Nurses strike over in Patiala
March 2, 2019 - PatialaPolitics
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਅੱਜ ਸ਼ਾਮ ਇੱਥੇ ਵਰ੍ਹਦੇ ਮੀਂਹ ‘ਚ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਪੁੱਜ ਕੇ ਹੜਤਾਲੀ ਨਰਸਾਂ ਅਤੇ ਹੋਰ ਮੁਲਾਜਮਾਂ ਦੀ ਹੜਤਾਲ ਖ਼ਤਮ ਕਰਵਾਈ। ਸਿਹਤ ਮੰਤਰੀ ਸ੍ਰੀ ਮਹਿੰਦਰਾ ਨੇ ਸਰਕਾਰੀ ਮੈਡੀਕਲ ਕਾਲਜ ਵਿਖੇ ਹੜਤਾਲੀ ਨਰਸਾਂ ਤੇ ਹੋਰ ਮੁਲਾਜਮਾਂ ਨਾਲ ਇੱਕ ਬੈਠਕ ਕਰਕੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ‘ਚ 651 ਸਟਾਫ਼ ਨਰਸਾਂ, 130 ਚੌਥਾ ਦਰਜਾ ਅਤੇ 75 ਐਨਸਿਲਰੀ ਵਰਕਰਾਂ ਨੂੰ ਪੱਕੇ ਕਰਨ ਲਈ ਹੋਏ ਸੰਜੀਦਾ ਵਿਚਾਰ ਵਟਾਂਦਰੇ ਤੋਂ ਜਾਣੂ ਕਰਵਾਇਆ।
ਜਿਕਰਯੋਗ ਹੈ ਕਿ ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਅਤੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਨੇ ਬੀਤੀ ਕੱਲ੍ਹ ਰਜਿੰਦਰਾ ਹਸਪਤਾਲ ਦੀ ਐਮਰਜੈਂਸੀ ਵਿਖੇ ਇਲਾਜ ਲਈ ਦਾਖਲ ਨਰਸਾਂ ਤੇ ਹੋਰ ਸਟਾਫ਼ ਦਾ ਹਾਲ ਚਾਲ ਵੀ ਜਾਣਿਆ ਸੀ। ਜਿਸ ਦੌਰਾਨ ਸ੍ਰੀ ਮਹਿੰਦਰਾ ਨੇ ਨਰਸਾਂ ਦੇ ਵਫ਼ਦ ਨਾਲ ਇੱਕ ਮੀਟਿੰਗ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਚੋਣ ਮੈਨੀਫੈਸਟੋ ‘ਚ ਕੀਤੇ ਵਾਅਦੇ ਮੁਤਾਬਕ ਰਾਜ ‘ਚ ਨਰਸਾਂ ਸਮੇਤ ਕੰਮ ਕਰਦੇ ਹੋਰ 27000 ਕੱਚੇ ਮੁਲਾਜਮਾਂ ਨੂੰ ਜਲਦ ਹੀ ਪੱਕਾ ਬਾਰੇ ਕੀਤੇ ਜਾਣ ਵਾਲੇ ਫੈਸਲੇ ਤੋਂ ਜਾਣੂ ਕਰਵਾਇਆ ਸੀ।
ਅੱਜ ਮੈਡੀਕਲ ਕਾਲਜ ਵਿਖੇ ਹੜਤਾਲੀ ਨਰਸਾਂ, ਐਨਸਿਲਰੀ ਅਤੇ ਦਰਜਾ ਚਾਰ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਨ ਮੌਕੇ ਸ੍ਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਸਰਕਾਰ ਉਨ੍ਹਾਂ ਸਮੇਤ ਹਰ ਕੱਚੇ ਮੁਲਾਜਮ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਲਈ ਸੰਜੀਦਾ ਹੈ। ਸਿਹਤ ਮੰਤਰੀ ਨੇ ਦੱਸਿਆ ਕਿ ਸਰਕਾਰ ਨੇ ਮੁੱਖ ਮੰਤਰੀ ਦੀ ਅਗਵਾਈ ਹੇਠਲੀ ਮੰਤਰੀ ਮੰਡਲ ਦੀ ਮੀਟਿੰਗ ‘ਚ ਫੈਸਲਾ ਲਿਆ ਹੈ ਕਿ 7 ਮਾਰਚ ਤੱਕ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੀਆਂ 651 ਸਟਾਫ਼ ਨਰਸਾਂ, 130 ਚੌਥਾ ਦਰਜਾ ਅਤੇ 75 ਐਨਸਿਲਰੀ ਵਰਕਰਾਂ ਨੂੰ ਪੱਕਾ ਕੀਤਾ ਜਾਵੇਗਾ।
ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਨੀਅਤ ਸਾਫ਼ ਅਤੇ ਉੱਚੀ-ਸੁੱਚੀ ਸੋਚ ਦੇ ਚਲਦਿਆਂ ਕਿਸੇ ਵੀ ਕੱਚੇ ਮੁਲਾਜਮ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਕਿਉਂਕਿ ਸਰਕਾਰ ਆਪਣੇ ਚੋਣ ਮੈਨੀਫੈਸਟੋ ਮੁਤਾਬਕ ਹਰ ਕੀਤਾ ਵਾਅਦਾ ਪੂਰਾ ਕਰਨ ਲਈ ਵਚਨਬੱਧ ਹੈ।
ਸਿਹਤ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਉਤਸ਼ਾਹ ਵਿੱਚ ਆਈਆਂ ਨਰਸਾਂ, ਐਨਸਿਲਰੀ ਅਤੇ ਚੌਥਾ ਦਰਜਾ ਮੁਲਾਜਮਾਂ ਨੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਅਤੇ ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਦਾ ਧੰਨਵਾਕ ਕੀਤਾ ਉਥੇ ਹੀ ਪੰਜਾਬ ਸਰਕਾਰ ਦੇ ਹੱਕ ‘ਚ ਨਾਅਰੇ ਲਗਾਏ। ਇਨ੍ਹਾਂ ਨੇ ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਵੱਲੋਂ ਉਨ੍ਹਾਂ ਦੀਆਂ ਮੰਗਾਂ ਮੰਨਣ ਲਈ ਅਪਣਾਈ ਹਾਂ ਪੱਖੀ ਸੋਚ ਲਈ ਉਨ੍ਹਾਂ ਦਾ ਖਾਸ ਤੌਰ ‘ਤੇ ਧੰਨਵਾਦ ਕੀਤਾ। ਜਦੋਂਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਿਭਾਈ ਗਈ ਉਸਾਰੂ ਭੂਮਿਕਾ ਲਈ ਵੀ ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਗਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ, ਏ.ਡੀ.ਸੀ. (ਵਿਕਾਸ) ਸ੍ਰੀਮਤੀ ਪੂਨਮਦੀਪ ਕੌਰ, ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਹਰਜਿੰਦਰ ਸਿੰਘ, ਮੈਡੀਕਲ ਸੁਪਰਡੈਂਟ ਡਾ. ਰਾਜਨ ਸਿੰਗਲਾ ਤੇ ਹੋਰ ਪਤਵੰਤੇ ਵੀ ਮੌਜੂਦ ਸਨ।