Punjab: 6 Suspended including BDPO For Negligence In Election Duty

May 30, 2024 - PatialaPolitics

Punjab: 6 Suspended including BDPO For Negligence In Election Duty

ਸੂਚਨਾ ਅਤੇ ਲੋਕ ਸੰਪਰਕ ਵਿਭਾਗ, ਪੰਜਾਬ

 

*ਚੋਣ ਡਿਊਟੀ ਵਿਚ ਕੁਤਾਹੀ ਵਰਤਣ ਵਾਲੇ ਫਤਹਿਗੜ੍ਹ ਚੂੜੀਆਂ ਦੇ ਬੀਡੀਪੀਓ ਸਮੇਤ 6 ਮੁਅੱਤਲ*

 

– ਆਮ ਆਦਮੀ ਪਾਰਟੀ ਦੇ ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਧਾਨ ਦਿਹਾਤੀ ਨੂੰ ਨੋਟਿਸ ਜਾਰੀ

– ਪਿੰਡ ਬੱਦੋਵਾਲ ਕਲਾਂ ਦੇ 2 ਵਿਅਕਤੀਆਂ ਵਿਰੁੱਧ ਪਰਚਾ ਦਰਜ

– *ਸਾਰੀਆਂ ਸਿਆਸੀ ਪਾਰਟੀਆਂ ਤੇ ਉਨ੍ਹਾਂ ਦੇ ਨੁਮਾਇੰਦੇ ਚੋਣ ਜ਼ਾਬਤੇ ਦੀ ਪਾਲਣਾ ਯਕੀਨੀ ਬਣਾਉਣ: ਮੁੱਖ ਚੋਣ ਅਧਿਕਾਰੀ*

 

ਚੰਡੀਗੜ੍ਹ, 30 ਮਈ:

 

ਗੁਰਦਾਸਪੁਰ ਲੋਕ ਸਭਾ ਸੀਟ ਅਧੀਨ ਆਉਂਦੇ ਫਤਹਿਗੜ੍ਹ ਚੂੜੀਆਂ ਵਿਚ ਆਦਰਸ਼ ਚੋਣ ਜ਼ਾਬਤੇ ਨੂੰ ਸਹੀ ਢੰਗ ਨਾਲ ਲਾਗੂ ਨਾ ਕਰਾਉਣ ਵਾਲੇ ਫਤਹਿਗੜ੍ਹ ਚੂੜੀਆਂ ਦੇ ਬੀਡੀਪੀਓ (ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀ) ਸਮੇਤ 6 ਕਰਮਚਾਰੀਆਂ ਨੂੰ ਜ਼ਿਲ੍ਹਾ ਚੋਣ ਅਧਿਕਾਰੀ ਵੱਲੋਂ ਮੁਅੱਤਲ ਕਰ ਦਿੱਤਾ ਗਿਆ ਹੈ। ਚੋਣ ਜ਼ਾਬਤੇ ਦੀਆਂ ਉਲੰਘਨਾਵਾਂ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਗੁਰਦਾਸਪੁਰ ਦੇ ਰਿਟਰਨਿੰਗ ਅਫਸਰ-ਕਮ-ਜ਼ਿਲ੍ਹਾ ਚੋਣ ਅਧਿਕਾਰੀ ਨੇ ਪਰਗਟ ਸਿੰਘ ਬੀਡੀਪੀਓ, ਕੁਲਜਿੰਦਰ ਸਿੰਘ ਗ੍ਰਾਮ ਵਿਕਾਸ ਅਧਿਕਾਰੀ, ਮੇਜਰ ਸਿੰਘ ਪੰਚਾਇਤ ਸਕੱਤਰ, ਵਿਲੀਅਮ ਮਸੀਹ, ਸੁਖਜੀਤ ਸਿੰਘ ਤੇ ਸ਼ਮਸ਼ੇਰ ਸਿੰਘ ਸਾਰੇ ਗ੍ਰਾਮ ਰੋਜ਼ਗਾਰ ਸੇਵਕਾਂ ਨੂੰ ਤੁਰੰਤ ਪ੍ਰਭਾਵ ਤੋਂ ਮੁਅੱਤਲ ਕਰ ਦਿੱਤਾ ਹੈ।

 

