Dr Harveen Kaur w/o Dr Manmohan Singh passes away

February 9, 2019 - PatialaPolitics

ਦਿਲ ਦੇ ਰੋਗਾਂ ਦੇ ਉੱਘੇ ਮਾਹਰ ਡਾ. ਮਨਮੋਹਨ ਸਿੰਘ ਨੂੰ ਅੱਜ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਧਰਮ ਪਤਨੀ ਡਾ. ਹਰਵੀਨ ਕੌਰ, ਜੋ ਕਿ ਔਰਤ ਰੋਗਾਂ ਦੇ ਮਾਹਰ ਸਨ, ਦਾ ਕੁਝ ਦੇਰ ਬਿਮਾਰ ਰਹਿਣ ਤੋਂ ਬਾਅਦ ਅੱਜ ਦੇਹਾਂਤ ਹੋ ਗਿਆ। 59 ਵਰ੍ਹਿਆਂ ਦੇ ਡਾ. ਹਰਵੀਨ ਕੌਰ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਇਥੇ ਬੀਰ ਜੀ ਦੇ ਸਮਸ਼ਾਨਘਾਟ ਵਿਖੇ ਪੂਰੀਆਂ ਧਾਰਮਿਕ ਰਹੁਰੀਤਾਂ ਨਾਲ ਕਰ ਦਿੱਤਾ ਗਿਆ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅਗਨੀ ਡਾ. ਮਨਮੋਹਨ ਸਿੰਘ ਅਤੇ ਉਨ੍ਹਾਂ ਦੇ ਸਪੁੱਤਰ ਐਡਵੋਕੇਟ ਸਹਿਜਬੀਰ ਸਿੰਘ ਨੇ ਦਿਖਾਈ। ਉਹ ਆਪਣੇ ਪਰਿਵਾਰਕ ਮੈਂਬਰਾਂ ਅਤੇ ਹੋਰ ਸਨੇਹੀਆਂ ਨੂੰ ਸਦੀਵੀ ਵਿਛੋੜਾ ਦੇ ਗਏ ਹਨ।

