Patiala Heritage Festival over,Craft Mela to continue

February 24, 2019 - PatialaPolitics

ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਪਟਿਆਲਾ ਹੈਰੀਟੇਜ ਫੈਸਟੀਵਲ-2019 ਦੀ ਅੱਜ ਆਖਰੀ ਸ਼ਾਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ ਗੁਰੂ ਸਾਹਿਬ ਦੀਆਂ 16 ਜਨਮ ਸਾਖੀਆਂ ਅਤੇ ਉਨ੍ਹਾਂ ਵੱਲੋਂ ਦਿੱਤੇ ਸੰਦੇਸ਼ਾਂ ‘ਤੇ ਅਧਾਰਤ ਸ. ਹਰਬਖ਼ਸ਼ ਸਿੰਘ ਲਾਟਾ ਵੱਲੋਂ ਨਿਰਦੇਸ਼ਤ ਲਾਇਟ ਐਂਡ ਸਾਊਂਡ ਪੈਨੋਰਮਾ ‘ਸਤਿਗੁਰ ਨਾਨਕ ਪ੍ਰਗਟਿਆ’ ਦੇ ਪ੍ਰਦਰਸ਼ਨ ਨਾਲ ਇਤਿਹਾਸਕ ਬਣ ਗਈ। ਇਸ ਤਰ੍ਹਾਂ ਪਟਿਆਲਾ ਹੈਰੀਟੇਜ ਫੈਸਟੀਵਲ-2019 ਇਥੇ ਐਨ.ਆਈ.ਐਸ. ਵਿਖੇ ਪਟਿਆਲਵੀਆਂ ਲਈ ਸਦੀਵੀ ਯਾਦਾਂ ਛੱਡਦਾ ਹੋਇਆ ਇੱਥੇ ਐਨ.ਆਈ.ਐਸ. (ਪੁਰਾਣੇ ਮੋਤੀ ਬਾਗ) ਦੇ ਖੁੱਲ੍ਹੇ ਵਿਹੜੇ ਵਿਖੇ ਸਮਾਪਤ ਹੋ ਗਿਆ।

ਪੰਜਾਬ ਦੇ ਸੱਭਿਆਚਾਰਕ ਤੇ ਸੈਰ ਸਪਾਟਾ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੰਡੀਅਨ ਟਰੱਸਟ ਫਾਰ ਰੂਰਲ ਹੈਰੀਟੇਜ ਐਂਡ ਡਿਵੈਲਪਮੈਂਟ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਵਿਰਾਸਤੀ ਉਤਸਵ ਦੀ ਆਖਰੀ ਸ਼ਾਮ ਮੌਕੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ, ਮੁੱਖ ਮਹਿਮਾਨ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ੍ਰੀ ਵਿਜੇਇੰਦਰ ਸਿੰਗਲਾ, ਸ੍ਰੀਮਤੀ ਦੀਪਾ ਸਿੰਗਲਾ, ਮੁੱਖ ਮੰਤਰੀ ਦੇ ਭਰਾ ਰਾਜਾ ਮਾਲਵਿੰਦਰ ਸਿੰਘ, ਰਾਣੀ ਹਰਪ੍ਰਿਆ ਕੌਰ, ਸ. ਗੁਰਪਾਲ ਸਿੰਘ, ਡਾਇਰੈਕਟਰ ਸੱਭਿਆਚਾਰਕ ਮਾਮਲੇ ਸ. ਮਲਵਿੰਦਰ ਸਿੰਘ ਜੱਗੀ ਸਮੇਤ ਹੋਰ ਅਹਿਮ ਸ਼ਖ਼ਸੀਅਤਾਂ ਨੇ ਇਸ ਯਾਦਗਾਰੀ ਸ਼ਾਮ ‘ਚ ਸ਼ਮੂਲੀਅਤ ਦਰਜ ਕਰਵਾਉਂਦਿਆਂ ਦੀਪ ਜਲਾ ਕੇ ਇਸ ਪੈਨੋਰਮਾ ਦੀ ਸ਼ੁਰੂਆਤ ਕਰਵਾਈ। ਸਤਿਗੁਰ ਨਾਨਕ ਪ੍ਰਗਟਿਆ ਦਾ ਮੰਚਨ ਹਜਾਰਾਂ ਦੀ ਗਿਣਤੀ ‘ਚ ਐਨ.ਆਈ.ਐਸ. ਪੁੱਜੇ ਦਰਸ਼ਕਾਂ ‘ਚ ਭਾਵੁਕਤਾ, ਗੁਰੂ ਸਾਹਿਬ ਪ੍ਰਤੀ ਪਿਆਰ ਅਤੇ ਸ਼ਰਧਾ ਪੈਦਾ ਕਰ ਗਿਆ।
ਇਸ ਮੌਕੇ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਹੈਰੀਟੇਜ ਫੈਸਟੀਵਲ ਨੂੰ ਕੌਮਾਂਤਰੀ ਸੱਭਿਆਚਾਰਕ ਕੈਲੰਡਰ ‘ਚ ਸ਼ਾਮਲ ਕਰਵਾਏਗੀ ਤਾਂ ਕਿ ਵਿਦੇਸ਼ਾਂ ‘ਚੋਂ ਭਾਰਤ ਆਉਣ ਵਾਲੇ ਸੈਲਾਨੀ ਆਪਣੇ ਟੂਰ ਪ੍ਰੋਗਰਾਮ ਇਸ ਫੈਸਟੀਵਲ ਦੀਆਂ ਤਰੀਕਾਂ ਦੇ ਮੱਦੇਨਜ਼ਰ ਬਣਾਉਣ। ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਪਟਿਆਲਾ ਹੈਰੀਟੇਜ ਫੈਸਟੀਵਲ ਨੇ ਦੇਸ਼ ਦੇ ਦੂਸਰੇ ਵੱਡੇ ਫੈਸਟੀਵਲਾਂ ਵਾਂਗ, ਕੌਮਾਂਤਰੀ ਪੱਧਰ ‘ਤੇ ਆਪਣੀ ਜਗ੍ਹਾ ਬਣਾ ਲੈਣੀ ਹੈ, ਜਿਸ ਨਾਲ ਪਟਿਆਲਾ ਵੀ ਸੈਰ ਸਪਾਟੇ ਦੇ ਕੇਂਦਰ ਵਜੋਂ ਉਭਰੇਗਾ ਤੇ ਇਹ ਉਤਸਵ ਸਾਡੀ ਨੌਜਵਾਨ ਪੀੜ੍ਹੀ ਨੂੰ ਸਾਡੀ ਵੱਡਮੁੱਲੀ ਵਿਰਾਸਤ ਤੋਂ ਜਾਣੂ ਕਰਵਾਉਣ ਦਾ ਵੱਡਾ ਜਰੀਆ ਬਣਿਆ ਹੈ।
ਇਸ ਮੌਕੇ ਕੈਬਨਿਟ ਮੰਤਰੀ ਸ੍ਰੀ ਵਿਜੇਇੰਦਰ ਸਿੰਗਲਾ ਨੇ ਕਿਹਾ ਕਿ ਪੰਜਾਬ ਸਰਕਾਰ ਸਾਡੇ ਵੱਡਮੁੱਲੀ ਵਿਰਾਸਤ ਨੂੰ ਸੰਭਾਲਣ ਅਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸ੍ਰੀ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਸਾਰਾ ਸਾਲ ਚੱਲਣਗੇ ਅਤੇ ਨਵੰਬਰ ‘ਚ ਵੱਡਾ ਸਮਾਗਮ ਸੁਲਤਾਨਪੁਰ ਲੋਧੀ ਵਿਖੇ ਹੋਵੇਗਾ।
ਅੱਜ ਉੱਘੇ ਨਾਟਕਕਾਰ ਡਾ. ਹਰਚਰਨ ਸਿੰਘ ਤੇ ਉਘੇ ਲੇਖਕ ਤੇ ਕਲਾਕਾਰ ਸ. ਅਰਜਨ ਸਿੰਘ ਵੱਲੋਂ ਸ੍ਰੀ ਗੁਰੂ ਨਾਨਕ ਸਾਹਿਬ ਦੀਆਂ 16 ਜਨਮ ਸਾਖੀਆਂ ‘ਤੇ ਅਧਾਰਤ ਆਪਣੇ ਪਹਿਲੇ ਸ਼ੋਅ ‘ਸਤਿਗੁਰ ਨਾਨਕ ਪ੍ਰਗਟਿਆ’ ਨਾਟਕ ਨੂੰ ਆਵਾਜ ਤੇ ਰੌਸ਼ਨੀ ਪਨੋਰਮਾ ਰਾਹੀਂ ਦਰਸਾਉਣ ਲਈ ਨਿਰਮਾਤਾ ਅਤੇ ਨਿਰਦੇਸ਼ਕ ਸ. ਹਰਬਖਸ਼ ਸਿੰਘ ਲਾਟਾ ਨੇ ਦਰਸ਼ਕਾਂ ਦੇ ਸਨਮੁੱਖ ਕੀਤਾ ਹੈ। ਇਸ ‘ਚ ਸ੍ਰੀ ਗੁਰੂ ਨਾਨਕ ਸਾਹਿਬ ਦੇ ਉਪਦੇਸ਼, ਸਿੱਖਿਆਵਾਂ ਅਤੇ ਫ਼ਲਸਫ਼ੇ ਨੂੰ ਸੰਗਤਾਂ ਦੇ ਸਨਮੁੱਖ ਪੇਸ਼ ਕੀਤਾ ਗਿਆ। ਇਸ ਤੋਂ ਪਹਿਲਾਂ ਦਿੱਲੀ ਤੋ ਵਿਸ਼ੇਸ਼ ਤੌਰ ‘ਤੇ ਪੁੱਜੇ ਸੂਫ਼ੀ ਗਾਇਕਾ ਦੇਵਿਸ਼ੀ ਸਹਿਗਲ ਨੇ ਸੂਫ਼ੀਆਨਾ ਕਲਾਮ ਸੁਣਾ ਕੇ ਦਰਸ਼ਕਾਂ ਨੂੰ ਝੂਮਣ ਲਾਇਆ।
ਚੇਤੇ ਰਹੇ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੀ ਪਿਛਲੀ ਸਰਕਾਰ ਸਮੇਂ ਵਿਰਾਸਤੀ ਉਤਸਵ ਮਨਾਉਣੇ ਸ਼ੁਰੂ ਕੀਤੇ ਗਏ ਸਨ ਅਤੇ ਪਟਿਆਲਾ ਵਿਖੇ ਲਗਾਤਾਰ ਅਜਿਹੇ ਉਤਸਵ ਮਨਾਏ ਗਏ ਪਰੰਤੂ ਪਿਛਲੇ ਕਰੀਬ 12 ਸਾਲ ਇਹ ਉਤਸਵ ਮਨਾਏ ਨਹੀਂ ਗਏ ਸਨ। ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਉਤਸਵ ਮੁੜ ਤੋਂ ਸੁਰਜੀਤ ਕਰਨ ਦੇ ਮੱਦੇਨਜਰ ਪਿਛਲੇ 6 ਦਿਨਾਂ ਤੋਂ ਪਟਿਆਲਾ ਵਿਰਾਸਤੀ ਉਤਸਵ ਦੇ ਚਲਦਿਆਂ ਪਟਿਆਲਾ ‘ਚ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਸੀ ਤੇ ਪਹਿਲੇ 4 ਦਿਨ ਖ਼ੂਬਸੂਰਤ ਰੌਸ਼ਨੀਆਂ ਨਾਲ ਰੁਸ਼ਨਾਇਆ ਵਿਰਾਸਤੀ ਕਿਲਾ ਮੁਬਾਰਕ ਇਸ ਉਤਸਵ ‘ਚ ਕਲਾ ਪ੍ਰੇਮੀਆਂ ਦੇ ਸ਼ਾਮਲ ਹੋਣ ਦਾ ਗਵਾਹ ਬਣਿਆ ਤੇ ਪੰਜਵੇਂ ਦਿਨ ਯਾਦਵਿੰਦਰਾ ਪਬਲਿਕ ਸਕੂਲ ਦੇ ਸਟੇਡੀਅਮ ‘ਚ ਪੌਪ ਗਾਇਕੀ ਸਮਾਰੋਹ ਹੋਇਆ। ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਸ਼ੀਸ ਮਹਿਲ ਵਿਖੇ ਚੱਲ ਰਿਹਾ ਕਰਾਫ਼ਟ ਮੇਲਾ 3 ਮਾਰਚ ਤੱਕ ਲਗਾਤਾਰ ਜਾਰੀ ਰਹੇਗਾ।
