Polo Ground Patiala to get new look
February 14, 2019 - PatialaPolitics
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਫਲੈਗਸ਼ਿਪ ਪ੍ਰੋਗਰਾਮ ਮਿਸ਼ਨ ਤੰਦਰੁਸਤ ਪੰਜਾਬ ਨੂੰ ਅੱਗੇ ਵਧਾਉਣ ਦੇ ਨਾਲ-ਨਾਲ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੀ ਨੀਤੀ ਤਹਿਤ ਖੇਡਾਂ ਦੇ ਸ਼ਹਿਰ ਪਟਿਆਲੇ ਦੇ ਇਤਿਹਾਸਕ ਪੋਲੋ ਗਰਾਉਂਡ ਉੱਪਰ ਸਵਾ ਕਰੋੜ ਰੁਪਏ ਤੋਂ ਜਿਆਦਾ ਰਾਸ਼ੀ ਖਰਚ ਕਰਕੇ ਨਾ ਕੇਵਲ ਇਸਦੀ ਨੁਹਾਰ ਬਦਲੀ ਜਾਵੇਗੀ ਸਗੋਂ ਇੱਥੇ ਆਉਣ ਵਾਲੇ ਖਿਡਾਰੀਆਂ ‘ਤੇ ਸੈਰ ਕਰਨ ਵਾਲੇ ਨਾਗਰਿਕਾਂ ਨੂੰ ਹੋਰ ਸੁਵਿਧਾਵਾਂ ਵੀ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ।
ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਪੋਲੋ ਗਰਾਉਂਡ ਵਿੱਚ ਕੇਵਲ ਨੌਜਵਾਨ ਖਿਡਾਰੀ ਹੀ ਆਪਣੀ ਪ੍ਰੈਕਟਿਸ ਹੀ ਨਹੀਂ ਕਰਦੇ ਹਨ ਸਗੋਂ ਵੱਡੀ ਉਮਰ ਦੇ ਲੋਕ ਵੀ ਆਪਣੀ ਸਿਹਤ ਨੂੰ ਬਿਹਤਰ ਬਣਾਈ ਰੱਖਣ ਲਈ ਸੈਰ ਅਤੇ ਹੋਰ ਕਸਰਤਾਂ ਕਰਦੇ ਹਨ । ਅਜਿਹੇ ਵਿੱਚ ਖਿਡਾਰੀਆਂ ਅਤੇ ਆਮ ਸ਼ਹਿਰੀਆਂ ਲਈ ਵੱਖ ਵੱਖ ਪ੍ਰਬੰਧ ਕੀਤੇ ਜਾ ਰਹੇ ਹਨ ਤਾਂ ਕਿ ਕਿਸੇ ਨੂੰ ਸਮੱਸਿਆ ਨਾ ਹੋਵੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਐਥਲੈਟਿਕਸ ਖਿਡਾਰੀਆਂ ਲਈ ਬਿਹਤਰ ਟ੍ਰੈਕ ਤੋਂ ਇਲਾਵਾ ਸੈਰ ਕਰਨ ਵਾਲਿਆਂ ਲਈ ਵੱਖਰਾ ਇੱਕ ਕਿਲੋਮੀਟਰ ਦਾ ਵਾਕਿੰਗ ਟ੍ਰੈਕ ਬਣਾਇਆ ਜਾ ਰਿਹਾ ਹੈ । ਉਨ੍ਹਾਂ ਦੱਸਿਆ ਕਿ ਐਥਲੈਟਿਕਸ ਟ੍ਰੈਕ ਦੇ ਚਾਰੇ ਪਾਸੇ ਲੱਗਭੱਗ ਚਾਰ ਫੁੱਟ ਉੱਚੀ ਸਟੀਲ ਰੇਲਿੰਗ ਲਗਾ ਕੇ ਉਸ ਨੂੰ ਸੈਰ ਕਰਨ ਵਾਲਿਆਂ ਤੋਂ ਵੱਖਰਾ ਕੀਤਾ ਜਾਵੇਗਾ ਜਦੋਂ ਕਿ ਕੇਵਲ ਸੈਰ ਕਰਨ ਲਈ ਵਾਕਿੰਗ ਸਿੰਗਲ ਟ੍ਰੈਕ ਬਣਾਇਆ ਜਾ ਰਿਹਾ ਹੈ । ਉਹਨਾਂ ਦੱਸਿਆ ਕਿ 15 ਫੁੱਟ ਚੌੜਾ ਇਹ ਰਸਤਾ ਲੱਗਭੱਗ ਇੱਕ ਕਿਲੋਮੀਟਰ ਦਾ ਹੋਵੇਗਾ ਜਿਸ ਨੂੰ ਛੇ ਇੰਚ ਮਿੱਟੀ ਪਾ ਕੇ ਮੈਦਾਨ ਤੋਂ ਉੱਚਾ ਚੁੱਕਿਆ ਜਾਵੇਗਾ ਅਤੇ ਇਸ ਉੱਤੇ ਕਲੇਅ ਪਾ ਕੇ ਸੈਰ ਕਰਨ ਯੋਗ ਬਣਾਇਆ ਜਾਵੇਗਾ । ਇਹ ਵਾਕਿੰਗ ਟ੍ਰੈਕ ਬਾਸਕਟਬਾਲ ਦੇ ਕੋਰਟ ਤੋਂ ਸ਼ੁਰੂ ਹੋ ਕੇ ਲੋਅਰ ਮਾਲ ਵਾਲੇ ਪਾਸੇ ਤੋਂ ਹੁੰਦਾ ਹੋਇਆ ਬਾਕਸਿੰਗ ਹਾਲ ਤੱਕ ਜਾਵੇਗਾ ਅਤੇ ਫਿਰ ਜਿੰਮਨੇਜੀਅਮ ਅਤੇ ਐਥਲੈਟਿਕ ਟ੍ਰੈਕ ਦੇ ਕੋਲ ਦੀ ਹੁੰਦਾ ਹੋਇਆ ਬਾਸਕਟਬਾਲ ਕੋਰਟ ਤੱਕ ਜਾਵੇਗਾ ।
ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਲੱਗਭੱਗ 50 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਇਸ ਕਾਰਜ ਵਿੱਚ ਸਾਂਈ ਮਾਰਕੀਟ ਦੇ ਵੱਲ ਪੋਲੋ ਮੈਦਾਨ ਦੀ ਚਾਰਦਿਵਾਰੀ ਕਰਵਾਏ ਜਾਣ ਤੋਂ ਇਲਾਵਾ 200 ਵਾਹਨਾਂ ਦੀ ਪਾਰਕਿੰਗ ਵੀ ਤਿਆਰ ਕੀਤੀ ਜਾਵੇਗੀ । ਇਹ ਪਾਰਕਿੰਗ ਵਾਈ.ਪੀ.ਐਸ. ਸਕੂਲ ਦੇ ਵੱਲ ਪੁਰਾਣੇ ਬੈਡਮਿੰਟਨ ਹਾਲ ਦੇ ਨਜ਼ਦੀਕ ਟਾਈਲਾਂ ਲਗਾ ਕੇ ਬਣਾਈ ਜਾਵੇਗੀ ।
ਸ਼੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਇਹਨਾਂ ਕੰਮਾਂ ਤੋਂ ਇਲਾਵਾ ਪੋਲੋਂ ਗਰਾਉਂਡ ਦੀ ਨੁਹਾਰ ਬਦਲਣ ਕਰਨ ਅਤੇ ਸਾਰੀ ਚਾਰਦਿਵਾਰੀ ਨੂੰ ਠੀਕ ਕਰਨ ਅਤੇ ਹੋਰ ਸੁਵਿਧਾਵਾਂ ਤਿਆਰ ਕਰਨ ਲਈ ਅਗਲੇ ਪੜਾਅ ਵਿੱਚ 76 ਲੱਖ ਰੁਪਏ ਵੀ ਖਰਚ ਕੀਤੇ ਜਾਣਗੇ ਜਿਸ ਦੀ ਟੈਂਡਰ ਪ੍ਰਕ੍ਰਿਆ ਜਾਰੀ ਹੈ । ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਸ਼੍ਰੀ ਹਰਪ੍ਰੀਤ ਸਿੰਘ ਹੁੰਦਲ ਵੀ ਮੌਜੂਦ ਰਹੇ ।