Development of Sanaur begins
March 6, 2019 - PatialaPolitics
ਪੰਜਾਬ ਸਰਕਾਰ ਵੱਲੋਂ ਹਲਕਾ ਸਨੌਰ ਸਮੇਤ ਭੁਨਰਹੇੜੀ ਅਤੇ ਇਲਾਕੇ ਦੇ ਲੋਕਾਂ ਦੀ ਕਰੀਬ 10 ਸਾਲਾਂ ਦੀ ਲਮਕਦੀ ਮੰਗ ਨੂੰ ਪੂਰਾ ਕਰਦਿਆਂ ਜੌੜੀਆਂ ਸੜਕਾਂ ਤੋਂ ਮੀਰਾਪੁਰ ਤੱਕ ਦੀ 11.40 ਕਿਲੋਮੀਟਰ ਸੜਕ ਦੇ ਨਿਰਮਾਣ ਦਾ ਕਾਰਜ 13.80 ਲੱਖ ਰੁਪਏ ਦੀ ਲਾਗਤ ਨਾਲ ਸ਼ੁਰੂ ਕਰਵਾਇਆ ਗਿਆ ਹੈ।
ਭੁੱਨਰਹੇੜੀ ਵਿਖੇ ਇਸ ਕੰਮ ਦੀ ਸ਼ੁਰੂਆਤ ਕਰਵਾਉਣ ਸਮੇਂ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਹਲਕਾ ਸਨੌਰ ਲਈ ਅੱਜ 38.71 ਕਰੋੜ ਰੁਪਏ ਦੇ ਵਿਕਾਸ ਕਾਰਜ ਸ਼ੁਰੂ ਕਰਵਾਏ ਗਏ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਹਲਕਾ ਸਨੌਰ ਦੇ ਇੰਚਾਰਜ ਸ. ਹਰਿੰਦਰਪਾਲ ਸਿੰਘ ਹੈਰੀਮਾਨ ਵੀ ਮੌਜੂਦ ਸਨ।
ਇਸ ਮੌਕੇ ਇੱਕ ਵਿਸ਼ਾਲ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਪਰਨੀਤ ਕੌਰ ਨੇ ਦੱਸਿਆ ਕਿ ਭਾਵੇਂ ਪਿਛਲੇ ਸਮੇਂ ‘ਚ ਉਨ੍ਹਾਂ ਨਾਲ ਵਿਤਕਰਾ ਹੁੰਦਾ ਰਿਹਾ ਹੈ ਪਰੰਤੂ ਕੈਪਟਨ ਸਰਕਾਰ ਵੱਲੋਂ ਨੇ ਅਕਾਲੀ-ਭਾਜਪਾ ਸਰਕਾਰ ਵੱਲੋਂ ਕੀਤੀ ਜਾਂਦੀ ਵਿਤਕਰੇ ਦੀ ਰਾਜਨੀਤੀ ਨੂੰ ਬੰਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਆਖਰੀ ਸਾਲ ‘ਚ ਨਹੀਂ ਬਲਕਿ ਸਰਕਾਰ ਦੇ ਕਾਰਜਕਾਲ ਦੇ ਸ਼ੁਰੂ ਤੋਂ ਹੀ ਕੰਮ ਕਰਨਾ ਸ਼ੁਰੂ ਕਰਦੀ ਹੈ ਜਿਸ ਲਈ ਲੋਕਾਂ ਦੇ ਕੋਈ ਕੰਮ ਬਾਕੀ ਨਹੀਂ ਰਹਿਣਗੇ।
