Patiala Police donates 9 lakh in CM relief find
September 5, 2019 - PatialaPolitics
ਪਟਿਆਲਾ ਪੁਲਿਸ ਵੱਲੋਂ ਪੰਜਾਬ ਵਿਚ ਪਿਛਲੇ ਦਿਨੀਂ ਆਏ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਲੋਕਾਂ ਦੇ ਨਾਲ ਔਖੇ ਵੇਲੇ ਖੜਦਿਆਂ ਆਪਣੇ ਵੱਲੋਂ 9 ਲੱਖ 1 ਹਜ਼ਾਰ 126 ਰੁਪਏ ਦਾ ਚੈਕ ਮੁੱਖ ਮੰਤਰੀ ਰਾਹਤ ਕੋਸ਼ ਲਈ ਡੀ.ਜੀ.ਪੀ. ਪੰਜਾਬ ਸ੍ਰੀ ਦਿਨਕਰ ਗੁਪਤਾ ਨੂੰ ਭੇਟ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆ ਐਸ.ਐਸ.ਪੀ. ਪਟਿਆਲਾ ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪਟਿਆਲਾ ਪੁਲਿਸ ਨੇ ਪੰਜਾਬ ਵਿਚ ਆਏ ਹੜ੍ਹਾਂ ਕਾਰਨ ਹੋਏ ਆਪਣੇ ਸਾਥੀ ਪੰਜਾਬੀਆਂ ਦੀ ਮਦਦ ਲਈ ਉਨ੍ਹਾਂ ਦੀ ਸਹਾਇਤਾ ਕਰਨ ਦੇ ਮਕਸਦ ਨਾਲ ਸਿਪਾਹੀ ਰੈਂਕ ਤੋਂ ਲੈਕੇ ਐਸ.ਐਸ.ਪੀ. ਰੈਂਕ ਤੱਕ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਸਵੈ ਇੱਛਾ ਨਾਲ ਯੋਗਦਾਨ ਪਾਇਆ ਹੈ।
ਐਸ.ਐਸ.ਪੀ. ਨੇ ਦੱਸਿਆ ਕਿ ਪਟਿਆਲਾ ਪੁਲਿਸ ਦੇ ਗਜ਼ਟਿਡ ਅਫਸਰਾਂ ਨੇ ਆਪਣੀ ਇਕ ਦਿਨ ਦੀ ਤਨਖਾਹ ਦਾ ਯੋਗਦਾਨ ਪਾਇਆ ਹੈ ਜਦਕਿ ਇੰਸਪੈਕਟਰ ਅਤੇ ਸਬ-ਇੰਸਪੈਕਟਰਾਂ ਵੱਲੋਂ ਇਕ ਹਜ਼ਾਰ, ਏ.ਐਸ.ਆਈ ਰੈਂਕ ਵੱਲੋਂ 500 ਅਤੇ ਹੌਲਦਾਰ ਤੇ ਸਿਪਾਹੀ ਰੈਂਕ ਵੱਲੋਂ 200 ਰੁਪਏ ਪ੍ਰਤੀ ਕਰਮਚਾਰੀ ਯੋਗਦਾਨ ਪਾਇਆ ਹੈ।
ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਅੱਜ ਉਨ੍ਹਾਂ ਸਮੇਤ ਡੀ.ਐਸ.ਪੀ. ਹੈਡਕੁਆਟਰ ਤੇ ਵੱਖ-ਵੱਖ ਰੈਂਕ ਦੇ ਕਰਮਚਾਰੀਆਂ ਵੱਲੋਂ ਡੀ.ਜੀ.ਪੀ. ਪੰਜਾਬ ਸ੍ਰੀ ਦਿਨਕਰ ਗੁਪਤਾ ਦੇ ਪੁਲਿਸ ਹੈਡਕੁਆਟਰ ਵਿਖੇ ਸਥਿਤ ਦਫਤਰ ਵਿਖੇ ਮੁੱਖ ਮੰਤਰੀ ਰਾਹਤ ਕੋਸ਼ ਲਈ 9 ਲੱਖ 1 ਹਜ਼ਾਰ 926 ਰੁਪਏ ਦਾ ਚੈਕ ਭੇਟ ਕੀਤਾ ਗਿਆ ਤਾਂ ਜੋ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਪੰਜਾਬੀਆਂ ਦੀ ਕੁਝ ਮਦਦ ਹੋ ਸਕੇ।
ਡੀ.ਜੀ.ਪੀ. ਸ੍ਰੀ ਦਿਨਕਰ ਗੁਪਤਾ ਨੂੰ ਚੈਕ ਭੇਟ ਕਰਨ ਮੌਕੇ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਤੇ ਉਨ੍ਹਾਂ ਦੇ ਨਾਲ ਡੀ.ਐਸ.ਪੀ. ਹੈਡਕੁਆਟਰ ਸ੍ਰੀ ਸੌਰਵ ਜਿੰਦਲ, ਇੰਸਪੈਕਟਰ ਸੁਖਦੇਵ ਸਿੰਘ, ਮੁੱਖ ਥਾਣਾ ਅਫ਼ਸਰ ਕੋਤਵਾਲੀ ਐਸ.ਆਈ. ਜਸਪ੍ਰੀਤ ਕੌਰ, ਏ.ਐਸ.ਆਈ. ਮੇਜਰ ਸਿੰਘ, ਹੌਲਦਾਰ ਕੁਲਬੀਰ ਸਿੰਘ ਅਤੇ ਮਹਿਲਾ ਸਿਪਾਹੀ ਮਨਪ੍ਰੀਤ ਕੌਰ ਹਾਜ਼ਰ ਸਨ।