Patiala: ਅੱਸੂ ਦੇ ਚੌਥੇ ਨਰਾਤੇ ਮੌਕੇ ਸ੍ਰੀ ਕਾਲੀ ਦੇਵੀ ਮੰਦਿਰ ‘ਚ ਕਰੀਬ 35 ਹਜ਼ਾਰ ਸ਼ਰਧਾਲੂਆਂ ਵੱਲੋਂ ਦਰਸ਼ਨ
September 26, 2025 - PatialaPolitics
Patiala: ਅੱਸੂ ਦੇ ਚੌਥੇ ਨਰਾਤੇ ਮੌਕੇ ਸ੍ਰੀ ਕਾਲੀ ਦੇਵੀ ਮੰਦਿਰ ‘ਚ ਕਰੀਬ 35 ਹਜ਼ਾਰ ਸ਼ਰਧਾਲੂਆਂ ਵੱਲੋਂ ਦਰਸ਼ਨ
-ਚਾਰ ਦਿਨਾਂ ‘ਚ 1.50 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਕੀਤੇ ਮਾਤਾ ਕਾਲੀ ਦੇਵੀ ਦੇ ਦਰਸ਼ਨ
-ਮੰਦਿਰ ਦਰਸ਼ਨ ਲਈ ਲਾਇਨਾਂ, ਧਾਰਮਿਕ ਭਜਨ, ਹਵਨ, ਸੁਰੱਖਿਆ, ਲੰਗਰ, ਵੀਲ੍ਹ ਚੇਅਰ, ਹੈਲਪ ਡੈਸਕ, ਸਾਫ਼-ਸਫ਼ਾਈ ਸਮੇਤ ਹੋਰ ਸਾਰੇ ਪ੍ਰਬੰਧ ਪੁਖ਼ਤਾ
-ਮੰਦਿਰ ‘ਚ ‘ਜੈ ਮਾਤਾ ਦੀ’ ਸੈਲਫ਼ੀ ਪੁਆਇੰਟ ਸ਼ਰਧਾਲੂਆਂ ਲਈ ਖਿੱਚ ਦਾ ਕੇਂਦਰ ਬਣਿਆ
-ਐਡਵਾਇਜਰੀ ਮੈਨੇਜਿੰਗ ਕਮੇਟੀ ਵੱਲੋਂ ਕੀਤੇ ਵਿਆਪਕ ਪ੍ਰਬੰਧਾਂ ਦੀ ਸ਼ਰਧਾਲੂਆਂ ਨੇ ਕੀਤੀ ਸ਼ਲਾਘਾ
ਪਟਿਆਲਾ, 26 ਸਤੰਬਰ:
ਪਟਿਆਲਾ ਦੇ ਇਤਿਹਾਸਕ ਤੇ ਪੁਰਾਤਨ ਸ੍ਰੀ ਕਾਲੀ ਦੇਵੀ ਮੰਦਿਰ ਵਿਖੇ ਚੱਲ ਰਹੇ ਅੱਸੂ ਦੇ ਸ਼ਾਰਦੀਆ ਨਵਰਾਤਰਿਆਂ ਦੌਰਾਨ ਅੱਜ ਤੱਕ ਕਰੀਬ ਡੇਢ ਲੱਖ ਸ਼ਰਧਾਲੂਆਂ ਨੇ ਮਾਤਾ ਰਾਣੀ ਦੇ ਦਰਸ਼ਨ ਕੀਤੇ ਹਨ। ਅੱਜ ਚੌਥੇ ਨਰਾਤੇ ਮੌਕੇ ਕਰੀਬ 35000 ਹਜ਼ਾਰ ਸ਼ਰਧਾਲੂ ਪੁੱਜੇ ਤੇ ਸ਼ਰਧਾ ਨਾਲ ਮੰਦਿਰ ਵਿਖੇ ਨਤਮਸਤਕ ਹੋਏ। ਇਸ ਕਰਕੇ ਮੰਦਿਰ ਵਿਖੇ ਵੱਡੀ ਗਿਣਤੀ ਪੁੱਜ ਰਹੇ ਸ਼ਰਧਾਲੂਆਂ ਦੀ ਸਹੂਲਤ ਲਈ ਮੰਦਿਰ ਦੀ ਐਡਵਾਇਜਰੀ ਮੈਨੇਜਿੰਗ ਕਮੇਟੀ ਵੱਲੋਂ ਵਿਆਪਕ ਪ੍ਰਬੰਧ ਕੀਤੇ ਗਏ ਹਨ, ਇਨ੍ਹਾਂ ਪ੍ਰਬੰਧਾਂ ਦੀ ਸ਼ਰਧਾਲੂਆਂ ਵੱਲੋਂ ਭਰਵੀਂ ਸ਼ਲਾਘਾ ਕੀਤੀ ਜਾ ਰਹੀ ਹੈ।
ਆਪਣੇ ਪਰਿਵਾਰ ਸਮੇਤ ਮੰਦਿਰ ਪੁੱਜੀ ਤ੍ਰਿਪੜੀ ਵਾਸੀ ਇੱਕ ਮਹਿਲਾ ਸ਼ਰਧਾਲੂ ਨੇ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਮੰਦਿਰ ਆ ਰਹੇ ਹਨ ਪਰੰਤੂ ਇਸ ਵਾਰ ਦੇ ਪ੍ਰਬੰਧਾਂ ਦੀ ਸਚਮੁੱਚ ਸ਼ਲਾਘਾ ਕਰਨੀ ਬਣਦੀ ਹੈ। ਉਨ੍ਹਾਂ ਕਿਹਾ ਕਿ ਸੇਵਾਦਾਰ ਤੇ ਸੁਰੱਖਿਆ ਮੁਲਾਜਮ ਸ਼ਰਧਾਲੂਆਂ ਨੂੰ ਪੂਰਾ ਗਾਇਡ ਕੀਤਾ ਜਾਂਦਾ ਹੈ।
ਪਟਿਆਲਾ ਦੀ ਹੀ ਸੁਖਵਿੰਦਰ ਕੌਰ ਨੇ ਮੰਦਿਰ ‘ਚ ਚੱਲਦੇ ਧਾਰਮਿਕ ਭਜਨਾਂ ਦੀ ਗੱਲ ਕਰਦਿਆਂ ਕਿਹਾ ਕਿ ਅਧਿਆਤਮਕ ਮਾਹੌਲ ਸਿਰਜਿਆ ਗਿਆ ਸਭਨਾ ਨੂੰ ਮਾਤਾ ਦੀ ਭਗਤੀ ‘ਚ ਲੀਨ ਕਰਦਾ ਹੈ। ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਪਿੰਡ ਸੁਜਾਨ ਤੋਂ ਆਏ ਨਰ ਸਿੰਘ ਨੇ ਕਿਹਾ ਕਿ ਉਹ ਦਿਵਿਆਂਗ ਹੋਣ ਕਰਕੇ ਚੱਲ ਨਹੀਂ ਸਕਦੇ ਤੇ ਉਨ੍ਹਾਂ ਲਈ ਸੇਵਾਦਾਰਾਂ ਨੇ ਤੁਰੰਤ ਵੀਲ੍ਹਚੇਅਰ ਦਾ ਪ੍ਰਬੰਧ ਕਰਕੇ ਉਨ੍ਹਾਂ ਨੂੰ ਮਾਤਾ ਦੇ ਦਰਸ਼ਨ ਕਰਵਾਏ।
ਪਿੰਡ ਅਜਨੌਦਾ ਕਲਾਂ ਤੋਂ ਪੁੱਜੀ ਮਨਪ੍ਰੀਤ ਕੌਰ ਨੇ ਸੁਰੱਖਿਆ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੁਸਤੈਦ ਸੁਰੱਖਿਆ ਮੁਲਾਜਮਾਂ ਤੇ ਸੀਸੀਟੀਵੀ ਕੈਮਰਿਆਂ ਕਰਕੇ ਕੋਈ ਮਾੜਾ ਅਨਸਰ ਮੰਦਿਰ ‘ਚ ਕੋਈ ਗ਼ਲਤ ਹਰਕਤ ਕਰਦਾ ਤੁਰੰਤ ਕਾਬੂ ‘ਚ ਆ ਜਾਵੇਗਾ। ਬਿਸ਼ਨ ਨਗਰ ਦੇ ਗੋਪਾਲ ਕ੍ਰਿਸ਼ਨ ਨੇ ਮੰਦਿਰ ‘ਚ ਹਵਨ ਕਰਵਾ ਕੇ ਆਪਣੇ ਪਰਿਵਾਰ ਦੀ ਸੁੱਖ ਸ਼ਾਂਤੀ ਦੀ ਕੀਤੀ ਪ੍ਰਾਰਥਨਾ ਬਾਰੇ ਦੱਸਦਿਆਂ ਕਿਹਾ ਕਿ ਮੰਦਿਰ ਪ੍ਰਬੰਧਕਾਂ ਤੇ ਪੁਜਾਰੀਆਂ ਵੱਲੋਂ ਹਵਨ ਦੇ ਪ੍ਰਬੰਧਾਂ ਨੂੰ ਦੇਖਕੇ ਉਨ੍ਹਾਂ ਨੂੰ ਬਹੁਤ ਤਸੱਲੀ ਹੋਈ ਹੈ।
