3 gangster arrested by Patiala Police

February 4, 2019 - PatialaPolitics

ਪਟਿਆਲਾ ਪੁਲਿਸ ਨੇ 3 ਅਜਿਹੇ ਭਗੌੜੇ ਗੈਂਗਸਟਰਾਂ ਨੂੰ ਮਾਰੂ ਹਥਿਆਰਾਂ ਸਮੇਤ ਕਾਬੂ ਕਰਨ ‘ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ, ਜਿਹੜੇ ਕਿ 4 ਰਾਜਾਂ ‘ਚ ਲੋੜੀਂਦੇ ਸਨ। ਇਹ ਤਿੰਨੇ ਜਣੇ ਲਾਰੈਂਸ ਬਿਸਨੋਈ ਗੈਂਗਸਟਰ ਗਿਰੋਹ ਦੇ ਸਰਗਰਮ ਮੈਬਰ ਸਨ ਅਤੇ ਇਨ੍ਹਾਂ ਦੇ 2 ਸਾਥੀ ਪਟਿਆਲਾ ਪੁਲਿਸ ਨੇ ਲੰਘੀ 2 ਫ਼ਰਵਰੀ ਨੂੰ ਇਥੋਂ ਰਣਜੀਤ ਨਗਰ ਵਿੱਚੋਂ ਦੁਵੱਲੀ ਗੋਲੀਬਾਰੀ ਦੌਰਾਨ ਕਾਬੂ ਕਰ ਲਏ ਸਨ। ਇਨ੍ਹਾਂ ਫੜੇ ਗਏ ਗੈਂਗਸਟਰਾਂ ਦੇ ਮੁਖੀ ਨਵ ਲਾਹੌਰੀਆ ਨੇ ਖੁਲਾਸਾ ਕੀਤਾ ਹੈ ਕਿ, ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਉਸ ਦੇ ਨਿਸ਼ਾਨੇ ‘ਤੇ ਸੀ ਪਰ ਉਸ ਦਿਨ ਉਸ ਦੇ ਪਿਸਤੌਲ ‘ਚ ਗੋਲੀ ਫਸ ਗਈ ਸੀ, ਜਿਸ ਕਰਕੇ ਉਹ ਫਾਇਰ ਨਹੀਂ ਸੀ ਕਰ ਸਕਿਆ।

ਪਟਿਆਲਾ ਪੁਲਿਸ ਦੀ ਇਸ ਗ੍ਰਿਫ਼ਤਾਰੀ ਬਾਰੇ ਇੱਥੇ ਪੁਲਿਸ ਲਾਇਨ ਵਿਖੇ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਨ੍ਹਾਂ ਤਿੰਨੇ ਜਣਿਆਂ ਦੀ ਪਛਾਣ ਨਵਪ੍ਰੀਤ ਸਿੰਘ ਉਰਫ ਨਵ ਲਾਹੌਰੀਆ ਪੁੱਤਰ ਪਰਮਜੀਤ ਸਿੰਘ ਵਾਸੀ ਜੱਟਾ ਪੱਤੀ ਸਮਾਣਾ, ਅੰਕੁਰ ਸਿੰਘ ਉਰਫ ਮਨੀ ਪੁੱਤਰ ਸਤਵੀਰ ਸਿੰਘ ਅਤੇ ਪ੍ਰਸ਼ਾਤ ਹਿੰਦਰਾਵ ਉਰਫ ਛੋਟੂ ਪੁੱਤਰ ਰਜਿੰਦਰ ਸਿੰਘ ਵਾਸੀਆਨ ਹੱਸੂਪੁਰ ਥਾਣਾ ਸੀਵਨ ਜਿਲਾ ਹਾਪੁੜ (ਯੂ.ਪੀ.) ਵਜੋਂ ਹੋਈ ਹੈ।
