Mall road Patiala to get heritage look

February 26, 2019 - PatialaPolitics

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਟਿਆਲਾ ਸ਼ਹਿਰ ਦੀ ਮਾਲ ਰੋਡ ਨੂੰ ਪੁਰਾਣੀ ਵਿਰਾਸਤੀ ਦਿੱਖ ਪ੍ਰਦਾਨ ਕਰਨ ਲਈ 5 ਕਰੋੜ 64 ਲੱਖ ਰੁਪਏ ਜਾਰੀ ਕੀਤੇ ਗਏ ਹਨ ਜਿਸ ਤਹਿਤ ਬੱਸ ਸਟੈਂਡ ਤੋਂ ਲੈਕੇ ਭਾਖੜਾ ਨਹਿਰ ਤੱਕ ਦੀ ਸੜਕ ਦਾ ਨਵੀਨੀਕਰਨ ਤੇ ਫੁਹਾਰਾਂ ਚੌਂਕ ਤੋਂ ਬੱਸ ਸਟੈਂਡ ਤੱਕ ਦੀ ਮਾਲ ਰੋਡ ਦੇ ਸੁੰਦਰੀਕਰਨ ਦਾ ਕੰਮ ਸ਼ਾਮਲ ਹੈ। ਅੱਜ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਵੱਲੋਂ ਮਾਲ ਰੋਡ ਦੇ ਸੁੰਦਰੀਕਰਨ ਦੇ ਕੰਮ ਦਾ ਨਰੀਖਣ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੱਸਿਆ ਕਿ ਸੜਕ ਦੇ ਨਵੀਨੀਕਰਨ ਤੇ ਵਿਰਾਸਤੀ ਦਿੱਖ ਦੇਣ ਲਈ ਨਗਰ ਨਿਗਮ, ਪੀ.ਡਬਲਿਯੂ.ਡੀ. ਤੇ ਬੀ.ਐਡ.ਆਰ ਵੱਲੋਂ ਸਾਂਝੇ ਤੌਰ ‘ਤੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮਾਲ ਰੋਡ ਦੇ ਸੁੰਦਰੀਕਰਨ ਦਾ ਕੰਮ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਪੂਨਮਦੀਪ ਕੌਰ ਦੇਖ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 5 ਕਰੋੜ 64 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਕੰਮਾਂ ਵਿੱਚੋਂ 4 ਕਰੋੜ 54 ਲੱਖ ਰੁਪਏ ਨਾਲ ਬੱਸ ਸਟੈਂਡ ਤੋਂ ਭਾਖੜਾ ਨਹਿਰ ਤੱਕ ਦੀ ਸੜਕ ਬਣਾਈ ਜਾ ਚੁੱਕੀ ਹੈ ਅਤੇ 1 ਕਰੋੜ 32 ਲੱਖ ਰੁਪਏ ਨਾਲ ਮਾਲ ਰੋਡ ਨੂੰ ਚੌੜਾ ਕਰਨ, ਫੁਹਾਰਿਆ ਦੀ ਮੁਰੰਮਤ, ਸਜਾਵਟੀ ਬੂਟੇ ਲਗਾਉਣ ਅਤੇ ਵਿਰਾਸਤੀ ਦਿੱਖ ਦੇਣ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮਾਲ ਰੋੜ ‘ਤੇ ਪਹਿਲਾਂ ਵਾਗ ਹੀ ਲਾਈਟਾਂ ਵਾਲੇ ਸੁੰਦਰ ਫੁਹਾਰੇ ਲਗਾਏ ਜਾ ਰਹੇ ਹਨ ਅਤੇ ਸੜਕ ਦੇ ਨਾਲ-ਨਾਲ ਪਾਰਕ ਵੀ ਵਿਕਸਤ ਕੀਤੇ ਜਾ ਰਹੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਾਲ ਰੋਡ ਦੇ ਆਲੇ-ਦੁਆਲੇ ਨਜਾਇਜ਼ ਕਬਜ਼ਿਆਂ ਨੂੰ ਹਟਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬੱਸ ਸਟੈਂਡ ਦੇ ਪੁਲ ਥੱਲੇ ਵੀ ਨਵੀਨੀਕਰਨ ਦਾ ਕੰਮ ਚੱਲ ਰਿਹਾ ਹੈ ਜੋ 90 ਪ੍ਰਤੀਸ਼ਤ ਕੰਮ ਮੁਕੰਮਲ ਹੋ ਚੁੱਕਾ ਹੈ।
ਇਸ ਮੌਕੇ ਉਨ੍ਹਾਂ ਸਬੰਧਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆ ਹਦਾਇਤ ਕੀਤੀ ਕਿ ਮਾਲ ਰੋਡ ਦੇ ਸੁੰਦਰੀਕਰਨ ਦਾ ਕੰਮ 30 ਅਪ੍ਰੈਲ ਤੱਕ ਹਰ ਹਾਲਤ ਵਿੱਚ ਮੁਕੰਮਲ ਕੀਤਾ ਜਾਵੇ ਅਤੇ ਕੰਮ ਵਿੱਚ ਕਿਸੇ ਵੀ ਤਰਾਂ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗਾ। ਉਨ੍ਹਾਂ ਅਧਿਕਾਰੀਆਂ ਨੂੰ ਕੰਮ ਦੀ ਪ੍ਰਗਤੀ ਰਿਪੋਰਟ ਹਰ ਸੋਮਵਾਰ ਦੇਣ ਦੀ ਹਦਾਇਤ ਕਰਦਿਆ ਕੰਮ ਵਿੱਚ ਵਰਤੇ ਜਾਣ ਵਾਲੇ ਸਮਾਨ ਦੀ ਗੁਣਵੱਤਾ ਵੱਲ ਵਿਸ਼ੇਸ਼ ਧਿਆਨ ਦੇਣ ਦੀ ਹਦਾਇਤ ਕੀਤੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਪੂਨਮਦੀਪ ਕੌਰ, ਨਗਰ ਨਿਗਮ ਦੇ ਬਾਗਬਾਨੀ ਐਕਸੀਅਨ ਸ੍ਰੀ ਦਲੀਪ, ਪੀ.ਡਬਲਿਯੂ.ਡੀ. ਦੇ ਬਾਗਬਾਨੀ ਐਕਸੀਅਨ ਸ੍ਰੀ ਸੰਦੀਪ ਸਿੰਘ ਗਰੇਵਾਲ ਅਤੇ ਬੀ ਐਡ ਆਰ ਦੇ ਐਸ.ਡੀ.ਓ ਸ੍ਰੀ ਸੰਜੇ ਗਰੋਵਰ ਵੀ ਹਾਜ਼ਰ ਸਨ।