Captain approved pension for Punjab veteran Journalists

February 8, 2019 - PatialaPolitics

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮਾਨਤਾ ਪ੍ਰਾਪਤ ਵੈਟਰਨ ਪੱਤਰਕਾਰਾਂ ਲਈ ਪ੍ਰਤੀ ਮਹੀਨਾ 12000 ਰੁਪਏ ਪੈਨਸ਼ਨ ਮੁਹੱਈਆ ਕਰਵਾਉਣ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਮੁੱਖ ਮੰਤਰੀ ਵੱਲੋਂ ਇਹ ਫੈਸਲਾ ਪੱਤਰਕਾਰ ਭਾਈਚਾਰੇ ਦੁਆਰਾ ਇਸ ਸਬੰਧੀ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਨੂੰ ਪ੍ਰਮੁੱਖਤਾ ਨਾਲ ਵਿਚਾਰਦਿਆਂ ਕੀਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦਫਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਮੀਡੀਆ ਕਰਮੀਆਂ ਵੱਲੋਂ ਆਮ ਲੋਕਾਂ ਤੱਕ ਸੂਚਨਾ ਤੇ ਜਾਣਕਾਰੀ ਪਹੁੰਚਾਉਣ ਲਈ ਨਿਭਾਈ ਜਾਂਦੀ ਭੂਮਿਕਾ ਨੂੰ ਅਹਿਮੀਅਤ ਦਿੰਦਿਆਂ ਮੁੱਖ ਮੰਤਰੀ ਵੱਲੋਂ ਪੱਤਰਕਾਰਾਂ ਲਈ ਪੈਨਸ਼ਨ ਸਕੀਮ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਸ ਸਬੰਧੀ ਨੋਟੀਫਿਕੇਸ਼ਨ ਜਲਦ ਹੀ ਜਾਰੀ ਕੀਤਾ ਜਾਵੇਗਾ।

ਬੁਲਾਰੇ ਨੇ ਦੱਸਿਆ ਕਿ ਇਸ ਸਕੀਮ ਤਹਿਤ ਉਹ ਵੈਟਰਨ ਪੱਤਰਕਾਰ ਯੋਗ ਹੋਣਗੇ ਜਿਨਾਂ ਦੀ ਉਮਰ 60 ਸਾਲ ਤੋਂ ਘੱਟ ਨਾ ਹੋਵੇ ਅਤੇ ਜਿਨਾਂ ਨੂੰ ਘੱਟੋ-ਘੱਟ 20 ਸਾਲਾਂ ਲਈ ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਵੱਲੋਂ ਮਾਨਤਾ ਪ੍ਰਾਪਤ ਰਹੀ ਹੋਵੇ।

ਯੋਗਤਾ ਤਹਿਤ ਇਹ ਵੀ ਲਾਜ਼ਮੀ ਹੋਵੇਗਾ ਕਿ ਪੱਤਰਕਾਰ ਖਿਲਾਫ ਕੋਈ ਅਪਰਾਧਿਕ ਕਾਰਵਾਈ ਲੰਬਿਤ ਨਾ ਹੋਵੇ ਅਤੇ ਨਾ ਹੀ ਕਿਸੇ ਵੀ ਸਰਕਾਰੀ ਜਾਇਦਾਦ ’ਤੇ ਉਸ ਦਾ ਗੈਰ-ਕਾਨੂੰਨੀ ਕਬਜ਼ਾ ਹੋਵੇ।

ਪੱਤਰਕਾਰ ਵੱਲੋਂ ਪੂਰਨ ਜਾਂ ਅੰਸ਼ ਰੂਪ ਵਾਲੇ ਕਿਸੇ ਫੰਡ ਤੋਂ ਮਿਲਦੀ ਪੈਨਸ਼ਨ ਤੋਂ ਇਲਾਵਾ ਹੋਰ ਕੋਈ ਤਨਖਾਹ ਜਾਂ ਪੈਨਸ਼ਨ ਨਾ ਲਈ ਜਾ ਰਹੀ ਹੋਵੇ, ਤਾਂ ਉਹ ਵੀ ਇਸ ਸਕੀਮ ਤਹਿਤ ਅਯੋਗ ਨਹੀਂ ਮੰਨਿਆ ਜਾਵੇਗਾ।