ਪਟਿਆਲਾ: ਸਕੂਲ ਮੈਨੇਜਮੈਂਟ ਕਮੇਟੀਆਂ ਦੇ ਮੈਂਬਰਾਂ ਲਈ ਵਿਸ਼ੇਸ਼ ਸਿਖਲਾਈ ਵਰਕਸ਼ਾਪ ਕਰਵਾਈ

October 1, 2025 - PatialaPolitics

ਪਟਿਆਲਾ: ਸਕੂਲ ਮੈਨੇਜਮੈਂਟ ਕਮੇਟੀਆਂ ਦੇ ਮੈਂਬਰਾਂ ਲਈ ਵਿਸ਼ੇਸ਼ ਸਿਖਲਾਈ ਵਰਕਸ਼ਾਪ ਕਰਵਾਈ

-ਸਕੂਲਾਂ ਦੇ ਸਰਵਪੱਖੀ ਵਿਕਾਸ ਲਈ ਸਕੂਲ ਮੈਨੇਜਮੈਂਟ ਕਮੇਟੀ ਲਈ ਸਿਖਲਾਈ ਲਾਹੇਵੰਦ: ਜ਼ਿਲ੍ਹਾ ਸਿੱਖਿਆ ਅਫ਼ਸਰ

-ਸਕੂਲਾਂ ’ਚ ਸਿੱਖਿਆ ਅਨੁਕੂਲ ਮਾਹੌਲ ਬਣਾਉਣ ਲਈ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਨੇ ਮਾਪਿਆਂ ਦਾ ਵਿਸ਼ਵਾਸ ਸਰਕਾਰੀ ਸਕੂਲਾਂ ’ਚ ਵਧਾਇਆ

ਪਟਿਆਲਾ, 1 ਅਕਤੂਬਰ:

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਕਿਰਨ ਸ਼ਰਮਾ ਪੀ.ਸੀ.ਐੱਸ ਦੀ ਦੇਖ-ਰੇਖ ਹੇਠ ਜ਼ਿਲ੍ਹਾ ਪਟਿਆਲਾ ਦੇ ਵੱਖ-ਵੱਖ ਸਕੂਲਾਂ ਦੀਆਂ ਸਕੂਲ ਮੈਨੇਜਮੈਂਟ ਕਮੇਟੀਆਂ ਦੇ ਮੈਂਬਰਾਂ ਲਈ ਵਿਸ਼ੇਸ਼ ਸਿਖਲਾਈ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।

ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸੰਜੀਵ ਸ਼ਰਮਾ ਨੇ ਰਾਜਪੁਰਾ ਅਤੇ ਹੋਰ ਸਿਖਲਾਈ ਕੇਂਦਰਾਂ ਦਾ ਦੌਰਾ ਕੀਤਾ। ਉਹਨਾਂ ਨੇ ਕਿਹਾ ਕਿ ਸਕੂਲਾਂ ਦੇ ਸਰਵਪੱਖੀ ਵਿਕਾਸ ਲਈ ਸਕੂਲ ਮੈਨੇਜਮੈਂਟ ਕਮੇਟੀ ਮੈਂਬਰਾਂ ਦੀ ਭੂਮਿਕਾ ਬੇਹੱਦ ਮਹੱਤਵਪੂਰਨ ਹੈ। ਜੇ ਕਮੇਟੀ ਮੈਂਬਰ ਸਕੂਲਾਂ ਨਾਲ ਜੁੜ ਕੇ ਆਪਣਾ ਬਣਦਾ ਯੋਗਦਾਨ ਪਾਉਣ, ਤਾਂ ਨਾ ਸਿਰਫ਼ ਸਿੱਖਿਆ ਦੀ ਗੁਣਵੱਤਾ ਵਿੱਚ ਸੁਧਾਰ ਹੋਵੇਗਾ, ਸਗੋਂ ਵਿਦਿਆਰਥੀਆਂ ਨੂੰ ਵੀ ਵਧੀਆ ਸਿੱਖਣ ਵਾਲਾ ਮਾਹੌਲ ਮਿਲੇਗਾ।

ਇਸ ਮੌਕੇ ਵਿਜੈ ਮੈਨਰੋ ਸਿੱਖਿਆ ਕੋਆਰਡੀਨੇਟਰ ਹਲਕਾ ਰਾਜਪੁਰਾ ਅਤੇ ਸਕੂਲ ਮੈਨੇਜਮੈਂਟ ਕਮੇਟੀ ਮੈਂਬਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਸਿੱਖਿਆ ਕ੍ਰਾਂਤੀ ਦੇ ਕਾਰਨ ਅੱਜ ਸਰਕਾਰੀ ਸਕੂਲਾਂ ਵਿੱਚ ਮਾਪਿਆਂ ਦਾ ਵਿਸ਼ਵਾਸ ਵਧ ਰਿਹਾ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਹਲਕਾ ਵਿਧਾਇਕਾ ਰਾਜਪੁਰਾ ਦੀ ਅਗਵਾਈ ਹੇਠ ਸਰਕਾਰ ਵੱਲੋਂ ਆਧੁਨਿਕ ਬੁਨਿਆਦੀ ਢਾਂਚਾ, ਸਮਾਰਟ ਕਲਾਸ ਰੂਮ, ਸਾਫ਼-ਸੁਥਰਾ ਮਾਹੌਲ ਅਤੇ ਵੱਖ-ਵੱਖ ਨਵੀਂਆਂ ਸਿਖਲਾਈ ਮੁਹਿੰਮਾਂ ਕਾਰਨ ਹਜ਼ਾਰਾਂ ਮਾਪੇ ਆਪਣੇ ਬੱਚਿਆਂ ਨੂੰ ਨਿੱਜੀ ਸਕੂਲਾਂ ਦੀ ਬਜਾਏ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਵਾ ਰਹੇ ਹਨ।