ਸ. ਸਿੱਧੂ ਨੇ ਦੱਸਿਆ ਕਿ ਇਹ ਤਿੰਨੇ ਜਣੇ 2 ਫਰਵਰੀ ਨੂੰ ਉਨ੍ਹਾਂ ਦੀ ਅਗਵਾਈ ਹੇਠ ਰਣਜੀਤ ਨਗਰ ਥਾਣਾ ਤ੍ਰਿਪੜੀ ਵਿੱਚੋਂ ਇਨ੍ਹਾਂ ਦੀ ਗ੍ਰਿਫ਼ਤਾਰੀ ਲਈ ਹੋਈ ਮੁਠਭੇੜ ਦੌਰਾਨ ਭੱਜਣ ‘ਚ ਕਾਮਯਾਬ ਹੋ ਗਏ ਸਨ। ਜਦੋਂਕਿ ਇਨ੍ਹਾਂ ਦੇ ਦੋ ਸਾਥੀ ਦਲਵੀਰ ਸਿੰਘ ਉਰਫ ਮਨੀ ਪੁੱਤਰ ਮੁਖਤਿਆਰ ਸਿੰਘ ਵਾਸੀ ਦੁੱਲੜ ਥਾਣਾ ਸਦਰ ਸਮਾਣਾ ਤੇ ਨਵਨੀਤ ਸਿੰਘ ਉਰਫ ਨਵੀ ਪੁੱਤਰ ਤੇਜਿੰਦਰ ਸਿੰਘ ਵਾਸੀ ਪਿੰਡ ਹਿੰਮਤਪੁਰ ਥਾਣਾ ਸੀਵਨ ਜਿਲਾ ਕੈਥਲ ਹਰਿਆਣਾ ਨੂੰ ਇੱਕ ਪਿਸਟਲ 30 ਬੋਰ ਅਤੇ ਇੱਕ ਪਿਸਟਲ 315 ਬੋਰ ਸਮੇਂਤ ਰੌਂਦ ਗ੍ਰਿਫਤਾਰ ਕਰ ਲਿਆ ਗਿਆ ਸੀ। ਇਨ੍ਹਾਂ ਵਿਰੁੱਧ ਮੁਕੱਦਮਾ ਨੰਬਰ 19 ਮਿਤੀ 03/02/2019 ਅ/ਧ 392,307,148,149 ਹਿੰ:ਦਿੰ: 25 ਅਸਲਾ ਐਕਟ ਥਾਣਾ ਤ੍ਰਿਪੜੀ ਦਰਜ ਕੀਤਾ ਗਿਆ ਸੀ।
ਐਸ.ਐਸ.ਪੀ. ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਹ ਸਾਰੇ ਜਣੇ ਗੰਨ ਕਲਚਰ ਦੇ ਸ਼ਿਕਾਰ ਅਤੇ ਐਸ਼ਪ੍ਰਸਤੀ ਨਾਲ ਜਿਉਣ ਦੇ ਸ਼ੌਕੀਨ ਹਨ। ਇਨ੍ਹਾਂ ‘ਚੋਂ ਨਵ ਲਹੌਰੀਆ ਨੇ ਆਪਣੇ ਉਪਰ ਇੱਕ ਗੀਤ ਵੀ ਫ਼ਿਲਮਾਇਆ ਹੋਇਆ ਹੈ ਜਦੋਂ ਕਿ ਉਹ ਇਸੇ ਤਰ੍ਹਾਂ ਦਾ ਹੀ ਦੂਜਾ ਗਾਣਾ ਵੀ ਬਣਵਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਫਰਾਰ ਹੋਏ ਇਨ੍ਹਾਂ ਦੋਸ਼ੀਆਂ ਨੂੰ ਦਬੋਚਣ ਲਈ ਐਸ.ਪੀ. ਜਾਂਚ ਸ. ਮਨਜੀਤ ਸਿੰਘ ਬਰਾੜ, ਡੀ.ਐਸ.ਪੀ. ਜਾਂਚ ਸ. ਸੁਖਮਿੰਦਰ ਸਿੰਘ ਚੌਹਾਨ ਦੀ ਅਗਵਾਈ ‘ਚ ਜਿਲਾ ਪਟਿਆਲਾ ਦੇ ਸੀਲਿੰਗ ਪੁਆਇੰਟਾ ਤੇ ਹਰਿਆਣਾ ਰਾਜ ਦੇ ਨਾਲ ਲੱਗਦੇ ਰਸਤਿਆਂ ਦੀ ਸਪੈਸ਼ਲ ਨਿਗਰਾਨੀ ਕੀਤੀ ਜਾ ਰਹੀ ਸੀ।
