ਪਟਿਆਲਾ: ਪਰਾਲੀ ਸਾੜਣ ਤੋਂ ਰੋਕਣ ਲਈ ਕਿਸਾਨਾਂ ਨੂੰ ਲੋੜੀਂਦੀ ਮਸ਼ੀਨਰੀ ਉਪਲਬੱਧ ਕਰਵਾਉਣ ‘ਤੇ ਜ਼ੋਰ

September 25, 2025 - PatialaPolitics

ਪਟਿਆਲਾ: ਪਰਾਲੀ ਸਾੜਣ ਤੋਂ ਰੋਕਣ ਲਈ ਕਿਸਾਨਾਂ ਨੂੰ ਲੋੜੀਂਦੀ ਮਸ਼ੀਨਰੀ ਉਪਲਬੱਧ ਕਰਵਾਉਣ ‘ਤੇ ਜ਼ੋਰ

-ਏ.ਡੀ.ਸੀ., ਐਸ.ਪੀ ਤੇ ਐਸ.ਡੀ.ਐਮ ਨੇ ਨੋਡਲ ਤੇ ਕਲਸਟਰ ਅਫ਼ਸਰਾਂ ਨਾਲ ਬੈਠਕ ਮੌਕੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਨ ਲਈ ਕਿਹਾ

 

-ਪਟਿਆਲਾ ਜ਼ਿਲ੍ਹੇ ਦੇ ਕਿਸਾਨ ਪਰਾਲੀ ਸੰਭਾਲਣ ਲਈ ਮਸ਼ੀਨਰੀ ਲੈਣ ਪ੍ਰਸ਼ਾਸਨ ਨਾਲ ਸੰਪਰਕ ਕਰਨ

 

ਪਟਿਆਲਾ, 25 ਸਤੰਬਰ:

 

ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਨਵਰੀਤ ਕੌਰ ਸੇਖੋਂ, ਐਸ.ਪੀ ਸਿਟੀ ਪਲਵਿੰਦਰ ਸਿੰਘ ਚੀਮਾ ਤੇ ਐਸ.ਡੀ.ਐਮ ਹਰਜੋਤ ਕੌਰ ਮਾਵੀ ਨੇ ਪਰਾਲੀ ਸਾੜਨ ਤੋਂ ਰੋਕਣ ਲਈ ਕਿਸਾਨਾਂ ਨੂੰ ਲੋੜੀਂਦੀ ਮਸ਼ੀਨਰੀ ਉਪਲਬੱਧ ਕਰਵਾਉਣ ‘ਤੇ ਜ਼ੋਰ ਦਿੱਤਾ।

 

ਅੱਜ ਇੱਥੇ ਨੋਡਲ ਅਫ਼ਸਰਾਂ ਤੇ ਪਿੰਡ ਪੱਧਰ ‘ਤੇ ਤਾਇਨਾਤ ਕੀਤੇ ਗਏ ਕਲੱਸਟਰ ਅਫ਼ਸਰਾਂ ਨਾਲ ਜਾਇਜ਼ਾ ਬੈਠਕ ਕਰਦਿਆਂ ਏ.ਡੀ.ਸੀ. ਨਵਰੀਤ ਕੌਰ ਸੇਖੋਂ ਨੇ ਕਿਹਾ ਕਿ ਪਿੰਡ ਪੱਧਰ ‘ਤੇ ਪਰਾਲੀ ਸਾੜਨ ਤੋਂ ਰੋਕਣ ਲਈ ਤਾਇਨਾਤ ਕੀਤੇ ਗਏ ਸਾਰੇ ਅਧਿਕਾਰੀ ਤੇ ਕਰਮਚਾਰੀ ਕਿਸਾਨਾਂ ਨਾਲ ਸਿੱਧਾ ਰਾਬਤਾ ਕਰਨ ਅਤੇ ਲੋੜੀਂਦੀ ਮਸ਼ੀਨਰੀ ਉਪਲਬੱਧ ਕਰਵਾਉਣ ਲਈ ਕੋਈ ਕਸਰ ਬਾਕੀ ਨਾ ਛੱਡਣ।

 

ਏ.ਡੀ.ਸੀ. ਸੇਖੋਂ ਤੇ ਐਸ.ਪੀ. ਚੀਮਾ ਨੇ ਸਾਰੇ ਅਧਿਕਾਰੀਆਂ ਤੇ ਥਾਣਾ ਮੁਖੀਆਂ ਸਮੇਤ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪਰਾਲੀ ਸਾੜਨ ਤੋਂ ਰੋਕਣ ਲਈ ਮਾਣਯੋਗ ਸੁਪਰੀਮ ਕੋਰਟ ਦੇ ਆਦੇਸ਼ਾਂ ਤੇ ਅਤੇ ਹਵਾ ਗੁਣਵੱਤਾ ਮੋਨੀਟਰਿੰਗ ਕਮਿਸ਼ਨ ਦੇ ਨਿਰਦੇਸ਼ਾਂ ਦੀ ਪਾਲਣਾ ਇੰਨ-ਬਿੰਨ ਤੇ ਸਖਤੀ ਨਾਲ ਕਰਨੀ ਯਕੀਨੀ ਬਣਾਈ ਜਾਵੇ।

 

ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ਤੋਂ ਰੋਕਣ ਲਈ ਤਾਇਨਾਤ ਕੀਤੇ ਗਏ ਨੋਡਲ ਅਫ਼ਸਰ ਕੋਈ ਅਣਗਹਿਲੀ ਨਾ ਵਰਤਣ ਤੇ ਕਿਸਾਨਾਂ ਨੂੰ ਪ੍ਰੇਰਿਤ ਕਰਕੇ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਖੇਤਾਂ ‘ਚ ਮਿਲਾਉਣ ਤੇ ਸੁਚੱਜੇ ਪਰਾਲੀ ਪ੍ਰਬੰਧਨ ਲਈ ਉਤਸ਼ਾਹਤ ਕਰਨ। ਉਨ੍ਹਾਂ ਨੇ ਇਹ ਵੀ ਹਦਾਇਤ ਕੀਤੀ ਕਿ ਜ਼ਿਲ੍ਹੇ ਵਿੱਚ ਕੋਈ ਵੀ ਕੰਬਾਇਨ ਬਿਨ੍ਹਾਂ ਸੁਪਰ ਐਸ.ਐਮ.ਐਸ. ਚਲਾਏ ਝੋਨੇ ਦੀ ਕਟਾਈ ਨਾ ਕਰੇ ਤੇ ਜੇਕਰ ਅਜਿਹਾ ਸਾਹਮਣੇ ਆਇਆ ਤਾਂ ਕਾਰਵਾਈ ਹੋਵੇਗੀ।

 

ਏ.ਡੀ.ਸੀ. ਨੇ ਕਿਹਾ ਕਿ ਪਰਾਲੀ ਸੰਭਾਲਣ ਲਈ ਬੇਲਰ, ਇਨ-ਸੀਟੂ ਤੇ ਐਕਸ-ਸੀਟੂ ਗਤੀਵਿਧੀਆਂ ਵੀ ਲਈ ਕਿਸਾਨ ਲੋੜੀਂਦੀ ਮਸ਼ੀਨਰੀ ਹੈਪੀ ਸੀਡਰ, ਸੁਪਰ ਸੀਡਰ ਤੇ ਸਰਫ਼ੇਸ ਸੀਡਰ ਆਦਿ ਲੈਣ ਲਈ ਕੰਟਰੋਲ ਰੂਮ ਦੇ ਨੰਬਰ 0175-2350550 ‘ਤੇ ਸੰਪਰਕ ਕਰਨ।