Patiala Police arrested six member of looters gang

December 16, 2019 - PatialaPolitics


ਪਟਿਆਲਾ, 16 ਦਸੰਬਰ:
ਪਟਿਆਲਾ ਸ਼ਹਿਰ ਵਿੱਚ ਪਿਛਲੇ ਕੁਝ ਦਿਨਾਂ ਤੋਂ ਰਸਤਿਆਂ ਵਿੱਚ ਲੋਕਾਂ ਨੂੰ ਘੇਰ ਕੇ ਜਖਮੀ ਕਰਨ ਤੋਂ ਬਾਅਦ ਲੁੱਟ ਖੋਹ ਕਰਕੇ ਸਨਸਨੀ ਪੈਦਾ ਕਰਨ ਵਾਲੇ ਗਿਰੋਹ ਦੇ ਛੇ ਮੈਂਬਰਾਂ ਨੂੰ ਪਟਿਆਲਾ ਪੁਲਿਸ ਨੇ ਗ੍ਰਿਫ਼ਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਅੱਜ ਇਸ ਸਬੰਧੀ ਪੁਲਿਸ ਲਾਈਨ ਪਟਿਆਲਾ ਵਿਖੇ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਪਟਿਆਲਾ ਸ਼ਹਿਰ ਅਤੇ ਆਸ-ਪਾਸ ਦੇ ਖੇਤਰਾਂ ਵਿਚ ਰਾਤ ਸਮੇਂ ਹੋ ਰਹੀਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਟਰੇਸ ਕਰਨ ਲਈ ਇਕ ਮੁਹਿੰਮ ਚਲਾਈ ਗਈ ਜਿਸ ਵਿੱਚ ਪਟਿਆਲਾ ਪੁਲਿਸ ਨੂੰ ਵੱਡੀ ਕਾਮਯਾਬੀ ਪ੍ਰਾਪਤ ਹੋਈ ਹੈ ਅਤੇ ਰਾਤ ਸਮੇਂ ਤੇਜ਼ਧਾਰ ਹਥਿਆਰਾਂ ਨਾਲ ਰਾਹਗੀਰਾਂ ‘ਤੇ ਹਮਲਾ ਕਰਕੇ ਲੁੱਟਣ ਵਾਲੇ ਗਿਰੋਹ ਦੇ ਛੇ ਮੈਂਬਰ ਪੁਲਿਸ ਗ੍ਰਿਫਤ ਵਿਚ ਆ ਗਏ ਹਨ।
ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਇਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਰਾਤ ਸਮੇਂ ਸਬਜ਼ੀ ਮੰਡੀ ਸਨੌਰ ਰੋਡ, ਵੱਡੀ ਨਦੀ ਬੰਨਾ ਰੋਡ, ਡੀ.ਸੀ. ਡਬਲਿਊ ਰੋਡ, ਘਲੋੜੀ ਗੇਟ ਮੜ੍ਹੀਆਂ ਰੋਡ ‘ਤੇ ਸਵੇਰ ਸਮੇਂ ਰਿਕਸ਼ਾ, ਰੇਹੜੀ ਅਤੇ ਸਬਜ਼ੀ ਵਾਲੇ ਵਪਾਰੀਆਂ, ਦੇਰ ਰਾਤ ਕੰਮ ਕਰਕੇ ਆਉਣ ਵਾਲੇ ਵੇਟਰਾਂ ਅਤੇ ਆਮ ਰਾਹਗੀਰਾਂ ‘ਤੇ ਮਾਰੂ ਹਥਿਆਰਾਂ ਨਾਲ ਹਮਲਾ ਕਰਕੇ ਉਨ੍ਹਾਂ ਨੂੰ ਜਖਮੀ ਕਰਨ ਤੋਂ ਬਾਅਦ ਨਗਦੀ ਅਤੇ ਹੋਰ ਸਮਾਨ ਦੀ ਲੁੱਟ ਖੋਹ ਕਰਨ ਦੀਆਂ ਵਾਰਦਾਤਾਂ ਹੋ ਰਹੀਆਂ ਸਨ। ਜਿਸ ਸਬੰਧੀ ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਸ੍ਰੀ ਹਰਮੀਤ ਸਿੰਘ ਹੁੰਦਲ ਅਤੇ ਉਪ ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਸ੍ਰੀ ਕ੍ਰਿਸ਼ਨ ਪਾਂਥੇ ਦੀ ਨਿਗਰਾਨੀ ਹੇਠ ਸੀ.ਆਈ.ਏ. ਸਟਾਫ਼ ਪਟਿਆਲਾ ਦੇ ਇੰਚਾਰਜ ਇੰਸਪੈਕਟਰ ਸ਼ਮਿੰਦਰ ਸਿੰਘ ਵੱਲੋਂ ਰਾਤ ਦੀ ਗਸ਼ਤ ਅਤੇ ਨਾਕਾਬੰਦੀ ਵਿੱਚ ਵਾਧਾ ਕੀਤਾ ਗਿਆ ਸੀ।
ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਮਿਤੀ 16 ਦਸੰਬਰ ਨੂੰ ਸੀ.ਆਈ.ਏ ਸਟਾਫ ਪਟਿਆਲਾ ਦੀ ਪੁਲਿਸ ਪਾਰਟੀ ਵੱਲੋਂ ਗੁਪਤ ਸੂਚਨਾ ਦੇ ਆਧਾਰ ‘ਤੇ ਚਲਾਈ ਗਈ ਸਪੈਸ਼ਲ ਮੁਹਿੰਮ ਤਹਿਤ ਜ਼ਸਨਦੀਪ ਸਿੰਘ ਉਰਫ ਰੌਣਕ ਪੁੱਤਰ ਤੇਜਿੰਦਰਪਾਲ ਸਿੰਘ ਵਾਸੀ ਰਤਨ ਨਗਰ ਪਟਿਆਲਾ, ਪਰਮਵੀਰ ਸਿੰਘ ਉਰਫ ਪ੍ਰਤੀਕ ਪੁੱਤਰ ਚਰਨਜੀਤ ਸਿੰਘ ਵਾਸੀ ਵਿਕਾਸ ਨਗਰ ਪਟਿਆਲਾ, ਅਭਿਸ਼ੇਕ ਕੁਮਾਰ ਉਰਫ ਹਨੀ ਢੀਂਡਸਾ ਪੁੱਤਰ ਰਾਜ ਕੁਮਾਰ ਵਾਸੀ ਵਿਕਾਸ ਨਗਰ ਪਟਿਆਲਾ ਅਤੇ ਅਕਾਸ਼ਦੀਪ ਸ਼ਰਮਾ ਉਰਫ ਕਾਸ਼ੀ ਪੁੱਤਰ ਵਿਕਰਮਜੀਤ ਸਿੰਘ ਵਾਸੀ ਅਨੰਦ ਨਗਰ-ਬੀ ਪਟਿਆਲਾ ਨੂੰ ਮੁਕੱਦਮਾ ਨੰਬਰ 132 ਮਿਤੀ 16 ਦਸੰਬਰ 2019 ਅ/ਧ 392, 399, 402 ਹਿੰ: ਦਿੰ: 25 ਅਸਲਾ ਐਕਟ ਥਾਣਾ ਸਨੌਰ ਵਿੱਚ ਗ੍ਰਿਫਤਾਰ ਕੀਤਾ ਗਿਆ ਅਤੇ ਇਸ ਗਿਰੋਹ ਦੇ ਦੋ ਹੋਰ ਮੈਬਰਾਂ ਸੁਖਵੀਰ ਸਿੰਘ ਉਰਫ ਬੋਬੀ ਪੁੱਤਰ ਕਰਨ ਸਿੰਘ ਵਾਸੀ ਮਕਾਨ 100 ਗਲੀ ਨੰਬਰ 04 ਦੀਪ ਨਗਰ, ਪਟਿਆਲਾ ਅਤੇ ਅਰਸ਼ਦੀਪ ਸਿੰਘ ਉਰਫ ਸੋਨੀ ਪੁੱਤਰ ਲੇਟ ਸੰਦੀਪ ਅਰੋੜਾ ਵਾਸੀ ਦੀਪ ਨਗਰ ਪਟਿਆਲਾ ਨੂੰ ਮੁਕੱਦਮਾ ਨੰਬਰ 318 ਮਿਤੀ 25 ਨਵੰਬਰ 2019 ਅ/ਧ 379 ਬੀ, 323, 34 ਹਿੰ:ਦਿੰ: ਥਾਣਾ ਕੋਤਵਾਲੀ ਪਟਿਆਲਾ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਫੜੇ ਗਏ ਸਾਰੇ ਮੈਂਬਰਾਂ ਦੀ ਉਮਰ 20 ਸਾਲ ਤੋਂ ਘੱਟ ਹੈ।
