ਪਟਿਆਲਾ: ਪ੍ਰੋ. ਨਿਸ਼ਠਾ ਤ੍ਰਿਪਾਠੀ ਨੇ ਸਰਕਾਰੀ ਮਹਿੰਦਰਾ ਕਾਲਜ ਦੇ ਰੈਗੂਲਰ ਪ੍ਰਿੰਸੀਪਲ ਵਜੋਂ ਅਹੁਦਾ ਸੰਭਾਲਿਆ

September 26, 2025 - PatialaPolitics

ਪਟਿਆਲਾ: ਪ੍ਰੋ. ਨਿਸ਼ਠਾ ਤ੍ਰਿਪਾਠੀ ਨੇ ਸਰਕਾਰੀ ਮਹਿੰਦਰਾ ਕਾਲਜ ਦੇ ਰੈਗੂਲਰ ਪ੍ਰਿੰਸੀਪਲ ਵਜੋਂ ਅਹੁਦਾ ਸੰਭਾਲਿਆ

-150 ਸਾਲ ਦਾ ਇਤਿਹਾਸ ਸਮੋਈ ਬੈਠੇ ਸਰਕਾਰੀ ਮਹਿੰਦਰਾ ਕਾਲਜ ਨੂੰ ਹੋਰ ਬੁਲੰਦੀਆਂ ’ਤੇ ਲਿਜਾਇਆ ਜਾਵੇਗਾ : ਪ੍ਰੋ. ਨਿਸ਼ਠਾ ਤ੍ਰਿਪਾਠੀ

 

ਪਟਿਆਲਾ, 26 ਸਤੰਬਰ:

ਪੰਜਾਬ ਦੀ ਸਿਰਮੌਰ ਵਿੱਦਿਅਕ ਸੰਸਥਾ ਸਰਕਾਰੀ ਮਹਿੰਦਰਾ ਕਾਲਜ ’ਚ ਅੱਜ ਪ੍ਰੋ. ਨਿਸ਼ਠਾ ਤ੍ਰਿਪਾਠੀ ਨੇ ਬਤੌਰ ਰੈਗੂਲਰ ਪ੍ਰਿੰਸੀਪਲ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ 150 ਸਾਲ ਦਾ ਇਤਿਹਾਸ ਸਮੋਈ ਬੈਠੇ ਸਰਕਾਰੀ ਮਹਿੰਦਰਾ ਕਾਲਜ ਨੇ ਦੇਸ਼ ਲਈ ਨਿਆਇਕ ਅਧਿਕਾਰੀ, ਆਈ.ਏ.ਐਸ., ਆਈ.ਪੀ.ਐਸ., ਪੀ.ਸੀ.ਐਸ. ਸਮੇਤ ਫੌਜ, ਪੁਲਿਸ, ਪੱਤਰਕਾਰਤਾ ਸਮੇਤ ਹਰੇਕ ਖੇਤਰ ਵਿੱਚ ਆਪਣੀ ਵੱਖਰੀ ਪਹਿਚਾਣ ਦੇਣ ਵਾਲੇ ਵਿਦਿਆਰਥੀ ਅਤੇ ਖਿਡਾਰੀ ਪੈਦਾ ਕੀਤੇ ਹਨ। ਉਨ੍ਹਾਂ ਕਿਹਾ ਕਿ ਸਟਾਫ਼ ਅਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਇਸ ਸੰਸਥਾ ਨੂੰ ਹੋਰ ਬੁਲੰਦੀਆਂ ’ਤੇ ਲਿਜਾਇਆ ਜਾਵੇਗਾ।

ਜ਼ਿਕਰਯੋਗ ਹੈ ਕਿ ਅਕਾਦਮਿਕ ਅਤੇ ਪ੍ਰਸ਼ਾਸਕੀ ਅਨੁਭਵ ਰੱਖਣ ਵਾਲੇ ਪ੍ਰੋ. ਨਿਸ਼ਠਾ ਤ੍ਰਿਪਾਠੀ ਇਸ ਤੋਂ ਪਹਿਲਾਂ ਸਰਕਾਰੀ ਕਾਲਜ, ਮੋਹਾਲੀ ਵਿਖੇ ਇਤਿਹਾਸ ਵਿਭਾਗ ਦੇ ਮੁਖੀ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ ਅਤੇ ਉਨ੍ਹਾਂ ਲੰਮਾ ਸਮਾਂ ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਦੇ ਇਤਿਹਾਸ ਵਿਭਾਗ ਵਿੱਚ ਫੈਕਲਟੀ ਮੈਂਬਰ ਵਜੋਂ ਸੇਵਾਵਾਂ ਨਿਭਾਈਆਂ ਹਨ। ਅੱਜ ਦੁਬਾਰਾ ਉਨ੍ਹਾਂ ਪੰਜਾਬ ਦੀ ਇਸ ਸਿਰਮੌਰ ਵਿੱਦਿਅਕ ਸੰਸਥਾ ਵਿੱਚ ਬਤੌਰ ਪ੍ਰਿੰਸੀਪਲ ਆਪਣੀਆਂ ਸੇਵਾਵਾਂ ਸ਼ੁਰੂ ਕੀਤੀਆਂ ਹਨ।

ਕਾਲਜ ਆਉਣ ‘ਤੇ ਪ੍ਰੋ. ਤ੍ਰਿਪਾਠੀ ਸਭ ਤੋਂ ਪਹਿਲਾਂ ਕਾਲਜ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ, ਇਸ ਉਪਰੰਤ ਉਨ੍ਹਾਂ ਪ੍ਰਿੰਸੀਪਲ ਦਫ਼ਤਰ ਪਹੁੰਚ ਕੇ ਅਧਿਕਾਰਕ ਤੌਰ ‘ਤੇ ਆਪਣਾ ਅਹੁਦਾ ਸੰਭਾਲਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਸਾਡੀ ਵਿਰਾਸਤ ਦੇ ਮਹੱਤਵਪੂਰਣ ਹਿੱਸੇ ਵਜੋਂ ਜਾਣੇ ਜਾਂਦੇ ਸਰਕਾਰੀ ਮਹਿੰਦਰਾ ਕਾਲਜ ਵਿੱਚ ਪ੍ਰਿੰਸੀਪਲ ਵਜੋਂ ਸੇਵਾ ਮਿਲਣਾ ਉਨ੍ਹਾਂ ਲਈ ਮਾਣ ਦੀ ਗੱਲ ਹੈ ਤੇ ਸਟਾਫ਼ ਅਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਇਸ ਸੰਸਥਾ ਨੂੰ ਹੋਰ ਬੁਲੰਦੀਆਂ ’ਤੇ ਲਿਜਾਇਆ ਜਾਵੇਗਾ।

ਇਸ ਮੌਕੇ ਕਾਲਜ ਕੌਂਸਲ ਨੇ ਨਵ ਨਿਯੁਕਤ ਪ੍ਰਿੰਸੀਪਲ ਪ੍ਰੋ. ਨਿਸ਼ਠਾ ਤ੍ਰਿਪਾਠੀ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਇਸ ਮੌਕੇ ਸਰਕਾਰੀ ਕਾਲਜ, ਮੋਹਾਲੀ ਅਤੇ ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਦਾ ਸਟਾਫ਼ ਅਤੇ ਪੁਰਾਣੇ ਸਾਥੀ ਵੀ ਮੌਜੂਦ ਸਨ।