ਸਾਬਕਾ ਕੇਂਦਰੀ ਮੰਤਰੀ ਨੇ ਦੱਸਿਆ ਕਿ ਇਸ ਸੜਕ ਦੇ ਨਿਰਮਾਣ ਨਾਲ ਦਿੱਲੀ ਜਾਣ ਲਈ ਕਰੀਬ 12 ਕਿਲੋਮੀਟਰ ਦਾ ਰਸਤਾ ਘਟੇਗਾ। ਜਦੋਂਕਿ ਪਹਿਲਾਂ ਇਸ ਸੜਕ ਦੀ ਲੰਮੇ ਸਮੇਂ ਤੋਂ ਮੁਰੰਮਤ ਨਾ ਹੋਣ ਕਾਰਨ ਪਟਿਆਲਾ ਤੇ ਇਲਾਕੇ ਦੇ ਵਸਨੀਕਾਂ ਨੂੰ ਹਰਿਆਣਾਂ ਦੇ ਪਹੇਵਾ ਅਤੇ ਅੱਗੇ ਦਿੱਲੀ ਜਾਣ ਲਈ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਹੁਣ ਰਾਹਗੀਰਾਂ ਨੂੰ ਇਸ ਦਾ ਵੱਡਾ ਲਾਭ ਮਿਲੇਗਾ ਅਤੇ ਇਸ ਸੜਕ ਦੇ ਬਨਣ ਨਾਲ ਕੁਰੂਕਸ਼ੇਤਰ, ਪਹੇਵਾ, ਦਿੱਲੀ ਤੱਕ ਜਾਣ ਲਈ ਲੋਕਾਂ ਨੂੰ ਲਾਭ ਮਿਲੇਗਾ। ਉਨ੍ਹਾਂ ਦੱਸਿਆ ਕਿ ਇਸ ਸੜਕ ਬਾਰੇ ਹੁਣ ਤੱਕ ਝੂਠ ਹੀ ਬੋਲਿਆ ਗਿਆ ਕਿ ਇਹ ਸੜਕ ਹਾਈਵੇ ਬਣੇਗੀ ਪਰੰਤੂ ਕੈਪਟਨ ਸਰਕਾਰ ਨੇ ਹੀ ਪਹਿਲਾਂ ਇਸਦੀ 55 ਲੱਖ ਰੁਪਏ ਦੀ ਲਾਗਤ ਨਾਲ ਮੁਰੰਮਤ ਕਰਵਾਈ ਅਤੇ ਹੁਣ ਇਸ ਨੂੰ ਬਣਾਉਣ ਲਈ 13.80 ਕਰੋੜ ਰੁਪਏ ਪ੍ਰਵਾਨ ਕੀਤੇ।
ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਲਕਾ ਸਨੌਰ ਲਈ ਭੇਜੇ ਵਿਕਾਸ ਫੰਡਾਂ ਲਈ ਅਤੇ ਸ੍ਰੀਮਤੀ ਪਰਨੀਤ ਕੌਰ ਦਾ ਧੰਨਵਾਦ ਕਰਦਿਆਂ ਸ. ਹਰਿੰਦਰਪਾਲ ਸਿੰਘ ਹੈਰੀਮਾਨ ਨੇ ਕਿਹਾ ਕਿ ਹਲਕੇ ਦੇ ਲੋਕਾਂ ਨੇ ਹਮੇਸ਼ਾਂ ਕਾਂਗਰਸ ਪਾਰਟੀ ਦਾ ਸਾਥ ਦਿੱਤਾ ਹੈ, ਜਿਸ ਲਈ ਉਨ੍ਹਾਂ ਨੂੰ ਆਸ ਹੈ ਕਿ ਆਗਾਮੀ ਲੋਕ ਸਭਾ ਚੋਣਾਂ ‘ਚ ਸਨੌਰ ਹਲਕੇ ਦੇ ਲੋਕ ਕਾਂਗਰਸ ਪਾਰਟੀ ਨੂੰ ਮਜਬੂਤ ਕਰਨਗੇ। ਉਨ੍ਹਾਂ ਦੱਸਿਆ ਕਿ ਪੌਣੇ ਦੋ ਸਾਲਾਂ ‘ਚ ਕੈਪਟਨ ਸਰਕਾਰ ਨੇ ਹਲਕਾ ਸਨੌਰ ਵਿਕਾਸ ਕਾਰਜ ਕਰਵਾ ਕੇ ਰਿਕਾਰਡ ਬਣਾਇਆ ਹੈ ਅਤੇ ਹੁਣ 10 ਮਾਰਚ ਤੋਂ 30 ਜੂਨ ਤੱਕ ਸਾਰੀਆਂ ਸੜਕਾਂ ‘ਤੇ ਲੁੱਕ ਪਵਾ ਕੇ ਲੋਕਾਂ ਨੂੰ ਆਵਾਜਾਈ ਦੀ ਵੱਡੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ।