ਐਸ.ਐਸ.ਪੀ. ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਜ਼ਸਨਦੀਪ ਸਿੰਘ ਪਾਸੋ ਇਕ ਕਿਰਪਾਨ, ਪਰਮਵੀਰ ਸਿੰਘ ਪਾਸੋ ਇਕ ਛੁਰਾ, ਅਭਿਸ਼ੇਕ ਕੁਮਾਰ ਪਾਸੋ ਇਕ ਛੁਰਾ, ਅਕਾਸ਼ਦੀਪ ਪਾਸੋ ਇਕ ਪਿਸਤੌਲ ਦੇਸੀ 315 ਬੋਰ ਸਮੇਤ 02 ਰੋਦ ਅਤੇ ਵਾਰਦਾਤਾਂ ਵਿੱਚ ਵਰਤਿਆ ਗਿਆ ਇਕ ਮੋਟਰਸਾਇਲ ਹੀਰੋ ਹੋਂਡਾ ਸਪਲੈਂਡਰ ਅਤੇ ਇਕ ਐਕਟਿਵਾ ਵੀ ਬਰਾਮਦ ਕੀਤੀ ਗਈ ਹੈ। ਜਿੰਨ੍ਹਾਂ ਦੇ ਬਾਕੀ ਤਿੰਨ ਸਾਥੀਆਂ ਯੁਵਰਾਜ ਸਿੰਘ ਉਰਫ ਅਜੇ, ਮਲਕੀਤ ਸਿੰਘ ਅਤੇ ਅਰਜੁਨ ਸਿੰਘ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਇੰਨਾਂ ਦੀ ਵਾਰਦਾਤਾਂ ਦੇ ਢੰਗ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਗਿਰੋਹ ਵੱਲੋ 3 ਜਾਂ 5 ਵਿਅਕਤੀਆਂ ਦੇ ਗਰੁੱਪ ਬਣਾਕੇ ਰਾਤ ਨੂੰ ਜਾਂ ਤੜਕ ਸਾਰ ਤੁਰ ਫਿਰਕੇ ਰਾਹਗੀਰਾਂ ਅਤੇ ਸਬਜ਼ੀ ਮੰਡੀ ਤੋਂ ਆਉਦੇ ਜਾਂਦੇ ਵਿਅਕਤੀਆਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਸੱਟਾ ਮਾਰਕੇ, ਜਖਮੀ ਕਰਕੇ ਉਹਨਾਂ ਪਾਸੋ ਪੈਸਿਆ ਤੇ ਨਗਦੀ ਦੀ ਲੁੱਟਖੋਹ ਕਰਦੇ ਰਹੇ ਹਨ। ਇਸ ਗਿਰੋਹ ਵੱਲੋ 40 ਦੇ ਕਰੀਬ ਪਟਿਆਲਾ ਸਹਿਰ ਦੇ ਵੱਖ-ਵੱਖ ਖੇਤਰਾਂ ਜਿਨਾਂ ਵਿੱਚ ਝਿੱਲ ਰੋਡ, ਸਰਹਿੰਦ ਰੋਡ, ਅਨਾਜ ਮੰਡੀ ਸਰਹੰਦ ਰੋਡ, ਅਰਬਨ ਅਸਟੇਟ, ਸਨੌਰ ਰੋਡ ਵੱਡੀ ਨਦੀ, ਡੀ.