ਪਟਿਆਲਾ ਵਿਚ 245 ਕਰੋੜ ਰੁਪਏ ਦੇ ਬਿਜਲੀ ਪ੍ਰੋਜੈਕਟਾਂ ਦਾ ਡਾ. ਬਲਬੀਰ ਸਿੰਘ ਵਲੋਂ ਸ਼ੁਭ ਆਰੰਭ
October 8, 2025 - PatialaPolitics
ਪਟਿਆਲਾ ਵਿਚ 245 ਕਰੋੜ ਰੁਪਏ ਦੇ ਬਿਜਲੀ ਪ੍ਰੋਜੈਕਟਾਂ ਦਾ ਡਾ. ਬਲਬੀਰ ਸਿੰਘ ਵਲੋਂ ਸ਼ੁਭ ਆਰੰਭ
-ਪੰਜਾਬ ਵਿਚ ਸਿਹਤ ਕ੍ਰਾਂਤੀ ਅਤੇ ਸਿੱਖਿਆ ਕ੍ਰਾਂਤੀ ਤੋਂ ਬਾਅਦ ਹੁਣ ਬਿਜਲੀ ਕ੍ਰਾਂਤੀ ਦੀ ਸ਼ੁਰੂਆਤ – ਡਾ. ਬਲਬੀਰ ਸਿੰਘ
-ਕਿਹਾ, ਨਵੀਆਂ ਬਿਜਲੀ ਲਾਈਨਾਂ ਅਤੇ ਉੱਚ ਸਮਰਥਾ ਵਾਲੇ ਟਰਾਂਸਫਾਰਮਰ ਨਾਲ ਪਾਵਰ ਢਾਂਚਾ ਹੋਵੇਗਾ ਮਜ਼ਬੂਤ
ਪਟਿਆਲਾ , 8 ਅਕਤੂਬਰ :
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਅਤੇ ਬਿਜਲੀ ਮੰਤਰੀ ਸ਼੍ਰੀ ਸੰਜੀਵ ਅਰੋੜਾ ਦੀ ਅਗਵਾਈ ਵਿੱਚ ਜਿਲਾ ਪਟਿਆਲਾ ਵਿੱਚ ਬਿਜਲੀ ਦੇ ਬੁਨਿਆਦੀ ਢਾਂਚੇ ਦੀ ਉਸਾਰੀ, ਵਾਧੇ ਅਤੇ ਨਵੀਨੀਕਰਨ ਦੇ 245 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਵਿਧੀਵਤ ਉਦਘਾਟਨ ਕੀਤਾ। ਇਸ ਮੌਕੇ ਉਹਨਾਂ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਿਜਲੀ ਸੈਕਟਰ ਵਿੱਚ ਵੱਡੇ ਬਦਲਾਅ ਲਿਆਂਦੇ ਜਾ ਰਹੇ ਹਨ, ਤਾਂ ਜੋ ਹਰ ਘਰ, ਹਰ ਖੇਤ ਅਤੇ ਹਰ ਉਦਯੋਗ ਨੂੰ ਨਿਰੰਤਰ ਤੇ ਉੱਚ-ਗੁਣਵੱਤਾ ਵਾਲੀ ਬਿਜਲੀ ਉਪਲਬਧ ਹੋ ਸਕੇ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਜਿਵੇਂ ਪੰਜਾਬ ਸਰਕਾਰ ਨੇ ਸਿਹਤ ਖੇਤਰ ਵਿੱਚ ਸਿਹਤ ਕ੍ਰਾਂਤੀ ਦੀ ਸ਼ੁਰੂਆਤ ਕਰਕੇ ਲੋਕਾਂ ਨੂੰ ਗੁਣਵੱਤਾ ਵਾਲੀਆਂ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਹਨ, ਹੁਣ ਉਸੇ ਤਰ੍ਹਾਂ ਬਿਜਲੀ ਖੇਤਰ ਵਿੱਚ “ਬਿਜਲੀ ਕ੍ਰਾਂਤੀ” ਨੂੰ ਤੇਜ਼ ਰਫ਼ਤਾਰ ਨਾਲ ਅੱਗੇ ਵਧਾਇਆ ਜਾ ਰਿਹਾ ਹੈ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਬਿਜਲੀ ਤੋਂ ਬਿਨਾਂ ਨਾ ਘਰ ਚਲਦਾ ਹੈ, ਨਾ ਖੇਤੀ, ਅਤੇ ਨਾ ਹੀ ਉਦਯੋਗ । ਸਮਾਜ ਅਤੇ ਅਰਥਵਿਵਸਥਾ ਦੇ ਹਰੇਕ ਪੱਖ ਨੂੰ ਚਲਾਉਣ ਲਈ ਬਿਜਲੀ ਸਭ ਤੋਂ ਮਹੱਤਵਪੂਰਨ ਸਰੋਤ ਹੈ।