ਪਟਿਆਲਾ: ਡਿਪਟੀ ਕਮਿਸ਼ਨਰ ਵੱਲੋਂ ਪਰਾਲੀ ਸਾੜਨ ਤੋਂ ਰੋਕਣ ਲਈ ਅਧਿਕਾਰੀਆਂ ਨੂੰ ਕਿਸਾਨਾਂ ਤੱਕ ਸਿੱਧੀ ਪਹੁੰਚ ਬਣਾਉਣ ਦੀ ਹਦਾਇਤ
September 24, 2025 - PatialaPolitics
ਪਟਿਆਲਾ: ਡਿਪਟੀ ਕਮਿਸ਼ਨਰ ਵੱਲੋਂ ਪਰਾਲੀ ਸਾੜਨ ਤੋਂ ਰੋਕਣ ਲਈ ਅਧਿਕਾਰੀਆਂ ਨੂੰ ਕਿਸਾਨਾਂ ਤੱਕ ਸਿੱਧੀ ਪਹੁੰਚ ਬਣਾਉਣ ਦੀ ਹਦਾਇਤ
-ਕਿਸਾਨ ਪਰਾਲੀ ਸੰਭਾਲਣ ਲਈ ਮਸ਼ੀਨਰੀ ਲੈਣ ਵਾਸਤੇ ਕੰਟਰੋਲ ਰੂਮ 0175-2350550 ‘ਤੇ ਸੰਪਰਕ ਕਰਨ-ਡਾ. ਪ੍ਰੀਤੀ ਯਾਦਵ
-ਬਿਨ੍ਹਾਂ ਸੁਪਰ ਐਸ.ਐਮ.ਐਸ. ਤੇ ਸ਼ਾਮ 6 ਵਜੇ ਤੋਂ ਬਾਅਦ-ਸਵੇਰੇ 10 ਵਜੇ ਤੋਂ ਪਹਿਲਾਂ ਚੱਲਣ ਵਾਲੀ ਜ਼ਬਤ ਹੋਵੇਗੀ ਕੰਬਾਇਨ
-ਡੀ.ਸੀ. ਵੱਲੋਂ ਪਟਿਆਲਾ ਸਬ ਡਵੀਜਨ ਦੇ ਕਲੱਸਟਰ ਤੇ ਨੋਡਲ ਅਫ਼ਸਰਾਂ ਨਾਲ ਬੈਠਕ
ਪਟਿਆਲਾ, 24 ਅਕਤੂਬਰ:
ਪਟਿਆਲਾ ਜ਼ਿਲ੍ਹੇ ‘ਚ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਏ.ਡੀ.ਸੀ. ਸਿਮਰਪ੍ਰੀਤ ਕੌਰ, ਐਸ.ਪੀਜ, ਐਸ.ਡੀ.ਐਮ, ਸਮੂਹ ਡੀ.ਐਸ.ਪੀਜ, ਬੀਡੀਪੀਓਜ ਸਮੇਤ ਕਲੱਸਟਰ ਤੇ ਨੋਡਲ ਅਧਿਕਾਰੀਆਂ ਨਾਲ ਬੈਠਕ ਕਰਕੇ ਕਿਸਾਨਾਂ ਨਾਲ ਸਿੱਧਾ ਸੰਪਰਕ ਬਣਾਉਣ ‘ਤੇ ਜ਼ੋਰ ਦਿੱਤਾ।
ਡਿਪਟੀ ਕਮਿਸ਼ਨਰ ਨੇ ਸਾਰੇ ਸਬੰਧਤ ਅਧਿਕਾਰੀਆਂ ਤੇ ਸਮੂਹ ਥਾਣਾ ਮੁਖੀਆਂ ਅਤੇ ਨੂੰ ਹਦਾਇਤ ਕੀਤੀ ਕਿ ਪਰਾਲੀ ਸਾੜਨ ਤੋਂ ਰੋਕਣ ਲਈ ਮਾਣਯੋਗ ਸੁਪਰੀਮ ਕੋਰਟ ਦੇ ਆਦੇਸ਼ਾਂ ਤੇ ਅਤੇ ਹਵਾ ਗੁਣਵੱਤਾ ਮੋਨੀਟਰਿੰਗ ਕਮਿਸ਼ਨ ਦੇ ਨਿਰਦੇਸ਼ਾਂ ਦੀ ਪਾਲਣਾ ਇੰਨ-ਬਿੰਨ ਤੇ ਸਖਤੀ ਨਾਲ ਕਰਨੀ ਯਕੀਨੀ ਬਣਾਈ ਜਾਵੇ।
ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਪਿੰਡਾਂ ‘ਚ ਤਾਇਨਾਤ ਪਿੰਡ ਪੱਧਰ ਤੇ ਕਲਸਟਰ ਪੱਧਰ ਦੇ ਨੋਡਲ ਅਫ਼ਸਰਾਂ ਦੀ ਜੇਕਰ ਕੋਈ ਅਣਗਹਿਲੀ ਸਾਹਮਣੇ ਆਈ ਤਾਂ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਇਹ ਵੀ ਹਦਾਇਤ ਕੀਤੀ ਕਿ ਜ਼ਿਲ੍ਹੇ ਵਿੱਚ ਕੋਈ ਵੀ ਕੰਬਾਇਨ ਬਿਨ੍ਹਾਂ ਸੁਪਰ ਐਸ.