ਇਸ ਮੌਕੇ ਮੁੱਖ ਮੰਤਰੀ ਦੇ ਓ.ਐਸ.ਡੀ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਸ੍ਰੀਮਤੀ ਗੁਰਮੀਤ ਕੌਰ ਸ਼ੈਰੀ ਮਾਨ, ਸ. ਰੀਤਿੰਦਰ ਸਿੰਘ ਰਿੱਕੀ ਮਾਨ, ਬਲਾਕ ਪ੍ਰਧਾਨ ਡਾ. ਗੁਰਮੀਤ ਸਿੰਘ, ਸ੍ਰੀ ਅਸ਼ਵਨੀ ਬੱਤਾ, ਸ. ਜੋਗਿੰਦਰ ਸਿੰਘ ਕਾਕੜਾ, ਸ. ਗੁਰਮੇਜ ਸਿੰਘ ਭੁਨਰਹੇੜੀ, ਸ. ਮਾਨ ਸਿੰਘ ਅਲੀਪੁਰ, ਸ. ਮਨਿੰਦਰ ਸਿੰਘ ਫਰਾਂਸਵਾਲਾ, ਸ. ਅਮਨਰਣਜੀਤ ਸਿੰਘ ਨੈਣਾਂ, ਸ. ਦੀਦਾਰ ਸਿੰਘ ਦੌਣਕਲਾਂ, ਸ. ਪ੍ਰਭਜਿੰਦਰ ਸਿੰਘ, ਸ. ਹਰਜਿੰਦਰ ਸਿੰਘ, ਸ. ਨਸੀਬ ਸਿੰਘ, ਸ. ਤਿਲਕ ਰਾਜ, ਸ. ਨਿੱਪੀ ਵਿਰਕ, ਸ. ਸਿਮਰਦੀਪ ਸਿੰਘ ਬਰਕਤਪੁਰ, ਸ. ਕਾਹਨ ਸਿੰਘ ਮਜਾਲ, ਸ੍ਰੀ ਦੇਵ ਸ਼ਰਮਾ, ਸ੍ਰੀਮਤੀ ਚਰਨਜੀਤ ਕੌਰ, ਬੀ.ਡੀ.ਪੀ.ਓ. ਸੁਖਵਿੰਦਰ ਸਿੰਘ ਟਿਵਾਣਾ ਸਮੇਤ ਇਲਾਕਾ ਨਿਵਾਸੀ ਵੱਡੀ ਗਿਣਤੀ ‘ਚ ਮੌਜੂਦ ਸਨ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਾਸੀਆਂ ਨੂੰ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਦੇ ਕੀਤੇ ਵਾਅਦੇ ਨੂੰ ਪੂਰਾ ਕਰਦਿਆਂ ਪੰਜਾਬ ਰਾਜ ਬਿਜਲੀ ਨਿਗਮ ਵੱਲੋਂ ਪਟਿਆਲਾ ਦੇ ਸਨੌਰ ਹਲਕੇ ਵਿੱਚ ਦੋ ਦਰਜਨ ਤੋਂ ਵੱਧ ਪਿੰਡ ਵਾਸੀਆਂ ਨੂੰ ਨਿਰਵਿਘਨ ਬਿਜਲੀ ਸਪਲਾਈ ਪ੍ਰਦਾਨ ਕਰਨ ਲਈ ਅੱਜ ਪਿੰਡ ਭਸਮੜਾ ਤੇ ਪਿੰਡ ਰੋਸ਼ਨਪੁਰ ਵਿਖੇ 66 ਕਿਲੋਵਾਟ ਦੇ ਦੋ ਨਵੇ ਗਰਿੱਡਾਂ ਦਾ ਨੀਂਹ ਪੱਥਰ ਰੱਖਿਆ ਗਿਆ। ਕਰੀਬ 9 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਇਨ੍ਹਾਂ ਗਰਿੱਡਾ ਦਾ ਕੰਮ ਝੋਨੇ ਦੇ ਸ਼ੀਜਨ ਤੋਂ ਪਹਿਲਾਂ ਮੁਕੰਮਲ ਕਰ ਲਿਆ ਜਾਵੇਗਾ। ਇਸ ਸਬ ਸਟੇਸ਼ਨ ਦੀ ਉਸਾਰੀ ਦੇ ਕੰਮ ਦੀ ਸ਼ੁਰੂਆਤ ਅੱਜ ਇੱਥੇ ਬਿਜਲੀ, ਨਵੀ ਅਤੇ ਨਵਿਆਉਣ ਯੋਗ ਊਰਜਾ ਸਰੋਤ ਮੰਤਰੀ ਸ੍ਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਰਵਾਈ, ਇਸ ਮੌਕੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ, ਹਲਕਾ ਸਨੌਰ ਦੇ ਇੰਚਾਰਜ ਸ੍ਰੀ ਹਰਿੰਦਰਪਾਲ ਸਿੰਘ ਹੈਰੀਮਾਨ ਉਨ੍ਹਾਂ ਦੇ ਨਾਲ ਬਿਜਲੀ ਨਿਗਮ ਦੇ ਸੀ.ਐਮ.ਡੀ. ਇੰਜ. ਬਲਦੇਵ ਸਿੰਘ ਸਰਾਂ ਵੀ ਮੌਜੂਦ ਸਨ।
ਇਸ ਦੌਰਾਨ ਇਲਾਕੇ ਦੇ ਵਸਨੀਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਸਨੌਰ ਹਲਕੇ ਦੇ ਪਿੰਡਾਂ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਪੰਜਾਬ ਵਿੱਚ 30 ਨਵੇਂ ਗਰਿੱਡ ਸਥਾਪਤ ਕੀਤੇ ਜਾ ਜਾਣੇ ਹਨ ਜਿਸ ਵਿੱਚੋਂ ਪਹਿਲੇ ਦੋ ਗਰਿੱਡ ਪਟਿਆਲਾ ਦੇ ਸਨੌਰ ਹਲਕੇ ਦੇ ਪਿੰਡ ਭਸਮੜਾ ਤੇ ਪਿੰਡ ਰੋਸ਼ਨਪੁਰ ਵਿਖੇ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪਿੰਡ ਭਸਮੜਾ ਵਿਖੇ 331 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ 66 ਕੇ.ਵੀ. ਗਰਿੱਡ ਨਾਲ ਆਲੇ-ਦੁਆਲੇ ਦੇ 12 ਪਿੰਡਾਂ ਨੂੰ ਲਾਭ ਹੋਵੇਗਾ ਅਤੇ ਪਿੰਡ ਰੋਸ਼ਨਪੁਰ ਵਿਖੇ 580 ਲੱਖ ਰੁਪਏ ਦੀ ਲਾਗਤ ਨਾਲ ਲੱਗਣ ਵਾਲੇ 66 ਕੇ.ਵੀ. ਗਰਿੱਡ ਨਾਲ ਸਨੌਰ ਹਲਕੇ ਦੇ ਕਰੀਬ 15 ਪਿੰਡਾਂ ਨੂੰ ਲਾਭ ਹੋਵੇਗਾ।
ਸ੍ਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਅੱਜ ਦੀ ਕੈਬਨਿਟ ਮੀਟਿੰਗ ਵਿੱਚ ਗਰੀਬ ਵਰਗ ਦੇ ਪਿੱਛਲੇ ਦੋ ਸਾਲਾਂ ਦੌਰਾਨ ਆਏ ਵੱਧ ਬਿੱਲਾਂ ਨੂੰ ਖਤਮ ਕਰਕੇ ਵੱਡੀ ਰਾਹਤ ਪ੍ਰਦਾਨ ਕੀਤੀ ਗਈ ਹੈ ਅਤੇ ਪਿੱਛਲੀ ਸਰਕਾਰ ਦੌਰਾਨ ਗਰੀਬ ਵਰਗ ਨੂੰ 200 ਯੂਨਿਟ ਬਿਜਲੀ ਮਾਫ਼ ਕੀਤੀ ਗਈ ਸੀ ਪ੍ਰੰਤੂ ਜੇਕਰ ਉਨ੍ਹਾਂ ਦਾ ਬਿੱਲ 200 ਯੂਨਿਟ ਤੋਂ ਉਪਰ ਹੁੰਦਾ ਤਾਂ ਉਨ੍ਹਾਂ ਨੂੰ ਸਾਰਾ ਬਿੱਲ ਅਦਾ ਕਰਨਾ ਪੈਦਾ ਸੀ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਵਿੱਚ ਸੋਧ ਕਰਦਿਆ ਸਿਰਫ਼ 200 ਯੂਨਿਟ ਤੋਂ ਉਪਰ ਵਾਲੇ ਯੂਨਿਟਾਂ ਦੀ ਹੀ ਅਦਾਇਗੀ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਇਸ ਨਾਲ ਗਰੀਬ ਵਰਗ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਪਿੱਛਲੇ ਝੋਨੇ ਦੇ ਸੀਜਨ ਦੌਰਾਨ ਕਿਸਾਨਾਂ ਨੂੰ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਗਈ ਸੀ ਤੇ ਇਸ ਵਾਰ ਵੀ ਪੰਜਾਬ ਸਰਕਾਰ ਵੱਲੋਂ ਬਿਜਲੀ ਦੇ ਅਗਾਉ ਪ੍ਰਬੰਧ ਕਰ ਲਏ ਗਏ ਹਨ।
ਇਸ ਮੌਕੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤਾ ਹਰੇਕ ਵਾਅਦਾ ਪੂਰਾ ਕੀਤਾ ਜਾ ਰਿਹਾ ਹੈ ਅਤੇ ਸੂਬੇ ਦਾ ਸਰਬਪੱਖੀ ਵਿਕਾਸ ਸਰਕਾਰ ਬਣਨ ਦੇ ਪਹਿਲੇ ਦਿਨ ਤੋਂ ਹੀ ਸ਼ੁਰੂ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸਨੌਰ ਹਲਕੇ ਦੇ ਵਸਨੀਕਾਂ ਦੀ ਲੰਮੇ ਸਮੇਂ ਤੋਂ ਨਿਰਵਿਘਨ ਬਿਜਲੀ ਸਪਲਾਈ ਦੀ ਮੰਗ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੂਰੀ ਕਰ ਦਿੱਤੀ ਹੈ। ਉਨ੍ਹਾਂ ਕਿਹਾ ਸਨੌਰ ਹਲਕੇ ਦੇ ਇਨ੍ਹਾਂ ਪਿੰਡਾਂ ਨੂੰ ਦੇਵੀਗੜ੍ਹ ਗਰਿੱਡ ਤੋਂ ਸਪਲਾਈ ਆਉਂਦੀ ਸੀ ਅਤੇ ਲਾਈਨ ਵਿੱਚ ਖਰਾਬੀ ਆਉਣ ਨਾਲ ਇਸ ਇਲਾਕੇ ਦੇ ਲੋਕਾਂ ਨੂੰ ਕਈ-ਕਈ ਦਿਨ ਬਿਜਲੀ ਤੋਂ ਵਾਂਝੇ ਹੋਣਾ ਪੈਦਾ ਸੀ ਜੋ ਹੁਣ ਇਹ ਸਮੱਸਿਆ ਹੱਲ ਹੋ ਜਾਵੇਗੀ।