ਡਿਪਟੀ ਡੀਈਓ ਡਾ: ਰਵਿੰਦਰਪਾਲ ਸ਼ਰਮਾ ਨੇ ਦੱਸਿਆ ਕਿ ਵਰਕਸ਼ਾਪਾਂ ਰਾਹੀਂ ਸਕੂਲ ਮੈਨੇਜਮੈਂਟ ਕਮੇਟੀ ਮੈਂਬਰਾਂ ਨੂੰ ਇਹ ਜਾਣੂੰ ਕਰਵਾਇਆ ਜਾ ਰਿਹਾ ਹੈ ਕਿ ਉਹ ਕਿਵੇਂ ਸਕੂਲ ਦੇ ਵਿਕਾਸ ਯੋਜਨਾਵਾਂ ਵਿੱਚ ਹਿੱਸਾ ਪਾ ਸਕਦੇ ਹਨ, ਵਿਦਿਆਰਥੀਆਂ ਦੇ ਭਲੇ ਲਈ ਫੈਸਲੇ ਲੈ ਸਕਦੇ ਹਨ ਅਤੇ ਪਾਰਦਰਸ਼ੀ ਪ੍ਰਬੰਧਕੀ ਤਰੀਕਿਆਂ ਨਾਲ ਸਿੱਖਿਆ ਦੀ ਗੁਣਵੱਤਾ ਵਿੱਚ ਹੋਰ ਸੁਧਾਰ ਲਿਆ ਸਕਦੇ ਹਨ।

ਇਸ ਮੌਕੇ ਬਲਾਕ ਰਿਸੋਰਸ ਪਰਸਨਾਂ ਨੇ ਬੀਪੀਈਓ ਦੇ ਨਾਲ ਮਿਲ ਕੇ ਅਧਿਆਪਕਾਂ ਅਤੇ ਮਾਪਿਆਂ ਨੂੰ ਅਪੀਲ ਕੀਤੀ ਕਿ ਸਿੱਖਿਆ ਅਨੁਕੂਲ ਮਾਹੌਲ ਤਿਆਰ ਕਰਨ ਲਈ ਆਪਸੀ ਤਾਲਮੇਲ ਨਾਲ ਕੰਮ ਕੀਤਾ ਜਾਵੇ ਤਾਂ ਜੋ ਪੰਜਾਬ ਸਰਕਾਰ ਦਾ ‘ਹਰ ਬੱਚੇ ਲਈ ਗੁਣਵੱਤਾ ਯੁਕਤ ਸਿੱਖਿਆ’ਦਾ ਸੁਪਨਾ ਪੂਰਾ ਕੀਤਾ ਜਾ ਸਕੇ। ਇਸ ਤੋਂ ਇਲਾਵਾ ਸ਼ਾਲੂ ਮਹਿਰਾ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਪਟਿਆਲਾ, ਸੰਦੀਪ ਨਾਗਰ ਪ੍ਰਿੰਸੀਪਲ ਡਾਇਟ ਨਾਭਾ, ਮਨਵਿੰਦਰ ਕੌਰ ਭੁੱਲਰ ਡਿਪਟੀ ਡੀਈਓ ਪਟਿਆਲਾ ਅਤੇ ਹੋਰ ਬੀਪੀਈਓ ਪਟਿਆਲਾ ਨੇ ਵੀ ਸਕੂਲਾਂ ਵਿੱਚ ਵਿਜਟ ਕੀਤੀ।

ਇਸ ਮੌਕੇ ਹੈੱਡ ਮਾਸਟਰ ਰਾਜੀਵ ਕੁਮਾਰ ਡੀ.ਐੱਸ.ਐੱਮ, ਹੈੱਡ ਮਾਸਟਰ ਰਾਜਿੰਦਰ ਸਿੰਘ ਖਹਿਰਾ ਡੀ.ਐੱਸ.ਐੱਮ, ਹੈੱਡ ਮਾਸਟਰ ਹਰਪ੍ਰੀਤ ਸਿੰਘ ਬਲਾਕ ਨੋਡਲ ਅਫ਼ਸਰ, ਹੈੱਡ ਮਿਸਟ੍ਰੈਸ ਸੁਧਾ ਕੁਮਾਰੀ, ਹੈੱਡ ਮਾਸਟਰ ਨਾਇਬ ਸਿੰਘ, ਮਨਜੀਤ ਕੌਰ ਬੀਪੀਈਓ ਰਾਜਪੁਰਾ 2, ਹਰਬੰਸ ਸਿੰਘ ਬੀਪੀਈਓ ਰਾਜਪੁਰਾ 1, ਰਾਜਿੰਦਰ ਸਿੰਘ ਚਾਨੀ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ, ਮੇਜਰ ਸਿੰਘ ਬੀਆਰਸੀ, ਪ੍ਰਵੀਨ ਕੁਮਾਰ, ਇੰਦਰਪ੍ਰੀਤ ਸਿੰਘ, ਰਾਕੇਸ਼ ਕੁਮਾਰ, ਹਰਜੀਤ ਕੌਰ, ਸੁਖਵਿੰਦਰ ਸਿੰਘ ਸੁੱਖੀ, ਜੋਤੀ ਪੁਰੀ ਸੀਐਚਟੀ ਅਤੇ ਸਕੂਲ ਮੈਨੇਜਮੈਂਟ ਕਮੇਟੀ ਮੈਂਬਰ ਮੌਜੂਦ ਸਨ।