ਐਮ.ਐਸ. ਚਲਾਏ ਝੋਨੇ ਦੀ ਕਟਾਈ ਨਾ ਕਰੇ ਤੇ ਨਾ ਹੀ ਸਵੇਰੇ 10 ਵਜੇ ਤੋਂ ਪਹਿਲਾਂ ਤੇ ਸ਼ਾਮ 6 ਵਜੇ ਤੋਂ ਬਾਅਦ ਝੋਨੇ ਦੀ ਕਟਾਈ ਕੀਤੀ ਜਾਵੇ ਅਤੇ ਜੇਕਰ ਅਜਿਹਾ ਸਾਹਮਣੇ ਆਇਆ ਤਾਂ ਕਾਰਵਾਈ ਹੋਵੇਗੀ ਤੇ ਕੰਬਾਇਨ ਜ਼ਬਤ ਕਰ ਲਈ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਵੀ ਕੀਤੀ ਕਿ ਉਹ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਕਿਉਂਕਿ ਅਜਿਹਾ ਕਰਨ ਨਾਲ ਵਾਤਾਵਰਣ ਗੰਧਲਾ ਹੁੰਦਾ ਹੈ ਅਤੇ ਲੋਕਾਂ ਨੂੰ ਇਸ ਨਾਲ ਸਾਂਹ ਤੇ ਹੋਰ ਭਿਆਨਕ ਬਿਮਾਰੀਆਂ ਲੱਗਣ ਦਾ ਖ਼ਤਰਾ ਹੈ, ਇਸ ਲਈ ਕਿਸਾਨ ਪਰਾਲੀ ਸੰਭਾਲਣ ਲਈ ਬੇਲਰ, ਇਨ-ਸੀਟੂ ਤੇ ਐਕਸ-ਸੀਟੂ ਗਤੀਵਿਧੀਆਂ ਵੀ ਤੇਜ ਕੀਤੀਆਂ ਗਈਆਂ ਹਨ, ਕਿਸਾਨ ਲੋੜੀਂਦੀ ਮਸ਼ੀਨਰੀ ਹੈਪੀ ਸੀਡਰ, ਸੁਪਰ ਸੀਡਰ ਤੇ ਸਰਫ਼ੇਸ ਸੀਡਰ ਆਦਿ ਲੈਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਕੰਟਰੋਲ ਸੈਂਟਰ ਦੇ ਫੋਨ ਨੰਬਰ 0175-2350550 ‘ਤੇ ਸੰਪਰਕ ਕਰਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਰਾਲੀ ਪ੍ਰਬੰਧਨ ਤੇ ਖਾਸ ਕਰਕੇ ਕਣਕ ਦੀ ਬਿਜਾਈ ਬਿਨ੍ਹਾਂ ਪਰਾਲੀ ਸਾੜੇ ਕਰਨ ਲਈ ਕਿਸਾਨਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਮੁਤਾਬਕ ਕਿਸਾਨਾਂ ਨੂੰ ਪਰਾਲੀ ਬਿਨ੍ਹਾਂ ਸਾੜੇ ਇਸਦੇ ਸੁਚੱਜੇ ਪ੍ਰਬੰਧਨ ਲਈ ਹਰ ਸੰਭਵ ਸਹਾਇਤਾ ਕੀਤੀ ਜਾ ਰਹੀ ਹੈ।