ਇਕ ਬੁਲਾਰੇ ਨੇ ਦੱਸਿਆ ਕਿ ਫਤਹਿਗੜ੍ਹ ਚੂੜੀਆਂ ਦੇ ਵਿਧਾਇਕ ਦੀ ਸ਼ਿਕਾਇਤ ਮਿਲੀ ਸੀ ਕਿ ਇਕ ਸਰਕਾਰੀ ਪਾਰਕ ਵਿਚ ਇੰਟਰਲਾਕਿੰਗ ਟਾਈਲਾਂ ਲਵਾਈਆਂ ਜਾ ਰਹੀਆਂ ਹਨ ਜੋ ਕਿ ਚੋਣ ਜ਼ਾਬਤੇ ਦੀ ਉਲੰਘਣਾ ਹੈ। ਇਸ ਮਾਮਲੇ ਦੀ ਪੜਤਾਲ ਤੋਂ ਬਾਅਦ ਇਹ ਸ਼ਿਕਾਇਤ ਸਹੀ ਪਾਈ ਗਈ ਅਤੇ ਇਸ ਸਬੰਧੀ ਆਮ ਆਦਮੀ ਪਾਰਟੀ ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਧਾਨ ਦਿਹਾਤੀ ਨੂੰ ਨੋਟਿਸ ਜਾਰੀ ਕੀਤਾ ਗਿਆ। ਇਹ ਟਾਈਲਾਂ ਪਾਰਕ ਵਿਚ ਸੁਟਵਾਉਣ ਵਾਲੇ ਨੁਮਾਇੰਦਿਆਂ ਖਿਲਾਫ ਮਾਮਲਾ ਦਰਜ ਕਰਨ ਲਈ ਐਸਐਸਪੀ ਨੂੰ ਲਿਖਿਆ ਗਿਆ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਨੂੰ ਓਮ ਪ੍ਰਕਾਸ਼ (ਪ੍ਰਬੰਧਕ-ਕਮ-ਵੀ.ਡੀ.ਓ) ਤੇ ਕੁਲਦੀਪ ਸਿੰਘ (ਪੰਚਾਇਤ ਸਕੱਤਰ) ਖਿਲਾਫ ਚੋਣ ਜ਼ਾਬਤਾ ਲਾਗੂ ਨਾ ਕਰਵਾ ਸਕਣ ਲਈ ਮੁਅੱਤਲ ਕਰਕੇ ਅਨੁਸ਼ਾਸ਼ਨੀ ਕਾਰਵਾਈ ਕਰਨ ਲਈ ਕਿਹਾ ਗਿਆ ਹੈ।

 

ਇਸੇ ਤਰ੍ਹਾਂ ਫਤਹਿਗੜ੍ਹ ਚੂੜੀਆਂ ਦੇ ਪਿੰਡ ਬੱਦੋਵਾਲ ਕਲਾਂ ਵਿਚ ਸੀਮਿੰਟ ਦੇ ਬੈਂਚ ਵੰਡਣ ਦੀ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਪਿੰਡ ਦੇ ਹੀ ਦਿਲਬਾਗ ਸਿੰਘ ਅਤੇ ਸੁਖਵਿੰਦਰ ਸਿੰਘ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

 

ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਸਾਰੀਆਂ ਸਿਆਸੀ ਪਾਰਟੀਆਂ ਤੇ ਉਨ੍ਹਾਂ ਦੇ ਨੁਮਾਇੰਦਿਆਂ ਨੂੰ ਚੋਣ ਜ਼ਾਬਤੇ ਦੀ ਪਾਲਣਾ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਚੋਣ ਜ਼ਾਬਤਾ ਲਾਗੂ ਹੋਣ ਦੇ ਪਹਿਲੇ ਦਿਨ ਤੋਂ ਹੀ ਸਾਰਾ ਪ੍ਰਸ਼ਾਸਨੀ ਅਮਲਾ ਅਤੇ ਪੁਲਿਸ ਵਿਭਾਗ ਇਸ ਗੱਲ ‘ਤੇ ਜ਼ੋਰ ਦੇ ਰਿਹਾ ਹੈ ਕਿ ਚੋਣ ਪ੍ਰਚਾਰ ਅਤੇ ਚੋਣ ਅਮਲ ਦੌਰਾਨ ਕਿਸੇ ਪ੍ਰਕਾਰ ਦੇ ਜ਼ਾਬਤੇ ਦੀ ਉਲੰਘਣਾ ਨਾ ਕੀਤੀ ਜਾਵੇ ਅਤੇ ਕਾਫੀ ਹੱਦ ਤੱਕ ਇਸ ਮਕਸਦ ਵਿਚ ਪੰਜਾਬ ਕਾਮਯਾਬ ਵੀ ਰਿਹਾ ਹੈ।

 

ਉਨ੍ਹਾਂ ਕਿਹਾ ਕਿ ਹੁਣ ਜਦੋਂ ਵੋਟਾਂ ਪੈਣ ਵਿਚ ਕੁਝ ਘੰਟੇ ਬਾਕੀ ਹਨ ਤਾਂ ਸਾਰੀਆਂ ਸਿਆਸੀ ਪਾਰਟੀਆਂ, ਚੋਣਾਂ ਲੜ ਰਹੇ ਉਮੀਦਵਾਰਾਂ, ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਅਤੇ ਸਮੱਰਥਕਾਂ ਨੂੰ ਚਾਹੀਦਾ ਹੈ ਕਿ ਉਹ ਆਦਰਸ਼ ਚੋਣ ਜ਼ਾਬਤੇ ਅਧੀਨ ਰਹਿਣ ਅਤੇ ਲੋਕਤੰਤਰ ਦੇ ਇਸ ਤਿਉਹਾਰ ਵਿਚ ਇਕ ਮਿਸਾਲ ਪੇਸ਼ ਕਰਨ। ਸਿਬਿਨ ਸੀ ਨੇ ਸਾਰੇ ਚੋਣ ਅਧਿਕਾਰੀਆਂ-ਕਰਮਚਾਰੀਆਂ ਤੇ ਸੁਰੱਖਿਆ ਫੋਰਸ ਨੂੰ ਵੀ ਲੋਕ ਸਭਾ ਚੋਣਾਂ-2024 ਦੇ ਅੰਤਿਮ ਪੜਾਅ ‘ਤੇ ਚੋਣ ਜ਼ਾਬਤੇ ਦੀ ਪਾਲਣਾ ਯਕੀਨੀ ਬਣਾਉਣ ਲਈ ਪ੍ਰੇਰਿਤ ਕੀਤਾ ਹੈ।