ਸ. ਸਿੱਧੂ ਨੇ ਦੱਸਿਆ ਕਿ ਇਸ ਦੌਰਾਨ ਪਟਿਆਲਾ ਪੁਲਿਸ ਵੱਲੋਂ ਨਾਕਾਬੰਦੀ ਦੌਰਾਨ ਪੰਜਾਬ ਅਤੇ ਹਰਿਆਣਾ ਰਾਜ ਦੇ ਬਾਰਡਰ ਦੇ ਨਾਲ ਲੱਗਦੇ ਪਿੰਡ ਦੁੱਲਵਾ (ਪੰਜੋਲਾ-ਅਰਨੋਲੀ ਰੋਡ) ‘ਤੇ ਇੰਚਾਰਜ ਸੀ.ਆਈ.ਏ ਪਟਿਆਲਾ ਇੰਸਪੈਕਟਰ ਸ਼ਮਿੰਦਰ ਸਿੰਘ ਤੇ ਇੰਚਾਰਜ ਸੀ.ਆਈ.ਏ ਸਮਾਣਾ ਇੰਸਪੈਕਟਰ ਵਿਜੇ ਕੁਮਾਰ ਦੀ ਪੁਲਿਸ ਪਾਰਟੀ ਨੇ ਇਨ੍ਹਾਂ ਤਿੰਨਾਂ, ਜੋ ਕਿ ਇਕ ਕਵਿੱਡ ਕਾਰ ਨੰਬਰ ਐਚ.ਆਰ. 41ਐਚ 1254 ਜਾਅਲੀ ਨੰਬਰ ‘ਚ ਸਵਾਰ ਸਨ, ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ।
ਸ. ਸਿੱਧੂ ਨੇ ਦੱਸਿਆ ਕਿ ਇਹ ਕਾਰ ਉਹੀ ਕਾਰ ਹੈ ਜੋ ਥਾਣਾ ਸਿਵਲ ਲਾਇਨ ਦੇ ਏਰੀਆ ਵਿਚੋਂ ਖੋਹੀ ਹੋਈ ਸੀ, ਜਿਸ ਸਬੰਧੀ ਪਹਿਲਾ ਹੀ ਮੁੱ:ਨੰ: 26 ਮਿਤੀ 02/02/2019 ਅ/ਧ 382,34 ਹਿੰ:ਦਿੰ: 25/54/59 ਅਸਲਾ ਐਕਟ ਥਾਣਾ ਸਿਵਲ ਲਾਇਨ ਪਟਿਆਲਾ ਵਿਖੇ ਦਰਜ ਹੈ। ਸ. ਸਿੱਧੂ ਨੇ ਦੱਸਿਆ ਕਿ ਨਵਪ੍ਰੀਤ ਸਿੰਘ ਉਰਫ ਨਵ ਲਾਹੋਰੀਆ ਦੀ ਤਲਾਸੀ ਕਰਨ ਪਰ ਇਸ ਦੇ ਕਬਜਾ ਵਿਚੋਂ ਇਕ 30 ਬੋਰ ਪਿਸਟਲ ਸਮੇਂਤ 3 ਰੌਂਦ ਤੇ ਅੰਕੁਰ ਸਿੰਘ ਉਰਫ ਛੋਟੂ ਪਾਸੋ ਇਕ 315 ਬੋਰ ਦੇਸੀ ਪਿਸਤੋਲ ਸਮੇਂਤ 02 ਰੌਂਦ 315 ਬੋਰ ਬਰਾਮਦ ਕੀਤੇ ਗਏ। ਇਹ ਬਰਾਮਦ ਅਸਲਾ ਉਹੀ ਅਸਲਾ ਸੀ ਜੋ ਇਹਨਾ ਗੈਂਗਸਟਰਾ ਨੇ 2 ਫਰਵਰੀ 2019 ਨੂੰ ਪੁਲਿਸ ਨਾਲ ਹੋਈ ਮੁਠਭੇੜ ਦੌਰਾਨ ਵਰਤਿਆ ਸੀ ਤੇ ਇਹ ਅਸਲਾ ਗ਼ੈਰਕਾਨੂੰਨੀ ਹੈ।
ਐਸ.ਐਸ.ਪੀ. ਨੇ ਨਵ ਲਾਹੌਰੀਆ ਬਾਰੇ ਹੋਰ ਦੱਸਿਆ ਕਿ ਇਹ 2016 ਵਿਚ ਜੇਲ ਵਿਚ ਗਿਆ ਸੀ, ਜਿੱਥੇ ਇਸ ਦੀ ਮੁਲਾਕਾਤ ਗੈਂਗਸਟਰ ਲਾਰੈਂਸ ਬਿਸਨੋਈ ਨਾਲ ਹੋ ਗਈ ਸੀ। ਇਸੇ ਦੌਰਾਨ ਗੈਂਗਸਟਰ ਸੰਪਤ ਨੇਹਰਾ ਵਾਸੀ ਚੰਡੀਗੜ ਇਸ ਦੇ ਸੰਪਰਕ ਵਿਚ ਆਇਆ ਸੀ। ਉਨ੍ਹਾਂ ਦੱਸਿਆ ਕਿ ਗਿਰੋਹ ਦੇ ਮੈਬਰਾਂ ਦੀ ਪੁੱਛਗਿੱਛ ਤੋ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਨਵਪ੍ਰੀਤ ਸਿੰਘ ਉਰਫ ਨਵ ਸੰਧੂ ਉਰਫ ਨਵ ਲਾਹੌਰੀਆ ਵਿਰੁਧ ਪਹਿਲਾਂ ਹੀ ਪਟਿਆਲਾ ਵਿੱਚ ਇਰਾਦਾ ਕਤਲ ਦੇ ਮੁਕੱਦਮੇ ਦਰਜ ਹਨ। ਨਵਪ੍ਰੀਤ ਸਿੰਘ ਉਰਫ ਨਵ ਲਾਹੋਰੀਆ ਜੇਲ ਵਿੱਚੋ ਬਾਹਰ ਆਉਣ ਤੋ ਬਾਅਦ ਲਗਾਤਾਰ ਲਾਰੇਸ ਬਿਸਨੋਈ ਅਤੇ ਸੰਪਤ ਨੇਹਰਾ ਦੇ ਸੰਪਰਕ ਵਿਚ ਸੀ। ਇਹ ਸੰਪਤ ਨੇਹਰਾ ਨੂੰ ਭਗੌੜਾ ਹੋਣ ਸਮੇਂ ਪਨਾਹ ਦਿੰਦਾ ਰਿਹਾ ਹੈ, ਜਿਸ ਨੇ ਇਸ ਗਿਰੋਹ ਦੇ ਹੋਰ ਮੈਬਰਾਂ ਨਾਲ ਰਲਕੇ ਦਰਜਨ ਦੇ ਕਰੀਬ ਕਤਲ, ਇਰਾਦਾ ਕਤਲ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਪੰਜਾਬ, ਹਰਿਆਣਾ, ਦਿੱਲੀ ਅਤੇ ਯੂ.ਪੀ. ਵਿੱਚ ਅੰਜਾਮ ਦਿੱਤਾ ਹੈ।
ਸ. ਸਿੱਧੂ ਨੇ ਦੱਸਿਆ ਕਿ ਮਈ 2018 ਤੋਂ ਨਵਪ੍ਰੀਤ ਸਿੰਘ ਉਰਫ ਨਵ ਸੰਧੂ ਉਰਫ ਨਵ ਲਾਹੌਰੀਆ ਇਰਾਦਾ ਕਤਲ ਅਤੇ ਹੋਰ ਕੇਸਾ ਵਿੱਚ ਭਗੋੜਾ ਚੱਲਿਆ ਆ ਰਿਹਾ ਸੀ। ਸ. ਸਿੱਧੂ ਨੇ ਦੱਸਆ ਕਿ ਇਸ ਗਿਰੋਹ ਦੇ ਹੋਰ ਮੈਂਬਰ ਜ਼ਿਲ੍ਹਾ ਸੋਨੀਪਤ, ਦਿੱਲੀ ਅਤੇ ਰਾਜਸਥਾਨ ਦੇ ਏਰੀਆ ਦੇ ਰਹਿਣ ਵਾਲੇ ਹਨ। ਉਨ੍ਹਾਂ ਦੱਸਿਆ ਕਿ 22 ਸਾਲਾ ਨਵ ਲਹੌਰੀਆ ਇਲੈਕਟ੍ਰੋਨਿਕ ‘ਚ ਡਿਪਲੋਮਾ ਹੈ, 23 ਸਾਲਾ ਅੰਕੁਰ ਮਨੀ ਤੇ ਪ੍ਰਸ਼ਾਤ ਹਿੰਦਰਾਵ ਛੋੜੂ ਬਾਰਵੀਂ ਪਾਸ ਹਨ ਜਦੋਂਕਿ 21 ਸਾਲਾ ਅਨਵਨੀਤ ਨਵੀ ਤੇ 23 ਸਾਲਾ ਦਲਬੀਰ ਸਿੰਘ ਮਨੀ ਬੀ.ਏ. ਭਾਗ ਪਹਿਲਾ ਤੱਕ ਪੜ੍ਹੇ ਹਨ।
ਉਨ੍ਹਾਂ ਦੱਸਿਆ ਕਿ ਅੰਕੁਰ ਸਿੰਘ ਉਰਫ ਛੋਟੂ ਜੋ ਕਿ ਨੈਸ਼ਨਲ ਪੱਧਰ ਦਾ ਅਥਲੀਟ ਵੀ ਹੈ, ਨੇ ਵੀ ਨਵ ਸੰਧੂ ਉਰਫ ਨਵ ਲਾਹੌਰੀਆ ਨਾਲ ਰੱਲਕੇ ਕਤਲ ਅਤੇ ਲੁੱਟ-ਖੋਹ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਗੈਂਗਸਟਰ ਲਾਰੈਂਸ ਬਿਸਨੋਈ ਜੋ ਕਿ ਭਰਤਪੁਰ ਰਾਜਸਥਾਨ ਜੇਲ ਤੇ ਗੈਂਗਸਟਰ ਸੰਪਤ ਨੇਹਰਾ ਫਰੀਦਕੋਟ ਜੇਲ ‘ਚ ਬੰਦ ਹਨ। ਅੰਕੁਰ ਤੇ ਪ੍ਰਸਾਂਤ ਇਕ ਹੀ ਪਿੰਡ ਦੇ ਰਹਿਣ ਵਾਲੇ ਹਨ ਅਤੇ ਇਹ ਹੁਣ ਪਟਿਆਲਾ ਤੇ ਇਸ ਦੇ ਆਸ ਪਾਸ ਦੇ ਇਲਾਕੇ ‘ਚ ਸਰਗਰਮ ਰਹਿਕੇ ਕਈ ਵਾਰਦਾਤਾਂ ਕਰਨ ਦੀ ਤਾਕ ਵਿਚ ਸਨ। ਇਸੇ ਤਹਿਤ ਹੀ ਇਨ੍ਹਾਂ ਨੇ 1 ਫਰਵਰੀ 2019 ਦੀ ਰਾਤ ਨੂੰ ਪਿਸਟਲ ਪੁਆਇਟ ‘ਤੇ ਮਜੀਠੀਆ ਇਨਕਲੇਵ ਰੋਡ ‘ਤੇ ਕਵਿਡ ਕਾਰ ਦੀ ਖੋਹ ਕੀਤੀ ਸੀ।
ਇਸ ਮੌਕੇ ਸ. ਸਿੱਧੂ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਲੇ ਦੁਆਲੇ ਰਹਿੰਦੇ ਲੋਕਾਂ ਬਾਰੇ ਸੁਚੇਤ ਰਹਿਣ ਅਤੇ ਉਨ੍ਹਾਂ ਨੇ ਨਾਲ ਹੀ ਪੀ.