ਉਹਨਾਂ ਕਿਹਾ ਕਿ 245 ਕਰੋੜ ਰੁਪਏ ਦੇ ਇਹਨਾਂ ਪ੍ਰੋਜੈਕਟਾਂ ਦੇ ਤਹਿਤ ਜਿਲਾ ਪਟਿਆਲਾ ਵਿਚ ਬਿਜਲੀ ਦੇ ਬੁਨਿਆਦੀ ਢਾਂਚੇ ਨੂੰ ਪੂਰੀ ਤਰ੍ਹਾਂ ਅੱਪਗ੍ਰੇਡ ਕੀਤਾ ਜਾਵੇਗਾ। ਇਸ ਵਿੱਚ ਪੁਰਾਣੀਆਂ ਤੇ ਜ਼ਰਜਰ ਬਿਜਲੀ ਲਾਈਨਾਂ ਦੀ ਮੁਰੰਮਤ, ਨਵੀਆਂ ਲਾਈਨਾਂ ਦੀ ਉਸਾਰੀ, ਉੱਚ ਸਮਰੱਥਾ ਵਾਲੇ ਨਵੇਂ ਟਰਾਂਸਫਾਰਮਰ ਲਗਾਉਣਾ ਸ਼ਾਮਲ ਹੈ। ਇਸ ਨਾਲ ਨਾ ਸਿਰਫ ਪਾਵਰ ਕੱਟ ਖ਼ਤਮ ਹੋਣਗੇ, ਸਗੋਂ ਵੋਲਟੇਜ ਫਲਕਚੂਏਸ਼ਨ ਤੋਂ ਵੀ ਮੁਕਤੀ ਮਿਲੇਗੀ।ਓਹਨਾ ਕਿਹਾ ਕਿ ਪੰਜਾਬ ਸਰਕਾਰ ਬਿਜਲੀ ਨੂੰ ਆਮ ਜਨਤਾ ਦੀ ਮੁੱਢਲੀ ਲੋੜ ਸਮਝਦੀ ਹੈ ਅਤੇ ਇਸਨੂੰ ਸਧਾਰਨ ਤੇ ਸਸਤੀ ਦਰਾਂ ‘ਤੇ ਮੁਹਈਆ ਕਰਵਾਉਣ ਲਈ ਵਚਨਬੱਧ ਹੈ। ਉਹਨਾਂ ਜੋੜਿਆ ਕਿ ਉਦਯੋਗਿਕ ਵਿਕਾਸ ਤੋਂ ਲੈ ਕੇ ਆਧੁਨਿਕ ਖੇਤੀ ਤੱਕ, ਹਰ ਖੇਤਰ ਵਿੱਚ ਭਰੋਸੇਯੋਗ ਬਿਜਲੀ ਸਪਲਾਈ ਲਾਜ਼ਮੀ ਹੈ, ਅਤੇ ਸਰਕਾਰ ਇਹ ਯਕੀਨੀ ਬਣਾਉਂਦੀ ਹੈ ਕਿ ਪੰਜਾਬ ਦੇ ਕਿਸੇ ਵੀ ਵਸਨੀਕ ਨੂੰ ਬਿਜਲੀ ਦੀ ਘਾਟ ਕਾਰਨ ਕੋਈ ਮੁਸ਼ਕਲ ਨਾ ਆਵੇ।
ਡਾ. ਬਲਬੀਰ ਸਿੰਘ ਨੇ ਇਹ ਵੀ ਕਿਹਾ ਕਿ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਨਾਲ ਸਿਰਫ ਵਰਤਮਾਨ ਦੀਆਂ ਲੋੜਾਂ ਹੀ ਪੂਰੀਆਂ ਨਹੀਂ ਹੋਣਗੀਆਂ, ਸਗੋਂ ਆਗਾਮੀ ਦਹਾਕਿਆਂ ਲਈ ਵੀ ਇੱਕ ਮਜ਼ਬੂਤ ਢਾਂਚਾ ਖੜ੍ਹਾ ਹੋਵੇਗਾ। ਇਹ ਪੰਜਾਬ ਦੇ ਵਿਕਾਸ ਵਿੱਚ ਨਿਵੇਸ਼ ਹੈ ਜੋ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰੇਗਾ ਅਤੇ ਲੋਕਾਂ ਦੀ ਜੀਵਨ ਗੁਣਵੱਤਾ ਨੂੰ ਬਿਹਤਰ ਬਣਾਏਗਾ। ਇਸ ਮੌਕੇ ਮੌਜੂਦ ਬਿਜਲੀ ਅਧਿਕਾਰੀਆਂ ਨੇ ਦੱਸਿਆ ਕਿ ਕੰਮਾਂ ਦੀ ਗਤੀ ਤੇਜ਼ ਰੱਖੀ ਜਾਵੇਗੀ ਤਾਂ ਜੋ ਨਤੀਜੇ ਜਲਦੀ ਸਾਹਮਣੇ ਆ ਸਕਣ।
ਇਸ ਮੌਕੇ ਉਹਨਾਂ ਦੇ ਨਾਲ ਮੇਅਰ ਕੁੰਦਨ ਗੋਗੀਆ, ਜਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ , ਜਸਬੀਰ ਗਾਂਧੀ ਤੋਂ ਇਲਾਵਾ ਬਿਜਲੀ ਵਿਭਾਗ ਦੇ ਅਧਿਕਾਰੀ ਤੇ ਕਰਮ
ਚਾਰੀ ਹਾਜਰ ਸਨ।