ਪਟਿਆਲਾ: ਪਰਾਲੀ ਰੋਕਥਾਮ ਲਈ ਵਿਭਾਗਾਂ ‘ ਚ ਆਪਸੀ ਤਾਲਮੇਲ ਜਰੂਰੀ – ਡਾ ਪ੍ਰੀਤੀ ਯਾਦਵ
September 20, 2025 - PatialaPolitics
ਪਟਿਆਲਾ: ਪਰਾਲੀ ਰੋਕਥਾਮ ਲਈ ਵਿਭਾਗਾਂ ‘ ਚ ਆਪਸੀ ਤਾਲਮੇਲ ਜਰੂਰੀ – ਡਾ ਪ੍ਰੀਤੀ ਯਾਦਵ
ਕਿਹਾ, ਅਧਿਕਾਰੀ ਖੁਦ ਮੈਦਾਨੀ ਦੌਰੇ ਕਰਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਪ੍ਰਤੀ ਜਾਗਰੂਕ ਕਰਨ
ਪਟਿਆਲਾ, 20 ਸਤੰਬਰ:
ਕਿਸਾਨਾਂ ਨੂੰ ਪਰਾਲੀ ਸਾੜਨ ਦੀ ਰੋਕਥਾਮ ਬਾਰੇ ਜਾਗਰੂਕ ਕਰਨ ਲਈ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਪ੍ਰਬੰਧਕੀ ਕੰਪਲੈਕਸ ਪਟਿਆਲਾ ਵਿਖੇ ਰਾਜਪੁਰਾ ਅਤੇ ਦੁੱਧਨ ਸਾਧਾਂ ਦੇ ਐਸ.ਡੀ.ਐਮ., ਡੀ.ਐਸ.ਪੀਜ਼ ਅਤੇ ਨੋਡਲ ਅਧਿਕਾਰੀਆਂ ਨਾਲ ਬੈਠਕ ਕੀਤੀ। ਇਸ ਦੌਰਾਨ ਉਨ੍ਹਾਂ ਨੇ ਆਦੇਸ਼ ਦਿੱਤੇ ਕਿ ਸਮੂਹ ਅਧਿਕਾਰੀ ਖੁਦ ਮੈਦਾਨੀ ਦੌਰੇ ਕਰਨ ਅਤੇ ਕਿਸਾਨਾਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕਰਨ। ਉਨ੍ਹਾਂ ਇਹ ਵੀ ਕਿਹਾ ਕਿ ਪਰਾਲੀ ਪ੍ਰਬੰਧਨ ਲਈ ਇਨ-ਸੀਟੂ ਅਤੇ ਐਕਸ-ਸੀਟੂ ਤਕਨੀਕਾਂ ਦੀ ਵਰਤੋਂ ਕਰਕੇ ਹਰ ਇਕ ਅਧਿਕਾਰੀ ਆਪਣਾ ਯੋਗਦਾਨ ਦੇਵੇ।
ਡਾ. ਪ੍ਰੀਤੀ ਯਾਦਵ ਨੇ ਸਾਰੇ ਅਧਿਕਾਰੀਆਂ ਨੂੰ ਆਪਸੀ ਤਾਲਮੇਲ ਨਾਲ ਕੰਮ ਕਰਨ ਦੀ ਹਦਾਇਤ ਦਿੱਤੀ ਅਤੇ ਦੱਸਿਆ ਕਿ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਨੀ ਲਾਜ਼ਮੀ ਹੈ। ਉਨ੍ਹਾਂ ਐਸ.ਡੀ.ਐਮਜ਼ ਨੂੰ ਕਿਹਾ ਕਿ ਬਲਾਕ ਪੱਧਰ ‘ਤੇ ਪਰਾਲੀ ਸੁਰੱਖਿਆ ਟੀਮਾਂ ਦਾ ਗਠਨ ਕੀਤਾ ਜਾਵੇ ਜੋ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਰਗਰਮ ਹੋਣ। ਇਹ ਟੀਮਾਂ ਕਿਸਾਨਾਂ ਨੂੰ ਸਮਝਾਉਣ ਕਿ ਪਰਾਲੀ ਸਾੜਨ ਨਾਲ ਕੇਵਲ ਵਾਤਾਵਰਣ ਹੀ ਨਹੀਂ ਸਗੋਂ ਮਨੁੱਖੀ ਸਿਹਤ ‘ਤੇ ਵੀ ਨੁਕਸਾਨਦਾਇਕ ਅਸਰ ਪੈਂਦੇ ਹਨ।
ਡੀ ਸੀ ਨੇ ਇਹ ਵੀ ਦੱਸਿਆ ਕਿ ਟੀਮਾਂ ਵੱਲੋਂ ਕਿਸਾਨਾਂ ਨੂੰ ਆਧੁਨਿਕ ਉਪਕਰਨਾਂ ਦੀ ਜਾਣਕਾਰੀ ਦਿੱਤੀ ਜਾਵੇਗੀ ਅਤੇ ਪਰਾਲੀ ਪ੍ਰਬੰਧਨ ਲਈ ਸਿਰਫ਼ ਸੂਪਰ ਐਸ.ਐਮ.ਐਸ. ਮਸ਼ੀਨਾਂ ਦੀ ਵਰਤੋਂ ਹੀ ਕੀਤੀ ਜਾਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੈਟੇਲਾਈਟ ਅਤੇ ਮੌਕੇ ਦੀ ਨਿਗਰਾਨੀ ਰਾਹੀਂ ਪਰਾਲੀ ਦੇ ਗੱਠਾਂ ਦੀ ਪਛਾਣ ਕੀਤੀ ਜਾ ਰਹੀ ਹੈ। ਜਿੱਥੇ-ਜਿੱਥੇ ਪਰਾਲੀ ਦੇ ਗੱਠ ਮਿਲਦੇ ਹਨ, ਉੱਥੇ ਟੀਮਾਂ ਤੁਰੰਤ ਪਹੁੰਚਣ ਅਤੇ ਕਿਸਾਨਾਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕਰਨ।
ਉਨ੍ਹਾਂ ਸਖ਼ਤ ਹਦਾਇਤ ਦਿੱਤੀ ਕਿ ਜਿੱਥੇ ਵੀ ਪਰਾਲੀ ਦੇ ਗੱਠਾਂ ਦੀ ਪਛਾਣ ਹੋਵੇ, ਉੱਥੇ ਤੁਰੰਤ ਕਾਰਵਾਈ ਕੀਤੀ ਜਾਵੇ ਅਤੇ ਸੰਭਾਵਿਤ ਸਾੜਨ ਦੀ ਘਟਨਾ ਨੂੰ ਪਹਿਲਾਂ ਹੀ ਰੋਕਿਆ ਜਾਵੇ ਤਾਂ ਜੋ ਵਾਤਾਵਰਣ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸਿਮਰਪ੍ਰੀਤ ਕੌਰ, ਅਮਰਿੰਦਰ ਸਿੰਘ ਟਿਵਾਣਾ, ਐਸ.ਡੀ.ਐਮ. ਕਿਰਪਾਲ ਵੀਰ ਸਿੰਘ, ਨਗਰ ਨਿਗਮ, ਸਹਿਕਾਰੀ ਵਿਭਾਗ, ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।