ਪਟਿਆਲਾ: ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਨੂੰ ਅੰਤਿਮ ਸਸਕਾਰ ਮੌਕੇ ਸੇਜਲ ਅੱਖਾਂ ਨਾਲ ਵਿਦਾਈ
September 23, 2025 - PatialaPolitics
ਪਟਿਆਲਾ: ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਨੂੰ ਅੰਤਿਮ ਸਸਕਾਰ ਮੌਕੇ ਸੇਜਲ ਅੱਖਾਂ ਨਾਲ ਵਿਦਾਈ
-ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ, ਮੁੱਖ ਮੰਤਰੀ ਵੱਲੋਂ ਡੀ.ਸੀ. ਨੇ ਮ੍ਰਿਤਕ ਦੇਹ ‘ਤੇ ਰੀਥ ਰੱਖੀ
-ਵੱਡੀ ਗਿਣਤੀ ਧਾਰਮਿਕ, ਸਿਆਸੀ ਤੇ ਸਮਾਜਿਕ ਸ਼ਖ਼ਸੀਅਤਾਂ ਵੱਲੋਂ ਸ਼ਰਧਾਂਜਲੀਆਂ
ਟੌਹੜਾ (ਪਟਿਆਲਾ), 23 ਸਤੰਬਰ:
ਸਾਬਕਾ ਮੰਤਰੀ ਸਵਰਗੀ ਸ. ਹਰਮੇਲ ਸਿੰਘ ਟੌਹੜਾ (77), ਜਿਨ੍ਹਾਂ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਸੀ, ਨੂੰ ਅੱਜ ਅੰਤਿਮ ਸਸਕਾਰ ਮੌਕੇ ਸੇਜਲ ਅੱਖਾਂ ਵੱਲੋਂ ਅੰਤਮ ਵਿਦਾਈ ਦਿੱਤੀ ਗਈ। ਉਨ੍ਹਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਪਿੰਡ ਟੌਹੜਾ ਦੇ ਸਮਸ਼ਾਨਘਾਟ ਵਿਖੇ ਪੂਰੀਆਂ ਧਾਰਮਿਕ ਰਹੁ ਰੀਤਾਂ ਮੁਤਾਬਕ ਅਤੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰਾਂ ਹਰਿੰਦਰਪਾਲ ਸਿੰਘ ਟੌਹੜਾ ਅਤੇ ਕੰਵਰਵੀਰ ਸਿੰਘ ਟੌਹੜਾ ਨੇ ਦਿਖਾਈ।
ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਤਰਫ਼ੋਂ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫ਼ੋਂ ਐਸ.ਡੀ.ਐਮ. ਨਾਭਾ ਡਾ. ਇਸਮਤ ਵਿਜੇ ਸਿੰਘ ਨੇ ਮ੍ਰਿਤਕ ਦੇਹ ‘ਤੇ ਰੀਥਾਂ ਰੱਖ ਕੇ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਪਟਿਆਲਾ ਪੁਲਿਸ ਦੀ ਟੁਕੜੀ ਨੇ ਮਾਤਮੀ ਧੁਨ ਵਜਾਈ ਅਤੇ ਜਵਾਨਾਂ ਨੇ ਹਥਿਆਰ ਉਲਟੇ ਕਰਕੇ ਗਾਰਡ ਆਫ਼ ਆਨਰ ਦਿੰਦਿਆਂ ਫ਼ਾਇਰ ਕਰਕੇ ਸਲਾਮੀ ਦਿੱਤੀ।
