ਪਟਿਆਲਾ: ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਵੱਲੋਂ ਮਜੀਠੀਆ ਇਨਕਲੇਵ ਅਤੇ ਯਾਦਵਿੰਦਰਾ ਇਨਕਲੇਵ ‘ਚ ਸੜਕ ਨਿਰਮਾਣ ਕਾਰਜਾਂ ਦੀ ਸ਼ੁਰੂਆਤ
October 1, 2025 - PatialaPolitics
ਪਟਿਆਲਾ: ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਵੱਲੋਂ ਮਜੀਠੀਆ ਇਨਕਲੇਵ ਅਤੇ ਯਾਦਵਿੰਦਰਾ ਇਨਕਲੇਵ ‘ਚ ਸੜਕ ਨਿਰਮਾਣ ਕਾਰਜਾਂ ਦੀ ਸ਼ੁਰੂਆਤ
– ਸੁਵਿਧਾਜਨਕ ਆਵਾਜਾਈ ਲਈ 1.5 ਕਰੋੜ ਰੁਪਏ ਦੀ ਲਾਗਤ ਨਾਲ ਬਣਨਗੀਆਂ ਨਵੀਆਂ ਸੜਕਾਂ
– ਨਗਰ ਨਿਗਮ ਵੱਲੋਂ ਸ਼ਹਿਰ ‘ ਚ ਜ਼ਮੀਨੀ ਪੱਧਰ ‘ ਤੇ ਵਿਕਾਸ ਕਾਰਜਾਂ ਨੂੰ ਮਿਲ ਰਹੀ ਹੈ ਤੇਜ ਰਫ਼ਤਾਰ – ਮੇਅਰ ਕੁੰਦਨ ਗੋਗੀਆ
ਪਟਿਆਲਾ, 1 ਅਕਤੂਬਰ :
ਪਟਿਆਲਾ ਦੇ ਵਾਸੀਆਂ ਨੂੰ ਆਧੁਨਿਕ ਸੜਕ ਸੁਵਿਧਾਵਾਂ ਮੁਹੱਈਆ ਕਰਵਾਉਣ ਵੱਲ ਇੱਕ ਹੋਰ ਕਦਮ ਚੁੱਕਦਿਆਂ, ਪਟਿਆਲਾ ਦੇ ਵਿਧਾਇਕ ਸ. ਅਜੀਤ ਪਾਲ ਸਿੰਘ ਕੋਹਲੀ ਨੇ ਮਜੀਠੀਆ ਇਨਕਲੇਵ ਅਤੇ ਯਾਦਵਿੰਦਰਾ ਇਨਕਲੇਵ ਵਿਚ ਸੜਕ ਨਿਰਮਾਣ ਕਾਰਜਾਂ ਦੀ ਸ਼ੁਰੂਆਤ ਕੀਤੀ। ਇਹ ਕੰਮ ਲਗਭਗ 1.5 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਜਾ ਰਿਹਾ ਹੈ। ਇਹ ਨਿਰਮਾਣ ਕਾਰਜ ਇਲਾਕੇ ਦੇ ਨਿਵਾਸੀਆਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਸੀ, ਜੋ ਹੁਣ ਵਿਧਾਇਕ ਕੋਹਲੀ ਦੀ ਕੋਸ਼ਿਸ਼ਾਂ ਨਾਲ ਪੂਰੀ ਹੋ ਰਹੀ ਹੈ। ਇਸ ਦੌਰਾਨ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਵੀ ਓਹਨਾਂ ਦੇ ਨਾਲ ਮੌਜੂਦ ਸਨ ।
