ਪਟਿਆਲਾ:ਪੰਜਾਬ ਪੁਲਿਸ ’ਚ ਭਰਤੀ ਲਈ ਸਰੀਰਕ ਪ੍ਰੀਖਿਆ ਦੀ ਤਿਆਰੀ ਅੱਜ ਤੋਂ
June 29, 2025 - PatialaPolitics
ਪਟਿਆਲਾ:ਪੰਜਾਬ ਪੁਲਿਸ ’ਚ ਭਰਤੀ ਲਈ ਸਰੀਰਕ ਪ੍ਰੀਖਿਆ ਦੀ ਤਿਆਰੀ ਅੱਜ ਤੋਂ
-ਪਟਿਆਲਾ ਸਮੇਤ ਬਰਨਾਲਾ, ਮਲੇਰਕੋਟਲਾ ਤੇ ਸੰਗਰੂਰ ਦੇ ਨੌਜਵਾਨਾ ਕੈਂਪ ’ਚ ਲੈ ਸਕਦੇ ਨੇ ਭਾਗ : ਟਰੇਨਿੰਗ ਅਫ਼ਸਰ
ਨਾਭਾ/ਪਟਿਆਲਾ, 29 ਜੂਨ:
ਪਟਿਆਲਾ ਦੀ ਨਾਭਾ ਸਬ ਡਵੀਜ਼ਨ ’ਚ ਬਣੇ ਸੀ-ਪਾਈਟ ਕੈਂਪ ਵਿਖੇ ਪੰਜਾਬ ਪੁਲਿਸ ਦੇ ਫਿਜ਼ੀਕਲ ਟੈੱਸਟ ਦੀ ਤਿਆਰੀ ਦਾ ਕੈਂਪ 30 ਜੂਨ ਦਿਨ ਸੋਮਵਾਰ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੇਨਿੰਗ ਅਫ਼ਸਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਇਸ ਕੈਂਪ ਵਿੱਚ ਪਟਿਆਲਾ ਸਮੇਤ ਬਰਨਾਲਾ, ਮਲੇਰਕੋਟਲਾ ਅਤੇ ਸੰਗਰੂਰ ਜ਼ਿਲ੍ਹਿਆਂ ਦੇ ਨੌਜਵਾਨ ਭਾਗ ਲੈ ਸਕਦੇ ਹਨ।
ਟਰੇਨਿੰਗ ਅਫ਼ਸਰ ਨੇ ਦੱਸਿਆ ਕਿ ਜਿਹੜੇ ਨੌਜਵਾਨਾਂ ਵੱਲੋਂ ਪੰਜਾਬ ਪੁਲਿਸ ਦੀ ਭਰਤੀ ਲਈ ਲਿਖਤੀ ਪੇਪਰ ਦਿੱਤਾ ਗਿਆ ਸੀ ਅਤੇ ਆਪਣਾ ਨਤੀਜਾ ਉਨ੍ਹਾਂ ਦੇਖ ਲਿਆ ਹੈ, ਉਹ ਕੈਂਪ ਵਿੱਚ ਆ ਕੇ ਆਪਣੀ ਰਜਿਸਟਰੇਸ਼ਨ ਕਰਵਾ ਕੇ ਤਿਆਰੀ ਸ਼ੁਰੂ ਕਰ ਸਕਦੇ ਹਨ।
ਯਾਦਵਿੰਦਰ ਸਿੰਘ ਨੇ ਦੱਸਿਆ ਕਿ ਸੀ ਪਾਈਟ ਪੰਜਾਬ ਸਰਕਾਰ ਦਾ ਅਦਾਰਾ ਹੈ, ਜਿਥੇ ਟਰੇਨਿੰਗ ਦੀ ਕੋਈ ਫ਼ੀਸ ਨਹੀਂ ਹੈ ਸਗੋਂ ਰਹਿਣਾ-ਖਾਣਾ ਵੀ ਮੁਫ਼ਤ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਥੇ ਯੋਗ ਪੀ.ਟੀ.ਆਈ ਵੱਲੋਂ ਫਿਜ਼ੀਕਲ ਟੈੱਸਟ ਦੀ ਤਿਆਰੀ ਕਰਵਾਈ ਜਾਂਦੀ ਹੈ। ਉਨ੍ਹਾਂ ਨੌਜਵਾਨਾਂ ਨੂੰ ਜਲਦੀ ਤੋਂ ਜਲਦੀ ਆ ਕੇ ਇਸ ਕੈਂਪ ਦਾ ਹਿੱਸਾ ਬਣਨ ਲਈ ਅਪੀਲ ਕਰਦਿਆਂ ਕਿਹਾ ਕਿ ਮਾਹਰ ਟਰੇਨਰਾਂ ਵੱਲੋਂ ਦਿੱਤੀ ਟਰੇਨਿੰਗ ਫਿਜ਼ੀਕਲ ਟੈੱਸਟ ਪਾਸ ਕਰਨ ਵਿੱਚ ਨੌਜਵਾਨਾਂ ਦੀ ਵੱਡੀ ਮਦਦ ਕਰੇਗੀ।