ਸੇਵਾ ਕੇਂਦਰ ‘ਚ ਮਿਲਣ ਵਾਲੀਆਂ 406 ਸੇਵਾਵਾਂ ਪਟਿਆਲਾ ਵਾਸੀਆਂ ਨੂੰ ਘਰ ਬੈਠੇ ਵੀ ਹੋ ਰਹੀਆਂ ਨੇ ਮੁਹੱਈਆ : ਡਿਪਟੀ ਕਮਿਸ਼ਨਰ
June 29, 2025 - PatialaPolitics
ਸੇਵਾ ਕੇਂਦਰ ‘ਚ ਮਿਲਣ ਵਾਲੀਆਂ 406 ਸੇਵਾਵਾਂ ਪਟਿਆਲਾ ਵਾਸੀਆਂ ਨੂੰ ਘਰ ਬੈਠੇ ਵੀ ਹੋ ਰਹੀਆਂ ਨੇ ਮੁਹੱਈਆ : ਡਿਪਟੀ ਕਮਿਸ਼ਨਰ

-26 ਵਿਭਾਗਾਂ ਨਾਲ ਸਬੰਧਤ 406 ਸੇਵਾਵਾਂ ਡੋਰ ਸਟੈੱਪ ਡਲਿਵਰੀ ਰਾਹੀਂ ਵੀ ਉਪਲਬੱਧ
-ਜ਼ਿਲ੍ਹਾ ਵਾਸੀ 1076 ‘ਤੇ ਕਾਲ ਕਰਕੇ ਘਰ ਬੈਠੇ ਪ੍ਰਾਪਤ ਕਰ ਸਕਦੇ ਨੇ ਸੇਵਾਵਾਂ
ਪਟਿਆਲਾ, 29 ਜੂਨ:
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜਿਥੇ ‘ਆਪ ਦੀ ਸਰਕਾਰ, ਆਪ ਦੇ ਦੁਆਰ’ ਵਰਗੀ ਵਿਲੱਖਣ ਪਹਿਲ ਕਦਮੀ ਕਰਕੇ ਲੋਕਾਂ ਨੂੰ ਕੈਂਪਾਂ ਲਗਾ ਕੇ ਪ੍ਰਸ਼ਾਸਨਿਕ ਸੇਵਾਵਾਂ ਉਨ੍ਹਾਂ ਦੇ ਘਰਾਂ ਦੇ ਨੇੜੇ ਉਪਲਬਧ ਕਰਵਾਈਆਂ ਜਾ ਰਹੀਆਂ ਹਨ, ਉਥੇ ਹੀ 1076 ‘ਤੇ ਕਾਲ ਕਰਕੇ ਸੇਵਾ ਕੇਂਦਰ ਵਿੱਚ ਮਿਲਣ ਵਾਲੀਆਂ 406 ਤਰ੍ਹਾਂ ਦੀਆਂ ਸੇਵਾਵਾਂ ਲੋਕ ਆਪਣੇ ਘਰ ਬੈਠੇ ਹੀ ਪ੍ਰਾਪਤ ਕਰ ਰਹੇ ਹਨ।
ਸੂਬਾ ਵਾਸੀਆਂ ਨੂੰ ਬਿਹਤਰ ਪ੍ਰਸ਼ਾਸਨਿਕ ਸੇਵਾਵਾਂ ਉਪਲਬਧ ਕਰਵਾਉਣ ਲਈ ਚਲਾਈ ਜਾ ਰਹੀ 1076 ਹੈਲਪ ਲਾਈਨ ਪਟਿਆਲਾ ਵਾਸੀਆਂ ਲਈ ਵੀ ਕਾਰਗਰ ਸਾਬਤ ਹੋ ਰਹੀ ਹੈ। ਇਸ ਤਹਿਤ ਕੋਈ ਵੀ ਨਾਗਰਿਕ ਫ਼ੋਨ ਨੰਬਰ 1076 ‘ਤੇ ਕਾਲ ਕਰਕੇ 406 ਪ੍ਰਕਾਰ ਦੀਆਂ ਸੇਵਾਵਾਂ ਜਿਨ੍ਹਾਂ ਵਿਚ ਜਾਤੀ ਸਰਟੀਫਿਕੇਟ, ਰਿਹਾਇਸ਼ ਸਰਟੀਫਿਕੇਟ, ਮੈਰਿਜ ਸਰਟੀਫਿਕੇਟ, ਜਨਮ/ਮੌਤ ਸਰਟੀਫਿਕੇਟ, ਲੇਬਰ ਕਾਰਡ ਆਦਿ ਸ਼ਾਮਲ ਹਨ। ਵੱਖ-ਵੱਖ ਦਫ਼ਤਰਾਂ ਨਾਲ ਸਬੰਧਤ ਇਨ੍ਹਾਂ ਸਰਕਾਰੀ ਸੇਵਾਵਾਂ ਲਈ ਪ੍ਰਾਰਥੀ ਸਰਕਾਰੀ ਨੁਮਾਇੰਦੇ ਨੂੰ ਆਪਣੇ ਘਰ ਬੁਲਾ ਕੇ ਸੇਵਾਵਾਂ ਪ੍ਰਾਪਤ ਕਰ ਸਕਦੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਲੋਕਾਂ ਨੂੰ ਘਰਾਂ ਵਿੱਚ ਹੀ 26 ਵਿਭਾਗਾਂ ਦੀਆਂ 406 ਸੇਵਾਵਾਂ ਡੋਰ ਸਟੈੱਪ ਡਲਿਵਰੀ ਰਾਹੀ ਉਪਲਬੱਧ ਕਰਵਾਈਆਂ ਜਾ ਰਹੀ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚ ਖੇਤੀਬਾੜੀ ਵਿਭਾਗ ਨਾਲ ਸਬੰਧਤ 73 ਸੇਵਾਵਾਂ, ਗ੍ਰਹਿ ਤੇ ਨਿਆਂ ਵਿਭਾਗ ਦੀਆਂ 46 ਸੇਵਾਵਾਂ, ਲੇਬਰ ਵਿਭਾਗ 45 ਸੇਵਾਵਾਂ, ਟਰਾਂਸਪੋਰਟ ਵਿਭਾਗ ਦੀਆਂ 39 ਸੇਵਾਵਾਂ, ਮਾਲ ਵਿਭਾਗ ਨਾਲ ਸਬੰਧਤ 48 ਸੇਵਾਵਾਂ, ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨਾਲ ਸਬੰਧਤ 37, ਸਥਾਨਕ ਸਰਕਾਰਾਂ ਵਿਭਾਗ ਦੀਆਂ 12, ਸਮਾਜਿਕ ਸੁਰੱਖਿਆ ਵਿਭਾਗ ਦੀਆਂ 13, ਸਾਂਝ ਨਾਲ ਸਬੰਧਤ 17 ਤਰ੍ਹਾਂ ਦੀਆਂ ਸੇਵਾਵਾਂ ਸਮੇਤ ਵੱਖ ਵੱਖ ਤਰ੍ਹਾਂ ਦੀਆਂ ਸਰਕਾਰੀ ਸੇਵਾਵਾਂ ਉਪਲਬੱਧ ਕਰਵਾਉਣ ਲਈ ਜ਼ਿਲ੍ਹੇ ਵਿਚ ਪ੍ਰਤੀਨਿਧੀ ਨਿਯੁਕਤ ਕੀਤੇ ਗਏ ਹਨ, ਜੋ ਮਿਥੇ ਸਮੇਂ ‘ਤੇ ਸੇਵਾ ਪ੍ਰਾਪਤ ਕਰਨ ਵਾਲੇ ਦੇ ਘਰ ਜਾ ਕੇ ਸੇਵਾ ਪ੍ਰਦਾਨ ਕਰਦੇ ਹਨ।
ਉਨ੍ਹਾਂ ਦੱਸਿਆ ਕਿ ਇਸ ਸੁਵਿਧਾ ਨਾਲ ਆਮ ਲੋਕਾਂ ਦੇ ਦਫ਼ਤਰਾਂ ਵਿੱਚ ਆਉਣ-ਜਾਣ ਦੇ ਸਮੇਂ ਦੀ ਬੱਚਤ ਹੋਈ ਹੈ ਤੇ ਨਾਲ ਨਾਲ ਜੇਕਰ ਕੋਈ ਕਾਗਜ਼ ਘੱਟ ਹੈ ਤਾਂ ਵੀ ਵਿਅਕਤੀ ਨੂੰ ਆਪਣੇ ਘਰ ‘ਚੋਂ ਬਿਨਾਂ ਕਿਤੇ ਗੇੜ ਲਗਾਏ ਕਾਗਜ਼ ਇਕੱਠੇ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਸੇਵਾ ਤਹਿਤ ਸੇਵਾ ਸਹਾਇਕ ਨਾਗਰਿਕ ਦੇ ਘਰ ਆ ਕੇ ਉਸ ਦੀ ਅਰਜ਼ੀ ਲੈਂਦਾ ਹੈ, ਫ਼ੋਟੋ ਤੇ ਹੋਰ ਦਸਤਾਵੇਜ਼ ਪ੍ਰਾਪਤ ਕਰਦਾ ਹੈ ਅਤੇ ਨਾਗਰਿਕ ਦਾ ਕੰਮ ਹੋਣ ਤੋਂ ਬਾਅਦ ਸਰਟੀਫਿਕੇਟ ਉਨ੍ਹਾਂ ਦੇ ਘਰ ਪਹੁੰਚਾਉਂਦਾ ਹੈ।
ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਇਸ ਡੋਰ ਸਟੈੱਪ ਸਰਵਿਸ ਰਾਹੀਂ 1076 ‘ਤੇ ਕਾਲ ਕਰਕੇ ਘਰ ਬੈਠੇ ਹੀ ਪ੍ਰਸ਼ਾਸਨਿਕ ਸੇਵਾਵਾਂ ਦਾ ਵੱਧ ਤੋਂ ਵੱਧ ਲਾਹਾ ਲੈ ਕੇ ਆਪਣੇ ਕੀਮਤੀ ਸਮੇਂ ਦੀ ਬੱਚਤ ਕਰਨ।
ਡੱਬੀ ਲਈ ਪ੍ਰਸਤਾਵਿਤ
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਲੋਕ ਡੋਰ ਸਟੈੱਪ ਡਲਿਵਰੀ ਦੀਆਂ ਇਨ੍ਹਾਂ ਸੇਵਾਵਾਂ ਵਿੱਚ ਜਨਮ ਤੇ ਮੌਤ ਸਰਟੀਫਿਕੇਟ ਦੀਆਂ ਕਾਪੀਆਂ, ਜਨਮ ਸਰਟੀਫਿਕੇਟ ਵਿੱਚ ਐਂਟਰੀ ਵਿੱਚ ਸੋਧ, ਜਨਮ ਸਰਟੀਫਿਕੇਟ ਦੀਆਂ ਕਈ ਕਾਪੀਆਂ, ਜਨਮ ਸਰਟੀਫਿਕੇਟ ਦੀ ਦੇਰੀ ਨਾਲ ਰਜਿਸਟਰੇਸ਼ਨ, ਮੌਤ ਸਰਟੀਫਿਕੇਟ ਦੀ ਦੇਰੀ ਨਾਲ ਰਜਿਸਟਰੇਸ਼ਨ, ਮੌਤ ਦੇ ਸਰਟੀਫਿਕੇਟ (ਸਿਹਤ) ਵਿੱਚ ਸੋਧ, ਆਮਦਨ ਦਾ ਸਰਟੀਫਿਕੇਟ, ਹਲਫੀਆ ਬਿਆਨ ਤਸਦੀਕ ਕਰਨਾ, ਮਾਲ ਰਿਕਾਰਡ ਦੀ ਜਾਂਚ, ਰਜਿਸਟਰਡ ਅਤੇ ਗੈਰ-ਰਜਿਸਟਰਡ ਦਸਤਾਵੇਜ਼ਾਂ ਦੀਆਂ ਪ੍ਰਮਾਣਿਤ ਕਾਪੀਆਂ (ਨਕਲ ਪ੍ਰਦਾਨ ਕਰਨਾ), ਭਾਰ-ਮੁਕਤ ਸਰਟੀਫਿਕੇਟ, ਗਿਰਵੀਨਾਮੇ ਦੀ ਇਕੁਇਟੀ ਐਂਟਰੀ, ਫਰਦ ਤਿਆਰ ਕਰਨ, ਦਸਤਾਵੇਜ਼ਾਂ ਦੇ ਕਾਊਂਟਰ ਸਾਈਨ, ਮੁਆਵਜ਼ੇ ਸਬੰਧੀ ਬਾਂਡ, ਬਾਰਡਰ ਏਰੀਏ ਸਬੰਧੀ ਸਰਟੀਫਿਕੇਟ, ਬੈਕਵਰਡ ਏਰੀਆ ਸਰਟੀਫਿਕੇਟ, ਜ਼ਮੀਨ ਦੀ ਹੱਦਬੰਦੀ, ਐਨ.ਆਰ.ਆਈ. ਦੇ ਦਸਤਾਵੇਜ਼ਾਂ ਦੇ ਕਾਊਂਟਰ ਸਾਈਨ, ਪੁਲਿਸ ਕਲੀਅਰੈਂਸ ਸਰਟੀਫਿਕੇਟ ਅਤੇ ਲਾਭਪਾਤਰੀਆਂ ਦੇ ਬੱਚਿਆਂ ਨੂੰ ਵਜ਼ੀਫ਼ਾ, ਉਸਾਰੀ ਕਾਮੇ ਦੀ ਰਜਿਸਟਰੇਸ਼ਨ ਅਤੇ ਉਸਾਰੀ ਮਜ਼ਦੂਰ (ਲੇਬਰ) ਦੀ ਰਜਿਸਟਰੇਸ਼ਨ ਦਾ ਨਵੀਨੀਕਰਨ, ਰਿਹਾਇਸ਼ੀ ਸਰਟੀਫਿਕੇਟ (ਪ੍ਰਸੋਨਲ), ਅਨੁਸੂਚਿਤ ਜਾਤੀ ਸਰਟੀਫਿਕੇਟ ਅਤੇ ਬੀ.ਸੀ. ਸਰਟੀਫਿਕੇਟ, ਜਨਰਲ ਜਾਤੀ ਸਰਟੀਫਿਕੇਟ, ਹੋਰ ਪਛੜੀ ਸ਼੍ਰੇਣੀਆਂ ਸਬੰਧੀ ਸਰਟੀਫਿਕੇਟ (ਓ.ਬੀ.ਸੀ.), ਆਮਦਨ ਅਤੇ ਸੰਪਤੀ ਦਾ ਸਰਟੀਫਿਕੇਟ (ਈ.ਡਬਲਿਊ.ਐਸ.) ਅਤੇ ਸ਼ਗਨ ਸਕੀਮ (ਕੇਸ ਨੂੰ ਮਨਜ਼ੂਰੀ ਲਈ) (ਸਮਾਜਿਕ ਨਿਆਂ), ਬਜ਼ੁਰਗਾਂ ਨੂੰ ਪੈਨਸ਼ਨ, ਵਿਧਵਾ/ਬੇਸਹਾਰਾ ਨਾਗਰਿਕਾਂ ਨੂੰ ਪੈਨਸ਼ਨ, ਦਿਵਿਆਂਗ ਨਾਗਰਿਕਾਂ ਨੂੰ ਪੈਨਸ਼ਨ, ਅਪੰਗਤਾ ਸਰਟੀਫਿਕੇਟ ਯੀ.ਡੀ.ਆਈ.ਡੀ. ਕਾਰਡ ਲਈ ਅਰਜ਼ੀ ਅਤੇ ਨਿਰਭਰ ਬੱਚਿਆਂ ਲਈ ਪੈਨਸ਼ਨ (ਸਮਾਜਿਕ ਸੁਰੱਖਿਆ), ਬਿਜਲੀ ਦੇ ਬਿੱਲ ਦਾ ਭੁਗਤਾਨ (ਪਾਵਰ), ਵਿਆਹ ਦੀ ਰਜਿਸਟਰੇਸ਼ਨ (ਲਾਜ਼ਮੀ), ਵਿਆਹ (ਆਨੰਦ) (ਘਰ) ਦੀ ਰਜਿਸਟਰੇਸ਼ਨ ਅਤੇ ਪੇਂਡੂ ਖੇਤਰ ਦਾ ਸਰਟੀਫਿਕੇਟ (ਪੇਂਡੂ) ਸਮੇਤ ਵੱਡੀ ਗਿਣਤੀ ਸੇਵਾਵਾਂ ਲੋਕਾਂ ਨੂੰ ਘਰ ਬੈਠੇ ਹੀ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।