ਪਰਿਵਾਰਕ ਸੂਤਰਾਂ ਮੁਤਾਬਕ ਡਾ. ਹਰਵੀਨ ਕੌਰ ਦਾ ਅੰਗੀਠਾ ਸੰਭਾਲਣ ਦੀ ਰਸਮ ਬੀਰ ਜੀ ਦੇ ਸਮਸ਼ਾਨ ਘਾਟ ਵਿਖੇ 10 ਫਰਵਰੀ ਨੂੰ ਸਵੇਰੇ 10.30 ਵਜੇ ਹੋਵੇਗੀ। ਉਨ੍ਹਾਂ ਨਮਿਤ ਗੁਰਬਾਣੀ ਕੀਰਤਨ ਅਤੇ ਅੰਤਿਮ ਅਰਦਾਸ ਇਤਿਹਾਸਕ ਗੁਰਦੁਆਰਾ ਸਿੰਘ ਸਭਾ, ਮਾਲ ਰੋਡ ਪਟਿਆਲਾ ਵਿਖੇ 17 ਫਰਵਰੀ ਨੂੰ ਬਾਅਦ ਦੁਪਹਿਰ 1 ਤੋਂ 2 ਵਜੇ ਤੱਕ ਹੋਵੇਗੀ।
ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡਾ. ਹਰਵੀਨ ਕੌਰ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਉਨ੍ਹਾਂ ਨੇ ਡਾ. ਮਨਮੋਹਨ ਸਿੰਘ ਨਾਲ ਦੁੱਖ ਸਾਂਝਾ ਕਰਦਿਆਂ ਡਾ. ਹਰਵੀਨ ਕੌਰ ਦੇ ਅਕਾਲ ਚਲਾਣੇ ਨੂੰ ਪਰਿਵਾਰ ਅਤੇ ਸਮਾਜ ਲਈ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਉਹ ਪ੍ਰਮਾਤਮਾ ਕੋਲ ਅਰਦਾਸ ਕਰਦੇ ਹਨ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖ਼ਸ਼ਣ ਅਤੇ ਪਿਛੇ ਪਰਿਵਾਰ ਨੂੰ ਭਾਣਾਂ ਮੰਨਣ ਦਾ ਬਲ ਬਖ਼ਸ਼ਣ।
ਜਦੋਂਕਿ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਨੇ ਵੀ ਡਾ. ਹਰਵੀਨ ਕੌਰ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸਮਸ਼ਾਨ ਘਾਟ ਵਿਖੇ ਨਿਜੀ ਤੌਰ ‘ਤੇ ਪੁੱਜ ਕੇ ਡਾ. ਮਨਮੋਹਨ ਸਿੰਘ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ। ਇਸੇ ਦੌਰਾਨ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਵੀ ਡਾ. ਮਨਮੋਹਨ ਸਿੰਘ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਡਾ. ਹਰਵੀਨ ਕੌਰ ਔਰਤ ਰੋਗਾਂ ਦੇ ਉੱਘੇ ਮਾਹਰ ਸਨ ਅਤੇ ਉਨ੍ਹਾਂ ਦੇ ਦੇਹਾਂਤ ਨਾਲ ਜਿਥੇ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ ਉਥੇ ਹੀ ਮਰੀਜਾਂ ਨੂੰ ਵੀ ਉਨ੍ਹਾਂ ਵੱਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਸਿਹਤ ਸੇਵਾਵਾਂ ਤੋਂ ਵਾਂਝੇ ਹੋਣ ਕਰਕੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਡਾ. ਹਰਵੀਨ ਕੌਰ ਦੀ ਮ੍ਰਿਤਕ ਦੇਹ ਦੇ ਅੰਤਿਮ ਸਸਕਾਰ ਮੌਕੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਰਾਜਪੁਰਾ ਦੇ ਵਿਧਾਇਕ ਸ. ਹਰਦਿਆਲ ਸਿੰਘ ਕੰਬੋਜ, ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ, ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ, ਸਾਬਕਾ ਮੰਤਰੀ ਸ. ਸੁਰਜੀਤ ਸਿੰਘ ਰੱਖੜਾ, ਮੁੱਖ ਮੰਤਰੀ ਦੇ ਓ.ਐਸ.ਡੀ. ਸ. ਅੰਮ੍ਰਿਤ ਪ੍ਰਤਾਪ ਸਿੰਘ ਹਨੀ ਸੇਖੋ, ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਸ. ਯੋਗਿੰਦਰ ਸਿੰਘ ਯੋਗੀ, ਸ਼੍ਰੋਮਣੀ ਕਮੇਟੀ ਮੈਂਬਰ ਸ. ਨਿਰਮਲ ਸਿੰਘ ਹਰਿਆਊ, ਕੈਪਟਨ ਅਮਰਜੀਤ ਸਿੰਘ ਜੇਜੀ, ਸਾਬਕਾ ਚੇਅਰਮੈਨ ਸ. ਇੰਦਰਮੋਹਨ ਸਿੰਘ ਬਜਾਜ, ਸ. ਸੁਰਜੀਤ ਸਿੰਘ ਅਬਲੋਵਾਲ, ਸ੍ਰੀ ਰਵੀ ਆਹਲੂਵਾਲੀਆ, ਸਾਬਕਾ ਮੇਅਰ ਸ. ਅਮਰਿੰਦਰ ਸਿੰਘ ਬਜਾਜ, ਸਾਬਕਾ ਆਈ.ਏ.ਐਸ. ਸ. ਮਨਜੀਤ ਸਿੰਘ ਨਾਰੰਗ, ਸਿਵਲ ਸਰਜਨ ਡਾ. ਮਨਜੀਤ ਸਿੰਘ, ਮੈਡੀਕਲ ਕਾਲਜ ਦੇ ਸਾਬਕਾ ਪ੍ਰਿੰਸੀਪਲ ਡਾ. ਸੁਰਿੰਦਰ ਸਿੰਘ, ਡਾ. ਬੀ.ਐਲ. ਭਾਰਦਵਾਜ, ਵਾਇਸ ਪ੍ਰਿੰਸੀਪਲ ਡਾ. ਹਰਜਿੰਦਰ ਸਿੰਘ, ਡੀ.ਪੀ.ਆਰ.ਓ. ਪਟਿਆਲਾ ਸ. ਇਸ਼ਵਿੰਦਰ ਸਿੰਘ ਗਰੇਵਾਲ, ਸਾਬਕਾ ਡੀ.ਪੀ.ਆਰ.ਓ. ਸ. ਉਜਾਗਰ ਸਿੰਘ, ਵੱਡੀ ਗਿਣਤੀ ‘ਚ ਸ਼ਹਿਰ ਦੇ ਡਾਕਟਰਾਂ ਸਮੇਤ ਹੋਰ ਸ਼ਖ਼ਸੀਅਤਾਂ, ਰਿਸ਼ਤੇਦਾਰ ਅਤੇ ਮੌਜੂਦ ਸਨ।