ਭਰਤਇੰਦਰ ਸਿੰਘ ਚਾਹਲ, ਮੀਡੀਆ ਸਲਾਹਕਾਰ ਸ੍ਰੀ ਰਵੀਨ ਠੁਕਰਾਲ, ਵਿਧਾਇਕ ਸ. ਹਰਦਿਆਲ ਸਿੰਘ ਕੰਬੋਜ, ਸ੍ਰੀ ਮਦਨ ਲਾਲ ਜਲਾਲਪੁਰ, ਸ. ਰਜਿੰਦਰ ਸਿੰਘ, ਸ. ਹਰਿੰਦਰਪਾਲ ਸਿੰਘ ਹੈਰੀਮਾਨ, ਸੀਨੀਅਰ ਕਾਂਗਰਸੀ ਆਗੂ ਸ੍ਰੀ ਪੀ.ਕੇ. ਪੁਰੀ, ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ, ਪੰਜਾਬ ਸਟੇਟ ਭਲਾਈ ਬੋਰਡ ਦੀ ਚੇਅਰਪਰਸਨ ਸ੍ਰੀਮਤੀ ਗੁਰਸ਼ਰਨ ਕੌਰ ਰੰਧਾਵਾ, ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ, ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਸ. ਯੋਗਿੰਦਰ ਸਿੰਘ ਯੋਗੀ, ਡਿਪਟੀ ਮੇਅਰ ਸ੍ਰੀਮਤੀ ਵਿੰਤੀ ਸੰਗਰ, ਪੀ.ਪੀ.ਐਸ.ਸੀ. ਦੇ ਚੇਅਰਮੈਨ ਲੈਫ.ਜਨ. ਐਨ.ਪੀ.ਐਸ. ਹੀਰਾ, ਪੰਜਾਬੀ ਯੂਨੀਵਰਸਿਟੀ ਦੇ ਉਪਕੁਲਪਤੀ ਡਾ. ਬੀ.ਐਸ. ਘੁੰਮਣ, ਪੀ.ਐਸ.ਪੀ.ਸੀ.ਐਲ. ਦੇ ਸੀ.ਐਮ.ਡੀ. ਇੰਜ. ਬੀ.ਐਸ. ਸਰਾਂ, ਸ਼ਹਿਰੀ ਕਾਂਗਰਸ ਦੇ ਪ੍ਰਧਾਨ ਸ੍ਰੀ ਕੇ.ਕੇ. ਮਲਹੋਤਰਾ, ਦਿਹਾਤੀ ਕਾਂਗਰਸ ਦੇ ਪ੍ਰਧਾਨ ਸ. ਗੁਰਦੀਪ ਸਿੰਘ ਊਂਟਸਰ, ਮਹਿਲਾ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਸ੍ਰੀਮਤੀ ਕਿਰਨ ਢਿੱਲੋਂ, ਕੇ.ਕੇ. ਸਹਿਗਲ, ਡਾ. ਦਰਸ਼ਨ ਸਿੰਘ ਘੁੰਮਣ, ਸ. ਰਣਜੀਤ ਸਿੰਘ ਨਿੱਕੜਾ, ਏ.ਡੀ.ਜੀ.ਪੀ. ਸ੍ਰੀ ਰਕੇਸ਼ ਚੰਦਰਾ, ਮੁੱਖ ਮੰਤਰੀ ਦੇ ਵਧੀਕ ਪ੍ਰਮੁੱਖ ਸਕੱਤਰ ਸ੍ਰੀ ਗਰੀਸ਼ ਦਇਆਲਨ, ਮੁੱਖ ਮੰਤਰੀ ਦੇ ਓ.ਐਸ.ਡੀ. ਸ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਸ੍ਰੀ ਰਜੇਸ਼ ਸ਼ਰਮਾ, ਪਟਿਆਲਾ ਦੇ ਸ਼ੈਸਨ ਜੱਜ ਸ੍ਰੀ ਰਜਿੰਦਰ ਅਗਰਵਾਲ ਅਤੇ ਹੋਰ ਜੁਡੀਸ਼ੀਅਲ ਅਧਿਕਾਰੀ ਸਾਹਿਬਾਨ, ਡਵੀਜਨਲ ਕਮਿਸ਼ਨਰ ਸ. ਦੀਪਿੰਦਰ ਸਿੰਘ, ਆਈ.ਜੀ. ਸ. ਏ.ਐਸ. ਰਾਏ, ਆਈ.ਜੀ. ਗੁਰਿੰਦਰ ਸਿੰਘ ਢਿੱਲੋਂ, ਆਈ.ਜੀ. ਅਮਰ ਸਿੰਘ ਚਾਹਲ, ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ, ਏ.ਡੀ.ਸੀ. (ਜ) ਸ੍ਰੀ ਸ਼ੌਕਤ ਅਹਿਮਦ ਪਰੇ, ਏ.ਡੀ.ਸੀ. (ਡੀ) ਸ੍ਰੀਮਤੀ ਪੂਨਮਦੀਪ ਕੌਰ ਸਮੇਤ ਵੱਡੀ ਗਿਣਤੀ ਜ਼ਿਲ੍ਹਾਂ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਦੇ ਮੈਂਬਰ, ਸ਼ਹਿਰ ਦੇ ਕੌਂਸਲਰ, ਪਟਿਆਲਾ ਵਾਸੀ ਅਤੇ ਸਕੂਲੀ ਵਿਦਿਆਰਥੀ ਮੌਜੂਦ ਸਨ।