ਜੀ. ਅਤੇ ਆਪਣੇ ਘਰ ਕਿਰਾਏ ‘ਤੇ ਦੇ ਕੇ ਇਸਦੀ ਸੂਚਨਾ ਪੁਲਿਸ ਨੂੰ ਨਾ ਦੇਣ ਵਾਲਿਆਂ ਨੂੰ ਚਿਤਾਵਨੀ ਵੀ ਦਿੱਤੀ ਕਿ ਅਜਿਹੇ ਲੋਕਾਂ ਵਿਰੁੱਧ ਪੁਲਿਸ ਕੇਸ ਦਰਜ ਕੀਤੇ ਜਾਣਗੇ। ਐਸ.ਐਸ.ਪੀ. ਨਾਲ ਇਸ ਮੌਕੇ ਐਸ.ਪੀ. ਜਾਂਚ ਸ. ਮਨਜੀਤ ਸਿੰਘ ਬਰਾੜ, ਡੀ.ਐਸ.ਪੀ. ਜਾਂਚ ਸ. ਸੁਖਮਿੰਦਰ ਸਿੰਘ ਚੌਹਾਨ, ਇੰਸਪੈਕਟਰ ਸ੍ਰੀ ਸੰਜੀਵ ਸਾਗਰ, ਇੰਸਪੈਕਟਰ ਸ. ਸ਼ਮਿੰਦਰ ਸਿੰਘ ਤੇ ਇੰਸਪੈਕਟਰ ਸ੍ਰੀ ਵਿਜੇ ਕੁਮਾਰ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।

ਪਟਿਆਲਾ ਪੁਲਿਸ ਨੇ ਰਣਜੀਤ ਨਗਰ ਵਾਸੀ ਇੰਦਰਜੀਤ ਸਿੰਘ ਪੁੱਤਰ ਜਗਮੋਹਨ ਸਿੰਘ ਵਿਰੁੱਧ ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਦੀ ਉਲੰਘਣਾ ਕਰਨ ਕਰਕੇ ਕੇਸ ਦਰਜ ਕੀਤਾ ਹੈ। ਇਸ ਵਿਅਕਤੀ ਨੇ ਆਪਣਾ ਘਰ ਕਿਰਾਏ ‘ਤੇ ਦੇਣ ਸਮੇਂ ਕਿਰਾਏਦਾਰਾਂ ਦੀ ਸੂਚਨਾ ਸਬੰਧਤ ਪੁਲਿਸ ਥਾਣੇ ਨੂੰ ਦੇਣ ਦੇ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਹੁਕਮਾਂ ਦੀ ਪਾਲਣਾ ਨਹੀਂ ਸੀ ਕੀਤੀ।
ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇੰਦਰਜੀਤ ਸਿੰਘ ਵਿਰੁੱਧ ਆਈ.ਪੀ.ਸੀ. ਦੀ ਧਾਰਾ 188 ਤਹਿਤ ਮੁਕਦਮਾ ਨੰਬਰ 20 ਥਾਣਾ ਤ੍ਰਿਪੜੀ ਵਿਖੇ ਦਰਜ ਕੀਤਾ ਹੈ। ਸ. ਸਿੱਧੂ ਨੇ ਦੱਸਿਆ ਕਿ ਇਸ ਵਿਅਕਤੀ ਵੱਲੋਂ ਕਿਰਾਏ ‘ਤੇ ਦਿੱਤੇ ਮਕਾਨ ਵਿੱਚ ਨੌਜਵਾਨ ਵਿਦਿਆਰਥੀ ਕਿਰਾਏ ‘ਤੇ ਪੀ.