ਇਸ ਮੌਕੇ ਵਿਧਾਇਕ ਸ. ਅਜੀਤ ਪਾਲ ਸਿੰਘ ਕੋਹਲੀ ਨੇ ਲੋਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਟਿਆਲਾ ਸ਼ਹਿਰ ਵਿੱਚ ਵਿਕਾਸ ਕੰਮਾਂ ਦੀ ਗਤੀ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸੜਕਾਂ ਸਿਰਫ਼ ਆਵਾਜਾਈ ਲਈ ਨਹੀਂ, ਸਗੋਂ ਇਲਾਕੇ ਦੀ ਆਰਥਿਕ ਤੇ ਸਮਾਜਿਕ ਤਰੱਕੀ ਵਿੱਚ ਵੀ ਯੋਗਦਾਨ ਪਾਉਣਗੀਆਂ। ਉਨ੍ਹਾਂ ਵਾਅਦਾ ਕੀਤਾ ਕਿ ਸ਼ਹਿਰ ਦੇ ਹਰ ਵਾਰਡ ਵਿੱਚ ਲੋਕਾਂ ਨੂੰ ਬਿਹਤਰ ਨਿੱਜੀ ਤੇ ਜਨਤਕ ਢਾਂਚਾ ਪ੍ਰਦਾਨ ਕਰਨ ਲਈ ਉਹ ਸੱਚੇ ਦਿਲੋਂ ਲੱਗੇ ਹੋਏ ਹਨ।
ਮੇਅਰ ਕੁੰਦਨ ਗੋਗੀਆ ਨੇ ਵੀ ਆਪਣੇ ਸੰਬੋਧਨ ਵਿੱਚ ਵਿਧਾਇਕ ਕੋਹਲੀ ਦੇ ਯਤਨਾਂ ਦੀ ਸਰਾਹਨਾ ਕੀਤੀ ਅਤੇ ਦੱਸਿਆ ਕਿ ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਸਫਾਈ, ਸੜਕਾਂ, ਪਾਣੀ ਅਤੇ ਬਿਜਲੀ ਵਰਗੀਆਂ ਮੂਲ ਸਹੂਲਤਾਂ ਨੂੰ ਵਧੀਆ ਬਣਾਉਣ ਲਈ ਜ਼ਮੀਨੀ ਪੱਧਰ ‘ਤੇ ਕੰਮ ਕੀਤਾ ਜਾ ਰਿਹਾ ਹੈ। ਇਸ ਮੌਕੇ ਵਾਰਡ ਨੰ. 1 ਦੀ ਕੌਂਸਲਰ ਸੋਨੀਆ ਦਾਸ, ਵਾਰਡ ਨੰਬਰ 60 ਦੇ ਇੰਚਾਰਜ ਰੁਪਿੰਦਰ ਸਿੰਘ, ਅਤੇ ਨਗਰ ਨਿਗਮ ਪਟਿਆਲਾ ਅਤੇ ਨਗਰ ਸੁਧਾਰ ਟਰੱਸਟ ਦੇ ਕਈ ਸੀਨੀਅਰ ਅਧਿਕਾਰੀ ਮੌਜੂਦ ਸਨ। ਇਸ ਤੋਂ ਇਲਾਵਾ ਨਗਰ ਨਿਗਮ ਅਤੇ ਨਗਰ ਸੁਧਾਰ ਟਰੱਸਟ ਦੇ ਅਧਿਕਾਰੀਆਂ ਨੇ ਸੜਕ ਨਿਰਮਾਣ ਦੀ ਤਕਨੀਕੀ ਜਾਣਕਾਰੀ ਸਾਂਝੀ ਕੀਤੀ ਅਤੇ ਦੱਸਿਆ ਕਿ ਇਹ ਕੰਮ ਨਿਰਧਾਰਤ ਸਮੇਂ ਵਿੱਚ ਪੂਰਾ ਕੀਤਾ ਜਾਵੇਗਾ। ਵਿਧਾਇਕ ਕੋਹਲੀ ਨੇ ਸਾਰਿਆਂ ਨੂੰ ਵਿਸ਼ਵਾਸ ਦਿਵਾਇਆ ਕਿ ਪਟਿਆਲਾ ਨੂੰ ਇੱਕ ਆਧੁਨਿਕ ਸ਼ਹਿਰ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