ਜਿਕਰਯੋਗ ਹੈ ਕਿ ਸ. ਹਰਮੇਲ ਸਿੰਘ ਟੌਹੜਾ ਸ੍ਰ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੰਮਾ ਸਮਾਂ ਪ੍ਰਧਾਨ ਰਹੇ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਦਾਮਾਦ ਸਨ। ਉਹ 21 ਸਤੰਬਰ ਨੂੰ ਆਪਣੀ ਸੁਪਤਨੀ ਤੇ ਐਸ.ਜੀ.ਪੀ.ਸੀ. ਮੈਂਬਰ ਬੀਬੀ ਕੁਲਦੀਪ ਕੌਰ ਟੌਹੜਾ, ਸਪੁੱਤਰਾਂ ਹਰਿੰਦਰ ਪਾਲ ਸਿੰਘ ਟੌਹੜਾ ਤੇ ਕੰਵਰਵੀਰ ਸਿੰਘ ਟੌਹੜਾ, ਬੇਟੀਆਂ ਜਸਪ੍ਰੀਤ ਕੌਰ ਤੇ ਗੁਰਮਨਪ੍ਰੀਤ ਕੌਰ ਸਮੇਤ ਹੋਰ ਵੱਡੀ ਗਿਣਤੀ ਪ੍ਰੀਵਾਰਕ ਮੈਂਬਰਾਂ ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਸਵਰਗੀ ਹਰਮੇਲ ਸਿੰਘ ਟੌਹੜਾ 1997 ‘ਚ ਡਕਾਲਾ ਵਿਧਾਨ ਸਭਾ ਹਲਕਾ (ਹੁਣ ਸਨੌਰ) ਤੋਂ ਵਿਧਾਇਕ ਚੁਣੇ ਗਏ ਸਨ ਅਤੇ ਲੋਕ ਨਿਰਮਾਣ ਵਿਭਾਗ ਦੇ ਕੈਬਨਿਟ ਮੰਤਰੀ ਰਹੇ ਸਨ।
ਪਰਿਵਾਰਕ ਸੂਤਰਾਂ ਮੁਤਾਬਕ ਸਵਰਗੀ ਸ. ਟੌਹੜਾ ਦੇ ਫੁੱਲ ਚੁਗਣ ਅਤੇ ਅੰਗੀਠਾ ਸੰਭਾਲਣ ਦੀ ਰਸਮ ਮਿਤੀ 24 ਸਤੰਬਰ ਨੂੰ ਸਵੇਰੇ 9 ਵਜੇ ਪਿੰਡ ਦੇ ਸਮਸ਼ਾਨਘਾਟ ਵਿਖੇ ਨਿਭਾਈ ਜਾਵੇਗੀ ਜਦਕਿ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ 28 ਸਤੰਬਰ ਦਿਨ ਐਤਵਾਰ ਨੂੰ ਸਵੇਰੇ 11.30 ਵਜੇ ਤੋਂ ਦੁਪਹਿਰ 1 ਵਜੇ ਤੱਕ ਪਿੰਡ ਟੌਹੜਾ ਦੀ ਅਨਾਜ ਮੰਡੀ ਵਿਖੇ ਹੋਵੇਗੀ।
ਸਵਰਗੀ ਹਰਮੇਲ ਸਿੰਘ ਟੌਹੜਾ ਦੇ ਅੰਤਿਮ ਸਸਕਾਰ ਮੌਕੇ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਦੇ ਗ੍ਰੰਥੀ ਗਿਆਨੀ ਹਰਵਿੰਦਰ ਸਿੰਘ ਨੇ ਜਪੁਜੀ ਸਾਹਿਬ ਦਾ ਪਾਠ ਤੇ ਅਰਦਾਸ ਕੀਤੀ। ਇਸ ਦੌਰਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ ਰਾਜਸੀ, ਸਮਾਜਿਕ ਤੇ ਧਾਰਮਿਕ ਸ਼ਖ਼ਸੀਅਤਾਂ, ਇਲਾਕਾ ਨਿਵਾਸੀਆਂ ਤੇ ਸਕੇ ਸਬੰਧੀਆਂ ਸਮੇਤ ਹੋਰਨਾਂ ਅਹਿਮ ਸ਼ਖ਼ਸੀਅਤਾਂ ਵੱਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।