ਐਸ.ਪੀ. ਸਿਟੀ ਪਲਵਿੰਦਰ ਸਿੰਘ ਚੀਮਾ ਨੇ ਕਿਹਾ ਕਿ ਜੇਕਰ ਕਿਸੇ ਖੇਤ ਵਿੱਚ ਅੱਗ ਲੱਗਦੀ ਹੈ ਤਾਂ ਇਸ ਲਈ ਮਾਣਯੋਗ ਸੁਪਰੀਮ ਕੋਰਟ ਦੇ ਆਦੇਸ਼ਾਂ ਮੁਤਾਬਕ ਸਬੰਧਤ ਕਲਸੱਟਰ ਅਫ਼ਸਰ, ਨੋਡਲ ਅਫ਼ਸਰ ਤੇ ਸਬੰਧਤ ਇਲਾਕੇ ਦਾ ਥਾਣਾ ਮੁਖੀ ਜਿੰਮੇਵਾਰ ਹੋਵੇਗਾ, ਇਸ ਲਈ ਕੋਈ ਵੀ ਅਣਗਹਿਲੀ ਨਾ ਵਰਤੀ ਜਾਵੇ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਕਿਸਾਨਾਂ ਤੱਕ ਪਿੰਡ-ਪਿੰਡ ਪਹੁੰਚ ਬਣਾਕੇ ਪਰਾਲੀ ਨਾ ਸਾੜਨ ਲਈ ਜਾਗਰੂਕ ਵੀ ਕਰ ਰਹੀਆਂ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨੈਸ਼ਨਲ ਗਰੀਨ ਟ੍ਰਿਬਿਊਨਲ ਵੱਲੋਂ ਪਰਾਲੀ ਸਾੜਨ ਉਤੇ ਪੂਰੀ ਤਰ੍ਹਾਂ ਰੋਕ ਲਗਾਈ ਗਈ ਹੈ ਅਤੇ ਇਸੇ ਤਹਿਤ ਹੀ ਵਾਤਾਵਰਣ ਦੀ ਸੰਭਾਲ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਮੁਤਾਬਕ ਸਮੁੱਚਾ ਜ਼ਿਲ੍ਹਾ ਪ੍ਰਸ਼ਾਸਨ ਖੇਤਾਂ ਵਿੱਚ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਿਸੇ ਵੀ ਕੀਮਤ ਉਤੇ ਖੇਤਾਂ ਵਿੱਚ ਅੱਗ ਨਹੀਂ ਲੱਗਣ ਦਿੱਤੀ ਜਾਵੇਗੀ।
ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਬੇਲਰਾਂ ਤੇ ਪਰਾਲੀ ਨੂੰ ਖੇਤਾਂ ਵਿੱਚ ਮਿਲਾਉਣ ਤੇ ਐਕਸ ਸੀਟੂ ਤੇ ਇਨਸੀਟੂ ਤਕਨੀਕਾਂ ਨਾਲ ਪਰਾਲੀ ਨੂੰ ਠਿਕਾਣੇ ਲਗਾਉਣ ਦੇ ਉਚੇਚੇ ਪ੍ਰਬੰਧ ਕੀਤੇ ਗਏ ਹਨ। ਇਸ ਲਈ ਕੋਈ ਵੀ ਕਿਸਾਨ ਅਗਲੀ ਫ਼ਸਲ ਬੀਜਣ ਲਈ ਕਾਹਲੀ ਵਿੱਚ ਖੇਤਾਂ ‘ਚ ਪਰਾਲੀ ਨੂੰ ਅੱਗ ਨਾ ਲਗਾਵੇ। ਉਨ੍ਹਾਂ ਕਿਹਾ ਕਿ ਜਿਹੜਾ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਗਾਏਗਾ ਉਨ੍ਹਾਂ ਨੂੰ ਸਨਮਾਨਤ ਕੀਤਾ ਜਾਵੇਗਾ। ਇਸ ਮੌਕੇ ਐਸ.ਪੀ. ਸਵਰਨਜੀਤ ਕੌਰ, ਐਸ.ਪੀ. ਮਨੋਜ ਗੋਰਸੀ, ਡੀ.ਐਸ.ਪੀ. ਗੁਰਪ੍ਰਤਾਪ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ, ਡੀ.ਆਰ. ਸੰਗਰਾਮ ਸਿੰਘ ਸੰਧੂ, ਜ਼ਿਲ੍ਹਾ ਪ੍ਰੀਸ਼ਦ ਦੇ ਡਿਪਟੀ ਸੀਈਓ ਅਮਨਪ੍ਰੀਤ ਕੌਰ, ਡੀ.ਡੀ.ਪੀ.ਓ. ਮੋਹਿੰਦਰਜੀਤ ਸਿੰਘ ਸਮੇਤ ਹੋਰ ਅਧਿਕਾਰੀ ਵੱਡੀ ਗਿਣਤੀ ‘ਚ ਮੌਜੂਦ ਸਨ।