ਰਾਜਪੁਰਾ ਦੀ ਮਨਜੀਤ ਕੌਰ ਨੇ ਮੰਦਿਰ ਵਿਖੇ ਤਿੰਨ ਸਮੇਂ ਵਰਤਾਏ ਜਾਂਦੇ ਭੰਡਾਰੇ ‘ਚ ਲੰਗਰ ਛਕਦਿਆਂ ਲੰਗਰ ਦੀ ਗੁਣਵੱਤਾ ਦੀ ਸ਼ਲਾਘਾ ਕੀਤੀ। ਜਦਕਿ ਬਾਲ ਵਿਕਾਸ ਪ੍ਰੀਸ਼ਦ ਦੇ ਮੈਂਬਰਾਂ ਵੱਲੋਂ ਲੰਗਰ ਸੇਵਾ ‘ਚ ਆਪਣਾ ਯੋਗਦਾਨ ਪਾਉਣ ਬਾਰੇ ਦੱਸਿਆ ਕਿ ਉਨ੍ਹਾਂ ਨੂੰ ਸੇਵਾ ਕਰਨ ਦਾ ਅਜਿਹਾ ਮੌਕਾ ਮਿਲਣਾ ਉਨ੍ਹਾਂ ਲਈ ਚੰਗੇ ਕਰਮਾਂ ਦੀ ਗੱਲ ਹੈ। ਪਿੰਡ ਮੰਡੀ ਤੋਂ ਜੱਸ ਨੇ ਸੈਲਫ਼ੀ ਪੁਆਇੰਟ ਤੇ ਸਜਾਵਟ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਮੰਦਿਰ ਵਿਖੇ ‘ਜੈ ਮਾਤਾ’ ਦੇ ਸੈਲਫ਼ੀ ਪੁਆਇੰਟ ਸ਼ਰਧਾਲੂਆਂ ਤੇ ਖਾਸ ਕਰਕੇ ਬੱਚਿਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ ਹੋਏ ਹਨ।
ਇਸੇ ਦੌਰਾਨ ਸਲਾਹਕਾਰੀ ਮੈਨੇਜਿੰਗ ਕਮੇਟੀ ਦੇ ਮੈਂਬਰ ਸੀ.ਏ. ਅਜੇ ਅਲੀਪੁਰੀਆ, ਸੰਜੇ ਸਿੰਗਲਾ ਤੇ ਡਾ. ਰਾਜਨ ਗੁਪਤਾ ਨੇ ਦੱਸਿਆ ਕਿ ਮੰਦਿਰ ‘ਚ ਸ਼ਰਧਾਲੂਆਂ ਵੱਲੋਂ ਦਰਸ਼ਨ ਕਰਨ ਲਈ ਲਾਇਨਾਂ, ਧਾਰਮਿਕ ਭਜਨ, ਹਵਨ, ਸੁਰੱਖਿਆ, ਲੰਗਰ, ਵੀਲ੍ਹ ਚੇਅਰ, 2 ਹੈਲਪ ਡੈਸਕ, ਸਾਫ਼-ਸਫ਼ਾਈ, ਸ਼ਰਧਾਲੂਆਂ ਲਈ ਲੋੜੀਂਦੀ ਜਾਣਕਾਰੀ ਦੀ ਅਨਾਊਂਸਮੈਂਟ, ਮੈਡੀਕਲ ਟੀਮ, ਲੋੜਵੰਦ ਸ਼ਰਧਾਲੂਆਂ ਲਈ ਵੀਲ੍ਹਚੇਅਰ ਦੇ ਵੀ ਪ੍ਰਬੰਧ ਹਨ।
ਇਸੇ ਦੌਰਾਨ ਏ.ਡੀ.ਸੀ. ਸਿਮਰਪ੍ਰੀਤ ਕੌਰ ਨੇ ਦੱਸਿਆ ਕਿ ਸੁਰੱਖਿਆ ਲਈ 135 ਸੁਰੱਖਿਆ ਮੁਲਾਜਮ ਤੇ 75 ਸੀਸੀਟੀਵੀ ਕੈਮਰਅਿਾਂ ਸਮੇਤ 125 ਸਫਾਈ ਸੇਵਾਦਾਰ ਤਾਇਨਾਤ ਕੀਤੇ ਗਏ ਹਨ। ਇਸ ਤੋਂ ਬਿਨ੍ਹਾਂ ਮੰਦਿਰ ਦੀ ਬਾਹਰੀ ਸੁਰੱਖਿਆ ਲਈ ਪਟਿਆਲਾ ਪੁਲਿਸ ਤੇ ਸੀ.ਆਰ.ਪੀ.ਐਫ਼ ਦੇ ਜਵਾਨ ਵੀ ਤਾਇਨਾਤ ਹਨ ਤੇ ਮੰਦਿਰ ਦੇ ਹਰ ਕੋਨੇ ‘ਚ ਪੁਰਸ਼ ਤੇ ਮਹਿਲਾ ਪੁਲਿਸ ਮੁਲਾਜਮਾਂ ਦੀ ਵਿਸ਼ੇਸ਼ ਤਾਇਨਾਤੀ ਕੀਤੀ ਗਈ ਹੈ।