Saras Heritage Mela Patiala 2019 Schedule Date Events Programs
February 8, 2019 - PatialaPolitics
‘ਪਟਿਆਲਾ ਹੈਰੀਟੇਜ ਉਤਸਵ-2019’ ਦਾ ਆਗਾਜ 19 ਫਰਵਰੀ ਦੀ ਸ਼ਾਮ ਨੂੰ ਪਟਿਆਲਾ ਦੇ ਵਿਰਾਸਤੀ ਕਿਲਾ ਮੁਬਾਰਕ ਵਿਖੇ ਹੋਵੇਗਾ। ਇਸ ਸਬੰਧੀ ਤਿਆਰੀਆਂ ਦਾ ਜਾਇਜਾ ਲੈਣ ਲਈ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨਾਲ ਮੀਟਿੰਗ ਕਰਕੇ ਪਟਿਆਲਾ ਹੈਰੀਟੇਜ ਉਤਸਵ ਦੇ ਪ੍ਰਬੰਧਾਂ ਨੂੰ ਸਮੇਂ ਸਿਰ ਨੇਪਰੇ ਚਾੜਨ ਦੀ ਹਦਾਇਤ ਕਰਦਿਆ ਕਿਹਾ ਕਿ ਪਟਿਆਲਾ ਹੈਰੀਟੇਜ ਫੈਸਟੀਵਲ ਜੋ ਕਰੀਬ 12 ਸਾਲਾਂ ਤੋਂ ਬਾਅਦ ਦੋਬਾਰਾ ਪਿੱਛਲੇ ਸਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖ਼ੁਦ ਨਿਜੀ ਦਿਲਚਸਪੀ ਲੈ ਕੇ ਸ਼ੁਰੂ ਕਰਵਾਇਆ ਸੀ, ਉਹ ਲਗਾਤਾਰ ਦੂਸਰੇ ਸਾਲ ਵੀ ਮਨਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਉਤਸਵ ਨੂੰ ਲੈਕੇ ਪਿੱਛਲੇ ਸਾਲ ਪਟਿਆਲਵੀਆਂ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਸੀ ਤੇ ਇਸ ਵਾਰ ਵੀ ਵੱਡੀ ਗਿਣਤੀ ਪਟਿਆਲਾ ਵਾਸੀ ਇਸ ਵਿਰਾਸਤੀ ਉਤਸਵ ਵਿੱਚ ਸ਼ਿਕਰਤ ਕਰਕੇ ਆਪਣੇ ਅਮੀਰ ਵਿਰਸੇ, ਵੱਡਮੁੱਲੀ ਵਿਰਾਸਤ ਅਤੇ ਸੱਭਿਆਚਾਰ ਦਾ ਆਨੰਦ ਮਾਣਨਗੇ।
ਨੇ ਦੱਸਿਆ ਕਿ ਪੰਜਾਬ ਦੇ ਸੱਭਿਆਚਾਰਕ ਤੇ ਸੈਰ ਸਪਾਟਾ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੰਡੀਅਨ ਟਰੱਸਟ ਫਾਰ ਰੂਰਲ ਹੈਰੀਟੇਜ ਐਂਡ ਡਿਵੈਲਪਮੈਂਟ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਉਤਸਵ ਦੇ 19 ਫਰਵਰੀ ਨੂੰ ਸ਼ਾਮ ਦੇ ਉਦਘਾਟਨੀ ਸਮਾਰੋਹ ਵਿੱਚ ਇਕ ਵਿਸ਼ੇਸ਼ ਵਿਰਾਸਤੀ ਮਸ਼ਾਲ ਮਾਰਚ ਕੱਢਿਆ ਜਾਵੇਗਾ। ਇਸ ਤੋਂ ਮਗਰੋਂ ਕਿਲਾ ਮੁਬਾਰਕ ਵਿਖੇ ਹੀ ਉੱਘੇ ਸ਼ਾਸਤਰੀ ਸੰਗੀਤਕਾਰ ਪਦਮ ਭੂਸ਼ਣ ਪੰਡਤ ਰਾਜਨ-ਸਾਜਨ ਮਿਸ਼ਰਾ ਆਪਣੀ ਪੇਸ਼ਕਾਰੀ ਦੇਣਗੇ ਅਤੇ ਪਾਰਵਤੀ ਦੱਤਾ ਉਡੀਸਾ ਦੇ ਡਾਸ ਔਰਾ ਦੀ ਪੇਸ਼ਕਾਰੀ ਕਰਨਗੇ।
ਇਸੇ ਦੌਰਾਨ ਪਟਿਆਲਾ ਵਿਰਾਸਤੀ ਉਤਸਵ ਦੇ ਪ੍ਰਬੰਧਾਂ ਦੀ ਦੇਖ-ਰੇਖ ਕਰ ਰਹੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ 20 ਫਰਵਰੀ ਨੂੰ ਸਵੇਰੇ 11 ਵਜੇ ਏਵੀਏਸ਼ਨ ਕਲੱਬ ਪਟਿਆਲਾ-ਸੰਗਰੂਰ ਰੋਡ ਵਿਖੇ ਏਅਰੋ ਮਾਡਲਿੰਗ ਅਤੇ ਸਟੰਟ ਬਾਇਕਿੰਗ ਦੇ ਕਰਤੱਬ ਹੋਣਗੇ ਅਤੇ ਸ਼ਾਮ ਨੂੰ ਕਿਲਾ ਮੁਬਾਰਕ ਵਿਖੇ ਪਦਮ ਸ੍ਰੀ ਉਸਤਾਦ ਵਾਸੀਫੂਦੀਨ ਡਾਗਰ, ਉਸਤਾਦ ਨਿਸ਼ਾਤ ਖਾਨ, ਉਸਤਾਦ ਇਰਸ਼ਾਦ ਖਾਨ ਅਤੇ ਉਸਤਾਦ ਵਜਾਹਤ ਖਾਨ ਆਪਣੀਆਂ ਸੰਗੀਤਮਈ ਪੇਸ਼ਕਾਰੀਆਂ ਦੇਣਗੇ।