ਇਸ ਮੌਕੇ ਬਿਜਲੀ ਨਿਗਮ ਦੇ ਸੀ.ਐਮ.ਡੀ. ਇੰਜ. ਬਲਦੇਵ ਸਿੰਘ ਸਰਾਂ ਨੇ ਕਿਹਾ ਕਿ ਸਨੌਰ ਹਲਕੇ ਵਿੱਚ ਦੋ ਗਰਿੱਡ ਲੱਗਣ ਨਾਲ ਜਿੱਥੇ ਹਲਕੇ ਦਾ ਵਿਕਾਸ ਹੋਵੇਗਾ ਨਵੀਂ ਇੰਡਸਟਰੀ ਆਵੇਗੀ ਉਥੇ ਹੀ ਇਨ੍ਹਾਂ ਪਿੰਡਾਂ ਨੂੰ 24 ਘੰਟੇ ਬਿਜਲੀ ਸਪਲਾਈ ਮਿਲ ਸਕੇਗੀ।
ਇਸ ਮੌਕੇ ਹਲਕਾ ਸਨੌਰ ਦੇ ਇੰਚਾਰਜ ਸ੍ਰੀ ਹਰਿੰਦਰਪਾਲ ਸਿੰਘ ਹੈਰੀਮਾਨ ਨੇ ਕਿਹਾ ਕਿ ਪਿੰਡ ਭਸਮੜਾ ਵਿਖੇ ਲੱਗਣ ਵਾਲੇ 66 ਕੇ.ਵੀ. ਸਬ ਸਟੇਸ਼ਨ ਨਾਲ ਪਿੰਡ ਕਿਸ਼ਨਪੁਰ, ਜਲਾਹਖੇੜੀ, ਸਾਧੂ ਨਗਰ, ਖੇੜੀਗਜੂ, ਘੜਾਮ, ਰਾਜਗੜ੍ਹ, ਨੰਦਗੜ੍ਹ ਜਲਾਲਾਬਾਦ, ਸ਼ੇਖੂਪੁਰਾ ਅਤੇ ਜਵਾਲਾਪੁਰ ਦੇ ਪਿੰਡਾ ਨੂੰ ਲਾਭ ਹੋਵੇਗਾ ਤੇ ਪਿੰਡ ਰੋਸ਼ਨਪੁਰ ਵਿਖੇ ਲੱਖਣ ਵਾਲੇ 66 ਕੇ.ਵੀ. ਸਬ ਸਟੇਸ਼ਨ ਨਾਲ ਪਿੰਡ ਖਤੋਲੀ, ਗਣੇਸ਼ਪੁਰ, ਰੋਸ਼ਨਪੁਰ, ਸੁਬੇਗ ਸਿੰਘਵਾਲਾ, ਬੀਬੀਪੁਰ, ਬਿੰਜਲ, ਖਰਾਬਗੜ੍ਹ, ਕਰਤਾਰਪੁਰ, ਰੋਸ਼ਨਪੁਰ ਝੁੰਗੀਆਂ ਅਤੇ ਗਣੇਸਪੁਰ ਸਮੇਤ ਨਾਲ ਲਗਦੇ ਪਿੰਡਾਂ ਨੂੰ ਲਾਭ ਮਿਲੇਗਾ ਤੇ ਬਿਜਲੀ ਨਿਰਵਿਘਨ ਪ੍ਰਾਪਤ ਹੋਵੇਗੀ।
ਇਸ ਮੌਕੇ ਮੁੱਖ ਮੰਤਰੀ ਦੇ ਓ.ਐਸ.ਡੀ. ਸ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਬਿਜਲੀ ਨਿਗਮ ਦੇ ਡਾਇਰੈਕਟਰ ਵੰਡ ਐਨ.ਕੇ. ਸ਼ਰਮਾ, ਡਾਇਰੈਕਟਰ ਪ੍ਰਬੰਧਕੀ ਆਰ.ਪੀ. ਪਾਂਡਵ, ਸ. ਜੋਗਿੰਦਰ ਸਿੰਘ ਕਾਕੜਾ, ਸ. ਅਮਨਰਣਜੀਤ ਸਿੰਘ ਨੈਣਾਂ, ਭਸਮੜੇ ਪਿੰਡ ਦੇ ਸਰਪੰਚ ਸ੍ਰੀਮਤੀ ਰਜਨੀ, ਸ੍ਰੀ ਪ੍ਰਲਦਾ ਸ਼ਰਮਾ, ਸ੍ਰੀ ਰਮੇਸ਼ ਸ਼ਰਮਾ, ਪਿੰਡ ਰੋਸ਼ਨਪੁਰ ਪੱਤੀ ਕਰਤਾਰਪੁਰ ਦੇ ਸਰਪੰਚ ਸ੍ਰੀ ਗੁਰਦੀਪ ਸਿੰਘ ਸਮੇਤ ਵੱਡੀ ਗਿਣਤੀ ‘ਚ ਇਲਾਕਾ ਨਿਵਾਸੀ ਮੌਜੂਦ ਸਨ।