ਖੇਤੀਬਾੜੀ ਯੂਨੀਵਰਸਿਟੀ ਦੇ ਕਿਸਾਨ ਮੇਲੇ ’ਚ ਜ਼ਿਲ੍ਹਾ ਪਟਿਆਲਾ ਦੀ ਗੁਰਪ੍ਰੀਤ ਕੌਰ ਸਨਮਾਨਿਤ
September 29, 2025 - PatialaPolitics
ਖੇਤੀਬਾੜੀ ਯੂਨੀਵਰਸਿਟੀ ਦੇ ਕਿਸਾਨ ਮੇਲੇ ’ਚ ਜ਼ਿਲ੍ਹਾ ਪਟਿਆਲਾ ਦੀ ਗੁਰਪ੍ਰੀਤ ਕੌਰ ਸਨਮਾਨਿਤ
ਪੰਜ ਸਾਲਾਂ ਤੋਂ ਫਲਾ ਅਤੇ ਸਬਜ਼ੀਆਂ ਦੀ ਕਰ ਰਹੀ ਪ੍ਰੋਸੈਸਿੰਗ
ਪਟਿਆਲਾ, 29 ਸਤੰਬਰ:
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਹੋਏ ਦੋ ਦਿਨਾਂ ਕਿਸਾਨ ਮੇਲੇ ਵਿਚ ਜ਼ਿਲ੍ਹਾ ਪਟਿਆਲਾ ਦੇ ਪਿੰਡ ਕਲਿਆਣ ਦੀ 37 ਸਾਲਾ ਦੀ ਉੱਦਮੀ ਕਿਸਾਨ ਗੁਰਪ੍ਰੀਤ ਕੌਰ ਪਤਨੀ ਲਖਵਿੰਦਰ ਸਿੰਘ ਨੂੰ ਸਰਦਾਰਨੀ ਜਗਬੀਰ ਕੌਰ ਗਰੇਵਾਲ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।
ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ (ਰੌਣੀ) ਦੇ ਡਿਪਟੀ ਡਾਇਰੈਕਟਰ (ਸਿਖਲਾਈ) ਡਾ. ਹਰਦੀਪ ਸਿੰਘ ਸਭਿਖੀ ਨੇ ਦੱਸਿਆ ਕਿ ਗੁਰਪ੍ਰੀਤ ਕੌਰ ਨੇ ਫਲ਼ਾਂ ਅਤੇ ਸਬਜ਼ੀਆਂ ਤੋਂ ਸੁਕੈਸ਼, ਚਟਨੀ, ਮੁਰੱਬੇ, ਅਚਾਰ ਅਤੇ ਅੰਗੂਰ, ਗੰਨਾਂ ਸੇਬ ਅਤੇ ਜਾਮਣ ਤੋਂ ਸਿਰਕੇ ਆਦਿ ਤਿਆਰ ਕਰਨ ਦੀਆਂ ਸਿਖਲਾਈਆਂ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਪ੍ਰਾਪਤ ਕੀਤੀਆਂ ਹਨ।
ਭੋਜਨ ਪ੍ਰੋਸੈਸਿੰਗ ਰਾਹੀਂ ਫਲ਼ਾਂ ਅਤੇ ਸਬਜ਼ੀਆਂ ਦੀ ਸਾਂਭ-ਸੰਭਾਲ ਵਿਚ ਸੁਚੱਜਾ ਯੋਗਦਾਨ ਪਾ ਕੇ ਖੇਤੀ ਅਤੇ ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕਰਨ ਵਾਲੀ ਗੁਰਪ੍ਰੀਤ ਕੌਰ ਨਾਰੀ ਸ਼ਕਤੀ ਦੀ ਮਿਸਾਲ ਬਣ ਗਈ ਹੈ। 2.5 ਕਿੱਲੇ ਦੀ ਖੇਤੀ ਦੇ ਨਾਲ ਪਰਿਵਾਰ ਦੀ ਖੇਤੀ ਆਮਦਨ ਨੂੰ ਵਧਾਉਣ ਲਈ ਗੁਰਪ੍ਰੀਤ ਕੌਰ ਨੇ ਆਪਣੇ ਪਤੀ ਨਾਲ ਮਿਲ ਕੇ ਸਖ਼ਤ ਮਿਹਨਤ ਕੀਤੀ। ਆਪਣੇ ਤਿਆਰ ਕੀਤੇ ਮਿਆਰੀ ਉਤਪਾਦਾਂ ਦਾ ਸਵੈ-ਮੰਡੀਕਰਨ ਪੰਜਾਬ ਭਰ ਵਿਚ ਲਗਦੇ ਕਿਸਾਨ ਮੇਲਿਆਂ ਨੁਮਾਇਸ਼ਾਂ ਅਤੇ ਪ੍ਰਦਰਸ਼ਨੀਆਂ ਵਿਚ ਸਟਾਲ ਲਗਾ ਕੇ ਕਰਦੀ ਹੈ, ਸਗੋਂ ਇਨ੍ਹਾਂ ਦੀ ਸਪਲਾਈ ਗੁਜਰਾਤ, ਪੱਛਮੀ ਬੰਗਾਲ ਅਤੇ ਹਰਿਆਣੇ ਵਿਚ ਵੀ ਕਰ ਰਹੀ ਹੈ। ਸਵੈ-ਰੋਜ਼ਗਾਰ ਤੋਂ ਇਲਾਵਾ ਉਹ ਹੋਰ 8 ਔਰਤਾਂ ਨੂੰ ਵੀ ਇਸ ਕੰਮ ਵਿਚ ਰੁਜ਼ਗਾਰ ਦੇ ਰਹੀ ਹੈ।
ਡਾ. ਰਜਨੀ ਗੋਇਲ, ਪ੍ਰੋਫੈਸਰ (ਭੋਜਨ ਵਿਗਿਆਨ), ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ (ਰੌਣੀ) ਨੇ ਇਸ ਅਗਾਂਹਵਧੂ ਕਿਸਾਨ ਬੀਬੀ ਨੂੰ ਸਨਮਾਨਿਤ ਕੀਤੇ ਜਾਣ ਤੇ ਵਧਾਈ ਦਿੱਤੀ ਅਤੇ ਆਸ ਕੀਤੀ ਕਿ ਗੁਰਪ੍ਰੀਤ ਕੌਰ ਆਪਣੇ ਕੰਮ ਵਿੱਚ ਹੋਰ ਨਾਮਣਾ ਖੱਟੇ ਅਤੇ ਹੋਰਨਾ ਲਈ ਵੀ ਪ੍ਰੇਰਨਾ ਸਰੋਤ ਬਣੇ।