ਸੀ. ਡਬਲਯੁ ਰੋਡ, 22 ਨੰਬਰ ਫਾਟਕ, ਵੱਡੀ ਨਦੀ ਤੋ ਸਨੌਰ ਰੋਡ, ਭੁਪਿੰਦਰਾ ਪਲਾਜਾ ਸਰਹੰਦ ਰੋਡ ਅਤੇ ਫੈਕਟਰੀ ਏਰੀਆ ਵਿਖੇ ਲੁੱਟ ਖੋਹ ਦੀਆਂ ਵਾਰਦਾਤਾਂ ਕਰਨੀਆਂ ਮੰਨ੍ਹੀਆਂ ਹਨ, ਉਨ੍ਹਾਂ ਦੱਸਿਆ ਕਿ ਇੰਨਾਂ 10 ਵਾਰਦਾਤਾਂ ਵਿੱਚ ਚਾਕੂ ਛੁਰਾ ਜਾਂ ਕਿਰਪਾਨਾ ਨਾਲ ਹਮਲਾ ਕਰਕੇ ਵਿਅਕਤੀਆ ਨੂੰ ਜਖਮੀ ਵੀ ਕੀਤਾ ਹੈ ਜੋ ਇਸ ਸਬੰਧੀ ਥਾਣਾ ਕੋਤਵਾਲੀ ਪਟਿਆਲਾ, ਲਾਹੋਰੀ ਗੇਟ, ਤ੍ਰਿਪੜੀ, ਅਰਬਨ ਅਸਟੇਟ ਆਦਿ ਵਿਖੇ ਮੁਕੱਦਮੇ ਵੀ ਦਰਜ ਹਨ ।
ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਉਕਤ ਗ੍ਰਿਫਤਾਰ ਕੀਤੇ ਵਿਅਕਤੀਆਂ ਪਾਸੋ ਪੁੱਛਗਿੱਛ ਜਾਰੀ ਹੈ ਜਿਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਫਰਾਰ ਸਾਥੀ ਅਰਜਨ ਸਿੰਘ, ਯੁਵਰਾਜ ਸਿੰਘ ਉਰਫ ਅਜੇ ਅਤੇ ਮਲਕੀਤ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਪਾਰਟੀਆਂ ਭੇਜੀਆ ਗਈਆ ਹਨ ਜਿਨ੍ਹਾਂ ਦੇ ਟਿਕਾਣਿਆ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
ਐਸ.ਐਸ.ਪੀ ਪਟਿਆਲਾ ਸ. ਮਨਦੀਪ ਸਿੰਘ ਸਿੱਧੂ ਨੇ ਜੁਰਮ ਕਰਨ ਵਾਲਿਆਂ ਨੂੰ ਤੜਨਾਂ ਕਰਦਿਆ ਕਿਹਾ ਕਿ ਪਟਿਆਲ ਜ਼ਿਲ੍ਹੇ ਵਿੱਚ ਜੁਰਮ ਕਰਨ ਵਾਲਿਆ ਨੂੰ ਬਖਸ਼ਿਆਂ ਨਹੀਂ ਜਾਵੇਗਾ ਅਤੇ ਪਟਿਆਲਾ ਪੁਲਿਸ ਜ਼ਿਲ੍ਹੇ ਨੂੰ ਕਰਾਈਮ ਫਰੀ ਰੱਖਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਸ ਗਿਰੋਹ ਨੂੰ ਫੜਨ ਵਾਲੀ ਪੁਲਿਸ ਪਾਰਟੀ ਨੂੰ ਇਨਾਮ ਲਈ ਉਹ ਉੱਚ ਅਧਿਕਾਰੀਆਂ ਨੂੰ ਲਿਖਣਗੇ।
ਇਸ ਮੌਕੇ ਡੀ.ਐਸ.ਪੀ. ਇੰਨਵੈਸਟੀਗੇਸ਼ਨ ਸ੍ਰੀ ਕ੍ਰਿਸ਼ਨ ਪਾਂਥੇ, ਡੀ.ਐਸ.ਪੀ. ਦਿਹਾਤੀ ਸ੍ਰੀ ਅਜੈ ਪਾਲ ਸਿੰਘ, ਸੀ.ਆਈ.ਏ. ਸਟਾਫ਼ ਪਟਿਆਲਾ ਦੇ ਇੰਚਾਰਜ ਇੰਸਪੈਕਟਰ ਸ਼ਮਿੰਦਰ ਸਿੰਘ, ਐਸ.ਆਈ. ਸੁਖਵਿੰਦਰ ਸਿੰਘ ਹਾਜ਼ਰ ਸਨ।