PATIALA: ਵਿਧਾਇਕ ਕੋਹਲੀ ਤੇ ਮੇਅਰ ਗੋਗੀਆ ਵੱਲੋਂ ਗੋਪਾਲ ਕਲੋਨੀ ‘ ਚ 98 ਲੱਖ ਰੁਪਏ ਦੀ ਲਾਗਤ ਨਾਲ ਬਣੀ ਸੜਕ ਦਾ ਉਦਘਾਟਨ
September 27, 2025 - PatialaPolitics
PATIALA: ਵਿਧਾਇਕ ਕੋਹਲੀ ਤੇ ਮੇਅਰ ਗੋਗੀਆ ਵੱਲੋਂ ਗੋਪਾਲ ਕਲੋਨੀ ‘ ਚ 98 ਲੱਖ ਰੁਪਏ ਦੀ ਲਾਗਤ ਨਾਲ ਬਣੀ ਸੜਕ ਦਾ ਉਦਘਾਟਨ
ਰੰਗਲਾ ਪੰਜਾਬ ਯੋਜਨਾ ਤਹਿਤ ਹੁਣ ਉਹ ਕੰਮ ਹੋਣਗੇ , ਜੋ ਪਹਿਲਾ ਕਦੇ ਨਹੀਂ ਹੋਏ – ਅਜੀਤ ਪਾਲ ਸਿੰਘ ਕੋਹਲੀ
ਸਾਡੀ ਨੀਤ ਤੇ ਨੀਅਤ ਦੋਵੇਂ ਸਾਫ, ਰੁਕੇ ਕੰਮ ਹੋਣਗੇ ਪੂਰੇ – ਮੇਅਰ ਕੁੰਦਨ ਗੋਗੀਆ
ਪਟਿਆਲਾ, 27 ਸਤੰਬਰ :
ਪਟਿਆਲਾ ਦੀ ਗੋਪਾਲ ਕਲੋਨੀ ਵਿੱਚ 98 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਗਈ ਨਵੀਂ ਸੜਕ ਦਾ ਉਦਘਾਟਨ ਅੱਜ ਪਟਿਆਲਾ ਸ਼ਹਿਰੀ ਹਲਕੇ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਅਤੇ ਮੇਅਰ ਕੁੰਦਨ ਗੋਗੀਆ ਵੱਲੋਂ ਰਲ ਕੇ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ ਵੀ ਮੌਜੂਦ ਸਨ।
ਉਦਘਾਟਨ ਸਮਾਰੋਹ ਦੌਰਾਨ ਵਿਧਾਇਕ ਕੋਹਲੀ ਨੇ ਕਿਹਾ ਕਿ ਸੜਕਾਂ ਦੇ ਨਿਰਮਾਣ ’ਤੇ ਸਿੱਧੀ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ “ਜੁਬਾਨ ’ਤੇ ਪਹਿਰਾ” ਦੇਂਦੇ ਹੋਏ ਹਰ ਕੰਮ ਦੀ ਗੁਣਵੱਤਾ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਵੱਲੋਂ ਹਰ ਵਿਧਾਇਕ ਨੂੰ 5 ਕਰੋੜ ਰੁਪਏ ਦੇ ਵਿਕਾਸ ਫੰਡ ਜਾਰੀ ਕੀਤੇ ਗਏ ਹਨ, ਜਿਸ ਨਾਲ ਪਟਿਆਲਾ ਵਿਚ ਪਹਿਲੀ ਵਾਰੀ ਨਵੇਂ ਵਿਕਾਸ ਕਾਰਜਾਂ ਦੀ ਸ਼ੁਰੂਆਤ ਹੋ ਰਹੀ ਹੈ।
