Patiala: ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਨਾਭਾ ‘ਚ ਡੇਂਗੂ ਕੇਸਾਂ ਦਾ ਜਾਇਜ਼ਾ, ਸਿਵਲ ਹਸਪਤਾਲ ਅਤੇ ਹਾਟਸਪੌਟ ਇਲਾਕਿਆਂ ਦਾ ਦੌਰਾ
September 28, 2025 - PatialaPolitics
Patiala: ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਨਾਭਾ ‘ਚ ਡੇਂਗੂ ਕੇਸਾਂ ਦਾ ਜਾਇਜ਼ਾ, ਸਿਵਲ ਹਸਪਤਾਲ ਅਤੇ ਹਾਟਸਪੌਟ ਇਲਾਕਿਆਂ ਦਾ ਦੌਰਾ
ਨਾਭਾ, 28 ਸਤੰਬਰ:
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਸਬ-ਡਵੀਜ਼ਨ ਹਸਪਤਾਲ, ਨਾਭਾ ਦਾ ਦੌਰਾ ਕਰਕੇ ਏਰੀਏ ‘ਚ ਡੇਂਗੂ ਕੇਸਾਂ ਦੀ ਸਥਿਤੀ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਸਿਵਲ ਹਸਪਤਾਲ ਦੇ ਡੇਂਗੂ ਵਾਰਡ ਦਾ ਨਿਰੀਖਣ ਕੀਤਾ ਤੇ ਮਰੀਜ਼ਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਦੇ ਨਾਲ ਐਮਐਲਏ ਗੁਰਦੇਵ ਸਿੰਘ ਦੇਵ ਮਾਨ ਵੀ ਮੌਜੂਦ ਸਨ।
ਹਸਪਤਾਲ ਦਾ ਜਾਇਜ਼ਾ ਲੈਣ ਉਪਰੰਤ, ਡਾ. ਬਲਬੀਰ ਸਿੰਘ ਨੇ ਡੇਂਗੂ ਹਾਟਸਪੌਟ ਖੇਤਰ ਬੌੜਾਂ ਗੇਟ ਦਾ ਵੀ ਦੌਰਾ ਕੀਤਾ, ਜਿੱਥੇ ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕਰਦਿਆਂ ਕਿਹਾ ਕਿ ਗਮਲੇ, ਫ਼ਰਿਜ ਟਰੇਅ, ਕੂਲਰ, ਟਾਇਰ ਜਾਂ ਕਿਸੇ ਵੀ ਹੋਰ ਕੰਟੇਨਰ ਵਿੱਚ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਖੜ੍ਹੇ ਸਾਫ਼ ਪਾਣੀ ਵਾਲੇ ਸਰੋਤਾਂ ਨੂੰ ਹਫ਼ਤੇ ਵਿੱਚ ਇਕ ਵਾਰੀ ਜ਼ਰੂਰ ਸੁੱਕਾ ਰੱਖਿਆ ਜਾਵੇ ਤਾਂ ਜੋ ਡੇਂਗੂ ਮੱਛਰਾਂ ਦਾ ਲਾਰਵਾ ਪੈਦਾ ਹੋਣ ਤੋਂ ਰੋਕਿਆ ਜਾ ਸਕੇ।
ਕੈਬਨਿਟ ਮੰਤਰੀ ਨੇ ਕਿਹਾ ਕਿ ਡੇਂਗੂ ਬਰਸਾਤਾਂ ਤੋਂ ਬਾਅਦ ਅਜਿਹੇ ਮੌਸਮ ਵਿੱਚ ਤੇਜ਼ੀ ਨਾਲ ਫੈਲਦਾ ਹੈ ਤੇ ਡੇਂਗੂ ਦੀ ਪਹਿਚਾਣ ਕਰਨ ਲਈ ਟੈਸਟਾਂ ਦੀ ਗਿਣਤੀ ਵੀ ਵਧਾਈ ਗਈ ਹੈ ਤੇ ਹੁਣ ਡੇਂਗੂ ਦਾ ਟੈਸਟ ਆਮ ਆਦਮੀ ਕਲੀਨਿਕਾਂ ਵਿੱਚ ਕੀਤਾ ਜਾਂਦਾ ਹੈ। ਸਿਹਤ ਮੰਤਰੀ ਨੇ ਦੱਸਿਆ ਕਿ ਉਹ ਦਿਨ ਵਿੱਚ ਦੋ ਵਾਰੀ ਡੇਂਗੂ ਦੀ ਸਥਿਤੀ ਦਾ ਸਿਹਤ ਵਿਭਾਗ ਦੇ ਅਧਿਕਾਰੀਆਂ ਪਾਸੋਂ ਜਾਇਜ਼ਾ ਲੈ ਰਹੇ ਹਨ। ਸਿਹਤ ਵਿਭਾਗ, ਲੋਕਲ ਬਾਡੀਜ਼ ਦੇ ਕਾਰਜਕਾਰੀ ਅਧਿਕਾਰੀਆਂ ਦੀਆਂ ਸਾਂਝੀਆਂ ਟੀਮਾਂ ਘਰ-ਘਰ ਜਾ ਕੇ ਡੇਂਗੂ ਦੇ ਲਾਰਵੇ ਦੀ ਜਾਂਚ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਪੰਜਾਬ ‘ਚ 65 ਲੱਖ ਘਰ ਹਨ ਅਤੇ ਸਿਹਤ ਟੀਮਾਂ ਨੇ 94 ਲੱਖ ਘਰਾਂ ਦੀ ਜਾਂਚ ਕੀਤੀ ਹੈ, ਜਿੱਥੇ ਹਾਟਸਪੌਟ ਇਲਾਕੇ ਹਨ ਉੱਥੇ ਟੀਮਾਂ ਵੱਲੋਂ ਦੋ ਵਾਰ ਵੀ ਜਾਂਚ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਐਂਟੀ ਲਾਰਵਾ ਸਪਰੇਅ ਹੋਰ ਵਧਾਈ ਗਈ ਹੈ ਅਤੇ ਪੰਚਾਇਤਾਂ ਨੂੰ ਵੀ ਸਪਰੇਅ ਲਈ ਪੰਪ ਦਿੱਤੇ ਗਏ ਹਨ। ਡਾ. ਬਲਬੀਰ ਸਿੰਘ ਨੇ ਨਗਰ ਕੌਂਸਲ ਨੂੰ ਹਾਈ-ਰਿਸਕ ਇਲਾਕਿਆਂ ਵਿੱਚ ਫੌਗਿੰਗ ਤੇਜ਼ ਕਰਨ ਦੇ ਨਿਰਦੇਸ਼ ਵੀ ਦਿੱਤੇ ਤਾਂ ਜੋ ਡੇਂਗੂ ਦੇ ਫੈਲਾਅ ਨੂੰ ਰੋਕਿਆ ਜਾ ਸਕੇ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਪਿਛਲੇ ਸਵਾ ਮਹੀਨੇ ਤੋਂ ਰਾਤ-ਦਿਨ ਕੰਮ ਕਰ ਰਿਹਾ ਹੈ ਤਾਂ ਜੋ ਡੇਂਗੂ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਸਿਹਤ ਮੰਤਰੀ ਨੇ ਦੱਸਿਆ ਕਿ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਲਈ ਹਾਲ ਹੀ ਵਿੱਚ ਤਕਰੀਬਨ 500 ਨਵੇਂ ਡਾਕਟਰ ਸਰਕਾਰੀ ਸੇਵਾ ਵਿੱਚ ਸ਼ਾਮਲ ਹੋਏ ਹਨ, ਜਿਸ ਵਿੱਚ ਪਟਿਆਲਾ ਜ਼ਿਲ੍ਹੇ ਵਿੱਚ 33 ਡਾਕਟਰ ਨਵੇਂ ਜੁਆਇਨ ਹੋਏ ਹਨ। 500 ਨਰਸਾਂ ਦੀ ਭਰਤੀ ਦੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਨਵੰਬਰ ਵਿੱਚ 500 ਹੋਰ ਨਰਸਾਂ ਲਈ ਇਸ਼ਤਿਹਾਰ ਜਾਰੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 23 ਜ਼ਿਲ੍ਹਾ ਹਸਪਤਾਲਾਂ ਅਤੇ 41 ਸਬ-ਡਵੀਜ਼ਨਲ ਹਸਪਤਾਲਾਂ ਵਿੱਚ ਗਾਇਨਾਕੌਲੋਜੀ, ਮੈਡੀਸਨ ਅਤੇ ਐਨੇਸਥੀਸ਼ੀਆ ਵਿੱਚ ਡੀਐਨਬੀ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ, ਜੋ ਮੈਡੀਕਲ ਖੇਤਰ ਵਿੱਚ ਸੁਧਾਰ ਲਈ ਮਦਦਗਾਰ ਹੋਣਗੇ।
ਇਸ ਮੌਕੇ ‘ਤੇ ਨਾਭਾ ਦੇ ਐਮਐਲਏ ਗੁਰਦੇਵ ਸਿੰਘ ਦੇਵ ਮਾਨ, ਐਸਡੀਐਮ ਨਾਭਾ ਡਾ. ਇਸਮਤ ਵਿਜੇ ਸਿੰਘ, ਸਿਵਲ ਸਰਜਨ ਡਾ. ਜਗਪਾਲਿੰਦਰ ਸਿੰਘ, ਐਸਐਮਓ ਡਾ. ਵੀਨੂੰ ਗੋਇਲ ਅਤੇ ਡਾ. ਸੁਮੀਤ ਸਿੰਘ ਵੀ ਮੌਜੂਦ ਸਨ।