ਸਮਾਰੋਹ ਦੌਰਾਨ ਸ. ਗੁਰਪਾਲ ਸਿੰਘ, ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ, ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ, ਸ਼ਹਿਰੀ ਕਾਂਗਰਸ ਪ੍ਰਧਾਨ ਸ੍ਰੀ ਕੇ.ਕੇ. ਮਲਹੋਤਰਾ, ਸੀਨੀਅਰ ਡਿਪਟੀ ਮੇਅਰ ਸ੍ਰੀ ਯੋਗਿੰਦਰ ਸਿੰਘ ਯੋਗੀ, ਡਿਪਟੀ ਮੇਅਰ ਵਿਨਤੀ ਸੰਗਰ, ਮੁੱਖ ਮੰਤਰੀ ਦੇ ਓ.ਐਸ.ਡੀ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਸ੍ਰੀ ਰਾਜੇਸ਼ ਕੁਮਾਰ, ਸ੍ਰੀ ਬਲਵਿੰਦਰ ਸਿੰਘ, ਸ੍ਰੀ ਰਾਜੇਸ਼ ਸਹਿਗਲ, ਲੈਫ਼ਟੀਨੈਟ ਜਨਰਲ ਅਰੁਣ ਸਾਹਨੀ, ਪੀ.ਵੀ.ਐਸ.ਐਮ., ਯੂ.ਵਾਈ.ਐਸ.ਐਮ., ਐਸ.ਐਮ., ਵੀ.ਐਸ.ਐਮ. (ਰਿਟਾ.), ਸ੍ਰੀ ਜੈ ਸ਼ੇਰਗਿੱਲ, ਮੇਜਰ ਅਨੰਦ ਰਾਜਪੁਰੋਹਿਤ ਅਤੇ ਕਰਨਲ ਐਨ.ਐਸ. ਸੰਧੂ, ਬ੍ਰਿਗੇਡੀਅਰ ਡੀ.ਐਸ. ਗਰੇਵਾਲ, ਕੈਪਟਨ ਅਮਰਜੀਤ ਸਿੰਘ ਜੇਜੀ, ਡਾ. ਰਤਨ ਸਿੰਘ ਜੱਗੀ, ਡਾ. ਗੁਰਸ਼ਰਨ ਕੌਰ ਜੱਗੀ, ਸ. ਸੁਰਿੰਦਰ ਸਿੰਘ ਘੁੰਮਣ, ਮੁੱਖ ਮੰਤਰੀ ਦੇ ਵਧੀਕ ਪ੍ਰਮੁੱਖ ਸਕੱਤਰ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ, ਡਾਇਰੈਕਟਰ ਟੂਰਇਜਮ ਤੇ ਕਲਚਰ ਡਾ. ਮਲਵਿੰਦਰ ਸਿੰਘ ਜੱਗੀ, ਆਈ.ਜੀ. ਏ.ਐਸ. ਰਾਏ, ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ, ਐਨ.ਆਈ.ਐਸ. ਦੇ ਕਾਰਜਕਾਰੀ ਡਾਇਰੈਕਟਰ ਡਾ. ਐਸ.ਐਸ. ਰੋਇ, ਸਕਿਉਰਟੀ ਕੋਆਰਡੀਨੇਟਰ ਵੀ.ਕੇ. ਵਰਮਾ, ਡਾ. ਦਰਸ਼ਨ ਸਿੰਘ ਘੁੰਮਣ, ਸ. ਹਰਵਿੰਦਰ ਸਿੰਘ ਨਿੱਪੀ, ਕੇ.ਕੇ. ਸਹਿਗਲ, ਕਰਨਲ ਆਰ.ਪੀ.ਐਸ ਬਰਾੜ, ਡਾ. ਅਮਰ ਸਤਿੰਦਰ ਸੇਖੋਂ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਪੂਨਮਦੀਪ ਕੌਰ ਸਮੇਤ ਪਟਿਆਲਾ ਵਾਸੀ ਤੇ ਕਲਾ ਪ੍ਰੇਮੀਆਂ ਸਮੇਤ ਨੇ ਵੱਡੀ ਗਿਣਤੀ ਪਟਿਆਲਾ ਵਾਸੀਆਂ ਨੇ ਸ਼ਿਰਕਤ ਕਰਕੇ ਇਸ ਯਾਦਗਾਰੀ ਪੈਨੋਰਮਾ ਦਾ ਅਨੰਦ ਮਾਣਿਆ

Leave a Reply

Your email address will not be published.