ਉਨ੍ਹਾਂ ਦੱਸਿਆ ਕਿ ਇਹ ਨਵੀਂ ਬਣੀ ਸੜਕ ਤੇਜਵਾ ਕਲੋਨੀ ਤੋਂ ਲੈ ਕੇ ਮਥੁਰਾ ਕਲੋਨੀ ਤੱਕ ਜਾਵੇਗੀ ਅਤੇ ਇਲਾਕੇ ਦੇ ਵੱਡੇ ਹਿੱਸੇ ਨੂੰ ਲਾਭ ਹੋਵੇਗਾ। ਇਸਦੇ ਨਾਲ ਨਾਲ ਰੋਜ਼ ਗਾਰਡਨ, ਛੋਟਾ ਅਰਾਈ ਮਾਜਰਾ, ਜਗਦੀਸ਼ ਕਲੋਨੀ, ਤੇਜ਼ ਬਾਗ਼ ਕਲੋਨੀ, ਰੋਜ਼ ਕਲੋਨੀ, ਗੋਪਾਲ ਕਲੋਨੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਪਾਈਪ ਲਾਈਨ ਬਿਛਾਉਣ ਦਾ ਕੰਮ ਤੇਜ਼ੀ ਨਾਲ ਜਾਰੀ ਹੈ।
ਮੇਅਰ ਕੁੰਦਨ ਗੋਗੀਆ ਨੇ ਇਸ ਮੌਕੇ ਕਿਹਾ ਕਿ ਲੋਕਾਂ ਦੀ ਕਾਫ਼ੀ ਸਮੇਂ ਤੋਂ ਮੰਗ ਸੀ ਕਿ ਇਲਾਕੇ ਵਿੱਚ ਵਿਕਾਸ ਕੰਮ ਸ਼ੁਰੂ ਹੋਣ, ਪਰ ਬਾਰਸ਼ ਕਾਰਨ ਕੁਝ ਰੁਕਾਵਟਾਂ ਆਈਆਂ। ਹਾਲਾਂਕਿ, ਸਾਡੀ ਨੀਤ ਅਤੇ ਨੀਅਤ ਦੋਵਾਂ ਸਾਫ ਹਨ, ਤੇ ਰੁਕੇ ਹੋਏ ਕੰਮ ਪੂਰੇ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਆਪਣੀ ਕੰਮ ਕਰਨ ਦੀ ਸ਼ੈਲੀ ਨਾਲ ਪਛਾਣ ਬਣਾਉਂਦੀ ਹੈ ਅਤੇ ਜੋ ਵਾਅਦੇ ਕੀਤੇ ਹਨ ਉਹ ਪੂਰੇ ਹੋਣਗੇ। ਲੋਕਾਂ ਨੂੰ ਜਲਦੀ ਹੋਰ ਵੀ ਵਿਕਾਸਕਾਰਜਾਂ ਦੇ ਨਤੀਜੇ ਜ਼ਮੀਨ ’ਤੇ ਦਿਖਣਗੇ।
ਜ਼ਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ ਨੇ ਵੀ ਕਿਹਾ ਕਿ ਸਾਰੀ ਟੀਮ ਜੁਟੀ ਹੋਈ ਹੈ ਤੇ ਆਮ ਲੋਕਾਂ ਦੀ ਭਲਾਈ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ “ਗੋਪਾਲ ਕਲੋਨੀ ਦਾ ਉਦਘਾਟਨ ਸਿਰਫ ਸ਼ੁਰੂਆਤ ਹੈ, ਅਸੀਂ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕਰਾਂਗੇ।”
ਇਸ ਮੌਕੇ ਤੇ ਇਲਾਕਾ ਵਾਸੀਆਂ ਨੇ ਵੀ ਸਰਕਾਰ ਅਤੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਅਤੇ ਉਮੀਦ ਜਤਾਈ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਜ਼ਰੂਰੀ ਸੁਵਿਧਾਵਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ।
ਇਸ ਮੌਕੇ ਨਗਰ ਨਿਗਮ ਦੇ ਅਧਿਕਾਰੀ ਅਤੇ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਮੌਜੂਦ ਸਨ।