ਜੀ. ਵਜੋਂ ਰਹਿ ਰਹੇ ਸਨ ਅਤੇ ਇੱਥੋਂ ਹੀ 2 ਫਰਵਰੀ ਨੂੰ ਪਟਿਆਲਾ ਪੁਲਿਸ ਨੇ ਮੁਠਭੇੜ ਮਗਰੋਂ ਦੋ ਗੈਂਗਸਟਰ ਕਾਬੂ ਕੀਤੇ ਸਨ ਜਦੋਂਕਿ 3 ਗੈਂਗਸਟਰ ਫਰਾਰ ਹੋਣ ‘ਚ ਕਾਮਯਾਬ ਹੋ ਗਏ ਸਨ, ਜਿਨ੍ਹਾਂ ਨੂੰ ਅੱਜ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਐਸ.ਐਸ.ਪੀ. ਨੇ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰ ਕਿਰਾਏ ‘ਤੇ ਦੇਣ ਸਮੇਂ ਕਿਰਾਏਦਾਰਾਂ ਦੀ ਪੂਰੀ ਪੜਤਾਲ ਕਰ ਲੈਣ ਅਤੇ ਇਨ੍ਹਾਂ ਦੀ ਸੂਚਨਾ ਸਬੰਧਤ ਪੁਲਿਸ ਥਾਣੇ ਨੂੰ ਜਰੂਰ ਦੇਣ, ਕਿਉਂਕਿ ਅਜਿਹਾ ਨਾ ਕੀਤੇ ਜਾਣ ਕਰਕੇ ਜਰਾਇਮ ਪੇਸ਼ਾ ਵਿਅਕਤੀ ਇਸ ਦਾ ਨਾਜ਼ਾਇਬ ਫਾਇਦਾ ਉਠਾਉਂਦੇ ਹਨ। ਉਨ੍ਹਾਂ ਜ਼ਿਲ੍ਹਾ ਨਿਵਾਸੀਆਂ ਨੂੰ ਪੁਲਿਸ ਨੂੰ ਸਹਿਯੋਗ ਕਰਨ ਦੀ ਵੀ ਅਪੀਲ ਕੀਤੀ ਤਾਂ ਕਿ ਮਾੜੇ ਅਨਸਰਾਂ ਨੂੰ ਨੱਥ ਪਾਈ ਜਾ ਸਕੇ।
ਐਸ.ਐਸ.ਪੀ. ਨੇ ਹੋਰ ਦੱਸਿਆ ਕਿ ਪੁਲਿਸ ਵੱਲੋਂ ਅੱਜ ਗ੍ਰਿਫ਼ਤਾਰ ਕੀਤੇ ਗਏ ਤਿੰਨ ਜਣਿਆਂ, ਨਵਪ੍ਰੀਤ ਸਿੰਘ ਉਰਫ ਨਵ ਲਾਹੌਰੀਆ ਪੁੱਤਰ ਪਰਮਜੀਤ ਸਿੰਘ ਵਾਸੀ ਜੱਟਾ ਪੱਤੀ ਸਮਾਣਾ, ਅੰਕੁਰ ਸਿੰਘ ਉਰਫ ਮਨੀ ਪੁੱਤਰ ਸਤਵੀਰ ਸਿੰਘ ਅਤੇ ਪ੍ਰਸ਼ਾਤ ਹਿੰਦਰਾਵ ਉਰਫ ਛੋਟੂ ਪੁੱਤਰ ਰਜਿੰਦਰ ਸਿੰਘ ਵਾਸੀਆਨ ਹੱਸੂਪੁਰ ਥਾਣਾ ਸੀਵਨ ਜਿਲਾ ਹਾਪੁੜ (ਯੂ.ਪੀ.) ਨੂੰ ਅਦਾਲਤ ‘ਚ ਪੇਸ਼ ਕਰਕੇ 8 ਫਰਵਰੀ ਤੱਕ ਪੁਲਿਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ। ਸ. ਸਿੱਧੂ ਨੇ ਦੱਸਿਆ ਕਿ ਇਨ੍ਹਾਂ ਤੋਂ ਕੀਤੀ ਜਾਣ ਵਾਲੀ ਪੁਛਗਿੱਛ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।